ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋ ਰਹੀ ਹੈ ਗ਼ਦਰ ਲਹਿਰ ਦੇ ਆਗੂ ਅਤੇ ਆਦਿ ਧਰਮ ਮੰਡਲ ਆਗੂ ਸਾਬਿਕਾ ਵਿਧਾਇਕ ਬਾਬੂ ਮੰਗੂ ਰਾਮ ਜੀ ਦੀ ਸਮਾਧ

ਬਾਬੂ ਜੀ ਦੇ ਪਿੰਡ ਅਤੇ ਸਮਾਧ ਵੱਲ ਕਿਸੇ ਨੇ ਧਿਆਨ ਨਾਂ ਦਿਤਾ।

30 ਜੁਲਾਈ, 2014(ਕੁਲਦੀਪ ਚੰਦ) ਗਦਰ ਲਹਿਰ ਦੇ ਆਗੂ ਅਤੇ ਆਦਿ ਧਰਮ ਮੰਡਲ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਜਨਮ 14 ਜਨਵਰੀ, 1886 ਨੂੰ ਪਿੰਡ ਮੂਗੋਵਾਲ ਤਹਿਸੀਲ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਅਛੂਤ ਪਰਿਵਾਰ ਵਿੱਚ ਹੋਇਆ ਸੀ। 23 ਸਾਲ ਦੀ ਉਮਰ ਵਿੱਚ 1909 ਵਿੱਚ ਯੂ ਐਸ ਏ ਚਲੇ ਗਏ। ਉਸ ਸਮੇਂ ਸਾਨ ਫਰਾਂਸਿਸਕੋ ਵਿੱਚ ਗਦਰ ਲਹਿਰ ਸ਼ੁਰੂ ਹੋ ਗਈ ਸੀ ਅਤੇ  ਬਰਤਾਨੀਆਂ ਬਸਤੀਵਾਦ ਤੋਂ ਭਾਰਤ ਨੂੰ ਅਜ਼ਾਦ ਕਰਵਾਉਣ ਦੀ ਮੁਹਿੰਮ ਚੱਲ ਰਹੀ ਸੀ। ਬਾਬੂ ਮੰਗੂ ਰਾਮ ਗਦਰ ਲਹਿਰ ਦੇ ਆਗੂਆਂ ਲਾਲਾ ਹਰਦਿਆਲ ਅਤੇ ਸੋਹਣ ਸਿੰਘ ਭਕਨਾ ਦੇ ਸੰਪਰਕ ਵਿੱਚ ਆ ਗਏ ਅਤੇ 1 ਨਵੰਬਰ, 1913 ਨੂੰ ਸਥਾਪਿਤ ਕੀਤੀ ਗਈ ਗਦਰ ਲਹਿਰ ਲਈ ਕੰਮ ਕਰਨਾ ਸ਼ੁਰੂ ਕਰ ਦਿਤਾ। ਇਸ ਦੌਰਾਨ ਗਦਰ ਲਹਿਰ ਵਲੋਂ ਇੱਕ ਬਹੁਤ ਹੀ ਖਤਰਨਾਕ ਮਿਸ਼ਨ ਉਲੀਕਿਆ ਗਿਆ ਜਿਸ ਵਿੱਚ ਅਜ਼ਾਦੀ ਦੀ ਲੜਾਈ ਲਈ ਹਥਿਆਰਾਂ ਦਾ ਇੱਕ ਜ਼ਹਾਜ ਸੰਮੁਦਰ ਰਸਤੇ ਭਾਰਤ ਲਿਜਾਉਣਾ ਸੀ ਅਤੇ ਇਸ ਮਿਸ਼ਨ ਦੀ ਜਿੰਮੇਵਾਰੀ ਬਾਬੂ ਜੀ ਨੂੰ ਦਿਤੀ ਗਈ। ਇਸ ਮਿਸ਼ਨ ਦੀ ਭਣਕ ਪਹਿਲਾਂ ਹੀ ਬਰਤਾਨੀਆ ਸਰਕਾਰ ਨੂੰ ਲੱਗ ਗਈ ਅਤੇ ਸਰਕਾਰ ਨੇ ਇਸਦੀ ਜਾਸੂਸੀ ਸ਼ੁਰੂ ਕਰ ਦਿਤੀ। ਇਹ ਮਿਸ਼ਨ ਜੋਕਿ 1915 ਵਿੱਚ ਚੱਲਿਆ ਅਤੇ ਕਾਮਾਗਾਟਾ ਮਾਰੂ ਕਹਿਲਾਂਦਾ ਹੈ ਬਰਤਾਨੀਆਂ ਸਰਕਾਰ ਨੇ ਸੰਮੁਦਰ ਵਿੱਚ ਤੋਪਾਂ ਨਾਲ ਉਡਾ ਦਿਤਾ। ਬਾਬੂ ਮੰਗੂ ਰਾਮ ਜੀ ਕਿਸੇ ਤਰੀਕੇ ਨਾਲ ਬਚ ਗਏ ਪਰੰਤੂ ਪਰਿਵਾਰ ਨੇ ਸੋਚਿਆ ਕਿ ਬਾਬੂ ਜੀ ਵੀ ਮਾਰੇ ਗਏ ਹਨ ਅਤੇ ਉਨ੍ਹਾ ਦੀ ਪਤਨੀ ਨੂੰ ਵਿਧਵਾ ਮੰਨਦੇ ਹੋਏ ਦੂਜੇ ਭਰਾ ਨਾਲ ਵਿਆਹ ਦਿਤਾ। ਬਾਬੂ ਮੰਗੂ ਰਾਮ ਜੀ 1925 ਵਿੱਚ ਭਾਰਤ ਵਾਪਸ ਆ ਗਏ। 1925 ਦੇ ਅੰਤ ਵਿੱਚ ਬਾਬੂ ਜੀ ਨੇ ਅਪਣੇ ਪਿੰਡ ਮੂਗੋਵਾਲ ਵਿੱਚ ਆਦਿ ਧਰਮ ਪ੍ਰਾਇਮਰੀ ਸਕੂਲ ਖੋਲਿਆ ਅਤੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰ ਦਿਤਾ। 11-12 ਜੂਨ 1926 ਨੂੰ ਇਸ ਸਕੂਲ ਵਿੱਚ ਅਛੂਤਾਂ ਦੀ ਇੱਕ ਮੀਟਿੰਗ ਬੁਲਾਈ ਗਈ ਜਿਸ ਵਿੱਚ ਆਦਿ ਧਰਮ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਅਤੇ ਇਸ ਲਹਿਰ ਦਾ ਪਹਿਲਾ ਪ੍ਰਧਾਨ ਸਰਬ ਸੰਮਤੀ ਨਾਲ ਬਾਬੂ ਮੰਗੂ ਰਾਮ ਨੂੰ ਬਣਾਇਆ ਗਿਆ। ਬਾਬੂ ਮੰਗੂ ਰਾਮ ਦੇ ਸੰਘਰਸ਼ ਤੋਂ ਬਾਦ 1931 ਵਿੱਚ ਹੋਈ ਭਾਰਤ ਵਿੱਚ ਜਨਗਣਨਾ ਵਿੱਚ ਪਹਿਲੀ ਵਾਰ ਆਦਿ ਧਰਮ ਨੂੰ ਜੋੜਿਆ ਗਿਆ। 1930,31,32 ਵਿੱਚ ਲੰਡਨ ਵਿੱਚ ਹੋਈਆ ਗੋਲਮੇਜ਼ ਕਾਨਫਰੰਸਾ ਵਿੱਚ ਇਹ ਸਾਬਤ ਕਰਨ ਲਈ ਕਿ ਭਾਰਤੀ ਦਲਿਤਾਂ ਦੇ ਅਸਲੀ ਆਗੂ ਡਾਕਟਰ ਅੰਬੇਡਕਰ ਹਨ ਬਾਬੂ ਮੰਗੂ ਰਾਮ ਨੇ ਪੰਜਾਬ ਅਤੇ ਹੋਰ ਸੂਬਿਆਂ ਤੋਂ ਦਲਿਤ ਆਗੂਆਂ ਤੋਂ ਪੱਤਰ ਅਤੇ ਤਾਰਾਂ ਭਜਵਾਈੀਆਂ। 1937 ਵਿੱਚ ਪੰਜਾਬ ਵਿੱਚ ਹੋਈਆ ਚੋਣਾਂ ਵਿੱਚ ਆਦਿ ਧਰਮ ਮੰਡਲ ਨੇ ਰਾਖਵੀਆਂ 8 ਸੀਟਾਂ ਵਿਚੋਂ 7 ਤੇ ਜਿੱਤ ਹਾਸਲ ਕੀਤੀ। 1946 ਵਿੱਚ ਬਾਬੂ ਮੰਗੂ ਰਾਮ ਜੀ ਵਿਧਾਇਕ ਬਣੇ ਅਤੇ 1952 ਤੱਕ ਵਿਧਾਇਕ ਰਹੇ। ਅਜਾਦ ਭਾਰਤ ਵਿੱਚ ਵੀ ਬਾਬੂ ਜੀ ਨੇ ਆਦਿ ਧਰਮ ਲਹਿਰ ਨੂੰ ਚਲਾਉਣ ਲਈ ਲਗਾਤਾਰ ਸੰਘਰਸ਼ ਕੀਤਾ। 22 ਅਪ੍ਰੈਲ 1980 ਨੂੰ ਗਦਰ ਲਹਿਰ ਅਤੇ ਆਦਿ ਧਰਮ ਅੰਦੋਲਨ ਦਾ ਇਹ ਦਲਿਤ ਆਗੂ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਗਦਰ ਲਹਿਰ ਅਤੇ ਆਦਿ ਧਰਮ ਮੰਡਲ ਦੇ ਇਸ ਆਗੂ ਦੇ ਪਿੰਡ ਮੂਗੋਵਾਲ ਵਿੱਚ ਸਰਕਾਰ ਜਾਂ ਕਿਸੇ ਸੰਗਠਨ ਨੇ ਕੋਈ ਵੀ ਵਿਸ਼ੇਸ਼ ਯਾਦਗਾਰ ਨਹੀਂ ਬਣਾਈ ਹੈ ਅਤੇ ਹੁਸ਼ਿਆਰਪੁਰ-ਚੰਡੀਗੜ੍ਹ ਰੋਡ ਤੇ ਗੜਸ਼ੰਕਰ ਵਿੱਚ ਬਣਾਈ ਗਈ ਸਮਾਧ ਦੀ ਹਾਲਤ ਵੀ ਖਸਤਾ ਹੈ।  ਹਰ ਸਰਕਾਰ ਵਲੋਂ ਅਜ਼ਾਦੀ ਘੁਲਾਟੀਆਂ, ਦਲਿਤ ਰਹਿਵਰਾਂ ਦੀਆਂ ਯਾਦਗਾਰਾਂ ਬਣਾਉਣ ਅਤੇ ਸੰਭਾਲਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਸ ਆਗੂ ਦੀ ਯਾਦ ਵਿੱਚ ਹੁਣ ਤੱਕ ਸਰਕਾਰ ਵਲੋਂ ਕੋਈ ਖਾਸ ਕਾਰਵਾਈ ਨਹੀਂ ਕੀਤੀ ਗਈ ਹੈ। ਪਿਛਲੇ ਦਿਨੀਂ ਬਾਬੂ ਮੰਗੂ ਰਾਮ ਮੂਗੋਵਾਲੀਆ ਸਬੰਧੀ ਸਨਮਾਨ ਸਮਾਰੋਹ ਆਯੋਜਿਤ ਕਰਨ ਵਾਲੇ ਅਮਰਜੀਤ ਗੁਰੂ ਅਤੇ ਤਰਸੇਮ ਕੌਰ ਗੁਰੂ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੇਸ਼ੱਕ ਕੁੱਝ ਸੰਗਠਨ ਬਾਬੂ ਜੀ ਦੇ ਨਾਮ ਤੇ ਅਕਸਰ ਪ੍ਰੋਗਰਾਮ ਕਰਵਾਂਦੇ ਹਨ ਪਰ ਉਨ੍ਹਾਂ ਦੀ ਕੋਈ ਯਾਦ ਨਾਂ ਬਣਾਉਣਾ ਬਹੁਤ ਹੀ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਬਾਬੂ ਜੀ ਦੀ ਯਾਦ ਬਣਾਉਣ ਲਈ ਜਲਦੀ ਇੱਕ ਟਰਸਟ ਬਣਾਇਆ ਜਾਵੇਗਾ ਜੋ ਬਾਬੂ ਜੀ ਦੀ ਸਮਾਧ ਦੀ ਸਾਂਭ ਸੰਭਾਲ ਕਰੇਗਾ।