10 ਅਕਤੂਬਰ, 2014 ਅੰਤਰਰਾਸ਼ਟਰੀ ਬਜੁਰਗ ਦਿਵਸ ਲਈ ਵਿਸ਼ੇਸ਼
ਲੋਕਾਂ ਅਤੇ ਸਰਕਾਰਾਂ ਦੀ ਲਾਪਰਵਾਹੀ ਕਾਰਨ ਵਿੱਚ ਬਜੁਰਗ ਹੋ ਰਹੇ ਹਨ ਲਾਚਾਰ।

 29 ਸਤੰਬਰ, 2014 (ਕੁਲਦੀਪ  ਚੰਦ) ਕਦੇ ਸਾਡੇ ਸਮਾਜ ਵਿੱਚ ਬਜੁਰਗਾਂ ਨੂੰ ਬਣਦਾ ਮਾਨ ਸਨਮਾਨ ਦਿਤਾ ਜਾਂਦਾ ਸੀ ਅਤੇ ਅੱਜ ਵੀ ਦੇਸ਼ ਵਿੱਚ ਸਰਵਣ ਵਰਗੇ ਪੁੱਤਰ ਦੀਆਂ ਉਦਾਹਰਣਾ ਇਸ ਕਾਰਨ ਹੀ ਦਿਤੀਆਂ ਜਾਂਦੀਆਂ ਹਨ ਕਿ ਉਸਨੇ ਅਪਣੇ ਅੰਨੇ ਮਾਂ-ਪਿਉ ਜੋ ਕਿ ਅੱਖਾਂ ਤੋਂ ਅੰਨੇ ਸਨ ਨੂੰ ਉਨ੍ਹਾਂ ਦੀ ਇਛਾ ਅਨੁਸਾਰ ਵੱਖ ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਸੀ। ਸਮੇਂ ਦੇ ਅਨੁਸਾਰ ਭਾਰਤੀ ਸੰਸਕ੍ਰਿਤੀ ਵਿੱਚ ਬਦਲਾਓ ਆ ਰਿਹਾ ਹੈ ਪਹਿਲਾਂ ਸੰਯੁਕਤ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚ ਕਮਜੋਰ ਵਰਗਾਂ ਅੰਗਹੀਣਾਂ, ਵਿਧਵਾਵਾਂ, ਬਜੁਰਗਾਂ ਆਦਿ ਦੀ ਪੂਰੀ ਸੰਭਾਲ ਕੀਤੀ ਜਾਂਦੀ ਸੀ। ਹੁਣ ਸਮਾਜ ਵਿੱਚ ਇੱਕਲੇ ਪਰਿਵਾਰਾਂ ਦੀ ਪ੍ਰਥਾ ਵਧ ਰਹੀ ਹੈ ਅਤੇ ਇਨ੍ਹਾਂ ਪਰਿਵਾਰਾਂ ਵਿੱਚ ਪਤੀ-ਪਤਨੀ ਅਪਣੇ ਅਣਵਿਆਹੇ ਬੱਚਿਆਂ ਨਾਲ ਅਪਣੇ ਮਾਂ-ਪਿਓ ਤੋਂ ਅਲੱਗ ਰਹਿ ਰਹੇ ਹਨ। ਉਦਯੋਗੀਕਰਣ ਅਤੇ ਸ਼ਹਿਰੀਕਰਣ ਕਾਰਨ ਅੱਜ ਬਜੁਰਗਾਂ ਦੀ ਸਹੀ ਦੇਖਭਾਲ਼ ਨਹੀਂ ਹੋ ਰਹੀ ਹੈ।  ਪੂਰੇ ਸੰਸਾਰ ਵਿੱਚ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਅਬਾਦੀ ਸਾਲ 2002 ਅਨੁਸਾਰ 12 ਫੀਸਦੀ ਸੀ ਅਤੇ ਭਾਰਤ ਵਿੱਚ 08 ਫੀਸਦੀ ਸੀ ਜੋਕਿ 2050 ਤੱਕ 21 ਫੀਸਦੀ ਹੋਣ ਦੀ ਸੰਭਾਵਨਾ ਹੈ। ਇਸੇ ਤਰਾਂ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਅਬਾਦੀ ਸੰਸਾਰ ਵਿੱਚ 2002 ਵਿੱਚ 12 ਫੀਸਦੀ ਸੀ ਅਤੇ ਭਾਰਤ ਵਿੱਚ 08 ਫੀਸਦੀ ਸੀ ਜੋਕਿ 2050 ਤੱਕ ਪੂਰੇ ਸੰਸਾਰ ਵਿੱਚ 19 ਫੀਸਦੀ ਅਤੇ ਭਾਰਤ ਵਿੱਚ 15 ਫੀਸਦੀ ਹੋਣ ਦੀ ਸੰਭਾਵਨਾ ਹੈ। ਸਾਲ 2002 ਦੇ ਅੰਕੜਿਆਂ ਅਨੁਸਾਰ ਲੱਗਭੱਗ 81 ਮਿਲੀਅਨ ਬਜ਼ੁਰਗਾਂ ਦੀ ਅਬਾਦੀ ਸੀ ਜੋਕਿ 2050 ਵਿੱਚ 324 ਮਿਲੀਅਨ ਤੱਕ ਪਹੁੰਚ ਜਾਵੇਗੀ। ਇਨ੍ਹਾਂ ਵਿੱਚੋਂ 75 ਫੀਸਦੀ ਬਜ਼ੁਰਗ ਪੇਂਡੂ ਇਲਾਕਿਆਂ ਵਿੱਚ ਰਹਿੰਦੇ ਹਨ ਅਤੇ ਲੱਗਭੱਗ ਤੀਜਾ ਹਿੱਸਾ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। 60 ਸਾਲ ਦੀ ਉਮਰ ਤੋਂ ਵੱਧ ਦੀਆਂ 58 ਫੀਸਦੀ ਮਹਿਲਾਵਾਂ ਵਿਧਵਾਂ, ਇਕੱਲੀਆਂ ਅਤੇ ਤਲਾਕਸ਼ੁਦਾ ਹਨ। ਸਾਲ 2000 ਦੇ ਅੰਕੜਿਆਂ ਅਨੁਸਾਰ 70.3 ਫੀਸਦੀ ਬਜ਼ੁਰਗ ਅਨਪੜ੍ਹ ਹਨ। 65 ਸਾਲ ਤੋਂ ਵੱਧ ਦੀ ਉਮਰ ਦੇ 32 ਫੀਸਦੀ ਬਜੁਰਗ ਵੱਖ ਵੱਖ ਤਰਾਂ ਦੇ ਕੰਮ ਕਰਦੇ ਹਨ ਅਤੇ ਇਨ੍ਹਾਂ ਵਿੱਚੋਂ 90 ਫੀਸਦੀ ਬਜ਼ੁਰਗ ਅਸੰਗਠਿਤ ਖੇਤਰਾਂ ਵਿੱਚ ਕੰਮ ਕਰਦੇ ਹਨ ਜਿਹਨਾਂ ਨੂੰ ਨਾ ਕੋਈ ਪੈਨਸ਼ਨ ਮਿਲਦੀ ਹੈ ਅਤੇ ਨਾ ਹੀ ਕੋਈ ਪ੍ਰੋਵੀਡੈਂਟ ਫੰਡ ਮਿਲਦਾ ਹੈ। ਸਾਡੇ ਦੇਸ਼ ਵਿੱਚ ਸਾਲ 2004-05 ਵਿੱਚ ਬਜ਼ੁਰਗਾਂ ਲਈ 18.79 ਕਰੋੜ ਰੁਪਏ ਰੱਖੇ ਗਏ ਸਨ। ਸਾਡੇ ਗੁਆਂਢੀ ਮੁਲਕ ਚੀਨ ਵਿੱਚ ਬਜ਼ੁਰਗਾਂ ਲਈ ਇੱਕ ਅਲੱਗ ਵਿਭਾਗ ਬਣਾਇਆ ਗਿਆ ਹੈ। ਇੱਕ ਅਨੁਮਾਨ ਮੁਤਾਬਿਕ ਸਾਲ 2020 ਤੱਕ ਵਿਸ਼ਵ ਦੇ 75 ਫੀਸਦੀ ਬਜ਼ੁਰਗਾਂ ਦੀ ਮੌਤ ਹੋ ਜਾਵੇਗੀ ਅਤੇ ਸਾਡੇ ਦੇਸ਼ ਵਿੱਚ ਵਿਸ਼ਵ ਦੇ ਬਜ਼ੁਰਗਾਂ ਦਾ 16 ਫੀਸਦੀ ਹੈ। ਉਮਰ ਵੱਧਣ ਦੇ ਨਾਲ-ਨਾਲ ਅੱਖਾਂ ਦੀ ਰੌਸ਼ਨੀ ਘੱਟਦੀ ਜਾਂਦੀ ਹੈ। 8.1 ਮਿਲੀਅਨ ਲੋਕ ਸਾਡੇ ਦੇਸ਼ ਵਿੱਚ ਅੰਨ੍ਹੇ ਹਨ। ਦੇਸ਼ ਦੇ 10 ਫੀਸਦੀ ਬਜ਼ੁਰਗ ਤਨਾਅ ਤੋਂ ਪੀੜਿਤ ਹਨ ਅਤੇ 40-50 ਫੀਸਦੀ ਬਜ਼ੁਰਗਾਂ ਨੂੰ ਇਲਾਜ ਦੀ ਸਖੱਤ ਲੋੜ ਹੈ। ਦੇਸ਼ ਦੇ 70 ਫੀਸਦੀ ਬਜ਼ੁਰਗ ਆਪਣੇ ਰੋਜ਼ ਦੇ ਕੰਮਾਂ ਲਈ ਦੂਸਰਿਆਂ ਤੇ ਨਿਰਭਰ ਹਨ। 85 ਤੋਂ 87 ਫੀਸਦੀ ਬਜ਼ੁਰਗ ਮਹਿਲਾਵਾਂ ਪੈਸੇ ਲਈ ਦੂਸਰਿਆਂ ਤੇ ਨਿਰਭਰ ਹਨ। ਪੇਂਡੂ ਇਲਾਕੇ ਦੇ 79 ਫੀਸਦੀ ਅਤੇ ਸ਼ਹਿਰੀ ਇਲਾਕੇ ਦੇ 35 ਫੀਸਦੀ ਬਜ਼ੁਰਗ ਮਜ਼ਦੂਰੀ ਜਾਂ ਹੋਰ ਕੋਈ ਕੰਮ ਕਰਦੇ ਹਨ ਦੇਸ਼ ਦੀ ਜੀ.ਡੀ.ਪੀ. ਦਾ 3 ਫੀਸਦੀ ਸਿਹਤ ਸਹੂਲਤਾਂ ਤੇ ਖਰਚਿਆਂ ਜਾ ਰਿਹਾ ਹੈ ਜਦਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ 5 ਤੋਂ 6 ਫੀਸਦੀ ਦੇਸ਼ ਦੀ ਜੀ.ਡੀ.ਪੀ. ਦਾ ਸਿਹਤ ਸਹੂਲਤਾਂ ਤੇ ਖਰਚ ਕਰਨਾ ਚਾਹੀਦਾ ਹੈ। ਜ਼ਿਆਦਾਤਰ ਬਜ਼ੁਰਗਾਂ ਲਈ ਕੋਈ ਵੀ ਆਰਥਿਕ ਸੁਰੱਖਿਆ ਨਹੀਂ ਹੈ।  ਸਾਡੇ ਦੇਸ਼ ਵਿੱਚ 1951 ਵਿੱਚ ਬਜੁਰਗਾਂ ਦੀ ਗਿਣਤੀ ਲੱਗਭੱਗ 19.8 ਮਿਲੀਅਨ ਸੀ ਜੋ ਕਿ 2001 ਵਿੱਚ 76 ਮਿਲੀਅਨ ਹੋ ਗਈ ਸੀ ਅਤੇ ਅੰਦਾਜੇ ਅਨੁਸਾਰ 2013 ਵਿੱਚ 100 ਮਿਲੀਅਨ ਤੱਕ ਪਹੁੰਚ ਜਾਵੇਗੀ। ਦੇਸ਼ ਵਿੱਚ ਬਜੁਰਗਾਂ ਦੀ ਲਾਚਾਰਤਾ ਨੂੰ ਵੇਖਦੇ ਹੋਏ ਸਰਕਾਰ ਵਲੋਂ ਬੇਸ਼ੱਕ ਕਈ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਲਾਚਾਰ ਅਤੇ ਬੇਸਹਾਰਾ ਬਜੁਰਗਾਂ ਨੂੰ ਦਿਤੀ ਜਾਣ ਵਾਲੀ ਆਰਥਿਕ ਸਹਾਇਤਾ ਹੈ ਜਿਸ ਅਨੁਸਾਰ 65 ਸਾਲ ਤੋਂ ਵੱਧ ਪੁਰਸ਼ ਅਤੇ 60 ਸਾਲ ਤੋਂ ਵੱਧ ਮਹਿਲਾ ਨੂੰ ਸਰਕਾਰ ਵਲੋਂ ਬੁਢਾਪਾ ਪੈਨਸ਼ਨ ਦਿਤੀ ਜਾਂਦੀ ਹੈ ਜਿਸ ਵਿੱਚ ਸਮੇਂ-ਸਮੇਂ ਤੇ ਵਾਧਾ ਕੀਤਾ ਜਾਂਦਾ ਹੈ। ਸਰਕਾਰ ਵਲੋਂ 1998 ਵਿੱਚ ਬਜੁਰਗਾਂ ਲਈ ਰਾਸ਼ਟਰੀ ਪਾਲਿਸੀ ਬਣਾਈ ਗਈ। ਪੰਜਾਬ ਸਰਕਾਰ ਵਲੋਂ ਜੁਲਾਈ 2008 ਵਿੱਚ 'ਦਾ ਮੈਂਟੀਨੈਂਸ ਆਫ ਪੇਰੈਂਟਸ ਐਂਡ ਸਿਨੀਅਰ ਸਿਟੀਜਨਜ ਵੈਲਫੇਅਰ ਐਕਟ, 2007' ਅਡਾਪਟ ਕੀਤਾ ਗਿਆ ਹੈ ਅਤੇ ਇਸ ਐਕਟ ਤੇ ਕਾਰਵਾਈ ਕਰਦਿਆਂ ਐਸ ਡੀ ਐਮ ਜਲੰਧਰ ਨੇ ਇੱਕ ਫੈਸਲਾ ਕਰਕੇ ਜਲੰਧਰ ਦੇ ਇੱਕ ਵਸਨੀਕ ਕੰਵਲਜੀਤ ਸਿੰਘ ਨੂੰ ਅਪਣੀ ਮਾਂ ਨੂੰ ਹਰ ਮਹੀਨੇ 10000/- ਰੁਪਏ ਖਰਚਾ ਭੱਤਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਵਲੋਂ ਸਾਲ 2010-11 ਵਿੱਚ ਬਜ਼ੁਰਗਾਂ ਦੀ ਭਲਾਈ ਲਈ 44600/- ਲੱਖ ਰੁਪਏ ਸੈਂਕਸ਼ਨ ਕੀਤੇ ਗਏ ਜਿਸ ਵਿਚੋਂ 44534.36 ਲੱਖ ਰੁਪਏ ਖਰਚੇ ਗਏ ਹਨ। ਇਸੇ ਤਰਾਂ ਹੀ ਪੰਜਾਬ ਸਰਕਾਰ ਵਲੋਂ ਬਜੁਰਗ ਦਿਵਸ ਮਨਾਉਣ ਲਈ 25.90 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਸੀ ਪਰ ਸਿਰਫ 10 ਲੱਖ ਹੀ ਜਾਰੀ ਕੀਤੇ ਗਏ ਅਤੇ ਖਰਚੇ ਗਏ ਹਨ। ਇਸੇ ਤਰਾਂ ਹੀ ਜਿਲ੍ਹਾ ਪੱਧਰ ਲਈ 4096.46 ਲੱਖ ਰੁਪਏ ਮੰਨਜੂਰ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਸਿਰਫ 3222.04 ਲੱਖ ਰੁਪਏ ਹੀ ਜਾਰੀ ਕੀਤੇ ਗਏ ਹਨ। ਪੰਜਾਬ ਵਿੱਚ ਲੱਗਭੱਗ 850412 ਬਜ਼ੁਰਗ ਬੁਢਾਪਾ ਪੈਨਸ਼ਨ ਲੈ ਰਹੇ ਹਨ। ਸਰਕਾਰ ਵਲੋਂ  ਹਰ ਸਾਲ 01 ਅਕਤੂਬਰ ਨੂੰ ਬਜੁਰਗ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਵੱਡੇ ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਪੰਜਾਬ ਸਰਕਾਰ  ਜਿਸਦੀ ਅਗਵਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਿ ਖੁਦ ਇੱਕ ਬਜੁਰਗ ਹਨ ਤੋਂ ਪੰਜਾਬ ਰਾਜ ਦੇ ਬਜੁਰਗਾਂ ਨੂੰ ਵਿਸ਼ੇਸ ਉਮੀਦਾਂ ਸਨ ਪਰ ਸਰਕਾਰ ਇਨ੍ਹਾਂ ਉਮੀਦਾਂ ਤੇ ਪੂਰੀ ਨਹੀਂ ਉਤਰੀ ਹੈ ਅਤੇ ਅੱਜ ਵੀ ਸੈਂਕੜੇ ਬਜੁਰਗ ਲਾਚਾਰ ਅਤੇ ਲਾਵਾਰਿਸ ਹਨ। ਅਜਿਹੇ ਲਾਚਾਰ ਬਜੁਰਗ ਸਰਕਾਰੀ ਸਹਾਇਤਾ ਲੈਣ ਲਈ ਦਫਤਰਾਂ ਦੇ ਧੱਕੇ ਖਾ ਰਹੇ ਹਨ ਅਤੇ ਦਫਤਰਾਂ ਦੇ ਬਾਬੂ ਅਤੇ ਅਧਿਕਾਰੀ ਕੋਈ ਰਸਤਾ ਨਹੀਂ ਵਿਖਾ ਰਹੇ ਹਨ। ਸਰਕਾਰੀ ਹਸਪਤਾਲਾਂ ਵਿੱਚ ਅਪਣੇ ਇਲਾਜ ਲਈ ਪਹੁੰਚੇ ਅਜਿਹੇ ਬਜੁਰਗ ਲੰਬੀਆਂ ਲਾਇਨਾਂ ਵਿੱਚ  ਖੜਕੇ ਅਪਣੀ ਵਾਰੀ ਦਾ ਇੰਤਜਾਰ ਕਰਦੇ ਰਹਿੰਦੇ ਹਨ। ਕੁੱਝ ਸਮਾਜਿਕ ਸੰਸਥਾਵਾਂ ਨੇ ਬੇਸ਼ੱਕ ਅਜਿਹੇ ਬਜੁਰਗਾਂ ਦੀ ਦੇਖਭਾਲ ਦੀ ਜਿੰਮੇਬਾਰੀ ਚੁੱਕੀ ਹੋਈ ਹੈ ਪਰ ਸਰਕਾਰ ਦੀ ਲਾਪਰਵਾਹੀ ਕਾਰਨ ਮਾਨਸਿਕ ਪ੍ਰੇਸ਼ਾਨੀ ਅਜਿਹੇ ਬਜੁਰਗਾਂ ਦੇ ਮੱਕੇ ਤੋਂ ਝਲਕਦੀ ਹੈ। ਬੇਸ਼ੱਕ ਹਰ ਸਾਲ 01 ਅਕਤੂਬਰ ਨੂੰ ਅੰਤਰਰਾਸ਼ਟਰੀ ਬਜੁਰਗ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਸਰਕਾਰ ਵਲੋਂ ਸਮਾਗਮ ਕਰਵਾਏ ਜਾਂਦੇ ਹਨ ਅਤੇ ਇਨ੍ਹਾਂ ਸਮਾਗਮਾਂ ਤੇ ਕਰੋੜਾਂ ਰੁਪਏ ਖਰਚੇ ਜਾਂਦੇ ਹਨ। ਇਨ੍ਹਾਂ ਸਮਾਗਮਾਂ ਵਿੱਚ ਬਜੁਰਗਾਂ ਦੀ ਭਲਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਬਜੁਰਗਾਂ ਦੀ ਦਿਨ ਪ੍ਰਤੀ ਦਿਨ ਹੋ ਰਹੀ ਲਾਚਾਰ ਸਥਿਤੀ ਸਰਕਾਰ ਵਲੋਂ ਕੀਤੇ ਜਾਂਦੇ ਦਾਅਵਿਆਂ ਦੀ ਪੋਲ ਖੋਲਦੀ ਹੈ। 

 

ਕੁਲਦੀਪ ਚੰਦ 
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054