ਇਲਾਕੇ ਵਿੱਚ ਪ੍ਰੈਸ ਸ਼ਬਦ ਦੀ ਹੋ ਰਹੀ ਕੁਵਰਤੋਂ ਤੋਂ ਲੋਕ ਦੁਖੀ,

 ਪ੍ਰਸ਼ਾਸ਼ਨ ਤੋਂ ਕੀਤੀ ਕਾਰਵਾਈ ਦੀ ਮੰਗ। 

04 ਸਤੰਬਰ, 2014 ( ਕੁਲਦੀਪ ਚੰਦ) ਨੰਗਲ ਇਲਾਕੇ ਦੇ ਲੋਕ ਪ੍ਰੈਸ ਸ਼ਬਦ ਲਿਖੇ ਵਾਹਨਾਂ ਤੋਂ ਪ੍ਰੇਸ਼ਾਨ ਹਨ। ਨੰਗਲ ਵਿੱਚ ਕਈ ਅਜਿਹੇ ਵਿਅਕਤੀਆਂ ਨੇ ਅਪਣੇ ਵਾਹਨਾਂ ਤੇ ਪ੍ਰੈਸ ਲਿਖਵਾਇਆ ਹੋਇਆ ਹੈ ਜਿਹਨਾਂ ਦਾ ਕਿਸੇ ਅਖਬਾਰ ਅਤੇ ਮੀਡੀਆ ਨਾਲ ਕੋਈ ਸਬੰਧ ਨਹੀਂ ਹੈ। ਕਈ ਵਿਅਕਤੀ ਪ੍ਰੈਸ ਸ਼ਬਦ ਲਿਖਕੇ ਅਪਣੇ ਵਾਹਨਾਂ ਦੀ ਵਪਾਰਿਕ ਵਰਤੋਂ ਵੀ ਕਰ ਰਹੇ ਹਨ ਅਤੇ ਬਿਨਾ ਕਿਸੇ ਡਰ-ਭੈਅ ਤੋਂ ਕੰਮ ਕਰ ਰਹੇ ਹਨ। ਪੁਲਿਸ ਵਲੋਂ ਜਾਰੀ ਪੱਤਰ ਨੰਬਰ 2781 ਮਿਤੀ 18/06/2009 ਅਨੁਸਾਰ ਸਮੂਹ ਪੇਂਟਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਨੰਬਰ ਪਲੇਟਾਂ ਦਾ ਸਾਇਜ਼ ਨਿਯਮਾਂ ਅਨੁਸਾਰ ਹੀ ਰੱਖਿਆ ਜਾਵੇ ਅਤੇ ਨੰਬਰ ਪਲੇਟ ਤੇ ਹੋਰ ਕੁੱਝ ਵੀ ਨਾਂ ਲਿਖਿਆ ਜਾਵੇ। ਪੁਲਿਸ ਅਧਿਕਾਰੀਆਂ ਨੇ ਇਸ ਪੱਤਰ ਵਿੱਚ ਕਿਹਾ ਹੈ ਕਿ ਜੇਕਰ ਕੋਈ ਪੇਂਟਰ ਇਸ ਪੱਤਰ ਦੀ ਉਲੰਘਣਾ ਕਰੇਗਾ ਤਾਂ ਉਸ ਵਿਰੁੱਧ ਵੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜੇਕਰ ਕੋਈ ਵਿਅਕਤੀ ਅਜਿਹਾ ਕਰਨ ਲਈ ਕਿਸੇ ਵੀ ਤਰਾਂ ਦਾ ਦਬਾਅ ਪਾਂਦਾ ਹੈ ਤਾਂ ਉਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਅਜਿਹੇ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ। ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਪ੍ਰੈਸ ਸ਼ਬਦ ਦੀ ਹੋ ਰਹੀ ਕੁਵਰਤੋਂ ਨੂੰ ਰੋਕਣ  ਲਈ ਸੱਖਤ ਕਦਮ ਚੁੱਕੇ ਜਾਣ ਅਤੇ ਇਸ ਦੀ ਕੁਵਰਤੋਂ ਕਰ ਰਹੇ ਲੋਕਾਂ ਖਿਲਾਫ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ। ਇਹਨਾਂ ਦੀ ਮੰਗ ਹੈ ਕਿ ਇਸ ਪ੍ਰੈਸ ਸ਼ਬਦ ਦੀ ਹੋ ਰਹੀ ਕੁਵਰਤੋਂ ਨੂੰ ਰੋਕਣ ਲਈ ਪ੍ਰਸ਼ਾਸ਼ਨ ਪ੍ਰੈਸ ਨਾਲ ਸਬੰਧਿਤ ਵਿਅਕਤੀਆਂ ਨੂੰ ਆਪ ਵਿਸ਼ੇਸ਼ ਸਟਿੱਕਰ ਜਾਰੀ ਕਰੇ ਅਤੇ ਉਹਨਾਂ ਦਾ ਰਿਕਾਰਡ ਪੁਲੀਸ ਨੂੰ ਵੀ ਦੇ ਦੇਵੇ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਸਬੰਧੀ ਅਕਸਰ ਚੈਕਿੰਗ ਕੀਤੀ ਜਾਂਦੀ ਹੈ ਅਤੇ ਜੇਕਰ ਕੋਈ ਅਜਿਹਾ ਵਾਹਨ ਮਿਲਦਾ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਂਦੀ ਹੈ।