ਛੇਵੇਂ ਬਰਸੀ ਸਮਾਗਮ ਉੱਤੇ ਬੀਬੀ ਬਲਬੀਰ ਕੌਰ ਨੂੰ ਸ਼ਰਧਾਂਜਲੀਆਂ

ਰਾਸ ਅਲ ਖੇਮਾਂ, 07 ਦਿਸੰਬਰ-ਬੀਤੀ ਰਾਤ, ਸਵਰਗਵਾਸੀ ਬੀਬੀ ਬਲਬੀਰ ਕੌਰ ਸੁਪਤਨੀ ਸ਼੍ਰੀ ਬਖਸ਼ੀ ਰਾਮ “ਪਾਲ” ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ ਦੀ ਛੇਵੀ ਬਰਸੀ ਨੂੰ ਸਮ੍ਰਪਿਤ ਸਮਾਗਮ ਰਾਸ ਅਲ ਖੇਮਾਂ ਵਿਖੇ ਕਰਵਾਇਆ ਗਿਆ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ। ਭਾਈ ਕਮਲਰਾਜ ਸਿੰਘ, ਭਾਈ ਸੱਤ ਪਾਲ ਮਹੇ, ਭਾਈ ਚੂਹੜ ਸਿੰਘ, ਭਾਈ ਪਰਮਜੀਤ ਸਿੰਘ ਭਾਈ ਸੁਰਜੀਤ ਸਿੰਘ ਅਤੇ ਤਰੁਣ ਸਿੱਧੂ ਨੇ ਸੰਗਤਾਂ ਨੂੰ ਕੀਰਤਨ ਅਤੇ ਗੁਰਮਤਾਂ ਵਿਚਾਰਾਂ ਦੀ ਸਾਂਝ ਨਾਲ ਨਿਹਾਲ ਕੀਤਾ। ਯੂ. ਏ. ਈ. ਦੇ ਕਈ ਸ਼ਹਿਰਾਂ ਚੋਂ ਸੰਗਤ ਨੇ ਆਕੇ ਇਸ ਸਮਾਗਮ ਵਿਚ ਹਿੱਸਾ ਲਿਆ ਅਤੇ ਬੀਬੀ ਜੀ ਨਮਿਤ ਅਰਦਾਸ ਵਿਚ ਸ਼ਾਮਿਲ ਹੋਏ। ਇਸ ਮੌਕੇ ਸ਼੍ਰੀ ਰੂਪ ਸਿੱਧੂ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬੀਬੀ ਜੀ ਦੇ ਨੇਕ ਸੁਭਾਅ, ਮਿੱਠਬੋਲੜੇਪਨ ਅਤੇ ਸਮਾਜ ਭਲਾਈ ਦੇ ਕਾਰਜਾਂ ਕਰਕੇ ਉਹ ਸਮਾਜ ਵਿਚ ਹਰਮਨ ਪਿਆਰੇ ਸਨ। ਉਨ੍ਹਾਂ ਵਾਲੀਆਂ ਸਮਾਜ ਭਲਾਈ ਤੇ ਧਾਰਮਿਕ ਗਤੀਵਿਧੀਆਂ ਨੂੰ ਸ਼੍ਰੀ ਬਖਸ਼ੀ ਰਾਮ ਜੀ ਅਤੇ ਸਮੂਹ ਪਰਿਵਾਰ ਨੇ ਅਜੇ ਵੀ ਉਸੇ ਤਰਾਂ ਜਾਰੀ ਰੱਖਿਆ ਹੋਇਆ ਹੈ । ਸੁਸਾਇਟੀ ਦੇ ਸਕੱਤਰ ਬਲਵਿੰਦਰ ਸਿੰਘ ਬੱਧਣ, ਧਰਮਪਾਲ ਝਿੰਮ, ਤਰਸੇਮ ਸਿੰਘ, ਬਿੱਕਰ ਸਿੰਘ, ਅਜੇ ਕੁਮਾਰ, ਪਰਮਜੀਤ ਸਿੰਘ ਅਤੇ ਬਾਬਾ ਸੁਰਜੀਤ ਨੇ ਵੀ ਹਾਜਰੀ ਲਗਵਾਈ ਅਤੇ ਬੀਬੀ ਬਲਬੀਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਚੇਅਰਮੈਨ ਸ਼੍ਰੀ ਬਖਸ਼ੀ ਰਾਮ “ਪਾਲ” ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ।  ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।