ਡੈਮਾਂ ਵਿੱਚ ਘਟ ਰਿਹਾ ਪਾਣੀ ਦਾ ਪੱਧਰ ਬਣਿਆ ਚਿੰਤਾ ਦਾ ਵਿਸ਼ਾ, ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਅਧਿਕਾਰੀਆਂ ਨੇ ਮੀਟਿੰਗ ਕੀਤੀ।
28 ਜੁਲਾਈ, 2014(ਕੁਲਦੀਪ ਚੰਦ  ) ਇਸ ਸਾਲ ਡੈਮਾਂ ਵਿੱਚ ਘਟ ਰਿਹਾ ਪਾਣੀ ਸਰਕਾਰ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਿਆਂ ਹੋਇਆ ਹੈ। ਭਾਖੜਾ ਬਿਆਸ ਪ੍ਰਬੰਧ ਬੌਰਡ ਅਧੀਨ ਭਾਖੜਾ ਡੈਮ, ਪੌਂਗ ਡੈਮ ਆਦਿ ਵਿੱਚ ਪਾਣੀ ਮੁੱਖ ਤੌਰ ਤੇ ਜੂਨ ਤੋਂ ਸਤੰਬਰ ਤੱਕ ਭਰਦਾ ਹੈ। ਇਸ ਵਾਰ ਜੁਲਾਈ ਮਹੀਨਾ ਖਤਮ ਹੋਣ ਲੱਗਾ ਹੈ ਅਤੇ ਪਾਣੀ ਦਾ ਪੱਧਰ ਪਿਛਲੇ ਕਈ ਸਾਲਾਂ ਨਾਲੋਂ ਘਟ ਹੈ ਇਸ ਲਈ ਭਾਖੜਾ ਬਿਆਸ ਪ੍ਰਬੰਧ ਬੌਰਡ ਦੇ ਅਧਿਕਾਰੀਆਂ ਨੇ ਵਿਸ਼ੇਸ਼ ਮੀਟਿੰਗ ਕੀਤੀ ਹੈ ਜਿਸ ਵਿੱਚ ਪਾਣੀ ਦੇ ਘਟ ਰਹੇ ਪੱਧਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਵੀ ਪੀ ਸ਼ਰਮਾ ਸੰਯੁਕਤ ਨਿਰਦੇਸ਼ਕ ਲੋਕ ਸੰਪਰਕ ਬੀ ਬੀ ਐਮ ਬੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਹਿਸੇਦਾਰ ਰਾਜਾਂ ਦੇ ਸਿੰਚਾਈ ਵਿਭਾਗ, ਖੇਤੀ ਵਿਭਾਗ ਅਤੇ ਬਿਜਲੀ ਘਰਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਉਨ੍ਹਾ ਦੱਸਿਆ ਕਿ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਪੱਧਰ 1641.44 ਫੁੱਟ ਹੈ ਜਦਕਿ ਪਿਛਲੇ ਸਾਲ ਅੱਜ ਦੇ ਦਿਨ ਇਹ 1646.70 ਫੁੱਟ ਸੀ। ਗੋਬਿੰਦ ਸਾਗਰ ਝੀਲ ਵਿੱਚ ਇਸ ਸਾਲ ਪਾਦੀ ਦੀ ਆਮਦ 62435 ਕਿਊਸਿਕ ਹੈ ਜਦਕਿ ਪਿਛਲੇ ਸਾਲ ਇਹ 47360 ਕਿਊਸਿਕ ਸੀ। ਇਸ ਸਾਲ ਭਾਖੜਾ ਡੈਮ ਤੋਂ 25900 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਦਕਿ ਪਿਛਲੇ ਸਾਲ 36458 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਇਸੇ ਤਰਾਂ ਪੌਂਗ ਡੈਮ ਵਿੱਚ ਇਸ ਸਾਲ ਪਾਣੀ ਦਾ ਪੱਧਰ 1328.38 ਫੁੱਟ ਹੈ ਜਦਕਿ ਪਿਛਲੇ ਸਾਲ ਇਹ ਪੱਧਰ 1361.20 ਫੁੱਟ ਸੀ। ਪੌਂਗ ਡੈਮ ਵਿੱਚ ਪਿਛਲੇ ਸਾਲ ਪਾਣੀ ਦੀ ਆਮਦ 39503 ਕਿਊਸਿਕ ਸੀ ਜੋਕਿ ਇਸ ਸਾਲ ਘਟਕੇ 25829 ਕਿਊਸਿਕ ਰਹਿ ਗਈ ਹੈ। ਪੌਂਗ ਡੈਮ ਤੋਂ ਇਸ ਸਾਲ 15512 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੋਕਿ ਪਿਛਲੇ ਸਾਲ 14006 ਕਿਊਸਿਕ ਸੀ। ਉਨ੍ਹਾਂ ਦੱਸਿਆ ਕਿ ਇਸ ਸਮਸਿਆ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ 15 ਦਿਨਾਂ ਬਾਦ ਜਾਂ ਜਰੂਰਤ ਪੈਣ ਤੇ ਪਹਿਲਾਂ ਇਸ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ।  

ਕੁਲਦੀਪ ਚੰਦ 
9417563054