ਪੰਜਾਬ ਵਿੱਚ ਹੈ ਪੁਰਸ਼ਾਂ ਦਾ ਰਾਜ, ਨਹੀਂ ਬਣੀ ਕੋਈ ਮਹਿਲਾ ਮੰਤਰੀ।
ਕਾਲੀ ਭਾਜਪਾ ਦੀਆਂ 9 ਮਹਿਲਾ ਵਿਧਾਇਕਾਂ ਵਿਚੋਂ ਇੱਕ ਵੀ ਨਹੀਂ ਮੰਤਰੀ।

12 ਜੂਨ, 2014 (ਕੁਲਦੀਪ ਚੰਦ) ਪੰਜਾਬ ਸਰਕਾਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਸਿਰਫ ਪੁਰਸ਼ਾਂ ਦਾ ਹੀ ਰਾਜ ਹੈ ਅਤੇ ਕਿਸੇ ਮਹਿਲਾ ਨੂੰ ਕੈਬਨਿਟ ਮੰਤਰੀ ਦਾ ਦਰਜਾ ਪ੍ਰਾਪਤ ਨਹੀਂ ਹੋਇਆ ਹੈ। ਪੰਜਾਬ ਦੀਆਂ 117 ਸੀਟਾਂ ਵਿੱਚੋਂ 15 ਸੀਟਾਂ ਮਹਿਲਾਵਾਂ ਨੇ ਜਿੱਤੀਆਂ ਹਨ ਪਰ ਕਿਸੇ ਵੀ ਮਹਿਲਾ ਨੂੰ ਕੈਬਨਿਟ ਮੰਤਰੀ ਨਾ ਬਣਾਉਣਾ ਹੈਰਾਨੀ ਵਾਲੀ ਗੱਲ ਹੈ। ਦੁਨੀਆਂ ਦੇ ਕਈ ਦੇਸ਼ਾਂ ਨੇ ਔਰਤਾਂ ਦੀ ਮਹੱਤਤਾ ਅਤੇ ਅਬਾਦੀ ਨੂੰ ਦੇਖਦੇ ਹੋਏ ਵੱਖ-ਵੱਖ ਪੋਸਟਾਂ ਅਤੇ ਰਾਜਨੀਤਿਕ ਸੀਟਾਂ ਵਿੱਚ ਰਿਜਰਵੇਸ਼ਨ ਦਿਤੀ ਹੈ। ਪਿਛਲੇ 15 ਸਾਲਾਂ ਦੌਰਾਨ ਹੀ ਕਰੀਬ 50 ਮੁਲਕਾਂ ਨੇ ਰਾਸ਼ਟਰੀ ਅਤੇ ਸੂਬਾ ਪੱਧਰ ਦੀਆਂ ਨਿਰਣਾ ਲੈਣ ਵਾਲੀਆ ਕਈ ਮਹਤਵਪੂਰਨ ਸੀਟਾਂ ਔਰਤਾਂ ਲਈ ਰਾਖਵੀਂਆਂ ਰੱਖੀਆਂ ਹਨ। ਭਾਰਤ ਜੋ ਕਿ ਵੱਡਾ ਲੋਕਤੰਤਰ ਦੇਸ਼ ਹੈ ਵਿੱਚ ਵੀ ਸਾਬਕਾ ਸਵਰਗੀ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੀਆਂ ਕੋਸ਼ਿਸ਼ਾਂ ਸਦਕਾ 1992 ਤੋਂ ਬਾਦ ਲੋਕਤੰਤਰ ਦੇ ਹੇਠਲੇ ਭਾਗ ਪੰਚਾਇਤ ਰਾਜ ਸਿਸਟਮ ਆਦਿ ਵਿੱਚ 33% ਸੀਟਾਂ ਅੋਰਤਾਂ ਲਈ ਰਾਖਵੀਂਆਂ ਰੱਖੀਆਂ ਗਈਆਂ ਹਨ। ਇਸ ਸਭ ਦਾ ਮੁਖ ਮੰਤਵ ਅੋਰਤਾਂ ਵਿੱਚ ਸਵੈਮਾਨ ਦੀ ਭਾਵਨਾ ਪੈਦਾ ਕਰਨਾ ਹੀ ਸੀ। 1996 ਵਿੱਚ ਐਚ ਡੀ ਦੇਵਗੋੜਾ ਦੀ ਸਰਕਾਰ ਵੇਲੇ ਔਰਤਾਂ ਨੂੰ ਲੋਕ ਸਭਾ, ਵਿਧਾਨ ਸਭਾ ਆਦਿ ਵਿੱਚ 33% ਸੀਟਾਂ ਰਿਜਰਵ ਕਰਨ ਲਈ ਬਿਲ ਲਿਆਂਦਾ ਗਿਆ ਅਤੇ ਸਮੇਂ ਸਮੇਂ ਤੇ ਇਸ ਵਿੱਚ ਬਦਲਾਵ ਆਂਦੇ ਰਹੇ ਹਨ। ਐਨ ਡੀ ਏ ਦੀ ਸਰਕਾਰ ਵੇਲੇ ਗੀਤਾ ਮੁਖਰਜੀ ਦੀ ਅਗਵਾਈ ਵਿੱਚ ਇੱਕ ਜ਼ੁਆਇੰਟ ਪਾਰਲੀਆਮੈਂਟਰੀ ਕਮੇਟੀ ਬਣਾਈ ਗਈ ਅਤੇ ਕਮੇਟੀ ਵਲੋਂ ਵੀ ਇਸ ਵਿੱਚ ਲੋੜ ਅਨੁਸਾਰ ਸੋਧ ਕੀਤੀ ਗਈ ਸੀ। ਫਿਰ ਇਸ ਵਿੱਚ ਜਾਤ ਅਧਾਰਤ ਰਿਜਰਵੇਸ਼ਨ ਨੂੰ ਲੈ ਕੇ ਸਮੱਸਿਆ ਪੈਦਾ ਹੋ ਗਈ। ਬੇਸ਼ਕ ਯੁ ਪੀ ਏ ਦੀ ਸਰਕਾਰ ਵੇਲੇ ਔਰਤਾਂ ਨੂੰ ਲੋਕ ਸਭਾ, ਵਿਧਾਨ ਸਭਾ ਆਦਿ ਵਿੱਚ 33% ਸੀਟਾਂ ਰਿਜਰਵ ਕਰਨ ਲਈ ਅਪਣੇ ਘਟੋ-ਘਟ ਸਾਂਝਾ ਪ੍ਰੋਗਰਾਮ ਵਿੱਚ ਵੀ ਸ਼ਾਮਲ ਕੀਤਾ ਸੀ ਪਰ ਹਰ ਵਾਰ ਆਨੇ ਬਹਾਨੇ ਲਗਾਕੇ ਇਸ ਬਿਲ ਨੂੰ ਪਾਸ ਹੋਣ ਤੋਂ ਰੋਕ ਦਿਤਾ ਗਿਆ ਸੀ। ਪੰਜਾਬ ਦੀਆਂ ਪ੍ਰਮੁਖ ਰਾਜਨੀਤਿਕ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦੱਲ ਅਤੇ ਭਾਜਪਾ ਨੇ ਵੀ ਜਨਵਰੀ 2012 ਵਿੱਚ ਹੋਈਆਂ ਵਿਧਾਨ ਸਭਾ ਦੀਆਂ ਟਿਕਟਾਂ ਦੇਣ ਵੇਲੇ  ਔਰਤਾਂ ਨੂੰ ਟਿਕਟਾਂ ਦੇਣ ਵਿੱਚ  ਬਹੁਤੀ ਰੁਚੀ ਨਹੀਂ ਦਿਖਾਈ ਸੀ। ਕਾਂਗਰਸ ਪਾਰਟੀ ਨੇ 117 ਸੀਟਾਂ ਵਿੱਚੋਂ ਕੇਵਲ 11 ਸੀਟਾਂ ਹੀ ਮਹਿਲਾਵਾਂ ਨੂੰ ਦਿਤੀਆਂ ਸਨ। ਇਸ ਤਰਾਂ ਕਾਂਗਰਸ ਪਾਰਟੀ ਜਿਸਦੀ ਅਗਵਾਈ ਬੀਬੀ ਸੋਨੀਆ ਗਾਂਧੀ ਕਰ ਰਹੀ ਹੈ ਵਲੋਂ ਵੀ ਕੇਵਲ 9.4 % ਸੀਟਾਂ ਹੀ ਔਰਤਾਂ ਨੂੰ ਦਿਤੀਆਂ ਗਈਆਂ ਸਨ। ਸ਼੍ਰੋਮਣੀ ਅਕਾਲੀ ਦਲ ਵਲੋਂ ਕੁੱਲ 94 ਸੀਟਾਂ ਵਿਚੋਂ 10  ਮਹਿਲਾਵਾਂ ਨੂੰ  ਟਿਕਟ ਦਿਤੀ ਗਈ ਸੀ ਭਾਵ 10.6%  ਸੀਟਾਂ ਹੀ ਮਹਿਲਾਵਾਂ ਨੂੰ ਦਿਤੀਆਂ ਸਨ।  ਅਕਾਲੀ ਦਲ ਦੀ ਭਾਈਵਾਲ ਭਾਜਪਾ ਨੇ ਸੂਬੇ ਵਿੱਚ 23 ਸੀਟਾਂ ਤੇ ਚੌਣ ਲੜੀਸੀ ਅਤੇ ਮਹਿਲਾਵਾਂ ਨੂੰ 3 ਸੀਟਾਂ ਦਿਤੀਆਂ ਸਨ ਭਾਵ 13.4%  ਸੀਟਾਂ ਮਹਿਲਾਵਾਂ ਨੂੰ ਦਿਤੀਆਂ ਸਨ।  ਪੰਜਾਬ ਦੀਆਂ ਪ੍ਰਮੁਖ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਜਿਨ੍ਹਾਂ 24 ਮਹਿਲਾਵਾਂ ਨੂੰ ਟਿਕਟਾਂ ਦਿਤੀਆਂ ਗਈਆਂ ਸਨ ਵਿਚੋਂ 15 ਨੇ ਜਿੱਤਕੇ ਨਵਾਂ ਇਤਿਹਾਸ ਸਿਰਜਿਆ ਹੈ। ਹੁਣ ਪੰਜਾਬ ਤੋਂ ਵਿਧਾਨ ਸਭਾ ਵਿੱਚ 15 ਮਹਿਲਾਵਾਂ ਮੈਂਬਰ ਚੁਣੀਆ ਗਈਆਂ ਹਨ। ਅਕਾਲੀ ਦਲ ਬਾਦਲ ਦੀਆਂ ਚੋਣ ਜਿੱਤਣ ਵਾਲੀਆਂ 6 ਮਹਿਲਾਂ ਉਮੀਦਵਾਰਾਂ ਨੇ ਵਿਰੋਧੀ ਪਾਰਟੀ ਦੇ ਪੁਰਸ਼ ਉਮੀਦਵਾਰਾਂ ਨੂੰ ਹੀ ਹਰਾਇਆ ਹੈ। ਭੁਲੱਥ ਤੋਂ ਅਕਾਲੀ ਦਲ ਬਾਦਲ ਦੀ ਜਗੀਰ ਕੌਰ, ਸ਼ਾਮ ਚੁਰਾਸੀ ਤੋਂ ਅਕਾਲੀ ਦਲ ਬਾਦਲ ਦੀ ਮਹਿਲਾ ਉਮੀਦਵਾਰ ਮਹਿੰਦਰ ਕੌਰ, ਨਿਹਾਲ ਸਿੰਘ ਵਾਲਾ ਤੋਂ ਅਕਾਲੀ ਦਲ ਬਾਦਲ ਦੀ ਰਾਜਵਿੰਦਰ ਕੌਰ, ਮਹਿਲਕਲਾਂ ਤੋਂ ਅਕਾਲੀ ਦਲ ਬਾਦਲ ਦੀ ਹਰਚੰਦ ਕੌਰ, ਮਲੇਰਕੋਟਲਾ ਤੋਂ ਅਕਾਲੀ ਦਲ ਬਾਦਲ ਦੀ ਫਰਜ਼ਾਨਾ ਖਾਤੂਨ, ਘਨੌਰ ਤੋਂ ਅਕਾਲੀ ਦਲ ਦੀ ਹਰਪ੍ਰੀਤ ਕੌਰ, ਸ਼ੁਤਰਾਣਾ ਤੋਂ ਅਕਾਲੀ ਦਲ ਬਾਦਲ ਦੀ ਵਨਿੰਦਰ ਲੂੰਬਾ, ਦੀਨਾਨਗਰ ਤੋਂ ਕਾਂਗਰਸ ਦੀ ਅਰੁਣਾ ਚੌਧਰੀ, ਕਾਦੀਆਂ ਤੋਂ ਕਾਂਗਰਸ ਦੀ ਚਰਨਜੀਤ ਕੌਰ, ਨਵਾਂਸ਼ਹਿਰ ਤੋਂ ਕਾਂਗਰਸ ਦੀ ਗੁਰਇਕਬਾਲ ਕੌਰ, ਸ਼੍ਰੀ ਮੁਕਤਸਰ ਸਾਹਿਬ ਤੋਂ ਕਾਂਗਰਸ ਦੀ ਕਰਨ ਕੌਰ,ਲਹਿਰਾ ਤੋਂ ਕਾਂਗਰਸ ਦੀ ਰਜਿੰਦਰ ਕੌਰ ਭੱਠਲ, ਭੋਆ ਤੋਂ ਬੀਜੇਪੀ ਦੀ ਮਹਿਲਾ ਉਮੀਦਵਾਰ ਸੀਮਾ ਕੁਮਾਰੀ, ਅੰਮ੍ਰਿਤਸਰ ਪੂਰਬੀ ਤੋਂ ਬੀਜੇਪੀ ਦੀ ਮਹਿਲਾ ਉਮੀਦਵਾਰ ਨਵਜੋਤ ਕੌਰ ਸਿੱਧੂ ਨੇ ਜਿੱਤ ਪ੍ਰਾਪਤ ਕੀਤੀ ਸੀ। ਇਨ੍ਹਾ ਚੋਣਾਂ ਲਈ ਬੇਸ਼ੱਕ ਬਾਕੀ ਪਾਰਟੀਆਂ ਬਹੁਜਨ ਸਮਾਜ ਪਾਰਟੀ ਨੇ ਆਪਣੀਆਂ ਕੁੱਲ 117 ਸੀਟਾਂ ਵਿੱਚੋਂ ਸਿਰਫ 6 ਮਹਿਲਾਂ ਉਮੀਦਵਾਰਾਂ ਨੂੰ ਟਿਕਟ ਦਿੱਤੀ ਸੀ,  ਬਹੁਜਨ ਸਮਾਜ ਪਾਰਟੀ (ਅੰਬੇਡਕਰ) ਨੇ 17 ਸੀਟਾਂ ਤੇ ਉਮੀਦਵਾਰ ਖੜੇ ਕੀਤੇ ਹਨ ਜਿਸ ਵਿੱਚੋਂ 1 ਸੀਟ ਮਹਿਲਾ ਉਮੀਦਵਾਰ ਨੂੰ ਦਿੱਤੀ, ਸੀ ਪੀ ਆਈ ਨੇ 14 ਸੀਟਾਂ ਤੇ ਉਮੀਦਵਾਰ ਖੜੇ ਕੀਤੇ ਹਨ ਜਿਸ ਵਿੱਚੋਂ ਸਿਰਫ 1 ਸੀਟ ਮਹਿਲਾ ਉਮੀਦਵਾਰ ਨੂੰ ਦਿੱਤੀ ਸੀ, ਸੀ ਪੀ ਐਮ ਨੇ 9 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਸਨ ਪਰ ਕਿਸੇ ਵੀ ਮਹਿਲਾਂ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਸੀ, ਲੋਕ ਜਨਸ਼ਕਤੀ ਪਾਰਟੀ ਨੇ 26 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਸਨ ਜਿਸ ਵਿੱਚੋਂ 5 ਮਹਿਲਾਵਾਂ ਨੂੰ ਟਿਕਟ ਦਿੱਤੀ ਸੀ, ਰਾਸ਼ਟਰੀ ਕਾਂਗਰਸ ਪਾਰਟੀ ਨੇ 13 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਸਨ ਜਿਸ ਵਿੱਚੋਂ 1 ਮਹਿਲਾਂ ਨੂੰ ਟਿਕਟ ਦਿੱਤੀ ਸੀ, ਪੀ ਪੀ ਪੀ ਨੇ 92 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਸਨ ਜਿਸ ਵਿੱਚੋਂ 3 ਮਹਿਲਾਵਾਂ ਨੂੰ ਟਿਕਟਾਂ ਦਿੱਤੀਆਂ ਸਨ, ਸ਼੍ਰੋਮਣੀ ਅਕਾਲੀ ਦਲ (ਮਾਨ) ਨੇ 57 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਸਨ ਜਿਸ ਵਿੱਚੋਂ 2 ਸੀਟਾ ਮਹਿਲਾ ਉਮੀਦਵਾਰਾਂ ਨੂੰ ਦਿੱਤੀਆਂ ਸਨ,  ਸ਼ਿਵ ਸੈਨਾ ਨੇ 13 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਸਨ ਪਰ ਕਿਸੇ ਵੀ ਮਹਿਲਾਂ ਨੂੰ ਟਿਕਟ ਨਹੀਂ ਦਿੱਤੀ ਸੀ। ਇਸਤੋਂ ਇਲਾਵਾ ਅਜਾਦ ਚੋਣ ਲੜਣ ਵਾਲੇ 417 ਉਮੀਦਵਾਰਾਂ ਵਿੱਚੋਂ ਸਿਰਫ 45 ਮਹਿਲਾਵਾਂ ਸਨ। ਦਸੂਹਾ ਤੋਂ ਭਾਜਪਾ ਵਿਧਾਇਕ ਅਮਰਜੀਤ ਸਿੰਘ ਸ਼ਾਹੀ ਦੀ ਮੋਤ ਕਾਰਨ ਹੋਈ ਉਪੱ ਚੋਣ ਵਿੱਚ ਉਨ੍ਹਾਂ ਦੀ ਸੁਪਤਨੀ ਬੀਬੀ ਸੁਖਜੀਤ ਕੌਰ ਸ਼ਾਹੀ ਨੂੰ ਹੀ ਪਾਰਟੀ ਵਲੋਂ ਟਿਕਟ ਦਿਤੀ ਗਈ ਸੀ ਜਿਸਨੇ ਕਾਂਗਰਸੀ ਉਮੀਦਵਾਰ ਨੂੰ ਹਰਾਕੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਹੁਣ ਮਹਿਲਾ ਵਿਧਾਇਕਾ ਦੀ ਗਿਣਤੀ ਵਧਕੇ 15 ਹੋ ਗਈ ਹੈ ਜਿਨ੍ਹਾਂ ਵਿੱਚੋਂ 9 ਸੱਤਾਧਾਰੀ ਅਕਾਲੀ ਭਾਜਪਾ ਨਾਲ ਸਬੰਧਿਤ ਹਨ। ਪੰਜਾਬ ਵਿੱਚ ਮੁੜ ਅਕਾਲੀ ਭਾਜਪਾ ਸਰਕਾਰ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਸਿਰਫ ਇੱਕ ਮਹਿਲਾ ਬੀਬੀ ਜਗੀਰ ਕੋਰ ਨੂੰ ਹੀ ਕੈਬਨਿਟ ਮੰਤਰੀ ਬਣਾਇਆ ਸੀ ਪਰ ਮਾਣਯੋਗ ਅਦਾਲਤ ਵਲੋਂ ਇੱਕ ਕੇਸ ਵਿੱਚ ਸਜ਼ਾ ਸੁਣਾਏ ਜਾਣ ਬਾਦ ਬੀਬੀ ਜਗੀਰ ਕੌਰ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ। ਉਸਤੋਂ ਬਾਅਦ ਕਿਸੇ ਵੀ ਮਹਿਲਾ ਨੂੰ ਕੈਬਨਿਟ ਮੰਤਰੀ ਨਹੀਂ ਬਣਾਇਆ ਗਿਆ ਹੈ। ਇਸ ਵੇਲੇ ਪੰਜਾਬ ਸਰਕਾਰ ਵਿੱਚ ਮੁੱਖ ਮੰਤਰੀ ਅਤੇ ਉਪੱ ਮੁੱਖ ਮੰਤਰੀ ਸਮੇਤ ਪੰਜਾਬ ਦੇ 18 ਕੈਬਨਿਟ ਮੰਤਰੀ ਹਨ ਪਰ ਕੋਈ ਵੀ ਮਹਿਲਾ ਕੈਬਨਿਟ ਮੰਤਰੀ ਨਹੀਂ ਹੈ। ਪਿਛਲੇ ਦਿਨੀਂ ਹੀ ਤਿੰਨ ਨਵੇਂ ਮੰਤਰੀ ਕੈਬਿਨਟ ਵਿੱਚ ਸ਼ਾਮਿਲ ਕੀਤੇ ਗਏ ਹਨ ਪਰੰਤੂ ਇਸ ਵਿੱਚ ਵੀ ਕਿਸੇ ਮਹਿਲਾ ਨੂੰ ਮੰਤਰੀ ਨਹੀਂ ਬਣਾਇਆ ਗਿਆ ਹੈ। ਇਸ ਸਰਕਾਰ ਵਿੱਚ 20 ਵਿਧਾਇਕਾਂ ਨੂੰ ਮੁੱਖ ਸੰਸਦੀ ਸਕੱਤਰ ਸਕੱਤਰ ਬਣਾਇਆ ਗਿਆ ਸੀ ਜਿਨ੍ਹਾਂ ਵਿਚੋਂ ਸੋਹਣ ਸਿੰਘ ਠੰਡਲ ਨੂੰ ਮੰਤਰੀ ਬਣਾ ਦਿਤਾ ਗਿਆ ਹੈ। ਮੁੱਖ ਸੰਸਦੀ ਸਕੱਤਰਾਂ ਵਿੱਚ ਵੀ ਸਿਰਫ 03 ਮਹਿਲਾਵਾਂ ਮਹਿੰਦਰ ਕੌਰ ਜੋਸ਼, ਡਾਕਟਰ ਨਵਜੋਤ ਕੌਰ ਸਿੱਧੂ ਅਤੇ ਐਫ ਨਸਾਰਾ ਖਾਤੂਨ ਹੀ ਸ਼ਾਮਲ ਹਨ ਬਾਕੀ ਸਭ ਪੁਰਸ਼ਾਂ ਹਨ। ਆਣ ਵਾਲੇ ਸਮੇਂ ਵਿੱਚ ਕੈਬਿਨਟ ਵਧਾਉਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਅਤੇ ਪੰਜਾਬ ਦਾ ਮੰਤਰੀ ਮੰਡਲ  ਮਹਿਲਾਵਾਂ ਤੋਂ ਸੱਖਣਾ ਹੀ ਰਹਿ ਗਿਆ ਹੈ। ਪੰਜਾਬ ਵਿੱਚ ਹੁਣ ਕੋਣ ਅਤੇ ਕਦੋਂ ਕੋਈ ਮਹਿਲਾ ਕੈਬਿਨਟ ਮੰਤਰੀ ਦੀ ਕੁਰਸੀ ਤੇ ਬੈਠੇਗੀ ਇਸ ਵੱਲ ਸਮੂਹ ਮਹਿਲਾਵਾਂ ਵਿਸ਼ੇਸ ਤੋਰ ਤੇ ਰਾਜਨੀਤੀ ਨਾਲ ਜੁੜ੍ਹੀਆਂ ਮਹਿਲਾਵਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।  

ਕੁਲਦੀਪ ਚੰਦ
9417563054