ਸੜ੍ਹਕ ਸੁਰੱਖਿਆ ਪ੍ਰੋਗਰਾਮ ਬਣਿਆ ਖਾਨਾਪੂਰਤੀ,  ਵੱਧ ਰਹੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਅਤੇ ਸੜ੍ਹਕਹਾਦਸੇ ਲਗਾ ਰਹੇ ਹਨ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡਾ ਪ੍ਰਸ਼ਨ ਚਿੰਨ੍ਹ


 

06 ਫਰਵਰੀ, 2015 ( ਕੁਲਦੀਪ ਚੰਦ) ਜਿਵੇਂ-ਜਿਵੇਂ ਆਬਾਦੀ ਵੱਧਦੀ ਜਾ ਰਹੀ ਹੈ ਉਸੇ ਹਿਸਾਬ ਨਾਲ ਸੜਕਾਂ ਤੇ ਟ੍ਰੈਫਿਕ ਸਮੱਸਿਆਵਾਂ ਵੀ ਵੱਧ ਰਹੀਆਂ ਹਨ। ਵੱਡੇ ਸ਼ਹਿਰਾਂ ਵਿੱਚ ਸੜ੍ਹਕਾਂ ਤੇ ਕਈ-ਕਈ ਘੰਟੇ ਜਾਮ ਲੱਗਣਾ ਰੋਜ਼ ਦੀ ਗੱਲ ਹੈ। ਆਬਾਦੀ ਵੱਧਣ ਦੇ ਕਾਰਨ ਸੜਕਾਂ ਤੇ ਵਾਹਨਾਂ ਦੀ ਆਵਾਜਾਈ ਵੀ ਵੱਧ ਗਈ ਹੈ ਜਿਸ ਕਾਰਨ ਸੜਕਾਂ ਕਾਫੀ ਤੰਗ ਹੋ ਗਈਆਂ ਹਨ ਜਿਸ ਕਰਕੇ ਆਏ ਦਿਨ ਸੜਕਾਂ ਤੇ ਹਾਦਸੇ ਹੁੰਦੇ ਰਹਿੰਦੇ ਹਨ। ਇਹ ਸੜਕ ਹਾਦਸੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਵੀ ਹੁੰਦੇ ਹਨ ਅਤੇ ਸੜਕਾਂ ਦੀ ਖਸਤਾ ਹਾਲਤ, ਤੰਗ ਸੜਕਾਂ, ਵਾਹਨ ਤੇਜ਼ ਚਲਾਉਣ ਕਾਰਨ, ਨਸ਼ੇ ਦੀ ਵਰਤੋਂ ਕਰਕੇ ਵਾਹਨ ਚਲਾਉਣ ਕਰਕੇ ਵੀ ਹੁੰਦੇ ਹੁੰਦੇ ਹਨ। ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਤੇ ਗੱਲਾਂ ਕਰਨ ਕਰਕੇ ਵੀ ਸੜਕ ਹਾਦਸੇ ਹੁੰਦੇ ਰਹਿੰਦੇ ਹਨ। ਇਹਨਾਂ ਸੜਕ ਹਾਦਸਿਆਂ ਵਿੱਚ ਰੋਜ਼ ਹੀ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆ ਹਨ। ਟ੍ਰੈਫਿਕ ਨਿਯਮ ਸੜ੍ਹਕਾਂ ਤੇ ਅਨੁਸ਼ਾਸ਼ਨ ਕਾਇਮ ਰੱਖਣ ਲਈ ਬਣਾਏ ਗਏ ਹਨ। ਟ੍ਰੈਫਿਕ ਨਿਯਮਾਂ ਦੀ ਵਰਤੋਂ ਮਨੁਖੀ ਜੀਵਨ ਅਤੇ ਜਾਇਦਾਦ ਨੂੰ ਸੁਰਖਿੱਅਤ ਰੱਖਣ ਲਈ ਕੀਤੀ ਜਾਂਦੀ ਹੈ। ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਟ੍ਰੈਫਿਕ ਪੁਲਿਸ ਕੰਮ ਕਰਦੀ ਹੈ। ਵਿਸ਼ਵ ਦੇ ਕਈ ਮੁਲਕਾਂ ਵਿੱਚ ਉਥੋਂ ਦੇ ਨਾਗਰਿਕ ਹਰ ਤਰਾਂ ਨਾਲ ਜਾਗਰੂਕ ਹਨ ਅਤੇ ਉਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵੀ ਘੱਟ ਹੀ ਹੁੰਦੇ ਹਨ ਜਿਸ ਕਾਰਨ ਸੜ੍ਹਕਹਾਦਸਿਆਂ ਦੀ ਗਿਣਤੀ ਵੀ ਉਂਗਲਾਂ ਤੇ ਗਿਣੀ ਜਾ ਸਕਦੀ ਹੈ ਪਰੰਤੂ ਸਾਡੇ ਦੇਸ਼ ਵਿੱਚ ਆਏ ਦਿਨ ਵਾਪਰਦੇ ਸੜ੍ਹਕਹਾਦਸੇ ਅਤੇ ਅਜਾਂਈ ਜਾਂਦੀਆਂ ਮਨੁਖੀ ਜਾਨਾ ਕਿਸੇ ਤੋਂ ਲੁਕੀਆਂ ਨਹੀਂ ਹਨ। ਦੁਨੀਆਂ ਵਿੱਚ ਸੜਕ ਹਾਦਸਿਆਂ ਕਾਰਨ ਹਰ 25 ਸੈਕਿੰਡ ਵਿੱਚ ਇੱਕ ਮੌਤ ਹੁੰਦੀ ਹੈ। ਦੁਨੀਆਂ ਦੇ ਸਿਰਫ 28 ਦੇਸ਼ਾਂ ਵਿੱਚ ਜਿਹਨਾਂ ਦੀ ਆਬਾਦੀ 449 ਮਿਲੀਅਨ (ਦੁਨੀਆਂ ਦੀ ਆਬਾਦੀ ਦਾ 7%) ਹੈ ਉਥੇ ਜਿਵੇਂ ਕਿ ਓਵਰ-ਸਪੀਡ, ਨਸ਼ੇ ਦੀ ਵਰਤੋਂ ਕਰਕੇ ਗੱਡੀ ਚਲਾਉਣਾ, ਹੈਲਮੇਟ, ਸੀਟ ਬੈਲਟ ਅਤੇ ਬੱਚਿਆਂ ਨੂੰ ਗੱਡੀਆਂ ਚਲਾਉਣ ਤੇ ਰੋਕ ਆਦਿ ਟ੍ਰੈਫਿਕ ਨਿਯਮਾਂ ਬਾਰੇ ਕਾਨੂੰਨ ਸਖਤ ਹਨ। ਵਿਸ਼ਵ ਦੇ ਕੁੱਲ ਸੜਕੀ ਹਾਦਸਿਆਂ ਵਿੱਚ ਮੌਤਾਂ ਦਾ ਤੀਜਾ ਹਿੱਸਾ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਦਾ ਹੈ। 35 ਫੀਸਦੀ ਤੋਂ ਘੱਟ ਦੇਸ਼ ਜੋ ਕਿ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਹਨ ਨੇ ਆਪਣੇ ਦੇਸ਼ਾਂ ਵਿੱਚ ਸੜਕ ਹਾਦਸਿਆਂ ਤੋਂ ਬਚਾਓ ਲਈ ਨਿਯਮ ਬਣਾਏ ਹਨ। ਵਿਸ਼ਵ ਵਿੱਚ ਇੱਕ ਲੱਖ ਦੀ ਅਬਾਦੀ ਪਿੱਛੇ ਸੜਕ ਹਾਦਸਿਆਂ ਦੀ ਸਾਲਾਨਾ ਅੋਸਤ ਦਰ 18 ਹੈ ਜਦਕਿ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਵਿੱਚ ਇੱਕ ਲੱਖ ਦੀ ਆਬਾਦੀ ਪਿੱਛੇ ਸੜਕ ਹਾਦਸਿਆਂ ਦੀ ਅੋਸਤ ਦਰ 20.1 ਹੈ ਜਦਕਿ ਵਿਕਸਿਤ ਦੇਸ਼ਾਂ ਵਿੱਚ ਇੱਕ ਲੱਖ ਦੀ ਆਬਾਦੀ ਪਿੱਛੇ ਸੜਕ ਹਾਦਸਿਆ ਦੀ ਅੋਸਤ ਦਰ 8.7 ਹੈ। ਵਿਸ਼ਵ ਵਿੱਚ 80 ਫੀਸਦੀ ਮੌਤਾਂ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਵਿੱਚ ਹੁੰਦੀਆਂ ਹਨ ਜਿਹਨਾਂ ਦੀ ਆਬਾਦੀ ਕੁੱਲ ਵਿਸ਼ਵ ਦੀ ਆਬਾਦੀ ਦਾ 72% ਹੈ ਪਰ ਵਿਸ਼ਵ ਦੇ ਵਾਹਨਾਂ ਵਿਚੋਂ 52% ਰਜਿਸਟਰਡ ਹਨ। ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਇਹਨਾਂ ਦੇਸ਼ਾਂ ਦੇ ਸਿਰ ਤੇ ਬੋਝ ਪਾਉਂਦੀਆਂ ਹਨ। ਵਿਸ਼ਵ ਵਿੱਚ ਸੜਕ ਹਾਦਸਿਆਂ ਵਿੱਚ ਜ਼ਖਮੀ ਹੋ ਕੇ ਮਰਨ ਵਾਲਿਆਂ ਵਿੱਚ ਸਭ ਤੋਂ ਵੱਧ ਅਫਰੀਕੀ ਦੇਸ਼ਾਂ ਵਿੱਚ ਇੱਕ ਲੱਖ ਪਿੱਛੇ 24.1 ਹੈ ਜਦਕਿ ਸਭ ਤੋਂ ਘੱਟ ਯੂਰਪੀ ਖੇਤਰਾਂ ਵਿੱਚ ਇੱਕ ਲੱਖ ਪਿੱਛੇ 10.3 ਹੈ। ਵਿਸ਼ਵ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਅੱਧੀਆਂ ਮੌਤਾਂ ਮੋਟਰਸਾਈਕਲ ਵਾਲਿਆਂ ਦੀਆਂ 23%, ਪੈਦਲ ਚੱਲਣ ਵਾਲਿਆਂ ਦੀਆਂ 22% ਅਤੇ ਸਾਈਕਲ ਵਾਲਿਆਂ ਦੀਆਂ 5% ਹੁੰਦੀਆਂ ਹਨ। ਜਦਕਿ 31% ਮੌਤਾਂ ਕਾਰ ਵਾਲਿਆਂ ਦੀਆਂ ਅਤੇ 19% ਹੋਰ ਸੜਕ ਹਾਦਸਿਆਂ ਵਿੱਚ ਹੁੰਦੀਆਂ ਹਨ। ਵਿਸ਼ਵ ਪੱਧਰ ਤੇ ਸੜਕ ਹਾਦਸਿਆਂ ਵਿੱਚ 59% ਮੌਤਾਂ ਜਵਾਨ (15 ਸਾਲ ਤੋਂ 44 ਸਾਲ ਤੱਕ) ਉਮਰ ਦੇ ਲੋਕਾਂ ਦੀਆਂ ਹੁੰਦੀਆਂ ਹਨ ਜਦਕਿ ਸੜਕ ਹਾਦਸਿਆਂ ਵਿੱਚ 77% ਮੌਤਾਂ ਆਦਮੀਆਂ ਦੀਆਂ ਹੁੰਦੀਆਂ ਹਨ। ਵਿਸ਼ਵ ਸਿਹਤ ਸੰਸਥਾ ਦੇ 2010 ਦੇ ਅੰਕੜਿਆਂ ਅਨੁਸਾਰ ਵਿਸ਼ਵ ਵਿੱਚ ਇੱਕ ਲੱਖ ਪਿੱਛੇ 18 ਹਾਦਸੇ ਹੁੰਦੇ ਹਨ ਅਤੇ ਇੱਕ ਲੱਖ ਮੋਟਰ ਵਾਹਨਾਂ ਵਿੱਚੋਂ 93.3 ਵਾਹਨ ਸੜਕ ਹਾਦਸਿਆ ਦਾ ਸ਼ਿਕਾਰ ਹੁੰਦੇ ਹਨ। ਅਫਗਾਨਿਸਤਾਨ ਵਿੱਚ ਇੱਕ ਲੱਖ ਪਿਛੇ 19.8 ਹਾਦਸੇ ਹੁੰਦੇ ਹਨ ਅਤੇ ਇੱਕ ਲੱਖ ਮੋਟਰ ਵਾਹਨਾਂ ਵਿੱਚੋਂ 848.9 ਵਾਹਨ ਸੜਕ ਹਾਦਸਿਆ ਦਾ ਸ਼ਿਕਾਰ ਹੁੰਦੇ ਹਨ। ਆਸਟ੍ਰੇਲੀਆਂ ਵਿੱਚ ਇੱਕ ਲੱਖ ਪਿੱਛੇ 5.2 ਹਾਦਸੇ ਹੁੰਦੇ ਹਨ ਅਤੇ ਇੱਕ ਲੱਖ ਮੋਟਰ ਵਾਹਨਾਂ ਵਿੱਚੋਂ 7 ਸੜਕ ਹਾਦਸਿਆ ਦਾ ਸ਼ਿਕਾਰ ਹੁੰਦੇ ਹਨ। ਭਾਰਤ ਵਿੱਚ ਇੱਕ ਲੱਖ ਪਿੱਛੇ 19.9 ਹਾਦਸੇ ਹੁੰਦੇ ਹਨ ਅਤੇ ਇੱਕ ਲੱਖ ਮੋਟਰ ਵਾਹਨਾਂ ਵਿੱਚੋਂ 211.8 ਵਾਹਨ ਸੜਕ ਹਾਦਸਿਆ ਦਾ ਸ਼ਿਕਾਰ ਹੁੰਦੇ ਹਨ। ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਇੱਕ ਲੱਖ ਪਿਛੇ 17.4 ਹਾਦਸੇ ਹੁੰਦੇ ਹਨ ਅਤੇ ਇੱਕ ਲੱਖ ਮੋਟਰ ਵਾਹਨਾਂ ਵਿੱਚੋਂ 383. 7 ਵਾਹਨ ਸੜਕ ਹਾਦਸਿਆ ਦਾ ਸ਼ਿਕਾਰ ਹੁੰਦੇ ਹਨ। ਕਨੇਡਾ ਵਿੱਚ ਇੱਕ ਲੱਖ ਪਿੱਛੇ 6 ਹਾਦਸੇ ਹੁੰਦੇ ਹਨ ਅਤੇ ਇੱਕ ਲੱਖ ਮੋਟਰ ਵਾਹਨਾਂ ਵਿੱਚੋਂ 9.3 ਸੜਕ ਹਾਦਸਿਆ ਦਾ ਸ਼ਿਕਾਰ ਹੁੰਦੇ ਹਨ। ਸਾਡੀਆਂ ਸਰਕਾਰਾਂ ਅਜੇ ਤੱਕ ਇਸ ਪ੍ਰਤੀ ਗੰਭੀਰ ਨਜ਼ਰ ਨਹੀਂ ਆ ਰਹੀਆਂ ਹਨ ਜਿਸ ਕਾਰਨ ਟ੍ਰੈਫਿਕ ਨਿਯਮਾਂ ਪ੍ਰਤੀ ਜਨਤਾ ਦੀ ਲਾਪਰਵਾਹੀ ਅਕਸਰ ਸਾਹਮਣੇ ਆਂਦੀ ਹੈ। ਸਾਡੇ ਦੇਸ਼ ਵਿੱਚ ਪਿਛਲੇ ਸਾਲਾਂ ਦੌਰਾਨ ਵਾਪਰੇ ਸੜ੍ਹਕਹਾਦਸਿਆਂ ਵਿੱਚ ਆਮ ਲੋਕਾਂ ਸਮੇਤ ਕਈ ਨਾਮੀ ਵਿਅਕਤੀ ਵੀ ਮਾਰੇ ਗਏ ਹਨ ਜਿਨ੍ਹਾਂ ਵਿੱਚ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਕਾਂਗਰਸੀ ਆਗੂ ਰਾਜੇਸ਼ ਪਾਇਲਟ, ਭਾਜਪਾ ਆਗੂ ਗੋਪੀ ਨਾਥ ਮੁੰਡੇ, ਹਾਸ ਕਲਾਕਾਰ ਜਸਪਾਲ ਭੱਟੀ ਆਦਿ ਦੇ ਨਾਮ ਸ਼ਾਮਿਲ ਹਨ। ਹਰ ਵੱਡੇ ਸੜ੍ਹਕਹਾਦਸੇ ਤੋਂ ਬਾਦ ਸਾਡੇ ਆਗੂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਦੇਸ਼ ਦੀਆਂ ਸੜਕਾਂ ਨੂੰ
ਹਾਦਸਾ ਮੁੱਕਤ ਬਣਾਉਣ ਦੇ ਵੱਡੇ ਵੱਡੇ ਦਾਅਵੇ ਕਰਦੇ ਹਨ ਪਰੰਤੂ ਕੁੱਝ ਸਮੇਂ ਬਾਦ ਹੀ ਇਹ ਦਾਅਵੇ ਹਵਾ ਵਿੱਚ ਗੁੰਮ ਹੋ ਜਾਂਦੇ ਹਨ। ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 11 ਜਨਵਰੀ ਤੋਂ ਲੈਕੇ 17 ਜਨਵਰੀ ਤੱਕ ਸੜ੍ਹਕ ਸੁਰਖਿੱਆ ਸਪਤਾਹ ਮਨਾਇਆ ਜਾਂਦਾ ਹੈ ਤਾਂ ਜੋ ਸੜਕੀ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇ। ਇਸ ਸਪਤਾਹ ਵਿੱਚ ਸੜ੍ਹਕ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਵੱਖ-ਵੱਖ ਤਰੀਕੇ ਜਿਵੇਂ ਕਿ ਸੜ੍ਹਕ ਸੁਰੱਖਿਆ ਬਾਰੇ ਸਿੱਖਿਆਦਾਇਕ ਬੈਨਰ ਲਗਾਉਂਣੇ, ਸੜ੍ਹਕ ਸੁਰੱਖਿਆ ਸਬੰਧੀ ਪੋਸਟਰ, ਸੜ੍ਹਕ ਸੁਰੱਖਿਆ ਸਬੰਧੀ ਫਿਲਮਾਂ ਅਤੇ ਸੜ੍ਹਕ ਸੁਰੱਖਿਆ ਸਬੰਧੀ ਹੋਰ ਇਸ਼ਤਿਹਾਰ ਸੜ੍ਹਕਾਂ ਤੇ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਵੰਡੇ ਜਾਂਦੇ ਹਨ। ਪਰ ਅਜਿਹੀਆਂ ਮੁਹਿੰਮਾਂ ਦਾ ਕੋਈ ਖਾਸ ਅਸਰ ਨਜ਼ਰ ਨਹੀਂ ਆ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਕਈ ਵਾਰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਲਈ ਕੈਂਪ ਲਗਾਇਆ ਜਾਂਦਾ ਹੈ ਪਰ ਇਸ ਵਿੱਚ ਬੱਚਿਆਂ ਨੂੰ ਲਿਆਉਣ ਵਾਲੇ ਵਾਹਨਾਂ ਦੇ ਡਰਾਇਵਰ, ਕੰਡਕਟਰ ਸ਼ਾਮਲ ਨਹੀਂ ਹੁੰਦੇ ਹਨ। ਪੰਜਾਬ ਵਿੱਚ ਹਰ ਸਾਲ ਵਧ ਰਹੇ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਦੇ ਮਾਮਲੇ ਸਰਕਾਰ ਦੇ ਇਸ ਜਾਗਰੂਕਤਾ ਸਪਤਾਹ ਦੀ ਅਸਲੀਅਤ ਬਿਆਨ ਕਰਦੇ ਹਨ ਕਿ ਲੋਕ ਟ੍ਰੈਫਿਕ ਨਿਯਮਾਂ ਤੋਂ ਅਜੇ ਵੀ ਜਾਣੂ ਨਹੀਂ ਹਨ। ਪੰਜਾਬ ਵਿੱਚ ਟ੍ਰੈਫਿਕ ਨਿਯਮਾਂ ਬਾਰੇ ਆਮ ਜਨਤਾ ਨੂੰ ਜਾਗਰੂਕ ਕਰਨ ਦੇ ਬਾਵਜੂਦ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਾਰਨ ਕੀਤੇ ਜਾਣ ਵਾਲੇ ਚਲਾਨਾਂ ਦੀ ਗਿਣਤੀ ਹਰ ਸਾਲ ਵੱਧਦੀ ਜਾ ਰਹੀ ਹੈ ਅਤੇ ਸੜ੍ਹਕ ਹਾਦਸਿਆਂ ਦੀ ਗਿਣਤੀ ਵਿੱਚ ਵੀ ਹਰ ਸਾਲ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਲੋਕ ਆਪਣੀ ਜਾਨ ਗਵਾ ਰਹੇ ਹਨ। ਬੇਸ਼ੱਕ ਚਲਾਨਾਂ ਦੀ ਗਿਣਤੀ ਵੱਧਣ ਨਾਲ ਸਰਕਾਰ ਨੂੰ ਵੀ ਕਰੋੜਾਂ ਰੁਪਏ ਦੀ ਆਮਦਨ ਹੋ ਰਹੀ ਹੈ ਪਰ ਇਸ ਦੋਰਾਨ ਵਾਪਰਨ ਵਾਲੇ ਸੜਕ ਹਾਦਸਿਆਂ ਕਾਰਨ ਜਿਹਨਾਂ ਲੋਕਾਂ ਦੀ ਜਾਨ ਜਾ ਰਹੀ ਹੈ ਉਹਨਾਂ ਦਾ ਘਾਟਾ ਕੋਣ ਪੂਰਾ ਕਰੇਗਾ। ਸਾਡੇ ਦੇਸ਼ ਦੇ ਨਾਲ-ਨਾਲ ਵਿਕਸਿਤ ਦੇਸ਼ਾਂ ਵਿੱਚ ਸੜਕ ਹਾਦਸੇ ਹੁੰਦੇ ਹਨ ਪਰ ਉਥੇ ਸੜਕ ਹਾਦਸਿਆਂ ਦੀ ਗਿਣਤੀ ਬਹੁਤ ਹੀ ਘੱਟ ਹੈ। ਭਾਰਤ ਸਰਕਾਰ ਵੱਲੋਂ ਰੋਡ ਟੈਕਸ, ਰੋਡ ਸੈਸ, ਟੋਲ ਟੈਕਸ ਅਤੇ ਹੋਰ ਕਈ ਤਰ੍ਹਾਂ ਦੇ ਟੈਕਸ ਸੜਕਾਂ ਬਣਾਉਣ ਦੇ ਨਾਮ ਤੇ ਜਨਤਾ ਤੋਂ ਵਸੂਲ ਕੀਤੇ ਜਾਂਦੇ ਹਨ ਪਰ ਫਿਰ ਵੀ ਜਨਤਾ ਨੂੰ ਟੁੱਟੀਆਂ ਸੜਕਾਂ ਨਸੀਬ ਹੁੰਦੀਆਂ ਹਨ। ਇਹਨਾਂ ਟੁੱਟੀਆਂ ਸੜਕਾਂ ਕਾਰਨ ਆਏ ਦਿਨ ਸੜਕ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਕੀਮਤੀ ਜਾਨਾਂ ਜਾਂਦੀਆ ਹਨ। ਪਰ ਸਾਡੇ ਦੇਸ਼ ਦੇ ਨੇਤਾਵਾਂ ਨੂੰ ਟੁੱਟੀਆਂ ਸੜਕਾਂ ਨਾਲ ਕੋਈ ਮਤਲਬ ਨਹੀਂ ਹੁੰਦਾ ਕਿਉਂਕਿ ਸਾਡੇ ਨੇਤਾਵਾਂ ਨੇ ਤਾਂ ਹਵਾਈ ਸਫਰ ਕਰਨਾ ਹੁੰਦਾ ਹੈ। ਫਿਰ ਟੁੱਟੀਆਂ ਸੜਕਾਂ ਦਾ ਨੇਤਾਵਾਂ ਨੇ ਚੋਣਾਂ ਸਮੇਂ ਫਾਇਦਾ ਵੀ ਉਠਾਉਣਾ ਹੁੰਦਾ ਹੈ। ਟੁੱਟੀਆਂ ਸੜਕਾਂ ਬਣਾਉਣ ਦੇ ਨਾਮ ਤੇ ਜਨਤਾ ਤੋਂ ਫਿਰ ਵੋਟਾਂ ਲਈਆਂ ਜਾਂਦੀਆਂ ਹਨ। ਸਾਡੇ ਦੇਸ਼ ਦੀਆਂ ਸੜਕਾਂ ਬਣਾਉਣ ਲਈ ਘਟੀਆਂ ਸਮੱਗਰੀ ਇਸਤੇਮਾਲ ਕੀਤੀ ਜਾਂਦੀ ਹੈ ਜਿਸ ਕਾਰਨ ਜੇਕਰ ਕੋਈ ਨਵੀਂ ਸੜਕ ਬਣਦੀ ਵੀ ਹੈ ਤਾਂ ਉਹ ਬਣਨ ਦੇ ਤੁਰੰਤ ਬਾਅਦ ਟੁੱਟਣੀ ਸ਼ੁਰੂ ਹੋ ਜਾਂਦੀ ਹੈ। ਜੇਕਰ ਪੰਜਾਬ ਸਰਕਾਰ ਵਲੋਂ ਪ੍ਰਾਪਤ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਦੇ ਮਾਮਲਿਆਂ ਸਬੰਧੀ ਪ੍ਰਾਪਤ ਜਾਣਕਾਰੀ ਵੇਖੀਏ ਤਾਂ ਇਸ ਜਾਣਕਾਰੀ ਅਨੁਸਾਰ ਸਾਲ 2006 ਵਿੱਚ 328533 ਚਲਾਨ ਕੀਤੇ ਗਏ ਅਤੇ 9,83,62,146/- ਰੁਪਏ ਜੁਰਮਾਨੇ ਵਜੋਂ ਵਸੂਲੇ ਗਏ, ਸਾਲ 2013 ਵਿੱਚ 1013850 ਚਲਾਨ ਕੀਤੇ ਗਏ ਅਤੇ 38,43,91,467/- ਰੁਪਏ ਜ਼ੁਰਮਾਨਾ ਵਸੂਲਿਆ ਗਿਆ। ਸਾਲ 2014 ਵਿੱਚ 30 ਸਤੰਬਰ 2014 ਤੱਕ 819079 ਚਲਾਨ ਕੀਤੇ ਗਏ ਅਤੇ 26,26,24,969/- ਰੁਪਏ ਜ਼ੁਰਮਾਨਾ ਵਸੂਲਿਆ ਗਿਆ। ਇਸ ਜਾਣਕਾਰੀ ਅਨੁਸਾਰ ਕੁਝ ਸਾਲਾਂ ਵਿੱਚ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਸਬੰਧੀ ਹੋਣ ਵਾਲੇ ਚਲਾਨਾਂ ਦੀ ਗਿਣਤੀ ਕਈ ਗੁਣਾ ਵੱਧ ਗਈ ਹੈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਸਬੰਧੀ ਵਸੂਲੇ ਗਏ ਜ਼ੁਰਮਾਨੇ ਦੀ ਰਾਸ਼ੀ ਵੀ ਕਾਫੀ ਵਧ ਗਈ ਹੈ। ਸਰਕਾਰ ਵਲੋਂ ਸਕੂਲਾਂ, ਕਾਲਜ਼ਾਂ, ਟਰੱਕ ਯੂਨੀਅਨਾਂ, ਰਿਕਸ਼ਾ ਯੂਨੀਅਨਾਂ, ਸ਼ਹਿਰਾਂ ਅਤੇ ਪਿੰਡਾਂ ਵਿੱਚ ਟਰੈਫਿਕ ਐਜੂਕੇਸ਼ਨ ਸੈਲ ਸਥਾਪਿਤ ਕੀਤੇ ਗਏ ਹਨ ਜੋ ਕਿ ਇਹਨਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕਰਦੇ ਹਨ ਤਾਂ ਜੋ ਸੜਕ ਹਾਦਸੇ ਘੱਟ ਹੋਣ। ਪੰਜਾਬ ਵਿੱਚ ਸਾਲ 2013 ਵਿੱਚ 10801 ਅਤੇ 2014 ਵਿੱਚ 30 ਸਤੰਬਰ ਤੱਕ 7834 ਟਰੈਫਿਕ ਐਜੂਕੇਸ਼ਨ ਸੈਲ ਸਥਾਪਿਤ ਕੀਤੇ ਗਏ ਹਨ। ਹਰ ਸਾਲ ਵੱਧ ਰਹੇ ਸੜਕ ਹਾਦਸਿਆਂ ਦੀ ਸੰਖਿਆ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣ ਤੇ ਪ੍ਰਸ਼ਨ ਚਿੰਨਲਗਾਉਂਦੀ ਹੈ। ਪੰਜਾਬ ਵਿੱਚ 2013 ਵਿੱਚ ਕੁਲੱ 5426 ਸੜ੍ਹਕ ਹਾਦਸੇ ਹੋਏ ਹਨ ਜਿਨ੍ਹਾਂ ਵਿੱਚ 3357 ਵਿਅਕਤੀ ਮਾਰੇ ਗਏ ਹਨ ਅਤੇ 4647 ਵਿਅਕਤੀ ਜਖਮੀ ਹੋਏ ਹਨ ਜਦਕਿ 2014 ਵਿੱਚ 30 ਸਤੰਬਰ ਤੱਕ 3908 ਸੜ੍ਹਕਹਾਦਸਿਆਂ ਵਿੱਚ 2380 ਵਿਅਕਤੀ ਮਾਰੇ ਗਏ ਹਨ ਅਤੇ 3144 ਵਿਅਕਤੀ ਜਖਮੀ ਹੋਏ ਹਨ। ਪੰਜਾਬ ਵਿੱਚ ਵਧ ਰਹੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵੇਖਕੇ ਜਾਪਦਾ ਹੈ ਕਿ ਲੋਕ ਟ੍ਰੈਫਿਕ ਨਿਯਮਾਂ ਤੋਂ ਜਾਣੂ ਹੋਣ ਦੀ ਬਜਾਏ ਅਣਜਾਣ ਹੋ ਰਹੇ ਹਨ ਅਤੇ ਸਰਕਾਰ ਦਾ ਟ੍ਰੈਫਿਕ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਪ੍ਰੋਗਰਾਮ ਸਫਲ ਨਹੀਂ ਹੋ ਰਿਹਾ ਹੈ। ਸਮੇਂ ਦੀ ਮੰਗ ਹੈ ਕਿ ਇਸ ਪ੍ਰੋਗਰਾਮ ਨੂੰ ਹੋਰ ਪ੍ਰਭਾਵਸਾਲੀ ਬਣਾਇਆ ਜਾਵੇ ਅਤੇ ਇਸ ਜਾਗਰੂਕਤਾ ਦਾ ਕੋਈ ਪੈਮਾਨਾ ਨਿਸ਼ਚਿਤ ਕੀਤਾ ਜਾਵੇ ਨਹੀਂ ਤਾਂ ਇਹ ਪ੍ਰੋਗਰਾਮ ਸਿਰਫ ਖਾਨਾਪੂਰਤੀ ਹੀ ਸਾਬਤ ਹੋਵੇਗਾ।  
ਕੁਲਦੀਪ ਚੰਦ 
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ ਪੰਜਾਬ
9417563054