ਵੇਖੋ ਪੰਜਾਬ ਸਰਕਾਰ ਦਾ ਹਾਲ ਕਲਾਸ-1 ਅਤੇ ਕਲਾਸ-2 ਅਧਿਕਾਰੀਆਂ ਵਿੱਚ ਹੋਇਆ ਵਾਧਾ ਪਰ ਕਲਾਸ-3 ਅਤੇ ਕਲਾਸ-4 ਕਰਮਚਾਰੀਆਂ ਦੀ ਗਿਣਤੀ ਘਟੀ।

04 ਅਗਸਤ, 2014 (ਕੁਲਦੀਪ ਚੰਦ) ਪੰਜਾਬ ਸਰਕਾਰ ਵਿੱਚ ਗਰੁੱਪ ਏ ਅਤੇ ਗਰੁੱਪ ਬੀ ਅਧੀਨ ਆਉਂਦੇ ਸਰਕਾਰੀ ਅਫਸਰਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਦਕਿ ਗਰੁੱਪ ਸੀ ਅਤੇ ਗਰੁੱਪ ਡੀ ਦੇ ਕਰਮਚਾਰੀਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਸਰਕਾਰ ਵਿੱਚ ਦੋ ਸ਼੍ਰੇਣੀਆਂ ਦੇ ਕਰਮਚਾਰੀ ਹੁੰਦੇ ਹਨ। ਇੱਕ ਸਰਕਾਰੀ ਅਤੇ ਦੂਜੇ ਅਰਧ ਸਰਕਾਰੀ। ਪੰਜਾਬ ਸਰਕਾਰ ਦੀ ਸਰਕਾਰੀ ਕਰਮਚਾਰੀਆਂ ਦੀ ਜਨਗਣਨਾ ਦੀ 31 ਮਾਰਚ 2011 ਤੱਕ ਦੀ ਰਿਪੋਰਟ ਅਨੁਸਾਰ ਸਰਕਾਰ ਵਿੱਚ ਅਫਸਰਾਂ ਦੀ ਗਿਣਤੀ ਵੱਧ ਰਹੀ ਹੈ। 31 ਮਾਰਚ 2000 ਵਿੱਚ ਪੰਜਾਬ ਸਰਕਾਰ ਵਿੱਚ 10275 ਕਲਾਸ-1 ਅਫਸਰ ਸਨ ਜੋ ਕਿ 31 ਮਾਰਚ 2011 ਨੂੰ ਵੱਧ ਕੇ 10793 ਹੋ ਗਏ ਹਨ। ਮਤਲਬ ਕਿ 518 ਅਫਸਰਾਂ ਦਾ ਵਾਧਾ ਹੋ ਗਿਆ ਹੈ। ਸਭ ਤੋਂ ਵੱਧ ਕਲਾਸ-1 ਅਫਸਰ ਸਿਹਤ ਵਿਭਾਗ ਵਿੱਚ 3612, ਸਿੱਖਿਆ ਵਿਭਾਗ ਵਿੱਚ 1918, ਪਸ਼ੂ-ਪਾਲਣ ਵਿਭਾਗ ਵਿੱਚ 645, ਖੇਤੀਬਾੜੀ ਵਿੱਚ 535, ਪੁਲਿਸ ਵਿਭਾਗ ਵਿੱਚ 400 ਅਤੇ ਤਕਨੀਕੀ ਸਿੱਖਿਆ ਵਿੱਚ 423 ਹਨ। ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ 1339 ਪਟਿਆਲਾ ਜ਼ਿਲ੍ਹੇ ਵਿੱਚ ਤੈਨਾਤ ਹਨ ਅਤੇ ਸਭ ਤੋਂ ਘੱਟ ਬਰਨਾਲਾ ਜ਼ਿਲ੍ਹੇ ਵਿੱਚ 149 ਤੈਨਾਤ ਹਨ। 31 ਮਾਰਚ 2000 ਨੂੰ ਪੰਜਾਬ ਸਰਕਾਰ ਵਿੱਚ ਕਲਾਸ-2 ਅਫਸਰਾਂ ਦੀ ਗਿਣਤੀ 4906 ਸੀ ਜੋ ਕਿ 31 ਮਾਰਚ 2011 ਨੂੰ ਵੱਧ ਕੇ 22156 ਤੱਕ ਪਹੁੰਚ ਗਈ ਹੈ। ਮਤਲਬ ਕਿ 17250 ਕਲਾਸ-2 ਅਫਸਰਾਂ ਦਾ ਵਾਧਾ ਹੋ ਗਿਆ ਹੈ ਜੋ ਕਿ ਹੈਰਾਨੀਜਨਕ ਹੈ। ਸਭ ਤੋਂ ਵੱਧ ਕਲਾਸ-2 ਅਫਸਰ ਸਿੱਖਿਆ ਵਿਭਾਗ ਵਿੱਚ 9572 ਤੈਨਾਤ ਹਨ। ਸਭ ਤੋਂ ਜ਼ਿਆਦਾ 2157 ਕਲਾਸ-2 ਅਫਸਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਤੈਨਾਤ ਹਨ ਜਦਕਿ ਸਭ ਤੋਂ ਘੱਟ ਤਰਨਤਾਰਨ ਜ਼ਿਲ੍ਹੇ ਵਿੱਚ 188 ਤੈਨਾਤ ਹਨ। 31 ਮਾਰਚ 2000 ਨੂੰ ਪੰਜਾਬ ਸਰਕਾਰ ਵਿੱਚ ਗਰੁੱਪ-ਸੀ ਦੇ 256105 ਕਰਮਚਾਰੀ ਸਨ ਜੋ ਕਿ 31 ਮਾਰਚ 2011 ਨੂੰ ਘੱਟ ਕੇ 188189 ਰਹਿ ਗਏ ਹਨ। ਮਤਲਬ ਕਿ ਕਲਾਸ-3 ਦੇ ਕਰਮਚਾਰੀਆਂ ਦੀ ਗਿਣਤੀ ਵਿੱਚ 67916 ਦੀ ਕਮੀ ਹੋਈ ਹੈ। ਸਭ ਤੋਂ ਵੱਧ ਕਲਾਸ-3 ਕਰਮਚਾਰੀ ਸਿੱਖਿਆ ਵਿਭਾਗ ਵਿੱਚ 73975 ਅਤੇ ਪੁਲਿਸ ਵਿਭਾਗ ਵਿੱਚ 51031 ਹਨ। ਸਭ ਤੋਂ ਜ਼ਿਆਦਾ 19803 ਕਲਾਸ-3 ਕਰਮਚਾਰੀ ਪਟਿਆਲਾ ਜ਼ਿਲ੍ਹੇ ਵਿੱਚ ਅਤੇ ਸਭ ਤੋਂ ਘੱਟ 2978 ਬਰਨਾਲਾ ਜ਼ਿਲ੍ਹੇ ਵਿੱਚ ਤੈਨਾਤ ਹਨ। 31 ਮਾਰਚ 2000 ਤੱਕ ਪੰਜਾਬ ਸਰਕਾਰ ਵਿੱਚ ਗਰੁੱਪ-ਡੀ ਦੇ 65984 ਕਰਮਚਾਰੀ ਸਨ ਜੋ ਕਿ 31 ਮਾਰਚ 2011 ਨੂੰ ਘੱਟ ਕੇ 55531 ਰਹਿ ਗਏ ਹਨ। ਮਤਲਬ ਕਿ ਕਲਾਸ-4 ਦੇ ਕਰਮਚਾਰੀਆਂ ਦੀ ਗਿਣਤੀ ਵਿੱਚ 10453 ਕਰਮਚਾਰੀਆਂ ਦੀ ਕਮੀ ਹੋਈ ਹੈ। ਸਭ ਤੋਂ ਵੱਧ ਕਲਾਸ-4 ਕਰਮਚਾਰੀ ਸਿੰਚਾਈ ਵਿਭਾਗ ਵਿੱਚ 11699, ਸਿਹਤ ਵਿਭਾਗ ਵਿੱਚ 9720 ਅਤੇ ਸਿੱਖਿਆ ਵਿਭਾਗ ਵਿੱਚ 8582 ਕਰਚਮਾਰੀ ਹਨ। ਸਭ ਤੋਂ ਜ਼ਿਆਦਾ 7507 ਕਲਾਸ-4 ਕਰਚਮਾਰੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਤੈਨਾਤ ਹਨ। ਪੰਜਾਬ ਸਰਕਾਰ ਦੇ ਕੁੱਲ 322607 ਸਰਕਾਰੀ ਕਰਮਚਾਰੀਆਂ ਵਿੱਚੋਂ ਮਹਿਲਾ ਕਰਮਚਾਰੀਆਂ ਦੀ ਗਿਣਤੀ 101517 (31.47%) ਹੈ। ਗਰੁੱਪ-ਏ ਅਤੇ ਗਰੁੱਪ-ਬੀ ਦੇ ਕੁੱਲ 32949 ਸਰਕਾਰੀ ਅਫਸਰ ਹਨ ਜਿਹਨਾਂ ਵਿੱਚੋਂ 9598 (29.12%) ਮਹਿਲਾ ਅਫਸਰ ਹਨ। ਇਹਨਾਂ ਵਿੱਚੋਂ ਸਭ ਤੋਂ ਵੱਧ ਸਿੱਖਿਆ ਵਿਭਾਗ ਵਿੱਚ 5511 ਅਤੇ ਸਿਹਤ ਵਿਭਾਗ ਵਿੱਚ 1552 ਮਹਿਲਾ ਅਫਸਰ ਹਨ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਸਾਲ 1995 ਵਿੱਚ ਇੱਕ ਲੱਖ ਦੀ ਆਬਾਦੀ ਪਿੱਛੇ 1672 ਸਰਕਾਰੀ ਕਰਮਚਾਰੀ ਸਨ ਪਰ ਸਾਲ 2001 ਵਿੱਚ 1525, ਸਾਲ 2005 ਵਿੱਚ 1363, ਸਾਲ 2009 ਵਿੱਚ 1149, ਸਾਲ 2010 ਵਿੱਚ 1117 ਅਤੇ ਸਾਲ 2011 ਵਿੱਚ 1164 ਸਰਕਾਰੀ ਕਰਮਚਾਰੀ ਇੱਕ ਲੱਖ ਦੀ ਆਬਾਦੀ ਪਿੱਛੇ ਰਹਿ ਗਏ ਹਨ। ਜਦਕਿ ਆਬਾਦੀ ਵੱਧਣ ਦੇ ਹਿਸਾਬ ਨਾਲ ਸਰਕਾਰੀ ਕਰਮਚਾਰੀਆਂ ਦੀ ਗਿਣਤੀ ਵੀ ਵੱਧਣੀ ਚਾਹੀਦੀ ਸੀ ਪਰ ਹੋ ਇਸਦੇ ਉਲਟ ਰਿਹਾ ਹੈ।