ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਉਪ ਪਰਧਾਨ ਸ਼੍ਰੀ ਲੇਖ ਰਾਜ ਮਹੇ ਜੀ ਦਾ ਧੰਨਵਾਦ ਅਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ

13-06-2014 ( ਅਜਮਾਨ) ਅੱਜ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਅਜਮਾਨ ਵਿਖੇ ਸੁਸਾਇਟੀ ਦੇ ਉਪ ਪਰਧਾਨ ਸ਼੍ਰੀ ਲੇਖਰਾਜ ਮਹੇ ਜੀ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਸ਼੍ਰੀ ਲੇਖ ਰਾਜ ਜੀ ਆਪਣੀ ਸਰਵਿਸ ਤੋਂ ਰਿਟਾਇਰ ਹੋਕੇ ਪੰਜਾਬ ਵਾਪਿਸ ਜਾ ਰਹੇ ਹਨ।  ਉਨ੍ਹਾਂ ਦੀਆਂ ਸੁਸਾਇਟੀ ਦੇ ਉਪ ਪਰਧਾਨ ਵਜੋਂ ਨਿਭਾਈਆਂ ਗਈਆਂ ਸੇਵਾਵਾਂ ਦਾ ਧੰਨਵਾਦ ਕਰਨ ਹਿੱਤ ਰੱਖੇ ਗਏ ਇਸ ਸਮਾਰੋਹ ਵਿਚ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਦੇ ਸਾਰੇ ਮੈਂਬਰਾਨ ਅਤੇ ਜਨਰਲ ਸੁਸਾਇਟੀ ਮੈਂਬਰਾਂ ਨੇ ਭਾਗ ਲਿਆ। ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਪਾਲ ਨੇ ਲੇਖਰਾਜ ਜੀ ਦੀਆਂ ਸੇਵਾਵਾਂ ਨੂੰ ਅਨਮੋਲ ਦੱਸਦੇ ਹੋਏ ਉਨ੍ਹਾਂ ਦੇ ਹਮੇਸ਼ਾਂ ਹੀ ਸਮੇਂ ਦੇ ਪਾਬੰਦ ਹੋਣ ਦੀ ਵੀ ਤਾਰੀਫ ਕੀਤੀ। ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਨੇ ਲੇਖ ਰਾਜ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬੇਸ਼ਕ ਉਨ੍ਹਾਂ ਦੀ ਕਮੀ ਸਾਨੂੰ ਹਮੇਸ਼ਾਂ ਮਹਿਸੂਸ ਹੋਵੇਗੀ ਪਰ ਅਸੀ ਕੋਸ਼ਿਸ਼ ਕਰ ਰਹੇ ਹਾਂ ਕਿ ਲੇਖਰਾਜ ਜੀ ਦੇ ਜਲੰਧਰ ਜਾਣ ਉਪਰੰਤ ਜਲੰਧਰ ਵਿਖੇ ਸੁਸਾਇਟੀ ਦਾ ਦਫਤਰ ਖੋਲਿਆ ਜਾਵੇ ਅਤੇ ਲੇਖ ਰਾਜ ਸਮਾਜ ਭਲਾਈ ਹਿਤ ਕਾਰਜਾਂ ਵਿੱਚ ਆਪਣੀ ਸੇਵਾ ਜਲੰਧਰ ਵਿਖੇ ਨਿਭਾਂਦੇ ਰਹਿਣ ਜਿਸ ਨਾਲ ਉਹ ਹੁਣ ਦੀ ਤਰਾਂ ਹੀ ਸੁਸਾਇਟੀ ਦੇ ਨਾਲ ਜੁੜੇ ਰਹਿਣਗੇ ਅਤੇ ਸੁਸਾਇਟੀ ਦੇ ਪੰਜਾਬ ਵਿਖੇ ਸਮਾਜ ਭਲਾਈ ਦੇ ਕੰਮਾਂ ਨੂੰ ਵੀ ਹੋਰ ਵੱਧ ਸੁਚੱਜੇ ਢੰਗ ਨਾਲ ਚਲਾਇਆ ਜਾਵੇਗਾ। ਸ਼੍ਰੀ ਸਿੱਧੂ ਨੇ ਕਿਹਾ ਕਿ ਲੇਖ ਰਾਜ ਨੇ ਇਸ ਸ਼ੁਭ ਕੰਮ ਵਾਸਤੇ ਵਾਅਦਾ ਕਰ ਵੀ ਦਿੱਤਾ ਹੈ। ਹੋਰ ਸੁਸਾਇਟੀ ਮੈਂਬਰਾਂ ਚੋਂ ਪਰਮਜੀਤ ਸਿੰਘ, ਅਜੇ ਕੁਮਾਰ, ਸੱਤਪਾਲ, ਧਰਮ ਪਾਲ ਝਿੰਮ, ਤਰਸੇਮ ਸਿੰਘ, ਬਲਵਿੰਦਰ ਸਿੰਘ, ਬਿੱਕਰ ਸਿੰਘ, ਕਮਲਰਾਜ ਸਿੰਘ, ਜਸਪ੍ਰੀਤ ਅਤੇ ਹੈਪੀ ਨੇ ਵੀ ਲੇਖ ਰਾਜ ਜੀ ਦਾ ਧੰਨਵਾਦ ਕੀਤਾ। ਸੁਸਾਇਟੀ ਵਲੋਂ ਸ਼੍ਰੀ ਲੇਖ ਰਾਜ ਜੀ ਨੂੰ ਸਿਰਪਾਉ ਅਤੇ ਇੱਕ ਵਿਸ਼ੇਸ਼ ਸਨਮਾਨ ਪੱਤਰ ਭੇਟ ਕੀਤਾ ਗਿਆ। ਆਖਰ ਵਿਚ ਲੇਖ ਰਾਜ ਜੀ ਨੇ ਇਸ ਸਨਮਾਨ ਵਾਸਤੇ ਸਮੂਹ ਸੁਸਾਇਟੀ ਮੈਂਬਰਾਨ ਦਾ ਧੰਨਵਾਦ ਕਰਦੇ ਹੋਏ ਇਹ ਵਾਅਦਾ ਵੀ ਕੀਤਾ ਕਿ ਉਨ੍ਹਾਂ ਕੋਲ ਜਲੰਧਰ ਵਿਖੇ ਸੁਸਾਇਟੀ ਦਾ ਦਫਤਰ ਖੋਲ੍ਹਣ ਵਾਸਤੇ  ਜਗ੍ਹਾ ਦਾ ਪ੍ਰਬੰਧ ਵੀ ਹੈ ਅਤੇ ਉਹ ਦਫਤਰ ਦੀ ਸਥਾਪਨਾ ਕਰਕੇ ਸੁਸਾਇਟੀ ਦੇ ਉਪਰਲਿਆਂ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਹਮੇਸ਼ਾਂ ਯਤਨ ਕਰਦੇ ਰਹਿਣਗੇ। ਉਨ੍ਹਾਂ ਦੇ ਇਸ ਪ੍ਰਣ ਦਾ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ ਤੇ ਧੰਨਵਾਦ ਕੀਤਾ ਗਿਆ।