13 ਜਨਵਰੀ, 2015 ਲਈ ਲੋਹੜੀ ਦੇ ਤਿਉਹਾਰ ਸਬੰਧੀ ਵਿਸ਼ੇਸ਼ .......

  ਲੋਹੜੀ ਉਤੱਰੀ ਭਾਰਤ ਦਾ ਪ੍ਰਸਿੱਧ ਤਿਉਹਾਰ ਹੈ।

ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਲੜਕੀਆਂ ਦੀ ਲੋਹੜੀ ਵੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ।

12 ਜਨਵਰੀ, 2015 (ਕੁਲਦੀਪ ਚੰਦ) ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ। ਇਹ ਮਕਰ ਸੰਕ੍ਰਾਂਤੀ ਦੇ ਇੱਕ ਦਿਨ ਪਹਿਲਾਂ ਅਤੇ ਅੰਗਰੇਜੀ ਮਹੀਨੇ ਅਨੁਸਾਰ ਹਰ ਸਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ। ਮਕਰ ਸੰਕ੍ਰਾਂਤੀ ਦੀ ਰਾਤ ਨੂੰ ਇਸ ਤਿਉਹਾਰ ਦੀ ਧੂਮਧਾਮ ਹੁੰਦੀ ਹੈ। ਕੜਾਕੇ ਦੀਆਂ ਸਰਦੀਆਂ ਵਿੱਚ ਇਸ ਤਿਉਹਾਰ ਨੂੰ ਮਨਉਣ ਲਈ ਰਾਤ ਨੂੰ ਖੁੱਲੇ ਸਥਾਨ ਤੇ ਪਰਿਵਾਰ ਅਤੇ ਆਸ ਪੜੋਸ ਦੇ ਲੋਕ ਮਿਲਕੇ ਅੱਗ ਦੇ ਕਿਨਾਰੇ ਘੇਰਾ ਬਣਾ ਕੇ ਬੈਠਦੇ ਹਨ। ਇਸ ਸਮੇਂ ਰੇਵੜੀ, ਮੂੰਗਫਲੀ, ਗੱਚਕ, ਮੱਕੀ ਦੇ ਭੁੰਨੇ ਦਾਣੇ ਆਦਿ ਦਿੱਤੇ ਜਾਂਦੇ ਹਨ। ਲੋਹੜੀ ਪੋਹ ਮਹੀਨੇ ਦੇ ਆਖਰੀ ਦਿਨ ਮਨਾਈ ਜਾਂਦੀ ਹੈ। ਇਹ ਮੁੱਖ ਤੌਰ ਤੇ ਪੰਜਾਬ ਦਾ ਤਿਉਹਾਰ ਹੈ। ਪੋਹ ਮਾਘ ਦੀ ਸਖੱਤ ਸਰਦੀ ਤੋਂ ਬਚਣ ਲਈ ਅੱਗ ਵੀ ਸਹਾਇਕ ਸਿੱਧ ਹੁੰਦੀ ਹੈ। ਲੋਹੜੀ ਸਬੰਧੀ ਪਰੰਮਪਰਾਵਾਂ ਅਤੇ ਰੀਤੀ ਰਿਵਾਜਾਂ ਤੋਂ ਪਤਾ ਲੱਗਦਾ ਹੈ ਕਿ ਕਈ ਕਥਾਵਾਂ ਵੀ ਇਸ ਨਾਲ ਜੁੜ ਗਈਆਂ ਹਨ। ਇੱਕ ਕਥਾ ਅਨੁਸਾਰ ਦਕਸ਼ ਪ੍ਰਜਾਪਤੀ ਦੀ ਪੁੱਤਰੀ ਸਤੀ ਦੇ ਅੱਗ ਵਿੱਚ ਦਹਿਣ ਦੀ ਯਾਦ ਵਿੱਚ ਵੀ ਇਹ ਅੱਗ ਜਲਾਈ ਜਾਂਦੀ ਹੈ। ਇਸ ਮੌਕੇ ਤੇ ਵਿਆਹੁਤਾ ਕੁੜੀਆਂ ਨੂੰ ਮਾਂ ਦੇ ਘਰੋਂ ਕੱਪੜੇ, ਮਿਠਾਈ, ਮੂੰਗਫਲੀ ਰੇਵੜੀਆਂ, ਫਲ ਆਦਿ ਭੇਜਿਆ ਜਾਂਦਾ ਹੈ। ਉਤਰ ਪ੍ਰਦੇਸ਼ ਦੇ ਪੂਰਵਾਂਚਲ ਵਿੱਚ 'ਖਿਚੜਵਾਰ' ਅਤੇ ਦੱਖਣੀ ਭਾਰਤ ਦੇ 'ਪੋਂਗਲ' ਤੇ ਵੀ ਜੋ 'ਲੋਹੜੀ' ਦੇ ਨੇੜੇ ਹੀ ਮਨਾਏ ਜਾਂਦੇ ਹਨ ਕੁੜੀਆਂ ਨੂੰ ਭੇਂਟ ਦਿੱਤੀ ਜਾਂਦੀ ਹੈ। ਇਸ ਤਿਉਹਾਰ ਸਬੰਧੀ ਬੱਚਿਆਂ ਵਿੱਚ ਕਈ ਦਿਨ ਪਹਿਲਾਂ ਹੀ ਚਾਅ ਸ਼ੁਰੂ ਹੋ ਜਾਂਦਾ ਹੈ। ਲੋਹੜੀ ਤੋਂ 10-15 ਦਿਨ ਪਹਿਲਾਂ ਹੀ ਛੋਟੀ ਉਮਰ ਦੇ ਮੁੰਡੇ ਅਤੇ ਕੁੜੀਆਂ 'ਲੋਹੜੀ' ਦੇ ਗੀਤ ਗਾ ਕੇ ਲੱਕੜੀਆਂ ਅਤੇ ਪਾਥੀਆਂ ਇਕੱਠੇ ਕਰਦੇ ਹਨ। ਇਕੱਠੀ ਕੀਤੀ ਸਮੱਗਰੀ ਤੋਂ ਚੌਰਾਹੇ ਜਾਂ ਮੁਹੱਲੇ ਦੇ ਕਿਸੇ ਖੁੱਲੇ ਸਥਾਨ ਤੇ ਅੱਗ ਜਲਾਈ ਜਾਂਦੀ ਹੈ। ਮਹੁੱਲੇ ਅਤੇ ਪਿੰਡ ਭਰ ਦੇ ਲੋਕ ਅੱਗ ਦੇ ਚਾਰੋ ਪਾਸੇ ਘੇਰਾ ਬਣਾ ਕੇ ਬੈਠ ਜਾਂਦੇ ਹਨ। ਘਰ ਅਤੇ ਵਪਾਰਿਕ ਕੰਮਾਂ ਤੋਂ ਵਿਹਲੇ ਹੋ ਕੇ ਹਰੇਕ ਪਰਿਵਾਰ ਅੱਗ ਦੀ ਪਰਿਕਰਮਾ ਕਰਦਾ ਹੈ। ਰੇਵੜੀਆਂ, ਮੂੰਗਫਲੀਆਂ ਅਤੇ ਮੱਕੀ ਦੇ ਦਾਣੇ ਅੱਗ ਨੂੰ ਭੇਂਟ ਕੀਤੇ ਜਾਂਦੇ ਹਨ ਅਤੇ ਅਤੇ ਇਹੀ ਚੀਜ਼ਾਂ ਅੱਗ ਕੋਲ ਬੈਠੇ ਲੋਕਾਂ ਵਿੱਚ ਵੰਡੀਆਂ ਜਾਂਦੀਆ ਹਨ। ਘਰ ਵਾਪਿਸ ਆਉਂਦੇ ਸਮੇਂ 'ਲੋਹੜੀ ਵਿੱਚੋਂ ਅੱਗ ਦੇ ਦਹਿਕਦੇ ਦੋ ਚਾਰ ਕੋਲੇ ਪ੍ਰਸ਼ਾਦ ਦੇ ਰੂਪ ਵਿੱਚ ਘਰ ਲਿਆਉਣ ਦੀ ਪ੍ਰਥਾ ਵੀ ਹੈ। ਜਿਹਨਾਂ ਪਰਿਵਾਰਾਂ ਵਿੱਚ ਮੁੰਡੇ ਦਾ ਵਿਆਹ ਹੁੰਦਾ ਹੈ ਅਤੇ ਜਿਹਨਾਂ ਦੇ ਘਰ ਮੁੰਡਾ ਜੰਮਿਆ ਹੁੰਦਾ ਹੈ, ਉਹਨਾਂ ਤੋਂ ਪੈਸੇ ਲੈ ਕੇ ਮੁਹੱਲੇ ਜਾਂ ਪਿੰਡ ਭਰ ਦੇ ਬੱਚੇ ਹੀ ਬਰਾਬਰ-ਬਰਾਬਰ ਰੇਵੜੀਆ ਵੰਡ ਲੈਂਦੇ ਹਨ। ਬੇਸ਼ੱਕ ਪਹਿਲਾਂ ਸਿਰਫ ਮੁੰਡਿਆਂ ਦੀ ਹੀ ਲੋਹੜੀ ਮਨਾਈ ਜਾਂਦੀ ਸੀ ਪਰੰਤੂ ਹੁਣ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਸਮਾਜ ਵਿੱਚ ਗਿਣਤੀ ਘਟਣ ਕਾਰਨ ਹੁਣ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਲੜਕੀਆਂ ਦੀ ਲੋਹੜੀ ਵੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ। ਲੋਹੜੀ ਦੇ ਦਿਨ ਬੱਚੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਅਤੇ ਰਾਹਗੀਰਾਂ ਤੋਂ ਪੈਸੇ ਮੰਗਦੇ ਹਨ ਅਤੇ ਲੋਹੜੀ ਵਾਲੇ ਦਿਨ ਮੂੰਗਫਲੀ ਰੇਵੜੀਆ ਅਤੇ ਲਕੜੀਆਂ ਖਰੀਦ ਕੇ ਸਮੂਹਿਕ ਰੂਪ ਵਿੱਚ ਲੋਹੜੀ ਮਨਾਉਂਦੇ ਹਨ। ਮਹਿੰਗਾਈ ਦੇ ਕਾਰਨ ਲੱਕੜਾਂ ਅਤੇ ਪਾਥੀਆਂ ਦੀ ਕਮੀ ਕਾਰਨ ਦੁਕਾਨਾਂ ਦੇ ਬਾਹਰ ਪਈਆਂ ਲੱਕੜੀਆਂ ਦੀਆਂ ਚੀਜ਼ਾਂ ਨੂੰ ਵੀ ਚੁੱਕ ਕੇ ਜਲਾ ਦੇਣ ਦੀਆਂ ਸ਼ਰਾਰਤਾਂ ਵੀ ਹੁੰਦੀਆਂ ਹਨ। ਲੋਹੜੀ ਦਾ ਤਿਉਹਾਰ ਪੰਜਾਬੀ ਅਤੇ ਹਰਿਆਣਵੀ ਲੋਕਾਂ ਦਾ ਪ੍ਰਮੁੱਖ ਤਿਉਹਾਰ ਮੰਨਿਆ ਜਾਂਦਾ ਹੈ। ਇਹ ਲੋਹੜੀ ਦਾ ਤਿਉਹਾਰ ਪੰਜਾਬ, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ ਅਤੇ ਹਿਮਾਚਲ ਵਿੱਚ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਹੜੀ ਨੂੰ ਦੁੱਲਾ ਭੱਟੀ ਦੀ ਇੱਕ ਕਹਾਣੀ ਨਾਲ ਵੀ ਜੋੜਿਆ ਜਾਂਦਾ ਹੈ। ਲੋਹੜੀ ਦੇ ਗਾਣਿਆ ਨੂੰ ਵੀ ਦੁੱਲਾ ਭੱਟੀ ਨਾਲ ਹੀ ਜੋੜਿਆ ਜਾਂਦਾ ਹੈ ਜਾਂ ਕਿਹਾ ਜਾ ਸਕਦਾ ਹੈ ਕਿ ਲੋਹੜੀ ਦੇ ਗਾਣਿਆ ਦਾ ਕੇਂਦਰ ਬਿੰਦੂ ਦੁੱਲਾ ਭੱਟੀ ਨੂੰ ਹੀ ਬਣਾਇਆ ਜਾਂਦਾ ਹੈ। ਦੁੱਲਾ ਭੱਟੀ ਮੁਗਲ ਸ਼ਾਸ਼ਕ ਸੀ ਜੋਕਿ ਅਕਬਰ ਦੇ ਸਮੇਂ ਪੰਜਾਬ ਵਿੱਚ ਰਹਿੰਦਾ ਸੀ। ਉਸਨੂੰ ਪੰਜਾਬ ਦੇ ਨਾਇਕ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਸਮੇਂ ਸੰਦਲ ਬਾਰ ਦੀ ਜਗਾ ਤੇ ਕੁੜੀਆਂ ਨੂੰ ਗੁਲਾਮੀ ਦੇ ਲਈ ਜ਼ਬਰਦਸਤੀ ਅਮੀਰ ਲੋਕਾਂ ਨੂੰ ਵੇਚ ਦਿੱਤਾ ਜਾਂਦਾ ਸੀ ਜਿਹਨਾਂ ਨੂੰ ਦੁੱਲਾ ਭੱਟੀ ਨੇ ਮੁਕਤ ਕਰਵਾਇਆ ਅਤੇ ਉਹਨਾਂ ਦਾ ਵਿਆਹ ਵੀ ਕਰਵਾਇਆ ਸੀ। ਦੁੱਲਾ ਭੱਟੀ ਇੱਕ ਵਿਦਰੋਹੀ ਸੀ ਅਤੇ ਜਿਸਦਾ ਵੰਸ਼ ਭੱਟੀ ਰਾਜਪੂਤ ਸੀ। ਉਸਦੇ ਪੂਰਵਜ਼ ਪਿੰਡ ਭੱਟੀਆਂ ਦੇ ਸ਼ਾਸ਼ਕ ਸੀ ਜੋ ਕਿ ਸੰਦਲ ਬਾਰ ਵਿੱਚ ਸੀ ਹੁਣ ਸੰਦਲ ਬਾਰ ਪਾਕਿਸਤਾਨ ਵਿੱਚ ਸਥਿਤ ਹੈ। ਉਹ ਸਾਰੇ ਪੰਜਾਬੀਆਂ ਦਾ ਨਾਇਕ ਸੀ। ਲੋਹੜੀ ਦੇ ਤਿਉਹਾਰ ਸਬੰਧੀ ਇਹ ਅਖਾਣ ਵੀ ਪ੍ਰਚਲਿਤ ਹੈ ਕਿ 'ਆਈ ਲੋਹੜੀ ਗਿਆ ਸਿਆਲ ਕੋਹੜੀ'। ਕਿਸੇ ਵੇਲੇ ਲੋਹੜੀ ਦਾ ਤਿਉਹਾਰ ਹਰ ਵਿਅਕਤੀ ਲਈ ਖੁਸ਼ੀਆਂ ਭਰਪੂਰ ਹੁੰਦਾ ਸੀ ਪਰ ਵਧਦੀ ਮਹਿੰਗਾਈ ਕਾਰਨ ਇਸ ਤਿਉਹਾਰ ਦੀ ਮਹੱਤਤਾ ਘਟ ਰਹੀ ਹੈ। ਗਰੀਬਾਂ ਦੇ ਬਾਦਾਮ ਭਾਵ ਮੂੰਗਫਲੀ ਦੀਆਂ ਕੀਮਤਾਂ ਵੀ ਕਾਫੀ ਵੱਧ ਗਈਆਂ ਹਨ ਅਤੇ ਗੁੜ ਤਿੱਲਾਂ ਦੀ ਗੱਚਕ ਅਤੇ ਰੇਵੜੀਆਂ ਵੀ ਗਰੀਬਾਂ ਦੀ ਖਰੀਦ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਹੁਣ ਪੁਰਾਣੇ ਸਮਿਆਂ ਵਾਂਗ ਬੱਚਿਆਂ ਦੀਆਂ ਢਾਣੀਆਂ ਲੋਹੜੀ ਮੰਗਦੀਆਂ ਕਿਧਰੇ ਨਜ਼ਰ ਨਹੀਂ ਆਉਂਦੀਆਂ ਹਨ। ਅੱਜ ਦੇ ਕੰਪਿਊਟਰ ਅਤੇ ਇੰਟਰਨੈਟ ਦੇ ਯੁੱਗ ਵਿੱਚ ਬੱਚੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਲੋਹੜੀ ਮੰਗਣ ਤੋਂ ਸ਼ਰਮਾਉਂਦੇ ਹਨ। ਲੋਹੜੀ ਵਰਗੇ ਧੂਮ-ਧੜੱਕੇ ਵਾਲੇ ਤਿਉਹਾਰ ਦੀ ਰੌਣਕ ਅਤੇ ਪੁਰਾਣਾ ਰੰਗ ਰੂਪ ਖਤਮ ਹੋ ਰਿਹਾ ਹੈ।