'ਦਲਿਤ  ਸਮਾਜ' ਪੁਸਤਕ ਲੋਕ-ਅਰਪਤ ਹੋਈ
ਜਾਤ-ਪਾਤ ਨੂੰ ਅਣਗੋਲਿਆ ਕਰਨ ਕਰਕੇ ਭਾਰਤ 'ਚ ਇਨਕਲਾਬ ਫ਼ੇਲ੍ਹ ਪੋਇਆ-ਐਸ ਐਲ ਵਿਰਦੀ

ਗੁਰਾਇਆਂ ( 9 ਨਵੰਬਰ ) ਉੱਘੇ ਲੇਖਕ ਤੇ ਚਿੰਤਕ ਡਾ. ਐਸ ਐਲ ਵਿਰਦੀ ਐਡਵੋਕੇਟ ਨੇ ਇਹ ਸ਼ਬਦ ਅੱਜ ਇੱਥੇ ਦੁਆਬੇ ਦੇ ਮਸ਼ਹੂਰ ਪਿੰਡ ਦੁਸਾਂਝ ਕਲਾਂ ਵਿਖੇ ਨਵੀਂ ਛਪਕੇ ਆਈ ਪੁਸਤਕ 'ਦਲਿਤ ਸਮਾਜ' ਨੂੰ ਜਾਰੀ ਕਰਦਿਆ ਕਹੇ। ਉਹਨਾਂ ਕਿਹਾ ਕਿ ਜਾਤ ਪਾਤ ਭਾਰਤ ਵਿਚ ਅੱਠਵਾਂ ਅਜੂਬਾ ਹੈ। ਇਹ ਕੋਈ ਦਿਵਾਰ ਨਹੀ ਜਿਹੜੀ ਮਨੁੱਖਾਂ ਨੂੰ ਆਪਸ ਵਿਚ ਮਿਲਣ ਤੋਂ ਰੋਕਦੀ ਹੈ। ਇਹ ਇਕ ਮਾਨਸਿਕ ਅਵਸਥਾ ਹੈ ਜੋ ਮਨੂੰਵਾਦ ਤੇ ਧਾਰਮਿਕ ਸ਼ਾਸਤਰਾਂ ਨੇ ਪੈਦਾ ਕੀਤੀ ਹੈ।
ਭਾਰਤ ਵਿਚ ਜਾਤ-ਪਾਤ ਨੇ ਸਰਬੱਤ ਦੇ ਵਿਕਾਸ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਨਸ਼ਟ ਕਰਕੇ ਦੇਸ਼ ਵਿਚ ਪ੍ਰਜਾਤੰਤਰ ਨੂੰ ਅਸਫਲ ਬਣਾ ਦਿੱਤਾ ਹੈ। ਅੱਜ ਦੇਸ਼ ਵਿਚ ਹਰ ਇਨਸਾਨ ਦਾ ਆਪਣਾ ਹੀ ਇਕ ਵਰਗ ਹੈ ਅਤੇ ਉਸ ਦਾ ਕਰਤੱਵ ਆਪਣੇ ਵਰਗ ਪ੍ਰਤੀ ਹੀ ਹੈ। ਉਸ ਦੀ ਕੁਰਬਾਨੀ ਆਪਣੇ ਵਰਗ ਤੱਕ ਹੀ ਸੀਮਤ ਹੈ। ਗੁਣੀ ਦੇ ਗੁਣਾ ਦੀ ਕੋਈ ਪ੍ਰਸੰਸਾ ਨਹੀਂ, ਮਿਹਨਤੀ ਦਾ ਕੋਈ ਮੁੱਲ ਨਹੀਂ, ਸਰਬੱਤ ਲਈ ਸਹਿਨਸ਼ੀਲਤਾ ਨਹੀਂ, ਅਜਿਹੀ ਸੋਚਣੀ ਨੇ ਸਚਾਈ ਅਤੇ ਸਦਾਚਾਰ ਨੂੰ ਖਤਮ ਕਰਕੇ ਰੱਖ ਦਿੱਤਾ ਹੈ।  ਸਭ ਰਾਜਨੀਤਕ ਪਾਰਟੀਆਂ ਜਾਤ ਨੂੰ ਮੱਦੇਨਜ਼ਰ ਰੱਖ ਕੇ ਉਮੀਦਵਾਰਾਂ ਨੂੰ ਟਿਕਟਾਂ ਦਿੰਦੀਆ ਹਨ। ਕੋਈ ਵੀ ਵਿਅਕਤੀ ਚਾਹੇ ਕਾਂਗਰਸੀ, ਕਮਿਊਨਿਸਟ, ਸਮਾਜਵਾਦੀ, ਕਹਿਲਾਉਣ ਲੱਗੇ, ਪ੍ਰੰਤੂ ਉਹ ਜਾਤੀਵਾਦ ਤੋਂ ਮੁਕਤ ਨਹੀਂ ਹੁੰਦਾ। ਜਾਤ ਦੀ ਇੰਨੀ ਜਕੜ ਹੈ ਕਿ ਕੋਈ ਵੀ ਉੱਚ ਜਾਤ ਦਾ ਕਾਂਗਰਸੀ, ਕਮਿਊਨਿਸਟ, ਸਮਾਜਵਾਦੀ ਕਿਸੇ ਦਲਿਤ ਕਾਂਗਰਸੀ, ਕਮਿਊਨਿਸਟ ਤੇ ਸਮਾਜਵਾਦੀ ਨਾਲ ਬੇਟੀ ਸਬੰਧ ਬਣਾਉਣ ਲਈ ਤਿਆਰ ਨਹੀਂ। 
ਡਾਕਟਰ ਅੰਬੇਡਕਰ ਕਹਿੰਦੇ,''ਆਪ ਕਿਸੇ ਪਾਸੇ ਵੀ ਮੂੰਹ ਘੁਮਾਅ ਕੇ ਵੇਖ ਲਓ, ਜਾਤ-ਪਾਤ ਇਕ ਅਜਿਹਾ ਭੂਤ ਹੈ ਜੋ ਹਰ ਪਾਸੇ ਤੁਹਡੀ ਤਰੱਕੀ ਦਾ ਰਾਹ ਰੋਕੀ ਬੈਠਾ ਹੈ। ਜਦ ਤੱਕ ਇਸ ਭੂਤ ਦਾ ਖਾਤਮਾ ਨਹੀਂ ਹੁੰਦਾ ਤਦ ਤੱਕ ਆਪ ਰਾਜਨੀਤਕ, ਸਮਾਜਿਕ ਤੇ ਆਰਥਿਕ ਸੁਧਾਰ ਨਹੀਂ ਕਰ ਸਕਦੇ।''
ਦੇਸ਼ ਦੀ  ਅਜ਼ਾਦੀ ਤੋਂ 58 ਸਾਲਾ ਬਾਅਦ ਵੀ ਜੇਕਰ ਜਾਤ ਪਾਤ ਦੀ ਬਿਮਾਰੀ ਸੁਨਾਮੀ, ਭੁਚਾਲ ਤੇ ਹੜਾਂ ਮੌਕੇ ਹੋਈ ਏਨੀ ਵੱਡੀ ਮਨੁੱਖੀ ਤੇ ਜਾਨ ਮਾਲ ਦੀ ਤਬਾਹੀ ਦੇ ਹੁੰਦੇ ਹੋਏ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ ਅਤੇ ਅੱਤ ਦੇ ਕਹਿਰ ਸਮੇਂ ਵੀ ਮਨੁੱਖਤਾ 'ਤੇ ਆਪਣਾ ਕਹਿਰ ਉਸੇ ਤਰ੍ਹਾਂ ਵਿਖਾ ਰਹੀ ਹੈ ਤਾਂ ਸਪੱਸ਼ਟ ਹੈ ਕਿ ਭਾਰਤ ਵਿਚ ਉਦੋ ਤੱਕ ਜਾਤ ਪਾਤ ਨੂੰ ਕੋਈ ਖੋਰਾ ਨਹੀ ਲਗਣਾ ਜਦੋਂ ਤੱਕ ਇਸ ਸਿਸਟਮ ਦੇ ਖਿਲਾਫ ਕੋਈ ਵਿਆਪਕ ਸਮਾਜਿਕ ਇਨਕਲਾਬ ਨਹੀਂ ਹੁੰਦਾ। ਦੇਸ਼ ਦੇ ਸਾਰੇ ਅਗਾਂਹ ਵਧੂ ਲੋਕਾਂ ਲਈ ਇਹ ਇੱਕ ਗੰਭੀਰ ਚੁਣੌਤੀ ਹੈ।
ਡਾ. ਵਿਰਦੀ ਨੇ ਦੱਸਿਆ ਕਿ ਭਾਰਤ ਵਿਚ ਜਾਤ ਪਾਤ ਨੂੰ ਡਾਕਟਰ ਅੰਬੇਡਕਰ ਤੋਂ ਵੱਧ ਕਿਸੇ ਨਹੀ ਸਮਝਿਆ। ਉਹਨਾਂ ਨੇ ਜਾਤ ਪਾਤ ਅਤੇ ਛੂਆਛਾਤ ਦੇ ਨਫੇ-ਨੁਕਸਾਨ ਦੀ ਸਿਰਫ ਚਰਚਾ ਹੀ ਨਹੀਂ ਕੀਤੀ ਬਲਕਿ ਇਸ ਦੇ ਖਾਤਮੇ ਦੇ ਉਪਾਅ ਵੀ ਦੱਸੇ। ਉਹਨਾਂ ਸਪੱਸ਼ਟ ਕਿਹਾ ਕਿ ਜਿਹਨਾਂ ਧਾਰਮਿਕ ਧਾਰਨਾਵਾਂ ਦੇ ਅਧਾਰ ਉੱਤੇ ਜਾਤੀ ਵਿਵਸਥਾ ਦੀ ਸਥਾਪਨਾ ਕੀਤੀ ਗਈ ਹੈ ਉਹਨਾਂ ਨੂੰ ਖਤਮ ਕੀਤੇ ਬਗੈਰ ਜਾਤੀ ਪਾਤੀ ਵਿਵਸਥਾ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਉਹਨਾਂ ਜਾਤੀ ਵਿਵਸਥਾ ਨੂੰ ਖਤਮ ਕਰਨ ਲਈ ਸਮਾਜ ਸਾਹਮਣੇ ਤਿੰਨ ਸੁਝਾਅ ਰੱਖੇ :- 
''ਜੇ ਤੁਸੀਂ ਜਾਤ-ਪਾਤ ਸਿਸਟਮ ਵਿਚ ਬੰਨ੍ਹ ਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਵੇਦਾਂ ਅਤੇ ਸ਼ਾਸ਼ਤਰਾਂ ਨੂੰ ਬਰੂਦ ਦੇ ਗੋਲੇ ਨਾਲ ਉਡਾ ਦੇਣਾ ਹੋਵੇਗਾ ਜੋ ਦਲੀਲ ਨੂੰ ਕੋਈ ਹਿੱਸਾ ਦੇਣ ਤੋਂ ਇਨਕਾਰੀ ਹਨ। ਉਨ੍ਹਾਂ ਵੇਦਾਂ ਅਤੇ ਸ਼ਾਸ਼ਤਰਾਂ ਨੂੰ ਉਡਾ ਦੇਣਾ ਹੋਵੇਗਾ ਜੋ ਸਦਾਚਾਰ ਨੂੰ ਕੋਈ ਹਿੱਸਾ ਦੇਣ ਤੋਂ ਇਨਕਾਰੀ ਹਨ। ਤੂਹਾਨੂੰ ਇਹਨਾਂ ਦੇ ਖਿਲਾਫ਼ ਉਵੇ ਡੱਟ ਕੇ  ਖਲੋਣਾ ਪਵੇਗਾ ਜਿਵੇਂ ਬੁੱਧ ਅਤੇ ਨਾਨਕ ਖਲੋਏ।  ਉਹਨਾਂ ਕਿਹਾ, ''ਇਹ ਸ਼ਾਸ਼ਤਰ ਹੀ ਹਨ ਜੋ ਜਾਤ-ਪਾਤ ਦਾ ਧਰਮ ਉਪਦੇਸ਼ ਦਿੰਦੇ ਹਨ। ਹਰ ਇਕ ਇਸਤਰੀ ਪੁਰਸ਼ ਨੂੰ ਇਹਨਾਂ ਧਾਰਮਿਕ ਸ਼ਾਸਤਰਾਂ ਦੀ ਗੁਲਾਮੀ ਤੋਂ ਮੁਕਤ ਕਰ ਦਿਉ ਤੇ ਸਾਸ਼ਤਰਾਂ ਤੇ ਅਧਾਰਤ ਅੰਧ ਵਿਸ਼ਵਾਸਾ ਨੂੰ ਉਹਨਾਂ ਦੇ ਦਿਮਾਗ ਵਿਚੋਂ ਕੱਢ ਦਿਉ ਤਾਂ ਇਹ ਇਸਤਰੀ ਪੁਰਸ਼ ਕਿਸੇ ਦੇ ਕਹੇ ਬਗੈਰ ਹੀ ਆਪਸ ਵਿਚ ਸਹਿਭੋਜ ਤੇ ਜਾਤ-ਪਾਤ ਤੋੜ ਕੇ ਵਿਆਹ ਕਰਨ ਲੱਗਣਗੇ। ਜਾਤ-ਪਾਤ ਦਾ ਅਸਲ ਇਲਾਜ ਆਪਸੀ ਸ਼ਾਦੀਆਂ ਹਨ। ਖੂਨ ਦਾ ਮਿਲਾਪ ਤੇ ਕੇਵਲ ਇਹ ਹੀ ਇਕ ਮਿਲਾਪ ਹੈ ਜੋ ਆਪਣਾਪਣ ਅਤੇ ਰਿਸ਼ਤੇਦਾਰੀ ਹੋਣ ਦਾ ਅਹਿਸਾਸ ਪੈਦਾ ਕਰ ਸਕਦਾ ਹੈ। ਜਦੋਂ ਤੱਕ ਇਹ ਰਿਸ਼ਤੇਦਾਰੀ ਦਾ ਤੇ ਆਪਣੇਪਣ ਦਾ ਅਹਿਸਾਸ ਸਭ ਤੋਂ ਉੱਚਾ ਅਹਿਸਾਸ ਨਹੀਂ ਬਣ ਜਾਂਦਾ, ਉਸ ਵੇਲੇ ਤੱਕ ਵੱਖਰੇਪਣ ਦਾ ਅਹਿਸਾਸ ਅਤੇ ਬਿਗਾਨਾ ਹੋਣ ਦਾ ਅਹਿਸਾਸ ਮਿਟ ਨਹੀਂ ਸਕਦਾ।''
ਜਦੋਂ ਇਨਕਲਾਬ ਦੇ ਰਾਹ ਤੁਰਿਆ ਜਾਂਦਾ ਹੈ ਤਾਂ ਕੁਝ ਫੈਸਲੇ ਲੈਣੇ ਹੀ ਪੈਂਦੇ ਹਨ। ਜਦੋਂ ਤੁਸੀਂ ਅੰਤਰ ਜਾਤੀ ਵਿਆਹ ਜਾਂ ਦਲਿਤਾਂ ਨੂੰ ਉੱਪਰ ਉਠਾਉਂਗੇ ਤਾਂ ਕੁਝ ਖੋਹ-ਖਿੱਚ, ਟੁੱਟ-ਭੱਜ, ਗੁੱਸੇ-ਰਾਜੀ ਅਤੇ ਤਣਾਅ ਹਿੰਸਾ ਤਾਂ ਹੋਣਗੇ ਹੀ। ਜੇ ਇਸ ਤੋਂ ਘਬਰਾ ਜਾਓਗੇ ਤਾਂ ਜਾਤ ਪਾਤ ਅਤੇ ਊਚ-ਨੀਚ ਖਤਮ ਨਹੀਂ ਹੋਣ ਲੱਗੀ। ਊਚ-ਨੀਚ ਨੂੰ ਖਤਮ ਕਰਕੇ ਬਰਾਬਰੀ ਲਿਆਉਣ ਵੱਲ ਵਧੋਗੇ ਤਾਂ ਜੇ ਭੂਚਾਲ ਨਹੀਂ ਤਾਂ ਛੋਟੇ-ਵੱਡੇ ਝਟਕੇ ਤਾਂ ਜਰੂਰ ਹੀ ਲੱਗਣਗੇ। ਇਸ ਤੋਂ ਘਬਰਾਉਣਾ ਨਹੀਂ ਚਾਹੀਦਾ ਬਲਕਿ ਜਾਤ ਪਾਤ ਦੇ ਇਸ ਦੈਂਤ ਦੇ ਵਿਰੁੱਧ ਇਨਕਲਾਬ ਕਰਨਾ ਚਾਹੀਦਾ ਹੈ।
ਡਾਕਟਰ ਅੰਬੇਡਕਰ ਕਹਿੰਦੇ ਕਿ ਹਿੰਦੁਸਤਾਨ ਵਿੱਚ ਮਜ਼ਦੂਰ ਵਰਗ ਦੇ ਦੋ ਦੁਸ਼ਮਣ ਹਨ। ਇੱਕ ਪੂੰਜੀਵਾਦ ਤੇ ਦੁਜਾ ਬ੍ਰਾਹਮਣਵਾਦ। ਪੂੰਜੀਵਾਦ ਮਜ਼ਦੂਰਾਂ ਦੀ ਆਰਥਿਕ ਲੁੱਟ ਕਰਦਾ ਹੈ ਤੇ ਬ੍ਰਾਹਮਣਵਾਦ ਮਜ਼ਦੂਰਾਂ ਨੂੰ (ਜਾਤਾਂ, ਮਜ਼ਹਬਾਂ) ਵਿੱਚ ਵੰਡ ਕੇ ਰੱਖਦਾ ਹੈ। ਮਜਦੂਰ ਜਮਾਤ ਨੂੰ ਆਪਣੀ ਮੁਕਤੀ ਲਈ ਇਹਨਾਂ ਦੋਹਾਂ ਦੇ ਖਿਲਾਫ਼ ਲੜਨਾ ਪੈਣਾ ਹੈ। ਬ੍ਰਾਹਮਣਵਾਦੀ ਪੂੰਜੀਵਾਦ ਨੇ ਲੋਕਾਂ ਨੂੰ 6000 ਤੋਂ ਵੱਧ ਜਾਤਾਂ, ਮਜ਼ਹਬਾਂ, ਫਿਰਕਿਆਂ, ਇਲਾਕਿਆਂ, ਬੋਲੀਆਂ ਆਦਿ ਵਿੱਚ ਵੰਡ ਕੇ ਉਲਝਾਇਆ ਹੋਇਆ ਹੈ। ਅੱਜ ਮੁੱਠੀ ਭਰ ਬ੍ਰਾਹਮਣਵਾਦੀ ਪੂੰਜੀਪਤੀ, ਝੂਠ, ਫਰੇਬ, ਮਿਥਿਹਾਸ ਰਾਹੀਂ 80 ਪ੍ਰਤਾਸ਼ਤ ਦਲਿਤ ਸ਼ੋਸ਼ਿਤ ਮਜ਼ਦੂਰ ਸਮਾਜ ਨੂੰ ਮਾਨਸਿਕ ਗੁਲਾਮ ਬਣਾਕੇ ਲੁੱਟ ਰਹੇ ਹਨ।
ਇਸ ਲਈ ਦੇਸ਼ ਨੂੰ ਅੱਜ ਇਕ ਸਮਾਜਿਕ ਇਨਕਲਾਬ ਦੀ ਲੋੜ ਹੈ। ਸਮਾਜਿਕ ਇਨਕਲਾਬ ਲਈ ਲੋਕ ਰਾਇ ਲਈ ਪੜੇ-ਲਿਖੇ ਬੁੱਧੀਜੀਵੀ-ਨੌਕਰੀਸ਼ੁਦਾ ਵਰਗ ਤਿਆਰ ਕਰਨ। ਇਸ ਨੂੰ ਖਤਮ ਕੀਤੇ ਵਗੈਰ ਹਕੀਕੀ ਅਜ਼ਾਦੀ ਦੀ ਸਥਾਪਨਾ ਨਹੀ ਹੋ ਸਕਦੀ। ਇਸ ਲਈ ਸਭ ਸਾਥੀਓ ਆਓ! ਜਾਤਾਂ, ਮਜ਼ਹਬਾਂ, ਫਿਰਕਿਆਂ, ਇਲਾਕਿਆਂ, ਬੋਲੀਆਂ ਤੋਂ ਉਪਰ ਉੱਠ ਕੇ ਜਾਤੀ ਤੇ ਤੀ ਰਹਿਤ ਸਮਾਜ ਦੀ ਸਿਰਜਨਾ ਲਈ, ਇਕੱਠੇ ਹੇ ਕੇ, ਸਮਾਜਿਕ ਇਨਕਲਾਬ ਨੂੰ ਅੱਗੇ ਵੱਧਾਈਏ।
ਅੰਤ! ਆਪਣਾ ਪੇਪਰ ਸਮੇਟਦਿਆ ਡਾ. ਐਸ ਐਲ ਵਿਰਦੀ ਨੇ ਕਿਹਾ ਕਿ ਇਹ ਸਿਰਫ਼ ਪੁਸਤਕ ਨਹੀ, ਇਹ ਇਕ ਇਤਿਹਾਸਕ ਡਾਕੂਮੈਂਟ ਹੈ ਜੋ ਆਉਣ ਵਾਲੀਆਂ ਲਹਿਰਾਂ ਦਾ ਮਾਰਗ-ਦਰਸ਼ਨ ਕਰੇਗਾ। ਇਟਲੀ ਵਾਸੀ ਪਰਮਜੀਤ ਦੁਸਾਂਝ ਪੱਤਰਕਾਰ ਇਸ ਦੀ ਸਖਤ ਘਲਣਾ ਲਈ ਅਤੇ ਇਸ ਦੀ ਛਪਾਈ ਲਈ ਡਾ. ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਇਟਲੀ ਵਧਈ ਦੇ ਪਾਤਰ ਹਨ।  
ਸੈਮੀਨਾਰ ਜੋਗਿੰਦਰ ਰਾਮ ਪਰਿਵਾਰਕ ਯਾਦਾਂ ਭਲਾਈ ਟਰੱਸਟ ਦੁਸਾਂਝ ਕਲਾਂ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਭਲਾਈ ਕਲੱਬ ਤੇ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਕੀਤਾ ਗਿਆ। ਜਿਸ ਦੀ ਪ੍ਰਦਾਨਗੀ ਡਾ. ਐਸ ਐਲ ਵਿਰਦੀ ਐਡਵੋਕੇਟ, ਪ੍ਰੋ. ਸੰਧੂ ਵਰਿਆਣਵੀ, ਸੁਰਜੀਤ ਸਿੰਘ ਬਰਨਾਲਾ, ਬਲਵਿੰਦਰ ਸਿੰਘ ਗੋਰਾਇਆ ਪੱਤਰਕਾਰ, ਸੋਹਨ ਸਹਿਜਲ, ਬਾਲ ਲੇਖਕ ਅਵਤਾਰ ਸਿੰਘ ਸੰਧੂ ਨੇ ਕੀਤੀ।
ਇਸ ਮੌਕੇ ਇਕ ਕਵੀ ਦਰਬਾਰ ਵੀ ਹੋਇਆ ਜਿਸ ਵਿਚ ਸੋਹਣ ਸਿੰਘ ਭਿੰਡਰ, ਵਿਨੀਤ ਦੁਸਾਂਝ, ਜਸਕਰਨ ਚੌਹਾਨ, ਗੁਰਦੀਪ ਕੋਰ ਚੌਹਾਨ, ਗਿਆਨੀ ਪਰਮਜੀਤ ਸਿੰਘ, ਹੁਸਨ ਲਾਲ ਪ੍ਰਦੇਸੀ, ਮੰਗਤ ਰਾਮ, ਮੋਹਨ ਫ਼ਗਵਾੜਵੀ, ਅਮਰੀਕ ਮਦਹੋਸ਼, ਲਸ਼ਕਰ ਸਰਗੂੰਦੀ, ਨਵਨਿਤ ਓਬਰਾਏ, ਹਰਬੰਸ ਕੈਂਥ, ਮਾ. ਚੇਤਨ ਰਾਮ ਆਦਿ ਨੇ ਸਰੋਤਿਆਂ ਨੂੰ ਮੰਤਰ ਮੁਗਦ ਕੀਤਾ। ਜੋਗਿੰਦਰ ਰਾਮ ਪਰਿਵਾਰਕ ਯਾਦਾਂ ਭਲਾਈ ਟਰੱਸਟ ਦੀ ਚੈਅਰ ਪਰਸਨ ਬੀਬੀ ਮਹਿੰਦਰ ਕੋਰ ਤੇ ਰਾਮ ਪ੍ਰਕਾਸ਼ ਟੋਨੀ ਨੇ ਸਭ ਦਾ ਧੰਨਵਾਦ ਕੀਤਾ।