ਸ਼੍ਰੀ ਗੁਰੂ ਰਵਿਦਾਸ ਮੰਦਿਰ ਸੰਤੋਖਗੜ੍ਹ ਜਿਲ੍ਹਾ ਊਨਾ ਹਿਮਾਚਲ ਪ੍ਰਦੇਸ ਵਿੱਚ ਹਰ ਸਾਲ ਦੀ ਤਰਾਂ 21-22 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ ਘਲੂਘਾਰਾ ਦਿਵਸ।

22 ਜਨਵਰੀ, 2005 ਨੂੰ ਤੜਕਸਾਰ ਸਰਕਾਰੀ ਅਧਿਕਾਰੀਆਂ ਨੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਨੂੰ ਢਾਹਿਆ ਸੀ, ਮੰਦਿਰ ਨੂੰ ਬਚਾਉਣ ਲਈ ਹੋਏ ਸੰਘਰਸ਼ ਵਿੱਚ 100 ਵਿਅਕਤੀਆਂ ਤੇ ਪੁਲਿਸ ਨੇ ਕੀਤਾ ਸੀ ਮਾਮਲਾ ਦਰਜ ਅਤੇ ਰਹੇ ਹਵਾਲਾਤ ਵਿੱਚ। 4 ਜੂਨ 2005 ਨੂੰ ਰੱਖਿਆ ਸੀ ਮੋਜੂਦਾ ਮੰਦਿਰ ਦਾ ਨੀਂਹ ਪੱਥਰ


20 ਜਨਵਰੀ, 2015 (ਕੁਲਦੀਪ ਚੰਦ)
ਕਸਬਾ ਸੰਤੋਖਗੜ ਜਿਲ੍ਹਾ ਊਨਾ ਹਿਮਾਚਲ ਪ੍ਰਦੇਸ ਵਿੱਚ 21-22 ਜਨਵਰੀ 2005 ਦੀ ਰਾਤ ਨੂੰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਸ਼੍ਰੀ ਗੁਰੂ ਰਵਿਦਾਸ ਦੇ ਪੈਰੋਕਾਰਾਂ ਤੇ ਅੰਨਾ ਤਸ਼ਦਦ ਕੀਤਾ ਜਿਸਨੂੰ ਯਾਦ ਕਰਕੇ ਹੁਣ ਵੀ ਕਈ ਵਾਰ ਇਲਾਕੇ ਦੇ ਬੱਚੇ ਰਾਤਾਂ ਨੂੰ ਰੋਣ ਲੱਗ ਪੈਂਦੇ ਹਨ। 22 ਜਨਵਰੀ ਨੂੰ ਕੜਕਦੀ ਠੰਡ ਵਿੱਚ ਸਵੇਰੇ ਤੜਕਸਾਰ ਲੱਗਭੱਗ 4 ਵਜੇ ਹੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ 1947 ਤੋਂ ਪਹਿਲਾਂ ਬਣੇ ਹੋਏ ਸ਼੍ਰੀ ਗੁਰੂ ਰਵਿਦਾਸ ਮੰਦਿਰ ਨੂੰ ਢਹਿ ਢੇਰੀ ਕਰ ਦਿਤਾ ਅਤੇ ਜਦੋਂ ਸ਼੍ਰੀ ਗੁਰੂ ਰਵਿਦਾਸ ਦੇ ਪੈਰੋਕਾਰਾਂ ਨੇ ਇਸ ਮੰਦਿਰ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਤੇ ਵੀ ਅੰਨਾ ਤਸ਼ਦਦ ਕੀਤਾ ਗਿਆ। ਮੋਜੂਦਾ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੇ ਆਗੂਆਂ ਪ੍ਰਧਾਨ ਜਗਤ ਰਾਮ ਵਸਣ, ਸਕੱਤਰ ਸੁੱਖ ਰਾਮ, ਕਸ਼ਮਿਰੀ ਲਾਲ, ਬਲਰਾਮ ਮਹੇਸ਼, ਬਾਬਾ ਸੰਤੋਸ਼ ਦਾਸ ਬਿੱਟੂ, ਬਲਬੀਰ ਬੱਗਾ, ਪ੍ਰੀਤਮ ਚੰਦ ਚੇਅਰਮੈਨ ਜੋੜ ਮੇਲਾ ਕਮੇਟੀ ਆਦਿ ਨੇ ਦੱਸਿਆ ਕਿ ਕਸਬਾ ਸੰਤੋਖਗੜ੍ਹ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਪੈਰੋਕਾਰਾਂ ਵਲੋਂ ਖਾਲੀ ਪਈ ਥਾਂ ਵਿੱਚ ਅਜਾਦੀ ਤੋਂ ਪਹਿਲਾਂ ਸ਼੍ਰੀ ਗੁਰੂ ਰਵਿਦਾਸ ਜੀ ਦਾ ਮਦਿਰ ਬਣਾਇਆ ਗਿਆ ਸੀ। 1952 ਵਿੱਚ ਰਵਿੰਦਰ ਕੁਮਾਰ ਪੁਤੱਰ ਪ੍ਰਮੇਸ਼ਰ ਚੰਦ ਚੱਬਾ ਨੇ ਮੰਦਿਰ ਵਾਲੀ ਥਾਂ ਖਾਲੀ ਕਰਵਾਉਣ ਲਈ ਅਦਾਲਤ ਵਿੱਚ ਕੇਸ ਕਰ ਦਿਤਾ। ਇਸ ਕੇਸ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਿਰ ਕਮੇਟੀ ਵਲੋਂ ਵਤਨਾ ਰਾਮ ਪੁਤੱਰ ਨਿਕੂ ਰਾਮ ਅਦਾਲਤ ਵਿੱਚ ਹਾਜਰ ਹੁੰਦੇ ਸਨ। 21 ਅਪ੍ਰੈਲ 1991 ਨੂੰ ਦਲਿਤ ਆਗੂ ਅਤੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਵਰਗੀ ਬਾਬੂ ਕਾਂਸ਼ੀ ਰਾਮ ਨੇ ਇਸ ਸਥਾਨ ਤੇ ਅਧੁਨਿਕ ਮੰਦਿਰ ਬਣਾਉਣ ਲਈ ਨੀਂਹ ਪੱਥਰ ਰੱਖਿਆ ਸੀ। ਇਸਤੋਂ ਬਾਦ ਚੱਬਾ ਪਰਿਵਾਰ ਨੇ ਮੰਦਿਰ ਵਾਲੀ ਥਾਂ ਖਾਲੀ ਕਰਵਾਉਣ ਲਈ ਕਨੂੰਨੀ ਕਾਰਵਾਈ ਤੇਜ ਕਰ ਦਿਤੀ। ਇਸ ਮੰਦਿਰ ਦਾ ਕੇਸ ਮਾਣਯੋਗ ਹਾਈ ਕੌਰਟ ਸ਼ਿਮਲਾ ਤੱਕ ਚੱਲਿਆ ਜਿੱਥੇ ਜਗ੍ਹਾ ਖਾਲੀ ਕਰਨ ਦੇ ਹੁਕਮ ਪਾਸ ਹੋਏ। ਮੰਦਿਰ ਕਮੇਟੀ ਆਗੂ ਇਸ ਮਾਮਲੇ ਨੂੰ ਲੈਕੇ ਮਾਣਯੋਗ ਸੁਪਰੀਮ ਕੌਰਟ ਵਿੱਚ ਵੀ ਪੇਸ਼ ਹੋਏ ਪਰੰਤੂ ਉਥੇ ਕੇਸ ਖਾਰਜ ਹੋ ਗਿਆ। 28 ਦਸੰਬਰ ਨੂੰ ਮਾਣਯੋਗ ਹਿਮਾਚਲ ਹਾਈ ਕੌਰਟ ਦੇ ਜਗ੍ਹਾ ਖਾਲੀ ਕਰਨ ਦੇ ਹੁਕਮਾਂ ਤੋਂ ਬਾਦ ਚੱਬਾ ਪਰਿਵਾਰ ਨੇ ਜਗ੍ਹਾ ਖਾਲੀ ਕਰਵਾਉਣ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਦਬਾਅ ਬਣਾਇਆ ਪਰੰਤੂ ਜਦੋਂ ਪ੍ਰਸ਼ਾਸ਼ਨਿਕ ਅਧਿਕਾਰੀ ਇਲਾਕੇ ਦੇ ਸ਼੍ਰੀ ਗੁਰੂ ਰਵਿਦਾਸ ਦੇ ਪੈਰੋਕਾਰਾਂ ਦੇ ਇਕੱਠ ਜਿਸਦੀ ਅਗਵਾਈ ਸਾਬਕਾ ਵਿਧਾਇਕ ਅਤੇ ਦਲਿਤ ਨੇਤਾ ਸ਼ਿੰਗਾਰਾ ਰਾਮ ਸਹੂੰਗੜਾ ਕਰ ਰਹੇ ਸਨ ਨੂੰ ਵੇਖਕੇ ਵਾਪਸ ਚਲੇ ਗਏ। 22 ਜਨਵਰੀ 2005 ਨੂੰ ਕੜਕਦੀ ਠੰਡ ਵਿੱਚ ਤੜਕਸਾਰ ਜਦੋਂ ਲੋਕ ਅਜੇ ਬਿਸਤਰਿਆਂ ਵਿੱਚ ਹੀ ਸਨ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਪਿੰਡ ਵਿੱਚ ਹੱਲਾ ਬੋਲ ਦਿਤਾ ਅਤੇ ਮੰਦਿਰ ਢਹਿ ਢੇਰੀ ਕਰ ਦਿਤਾ। ਮੰਦਿਰ ਬਚਾਉਣ ਲਈ ਰੋਸ ਕਰ ਰਹੇ ਲੋਕਾਂ ਤੇ ਅੰਨਾ ਤਸ਼ਦਦ ਕੀਤਾ ਗਿਆ। ਲੱਗਭੱਗ 100 ਵਿਅਕਤੀਆਂ ਜਿਨ੍ਹਾਂ ਵਿੱਚ 3 ਨਾਬਾਲਿਗ ਬੱਚੇ, 24 ਮਹਿਲਾਵਾਂ ਵੀ ਸ਼ਾਮਿਲ ਸਨ ਨੂੰ ਪੁਲਿਸ ਨੇ ਵੱਖ ਵੱਖ ਮਾਮਲਿਆਂ ਅਤੇ ਧਾਰਾਵਾਂ  147,148,149,307,332,333,353 ਅਤੇ 120 ਬੀ ਅਧੀਨ ਗ੍ਰਿਫਤਾਰ ਕਰ ਲਿਆ। ਪੰਜਾਬ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਇਲਾਕਿਆਂ ਦੇ 69 ਵਿਅਕਤੀ ਜਿਨ੍ਹਾਂ ਵਿੱਚ ਸਾਬਕਾ ਬੀ ਐਸ ਪੀ ਵਿਧਾਇਕ ਅਤੇ ਦਲਿਤ ਨੇਤਾ ਸ਼ਿੰਗਾਰਾ ਰਾਮ ਸਹੂੰਗੜਾ ਸ਼ਾਮਿਲ ਸੀ 22 ਜਨਵਰੀ ਤੋਂ ਲੈਕੇ 26 ਫਰਵਰੀ, 2005 ਤੱਕ ਕੰਡਾ ਜੇਲ, ਊਨਾ ਜੇਲ ਅਤੇ ਸ਼ਿਮਲਾ ਜੇਲ ਵਿੱਚ ਬੰਦ ਰਹੇ, 3 ਨਾਬਾਲਿਗ ਬੱਚਿਆਂ ਜਤਿੰਦਰ ਕੁਮਾਰ, ਅਮ੍ਰਿਤ ਲਾਲ, ਸੁਰੇਸ਼ ਕੁਮਾਰ ਨੂੰ 22 ਜਨਵਰੀ ਤੋਂ 27 ਜਨਵਰੀ ਤੱਕ ਪੁਲਿਸ ਨੇ ਹਿਰਾਸਤ ਵਿੱਚ ਰੱਖਿਆ। 22 ਮਹਿਲਾਵਾਂ ਨੂੰ 22 ਜਨਵਰੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ 23 ਜਨਵਰੀ 2005 ਨੂੰ ਜਮਾਨਤ ਤੇ ਰਿਹਾ ਕੀਤਾ। ਜੋਲੀ ਰਾਮ, ਬਚਨ ਚੰਦ, ਦਾਸ ਰਾਮ, ਸ਼੍ਰੀਮਤੀ ਬਿੰਦੋ ਦੇਵੀ, ਸ਼੍ਰੀਮਤੀ ਵਿਦਿਆ ਦੇਵੀ ਨੂੰ ਮਾਣਯੋਗ ਹਾਈ ਕੌਰਟ ਸ਼ਿਮਲਾ ਤੋਂ ਜਮਾਨਤ ਮਿਲੀ। ਸਰਕਾਰ ਦੇ ਇਸ ਦਲਿਤ ਵਿਰੋਧੀ ਰਵਈਏ ਨੂੰ ਲੈਕੇ ਇਲਾਕੇ ਦੇ ਦਲਿਤਾਂ ਨੇ ਭਾਰੀ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿਤਾ ਅਤੇ ਊਨਾ ਵਿੱਚ ਲਗਾਤਾਰ ਰੋਸ ਮੁਜਾਹਰਾ ਕੀਤਾ ਜਿਸ ਵਿੱਚ ਬਲਬੀਰ ਬੱਗਾ, ਹਰੀ ਚੰਦ ਸੰਧੂ, ਪ੍ਰੀਤਮ ਚੰਦ ਸੰਧੂ, ਡਾਕਟਰ ਕੇ ਆਰ ਆਰਿਆ ਆਦਿ ਨੇ ਅਗਵਾਈ ਕੀਤੀ ਅਤੇ ਸਰਕਾਰ ਨੂੰ ਗ੍ਰਿਫਤਾਰ ਵਿਅਕਤੀਆਂ ਨੂੰ ਛੱਡਣ ਲਈ ਮਜ਼ਬੂਰ ਕਰ ਦਿਤਾ। ਇਸ ਮਾਮਲੇ ਸਬੰਧੀ 09 ਅਪ੍ਰੈਲ 2005 ਨੂੰ ਬੀ ਐਸ ਪੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਵੀ ਊਨਾ ਵਿੱਚ ਰੋਸ ਰੈਲੀ ਕੀਤੀ ਤੇ ਸਰਕਾਰ ਤੇ ਦਬਾਅ ਬਣਾਇਆ। ਅਖੀਰ ਸਰਕਾਰ ਨੂੰ ਲੋਕਾਂ ਦੇ ਰੋਸ ਅੱਗੇ ਝੁਕਣਾ ਪਿਆ ਅਤੇ ਸਰਕਾਰ ਨੇ ਪੁਲਿਸ ਚੌਂਕੀ ਵਾਲੀ ਥਾਂ ਮੰਦਿਰ ਕਮੇਟੀ ਨੂੰ ਦੇ ਦਿਤੀ ਅਤੇ 4 ਜੂਨ 2005 ਨੂੰ ਇਸ ਮੋਜੂਦਾ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਵਿੱਚ ਹਿਮਾਚਲ ਪ੍ਰਦੇਸ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਵਿਸ਼ੇਸ਼ ਰੂਪ ਵਿੱਚ ਪਹੁੰਚੇ ਅਤੇ ਮੰਦਿਰ ਦੀ ਉਸਾਰੀ ਲਈ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਤਾ। ਉਸਤੋਂ ਬਾਦ ਮੰਦਿਰ ਕਮੇਟੀ ਵਲੋਂ ਹਰ ਸਾਲ 21-22 ਜਨਵਰੀ ਨੂੰ ਘਲੂਘਾਰਾ ਦਿਵਸ ਮਨਾਇਆ ਜਾਂਦਾ ਹੈ। ਹਰ ਸਾਲ ਦੀ ਤਰਾਂ ਇਸ ਸਾਲ ਵੀ ਇਹ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿੱਚ 20 ਜਨਵਰੀ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਸ਼੍ਰੀ ਆਦਿ ਪ੍ਰਕਾਸ਼ ਰਤਨਾਕਰ ਸਾਗਰ ਜੀ ਦਾ ਆਰੰਭ ਕੀਤਾ ਜਾਵੇਗਾ ਅਤੇ ਸਵੇਰੇ 11 ਵਜੇ ਨਿਸ਼ਾਨ ਸਾਹਿਬ ਦੀ ਰਸਮ ਕੀਤੀ ਜਾਵੇਗੀ, 21 ਜਨਵਰੀ ਨੂੰ ਸ਼ੋਭਾ ਯਾਤਰਾ ਨਿਕਾਲੀ ਜਾਵੇਗੀ ਜੋਕਿ ਸਨੋਲੀ, ਅਜੌਲੀ, ਕਲਸੇਹੜਾ, ਦੇਹਲਾਂ, ਬਹਿਡਾਲਾ, ਜਲਗ੍ਰਾਂ, ਊਨਾਂ, ਨੰਗੜਾ ਤੋਂ ਵਾਪਸ ਸੰਤੋਖਗੜ੍ਹ ਪਹੁੰਚੇਗੀ। ਇਸ ਮੌਕੇ ਬਹਡਾਲਾ ਵਿੱਚ ਗੁਰੂ ਦਾ ਲੰਗਰ ਅਤੁੱਟ ਵਰਤੇਗਾ। 22 ਜਨਵਰੀ ਨੂੰ ਸ਼੍ਰੀ ਆਦਿ ਪ੍ਰਕਾਸ਼ ਰਤਨਾਕਰ ਸਾਗਰ ਜੀ ਦਾ ਭੋਗ ਸਵੇਰੇ 10 ਵਜੇ ਪਾਇਆ ਜਾਵੇਗਾ ਅਤੇ ਸਵੇਰੇ 9 ਵਜੇ ਸਾਧੂ ਸਮਾਜ ਵਲੋਂ ਪ੍ਰਵਚਨ ਕੀਤੇ ਜਾਣਗੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਣਗਾਣ ਦੇਰ ਰਾਤ ਤੱਕ ਕਰਨਗੇ। 
ਕੁਲਦੀਪ ਚੰਦ
9417563054