ਦੇਸ਼ ਵਿੱਚ ਦਲਿਤ ਅੱਜ ਵੀ ਗੁਲਾਮਾਂ ਵਰਗੀ ਜਿੰਦਗੀ ਜੀਅ ਰਹੇ ਹਨ

ਕਈ ਧਾਰਮਿਕ ਸਥਾਨਾਂ ਵਿੱਚ ਸ਼ੂਦਰਾਂ ਦੇ ਜਾਣ ਦੀ ਅੱਜ ਵੀ ਮਨਾਹੀ, ਮਾਣਯੋਗ

 ਅਦਾਲਤਾਂ ਦੇ ਹੁਕਮਾਂ ਨੂੰ ਵੀ ਨਹੀਂ ਮੰਨਦੇ ਕਈ ਧਾਰਮਿਕ ਅਦਾਰਿਆਂ ਦੇ ਮੁਖੀ।

09 ਜਨਵਰੀ, 2015 (ਕੁਲਦੀਪ ਚੰਦ) ਅਜਾਦੀ ਦੇ 67 ਸਾਲ ਬੀਤਣ ਬਾਦ ਵੀ ਦਲਿਤ ਗੁਲਾਮਾਂ ਵਾਲ਼ੀ ਜਿੰਦਗੀ ਜੀਅ ਰਹੇ ਹਨ ਅਤੇ ਲਗਦਾ ਹੈ ਕਿ ਇਸ ਦੇਸ਼ ਵਿੱਚ ਅਜੇ ਤੱਕ ਰਾਜਨੀਤਿਕ ਅਜਾਦੀ ਹੀ ਆਈ ਹੈ ਅਤੇ ਸਮਾਜਿਕ-ਆਰਥਿਕ ਅਜਾਦੀ ਅਜੇ ਬਹੁਤ ਦੂਰ ਹੈ। ਇਸ ਦੇਸ਼ ਵਿੱਚ 25 ਪ੍ਰਤੀਸ਼ਤ ਤੋ ਵੱਧ ਦਲਿਤ ਵਰਗ ਦੇ ਲੋਕ ਰਹਿੰਦੇ ਹਨ ਜੋ ਹੁਣ ਵੀ  ਅੱਤਿਆਚਾਰ ਸਹਿ ਰਹੇ ਹਨ। ਛੂਆ-ਛਾਤ ਅਤੇ ਸਮਾਜਿਕ ਗੈਰਬਰਾਬਰੀਆਂ ਨੂੰ ਮੇਟਣ ਲਈ ਆਰਟੀਕਲ 17 ਨੂੰ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਛੂਆ-ਛਾਤ ਨੂੰ ਖਤਮ ਕਰਨ ਲਈ 1955 ਵਿੱਚ ਸਿਵਲ ਅਧਿਕਾਰਾਂ ਦੀ ਸੁਰਖਿਆ ਲਈ ਐਕਟ ਬਣਾਇਆ ਗਿਆ ਹੈ ਪਰ ਇਸਤੇ ਵੀ ਕੋਈ ਅਮਲ ਨਹੀਂ ਹੋ ਰਿਹਾ ਹੈ। ਅੱਜ ਵੀ ਹਲਾਤ ਇਹ ਹਨ ਕਿ ਕਈ ਜਨਤਕ ਸਥਾਨਾਂ ਤੇ ਸ਼ੂਦਰਾਂ ਦਾ ਦਾਖਲ ਹੋਣਾ ਮਨ੍ਹਾਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਜਨਤਕ ਸਥਾਨਾਂ ਦੇ ਪ੍ਰਬੰਧਕਾਂ ਵਲੋਂ ਇਸ ਸਬੰਧੀ ਸਰੇਆਮ ਬੌਰਡ ਲਗਾਏ ਹੋਏ ਹਨ ਅਤੇ ਧਾਰਮਿਕ ਸਥਾਨ ਦੀ ਦਿਵਾਰ ਤੇ ਲਿਖਿਆ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਅਜਿਹੇ ਧਾਰਮਿਕ ਅਦਾਰਿਆਂ ਦੇ ਪ੍ਰਬੰਧਕ ਅਪਣੇ ਆਪ ਨੂੰ ਕਨੂੰਨ ਤੋਂ ਵੀ ਉਪੱਰ ਸਮਝਦੇ ਹਨ ਅਤੇ ਕਈ ਵਾਰ ਮਾਣਯੋਗ ਅਦਾਲਤਾਂ ਦੇ ਹੁਕਮਾਂ ਦੀ ਵੀ ਪਰਵਾਹ ਨਹੀਂ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਹਿਮਾਚਲ ਪ੍ਰਦੇਸ਼ ਜਿਸਨੂੰ ਦੇਵਤਿਆਂ ਦੀ ਧਰਤੀ ਕਿਹਾ ਜਾਂਦਾ ਹੈ ਦੇ ਬਿਲਾਸਪੁਰ ਜਿਲ੍ਹੇ ਵਿੱਚ ਇੱਕ ਧਾਰਮਿਕ ਸਥਾਨ ਦਾ ਹੈ ਜਿਥੋਂ ਦੇ ਪ੍ਰਬੰਧਕਾਂ ਨੇ ਸ਼੍ਰੇਆਮ ਇਸ ਤਰਾਂ ਦੇ ਬੋਰਡ ਲਗਾਏ ਹੋਏ ਸਨ ਕਿ ਇਸ ਮੰਦਿਰ ਵਿੱਚ ਸ਼ੂਦਰਾਂ ਦਾ ਆਣਾ ਮਨ੍ਹਾਂ ਹੈ। ਇਸ ਸਬੰਧੀ ਹਿਮਾਚਲ ਪ੍ਰਦੇਸ਼ ਹਾਈਕੋਰਟ ਨੇ ਬਿਲਾਸਪੁਰ ਜ਼ਿਲ੍ਹਾ ਦੇ ਤੀਰਥ ਸਥਾਨ ਮਾਰਕੰਡੇ ਮੰਦਰ ਵਿੱਚ ਸ਼ੂਦਰਾਂ ਦੇ ਦਾਖਲੇ ਦੀ ਮਨਾਹੀ ਵਾਲੇ ਬੌਰਡਾਂ ਤੇ ਇਤਰਾਜ਼ ਕੀਤਾ ਅਤੇ ਐਸ ਡੀ ਐਮ ਸਦਰ ਬਿਲਾਸਪੁਰ ਨੂੰ ਹੁਕਮ ਦਿੱਤੇ ਕਿ ਉਹ ਨਵਾਂ ਸਾਈਨ ਬੋਰਡ ਲਗਾ ਕੇ ਉਸ ਵਿੱਚ ਸਪੱਸ਼ਟ ਕਰੇ ਕਿ ਉਕਤ ਮੰਦਰ ਵਿੱਚ ਸਾਰੇ ਵਰਗਾਂ ਦੇ ਸ਼ਰਧਾਲੂਆਂ ਦੇ ਪ੍ਰਵੇਸ਼ ਤੇ ਕੋਈ ਪਾਬੰਦੀ ਨਹੀਂ। ਜੱਜ ਰਾਜੀਵ ਸ਼ਰਮਾ ਅਤੇ ਜੱਜ ਸੁਰੇਸ਼ਵਰ ਠਾਕੁਰ ਦੀ ਖੰਡਪੀਠ ਨੇ ਨਿੱਕਾ ਰਾਮ ਦੁਆਰਾ ਦਾਇਰ ਕੇਸ ਦੀ ਸੁਣਵਾਈ ਦੇ ਦੌਰਾਨ ਇਹ ਸਪੱਸ਼ਟ ਕੀਤਾ ਕਿ ਜੋ ਵੀ ਮਾਰਕੰਡੇ ਮੰਦਰ ਵਿੱਚ ਵਰਗ ਵਿਸ਼ੇਸ਼ ਦੇ ਪ੍ਰਵੇਸ਼ ਤੇ ਇਤਰਾਜ ਕਰੇਗਾ ਉਸਦੇ ਖਿਲਾਫ ਅਦਾਲਤ ਦੀ ਅਵਮਾਣਨਾ ਦਾ ਮੁਕੱਦਮਾ ਚਲਾਇਆ ਜਾਵੇਗਾ। ਅਦਾਲਤ ਨੇ ਮਾਰਕੰਡੇ ਮੰਦਰ ਵਿੱਚ ਸਾਫ-ਸਫਾਈ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਮੁਹੱਈਆਂ ਕਰਵਾਉਣ ਲਈ ਮੰਦਰ ਨੂੰ ਸਰਕਾਰ ਦੇ ਅਧੀਨ ਕੀਤੇ ਜਾਣ ਨੂੰ ਮੁੱਖ ਤੌਰ ਤੇ ਪਹਿਲ ਦਿੱਤੀ ਤਾਂ ਕਿ ਲੋਕਾਂ ਨੂੰ ਇਸ ਮੰਦਰ ਦੇ ਪ੍ਰਤੀ ਆਸਥਾ, ਸ਼ਰਧਾ ਅਤੇ ਸਾਰੇ ਵਰਗਾਂ ਦਾ ਬੇਰੋਕਟੋਕ ਆਣ-ਜਾਣ ਬਣਿਆ ਰਹੇ। ਦਾਇਰ ਕੇਸ ਵਿੱਚ ਦਿੱਤੇ ਗਏ ਤੱਥਾਂ ਅਨੁਸਾਰ 2 ਅਗਸਤ 2005 ਨੂੰ ਉਕੱਤ ਮੰਦਰ ਨੂੰ ਰਾਜ ਸਰਕਾਰ ਨੇ ਆਪਣੇ ਅਧੀਨ ਲੈ ਲਿਆ ਸੀ ਪਰੰਤੂ 29 ਅਗਸਤ, 2009 ਨੂੰ ਰਾਜ ਸਰਕਾਰ ਨੇ ਇਸਨੂੰ ਡਿਨੋਟਿਫਾਈ ਕਰ ਦਿੱਤਾ ਸੀ। ਮਾਰਕੰਡੇ ਪ੍ਰਬੰਧਕ ਕਮੇਟੀ ਅਧੀਨ ਇਸ ਮੰਦਰ ਪਰਿਸਰ ਵਿੱਚ ਸਥਿਤ ਸੰਨਿਆਸੀ ਆਸ਼ਰਮ ਦੇ ਨਾਲ ਸਾਈਨ ਬੋਰਡ ਲਗਾ ਕੇ ਸ਼ੂਦਰਾਂ ਦੇ ਪ੍ਰਵੇਸ਼ ਤੇ ਰੋਕ ਲਗਾ ਦਿੱਤੀ ਗਈ। ਹਾਈਕੋਰਟ ਦੇ ਆਦੇਸ਼ਾਂ ਦੇ ਬਾਅਦ ਇਸ ਸਾਈਨ ਬੋਰਡ ਨੂੰ ਹਟਾ ਦਿੱਤਾ ਗਿਆ ਸੀ ਪਰ ਫਿਰ ਤੋਂ ਇਹ ਸਾਈਨ ਬੋਰਡ ਲਗਾ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਮੰਦਰ ਦੀ ਬਾਹਰੀ ਕੰਧ ਤੇ ਪ੍ਰਸ਼ਾਸ਼ਨ ਦੁਆਰਾ ਲਿਖਵਾਈ ਗਈ ਸੂਚਨਾ ਕਿ ਇਹ ਮੰਦਰ ਸਭ ਲਈ ਖੁੱਲਾ ਹੈ ਨੂੰ ਮਿਟਾ ਕੇ ਨਵੀਂ ਸੂਚਨਾ ਲਿਖ ਦਿੱਤੀ ਗਈ ਸੀ। ਪ੍ਰਸ਼ਾਸ਼ਨ ਦੇ ਧਿਆਨ ਵਿੱਚ ਮਾਮਲਾ ਆਉਂਦੇ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕੰਧ ਤੇ ਲਿਖਵਾਈਆਂ ਗਈਆਂ ਦੋਨਾਂ ਸੂਚਨਾਵਾਂ 'ਸੰਨਿਆਸੀਆਂ ਦੇ ਮੰਦਰ ਵਿੱਚ ਸ਼ੂਦਰ ਪ੍ਰਵੇਸ਼ ਨਾ ਕਰਨ, ਸਮਾਜਿਕ ਮਰਿਆਦਾ ਨੂੰ ਭੰਗ ਨਾ ਕਰਨ' ਅਤੇ 'ਸ਼ੂਦਰ ਦਾ ਮਤਲਬ ਕਿਸੇ ਜਾਤਿ ਵਿਸ਼ੇਸ਼ ਨਾਲ ਨਹੀਂ ਪਰੰਤੂ ਸ਼ਰਾਬੀ ਵਿਅਕਤੀ,  ਵਿਭਚਾਰੀ ਵਿਅਕਤੀ ਤੋਂ ਹੈ, ਨੂੰ ਰਾਤ ਨੂੰ ਹੀ ਮਿਟਾ ਦਿੱਤਾ, ਨਾਲ ਹੀ ਇਸ ਵਾਰ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਮਾਰਕੰਡੇ ਮੰਦਰ ਵਿੱਚ 16 ਪੁਲਿਸ ਜਵਾਨਾਂ ਨੂੰ ਵੀ ਤੈਨਾਤ ਕਰ ਦਿੱਤਾ ਹੈ ਤਾਂ ਕਿ ਭਵਿੱਖ ਵਿੱਚ ਕੋਈ ਵੀ ਵਿਅਕਤੀ ਕਿਸੀ ਪ੍ਰਕਾਰ ਦੀ ਵਿਵਾਦਿਤ ਸੂਚਨਾ ਨੂੰ ਦੁਬਾਰਾ ਕੰਧ ਤੇ ਲਿਖ ਨਾ ਸਕੇ। ਉਧਰ, ਇਸ ਮਾਮਲੇ ਵਿੱਚ ਡੀ ਐਸ ਪੀ ਦਫਤਰ ਪ੍ਰਤਾਪ ਸਿੰਘ ਠਾਕੁਰ ਨੇ ਦੱਸਿਆ ਕਿ ਕਿਸੀ ਵੀ ਧਾਰਮਿਕ ਜਾਂ ਸਰਵਜਨਕ ਸਥਾਨ ਤੇ ਕੋਈ ਵੀ ਜਾਤੀਸੂਚਕ ਸੂਚਨਾ ਨਹੀਂ ਲਿਖੀ ਜਾ ਸਕਦੀ। ਇਸ ਲਈ ਪੁਲਿਸ ਨੇ ਵਿਵਾਵਿਦ ਸੂਚਨਾ ਨੂੰ ਮਿਟਾ ਦਿੱਤਾ ਹੈ ਅਤੇ ਉਥੇ ਪੁਲਿਸ ਬਲ ਦੀ ਤੈਨਾਤੀ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਪਹਿਲਾਂ ਹੀ ਮੰਦਰ ਮਹੰਤ ਬਾਬਾ ਕੇਵਲਪੁਰੀ ਸਹਿਤ 2 ਹੋਰ ਲੋਕਾਂ ਮਨੋਜ ਕੁਮਾਰ ਨਿਵਾਸੀ ਮਾਕੜੀ ਮਾਰਕੰਡ ਜ਼ਿਲ੍ਹਾ ਬਿਲਾਸਪੁਰ ਅਤੇ ਹਰਦੀਪ ਸਿੰਘ ਨਿਵਾਸੀ ਦਭੋਟਾ ਜ਼ਿਲ੍ਹਾ ਸੋਲਨ ਦੇ ਖਿਲਾਫ ਐਫ ਆਈ ਆਰ ਦਰਜ ਹੋ ਚੁੱਕੀ ਹੈ ਜਿਸ ਤੇ ਨਿਯਮਾਂ ਅਨੁਸਾਰ ਕਾਰਵਾਈ ਜਾਰੀ ਹੈ। ਗ੍ਰਿਫਤਾਰ ਬਾਬਾ ਕੇਵਲਪੁਰੀ ਸਹਿਤ ਗ੍ਰਿਫਤਾਰ ਕੀਤੇ ਗਏ ਮਨੋਜ ਅਤੇ ਹਰਦੀਪ ਨੂੰ 17 ਜਨਵਰੀ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਏ ਐਸ ਪੀ ਬਿਲਾਸਪੁਰ ਭੁਪਿੰਦਰ ਸਿੰਘ ਕੰਵਰ ਨੇ ਦੱਸਿਆ ਕਿ ਮਹੰਤ ਕੇਵਲਪੁਰੀ ਤੇ ਭਾਵਨਾਵਾਂ ਭੜਕਾਉਣ ਦੇ ਆਰੋਪ ਵਿੱਚ ਭਾਰਤੀਯ ਦੰਡ ਸੰਹਿਤਾ ਦੀ ਧਾਰਾ 109 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਉਸਦੇ ਚੇਲਿਆਂ ਮਨੋਜ ਅਤੇ ਹਰਦੀਪ ਤੇ ਭਾਰਤੀਯ ਦੰਡ ਸੰਹਿਤਾ ਦੀ ਧਾਰਾ 353, 332 ਅਤੇ 506 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਧਰ, ਗ੍ਰਿਫਤਾਰ ਮਹੰਤ ਕੇਵਲਪੁਰੀ ਅਤੇ ਉਸਦੇ ਦੋ ਚੇਲਿਆ ਨੂੰ ਸੀ ਜੇ ਐਮ ਬਿਲਾਸਪੁਰ ਦੀ ਅਦਾਲਤ ਵਿੱਚ ਪੇਸ਼ ਕਰਦੇ ਸਮੇਂ ਲੋਕਾਂ ਦੀ ਕਾਫੀ ਭੀੜ ਇਕੱਠੀ ਹੋ ਗਈ ਸੀ। ਇਸ ਮਾਮਲੇ ਨੂੰ ਉਠਾਉਣ ਵਾਲੇ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਬੈਰੀ ਰਜਦੀਆਂ ਦੇ ਪ੍ਰਧਾਨ ਟੀ ਡੀ ਬੰਸਲ ਨੇ ਸਾਰੇ ਮਾਮਲੇ ਵਿੱਚ ਆਪਣੀ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ ਕਿਹਾ ਕਿ ਹੈਰਾਨੀ ਦਾ ਵਿਸ਼ਾ ਹੈ ਕਿ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣ ਵਾਲੇ ਇਸ ਮਾਮਲੇ ਵਿੱਚ ਐਟਰੋਸਿਟੀ ਐਕਟ ਦੇ ਤਹਿਤ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਬਾਬੇ ਦੇ ਸਮੱਰਥਕ ਐਸ ਪੀ ਅਸ਼ੋਕ ਕੁਮਾਰ ਨੂੰ ਮਿਲੇ। ਸਮੱਰਥਕਾਂ ਨੇ ਇੱਕ ਮੰਗਪੱਤਰ ਐਸ ਪੀ ਨੂੰ ਦਿਤਾ ਇਸ ਵਿੱਚ ਉਹਨਾਂ ਨੇ ਬਾਬਾ ਕੇਵਲਪੁਰੀ ਦੇ ਖਿਲਾਫ ਦਾਇਰ ਮਾਮਲੇ ਨੂੰ ਖਤਮ ਕਰਨ ਅਤੇ ਰਿਹਾ ਕਰਨ ਦੀ ਮੰਗ ਕੀਤੀ। ਰਮੇਸ਼ ਕੁਮਾਰ, ਰਾਜਕੁਮਾਰ, ਰੰਜੀਤ ਸਿੰਘ, ਰਮੇਸ਼ ਠਾਕੁਰ  ਆਦਿ ਨੇ ਕਿਹਾ ਕਿ ਬੋਰਡ ਨਾਲ ਸਬੰਧਿਤ ਮਾਮਲੇ ਨੂੰ ਕਾਨੂੰਨ ਦੇ ਉਲੰਘਣ ਦੀ ਨਜ਼ਰ ਨਾਲ ਨਾ ਦੇਖਿਆ ਜਾਵੇ। ਇਸਦਾ ਪ੍ਰਯੋਗ ਬਾਬਾ ਨੇ ਗਲਤ ਆਚਰਣ ਵਾਲੇ ਲੋਕਾਂ ਦੇ ਲਈ ਕੀਤਾ ਹੈ। ਪਰ ਕੁਝ ਲੋਕ ਇਸ ਮਾਮਲੇ ਨੂੰ ਗਲਤ ਤਰੀਕੇ ਨਾਲ ਤੂਲ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨਾਲ ਇਹ ਇੱਕ ਵਿਸ਼ੇਸ਼ ਜਾਤਿ ਦੀਆਂ ਭਾਵਨਾਵਾਂ ਨੂੰ ਠੇਸ ਪਹੰਚਾਣ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬਾਬਾ ਕੇਵਲਪੁਰੀ ਸਾਲਾਂ ਤੋਂ ਆਮ ਜਨ ਨਾਲ ਜੁੜੇ ਹਨ। ਉਹ ਸਮਾਜ ਸੇਵਾ ਕਰ ਰਹੇ ਹਨ। ਹਰ ਸਮੁਦਾਏ ਦੇ ਮਨ ਵਿੱਚ ਉਹਨਾਂ ਦੇ ਪ੍ਰਤੀ ਸਨਮਾਨ ਦਾ ਭਾਵ  ਹੈ ਇਸ ਲਈ ਵਰਤਮਾਨ ਵਿੱਚ ਚੱਲ ਰਹੇ ਮਾਮਲੇ ਨਾਲ ਬਾਬਾ ਨਾਲ ਜੁੜ੍ਹੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਲਈ ਪ੍ਰਸ਼ਾਸ਼ਨ ਅਤੇ ਕਾਨੂੰਨ ਨੂੰ ਇਸ ਮਾਮਲੇ ਨੂੰ ਖਤਮ ਕਰਨਾ ਚਾਹੀਦਾ ਹੈ।