ਪੰਜਾਬ ਨਾਲ ਲੱਗਦੇ ਹਿਮਾਚਲ ਦੇ ਪਿੰਡ ਸਨੋਲੀ ਚ ਦਲਿਤਾਂ ਅਤੇ ਗੈਰ ਦਲਿਤਾਂ ਵਿੱਚ ਤਣਾਓ।


ਸਕੂਲ ਵਿਦਿਆਰਥਣ ਦਲਿਤ ਲੜਕੀ ਨਾਲ ਛੇੜਛਾੜ ਦਾ ਪਰਿਵਾਰ ਵਲੋਂ ਵਿਰੋਧ

 ਕਰਨ ਤੇ ਹੋਇਆ ਹੰਗਾਮਾ, ਗੈਰ ਦਲਿਤਾਂ ਨੇ ਕੀਤਾ ਦਲਿਤ ਬਸਤੀ ਦਾ ਘਿਰਾਓ।

09 ਜੂਨ, 2014(ਕੁਲਦੀਪ ਚੰਦ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਦੇ ਪਿੰਡ ਸਨੋਲੀ ਤਹਿਸੀਲ ਅਤੇ ਜਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦੋ ਦਿਨਾ ਤੋਂ ਦਲਿਤਾਂ ਅਤੇ ਗੈਰ ਦਲਿਤਾਂ ਵਿੱਚ ਤਣਾਓ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤਣਾਓ ਦਾ ਮੁੱਖ ਕਾਰਨ ਪਿੰਡ ਦੇ ਹੀ ਗੈਰ ਦਲਿਤ ਨੋਜਵਾਨ ਵਲੋਂ ਦਲਿਤ ਸਕੂਲੀ ਵਿਦਿਆਰਥਣ ਨਾਲ ਛੇੜਛਾੜ ਕਰਨ ਤੇ ਲੜਕੀ ਦੇ ਪਰਿਵਾਰ ਵਲੋਂ ਵਿਰੋਧ ਕਰਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 3 ਜੂਨ ਨੂੰ ਇੱਕ ਨਾਬਾਲਿਗ ਦਲਿਤ ਲੜਕੀ ਰੀਨਾ ਕੁਮਾਰੀ (ਕਾਲਪਨਿਕ ਨਾਮ) ਦੁਪਹਿਰ ਨੂੰ ਸਕੂਲ ਤੋਂ ਆਪਣੇ ਘਰ ਵਾਪਿਸ ਆ ਰਹੀ ਸੀ ਕਿ ਰਸਤੇ ਵਿੱਚ ਇੱਕ ਗੈਰ ਦਲਿਤ ਜੱਟ ਲੜਕੇ ਜਗਵਿੰਦਰ ਸਿੰਘ ਸਪੁੱਤਰ ਮੁਖਤਿਆਰ ਸਿੰਘ ਉਮਰ ਲੱਗਭੱਗ 25 ਸਾਲ ਵਾਸੀ ਪਿੰਡ ਸਨੋਲੀ ਨੇ ਉਸ ਨਾਲ ਛੇੜਖਾਨੀ ਕੀਤੀ। ਇਸ ਮਾਮਲੇ ਦੀ ਸ਼ਿਕਾਇਤ ਲੜਕੀ ਦੇ ਮਾਪਿਆਂ ਨੇ ਪਿੰਡ ਦੀ ਪੰਚਾਇਤ ਕੋਲ ਕੀਤੀ। 5 ਜੂਨ ਨੂੰ ਇਸ ਮਾਮਲੇ ਨੂੰ ਸੁਲਝਾਉਣ ਲਈ ਨਾਲ ਲੱਗਦੇ ਸਮੂਹ ਪਿੰਡਾਂ ਸਨੋਲੀ, ਮਜਾਰਾ, ਬੀਣੇਵਾਲ, ਮਲੂਕਪੁਰ, ਪੂਨਾ ਦੀ ਪੰਚਾਇਤ ਦੇ ਅਹੁਦੇਦਾਰ ਜਗਤਾਰ ਸਿੰਘ, ਜੁਝਾਰ ਸਿੰਘ, ਅਮਰੀਕ ਸਿੰਘ, ਹਰਦਿਆਲ ਸਿੰਘ, ਗੁਰਨੈਬ ਸਿੰਘ ਢਿਲੋਂ ਆਦਿ ਦੀ ਅਗਵਾਈ ਵਿੱਚ ਪੰਚਾਇਤ ਇਕੱਠੀ ਹੋਈ ਅਤੇ ਛੇੜਛਾੜ ਕਰਨ ਵਾਲੇ ਗੈਰ ਦਲਿਤ ਲੜਕੇ ਨੂੰ 100 ਰੁਪਏ ਜੁਰਮਾਨਾ ਕਰਨ ਦੇ ਨਾਲ ਮਾਫੀ ਵੀ ਮੰਗਵਾ ਦਿੱਤੀ। ਸੂਤਰਾਂ ਅਨੁਸਾਰ ਲੜਕੇ ਦੇ ਪਿਤਾ ਨੇ ਅਪਣੇ ਲੜਕੇ ਦਾ ਇਸ ਅਪਰਾਧ ਲਈ ਮੂੰਹ ਕਾਲਾ ਕਰਕੇ ਸਜ਼ਾ ਦਿਤੀ। ਇਸਤੋਂ ਬਾਦ ਇਹ ਮਾਮਲਾ ਲੱਗਭੱਗ ਸ਼ਾਂਤ ਹੀ ਹੋ ਗਿਆ ਪਰੰਤੂ ਇਸ ਮਾਮਲੇ ਨੇ 07 ਜੂਨ ਨੂੰ ਉਦੋਂ ਨਵਾਂ ਮੋੜ ਲੈ ਲਿਆ ਜਦੋਂ ਪਿੰਡ ਦੇ ਸਮੂਹ ਗੈਰ ਦਲਿਤਾਂ ਨੇ ਇਕੱਠੇ ਹੋਕੇ ਦਲਿਤ ਬਸਤੀ ਦਾ ਘਿਰਾਓ ਕੀਤਾ। ਇਸ ਮੌਕੇ ਪਿੰਡ ਵਿੱਚ ਐਸ ਡੀ ਐਮ ਊਨਾ ਧੰਨਵੀਰ ਠਾਕੁਰ ਵੀ ਕਿਸੇ ਹੋਰ ਕੰਮ ਅਤੇ ਜਾਂਚ ਪੜਤਾਲ ਲਈ ਪਿੰਡ ਵਿੱਚ ਆਏ ਹੋਏ ਸਨ। ਐਸ ਡੀ ਐਮ ਨੇ ਪਿੰਡ ਦੇ ਗੈਰ ਦਲਿਤਾਂ ਨੂੰ ਮਿਲਕੇ ਲੜਕੇ ਦੀ ਮਾਂ ਦੇ ਬਿਆਨਾਂ ਦੇ ਅਧਾਰ ਤੇ ਲੜਕੀ ਦੇ ਪਿਤਾ ਸਮੇਤ ਲੱਗਭੱਗ ਅੱਧੀ ਦਰਜ਼ਨ ਰਿਸ਼ਤੇਦਾਰਾਂ ਅਤੇ ਪੰਜ ਪਿੰਡਾਂ ਦੀਆਂ ਪੰਚਾਇਤਾਂ ਦੇ ਅਹੁਦੇਦਾਰਾਂ ਵਿਰੁੱਧ ਧਾਰਾ ਆਈ ਪੀ ਸੀ 147,149,355,342,323 ਅਤੇ 506 ਅਧੀਨ ਪਰਚਾ ਦਰਜ਼ ਕਰਵਾ ਦਿਤਾ ਹੈ। ਦੂਜੇ ਪਾਸੇ ਲੜਕੀ ਦੇ ਪਰਿਵਾਰ ਵਲੋਂ ਪੁਲਿਸ ਨੂੰ ਦਿਤੀ ਸ਼ਕਾਇਤ ਦੇ ਅਧਾਰ ਤੇ ਪੁਲਿਸ ਨੇ ਲੜਕੇ ਅਤੇ ਹੋਰ ਸਾਥੀਆਂ ਵਿਰੁੱਧ ਧਾਰਾ 354 , 506 ਆਈ ਪੀ ਸੀ ਅਤੇ ਅਨੁਸੂਚਿਤ ਜਾਤਿ/ਜਨਜਾਤਿ ਅਤਿਆਚਾਰ ਨਿਰੋਧਕ ਐਕਟ ਅਧੀਨ ਪਰਚਾ ਦਰਜ਼ ਕੀਤਾ ਹੈ। ਇਸ ਸਬੰਧੀ ਐਸ ਪੀ ਊਨਾ ਅਨੁਪਮ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਪਿੰਡ ਵਿੱਚ ਦਲਿਤਾਂ ਅਤੇ ਗੈਰ ਦਲਿਤਾਂ ਵਿੱਚ ਇਸ ਮਾਮਲੇ ਨੂੰ ਲੈਕੇ ਤਣਾਓ ਬਣਿਆ ਹੋਇਆ ਹੈ। ਪਿੰਡ ਦੇ ਦਲਿਤਾਂ ਦਾ ਕਹਿਣਾ ਹੈ ਕਿ ਐਸ ਡੀ ਐਮ ਊਨਾ ਨੇ ਪਿੰਡ ਦੇ ਗੈਰ ਦਲਿਤਾਂ ਦੀ ਹੀ ਸੁਣਵਾਈ ਕੀਤੀ ਹੈ ਅਤੇ ਇਸ ਮਾਮਲੇ ਸਬੰਧੀ ਪੀੜਿਤ ਦਲਿਤ ਲੜਕੀ ਅਤੇ ਉਸਦੇ ਪਰਿਵਾਰ ਸਮੇਤ ਪਿੰਡ ਦੇ ਦਲਿਤਾਂ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਹੈ ਅਤੇ ਲੜਕੇ ਵਾਲੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਹੀ ਇੱਕ ਪਾਸੜ ਕਾਰਵਾਈ ਕੀਤੀ ਹੈ। 

ਕੁਲਦੀਪ ਚੰਦ
9417563054