20 ਫਰਵਰੀ ਲਈ ਵਿਸ਼ਵ ਸਮਾਜਿਕ ਨਿਆ ਦਿਵਸ ਸਬੰਧੀ ਵਿਸ਼ੇਸ਼।
ਬਹੁਤ ਦੂਰ ਹੈ ਸਮਾਜਿਕ ਨਿਆਂ ਦੀ ਮੰਜ਼ਿਲ, ਕਦੋਂ ਰੁਕੇਗੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਅਤੇ ਸਮਾਜਿਕ ਅਨਿਆਂ ਦੀ ਗੱਡੀ।

15 ਫਰਵਰੀ, 2015 (ਕੁਲਦੀਪ ਚੰਦ) ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਇਸਦੀ ਸਮਝ, ਸੋਚਣ ਸ਼ਕਤੀ ਅਤੇ ਦਿਮਾਗ ਇਸਨੂੰ ਹੋਰ ਪ੍ਰਾਣੀਆਂ ਤੋਂ ਵੱਖ ਕਰਦਾ ਹੈ ਅਤੇ ਮਨੁੱਖਤਾ ਦੀ ਪਹਿਚਾਣ ਹੈ। ਬੇਸ਼ੱਕ ਕੁਦਰਤ ਵਲੋਂ ਹਰ ਇਨਸਾਨ ਨੂੰ ਇੱਕ ਬਰਾਬਰ ਹੀ ਮੰਨਿਆਂ ਜਾਂਦਾ ਹੈ ਅਤੇ ਕੁਦਰਤੀ ਨਿਆਂ ਸਭ ਲਈ ਬਰਾਬਰ ਹੈ, ਪਰੰਤੁ ਸਮਾਜ ਵਿੱਚ ਫੈਲੀ ਸਮਾਜਿਕ, ਆਰਥਿਕ ਅਤੇ ਧਾਰਮਿਕ ਤੋਰ ਤੇ ਊਚ ਨੀਚ ਦੀ ਭਾਵਨਾਂ ਕਾਰਨ ਸਮਾਜਿਕ ਅਨਿਆਂ ਦੀ ਭਾਵਨਾ ਵਿਕਸਿਤ ਹੋ ਰਹੀ ਹੈ।  ਸਮਾਜਿਕ ਨਿਆਂ ਦਾ ਭਾਵ ਬਿਨਾਂ ਕਿਸੇ ਭੇਦ ਭਾਵ ਦੇ ਸਭ ਨੂੰ ਵਿਕਸਿਤ ਹੋਣ ਦੇ ਬਿਨਾਂ ਕਿਸੇ ਤਰਾਂ ਦੇ ਪੱਖਪਾਤ ਤੋਂ ਇੱਕੋ ਜਿਹੇ ਮੋਕੇ ਪ੍ਰਦਾਨ ਕਰਨਾ ਹੈ ਤਾਂ ਜੋ ਸਮਾਜ ਦਾ ਕੋਈ ਵੀ ਵਰਗ ਵਿਕਾਸ ਦੀ ਦੋੜ ਵਿੱਚ ਪਿੱਛੇ ਨਾਂ ਰਹਿ ਜਾਵੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਿਸ਼ਵ ਦੇ ਕਈ ਦੇਸ਼ਾਂ ਅਤੇ ਭਾਗਾਂ ਵਿੱਚ ਕਾਫੀ ਲੋਕਾਂ ਨਾਲ ਨਸਲ, ਰੰਗ, ਧਰਮ, ਲਿੰਗ, ਜਾਤਿ ਅਧਾਰ ਤੇ ਵਿਤਕਰਾ ਕੀਤਾ ਜਾਂਦਾ ਹੈ ਜਿਸ ਕਾਰਨ ਸਮਾਜਿਕ ਨਿਆਂ ਇੱਕ ਅਧੁਰਾ ਸੁਪਨਾ ਬਣਕੇ ਹੀ ਰਹਿ ਗਿਆ ਹੈ। ਸਮਾਜਿਕ ਨਿਆਂ ਦੀ ਮਹੱਤਤਾ ਨੂੰ ਵੇਖਦੇ ਹੋਏ  ਸੰਯੁਕਤ ਰਾਸ਼ਟਰ ਨੇ 20 ਫਰਵਰੀ ਦਾ ਦਿਨ ਸਮਾਜਿਕ ਨਿਆਂ ਦਿਵਸ ਦੇ ਤੋਰ ਤੇ ਘੋਸ਼ਿਤ ਕੀਤਾ ਹੈ ਅਤੇ 20 ਫਰਵਰੀ 2009 ਤੋਂ ਇਸ ਦਿਨ ਨੂੰ ਪੂਰੇ ਸੰਸਾਰ ਵਿੱਚ ਵਿਸ਼ਵ ਸਮਾਜਿਕ ਨਿਆਂ ਦਿਵਸ ਦੇ ਤੋਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਵਿਸ਼ਵ ਦੇ ਬਹੁਤੇ ਦੇਸ਼ਾਂ ਵਿੱਚ ਵਿਸ਼ੇਸ ਮਹੱਤਤਾ ਦਿਤੀ ਜਾਂਦੀ ਹੈ ਅਤੇ ਇਸ ਦਿਨ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਸਮਾਗਮਾਂ ਵਿੱਚ ਹਰ ਦੇਸ਼ ਅਪਣੇ ਆਪ ਨੂੰ ਸਮਾਜਿਕ ਨਿਆਂ ਦੇ ਮੁੱਦੇ ਤੇ ਨਿਰਪੱਖ ਹੋਣ ਦਾ ਦਾਅਵਾ ਕਰਦਾ ਹੈ। ਸਾਡਾ ਦੇਸ਼ ਜੋਕਿ ਇੱਕ ਵੱਡਾ ਲੋਕਤੰਤਰਿਕ ਦੇਸ਼ ਹੈ ਵਿੱਚ ਸਮਾਜਿਕ ਢਾਂਚਾ ਇਸ ਤਰਾਂ ਦਾ ਹੈ ਕਿ ਕਈ ਵਰਗਾਂ ਦੇ ਲੋਕ ਸਮਾਜਿਕ ਅਨਿਆਂ ਦੇ ਸ਼ਿਕਾਰ ਹੋ ਰਹੇ ਹਨ। ਸਾਡੇ ਦੇਸ਼ ਦਾ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਬਰਾਬਰਤਾ ਦਾ ਅਧਿਕਾਰ ਪ੍ਰਦਾਨ ਕਰਦਾ ਹੈ ਅਤੇ ਕਿਸੇ ਵੀ ਵਿਅਕਤੀ ਨਾਲ ਧਰਮ, ਨਸਲ, ਜਾਤਿ, ਜਨਮ ਸਥਾਨ ਆਦਿ ਦੇ ਅਧਾਰ ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ ਹੈ। ਪਰੰਤੂ ਹਕੀਕਤ ਇਹ ਹੈ ਕਿ ਬਹੁਤੇ ਲੋਕ ਭਾਰਤੀ ਸੰਵਿਧਾਨ ਅਤੇ ਕਨੂੰਨ ਨੂੰ ਟਿੱਚ ਸਮਝਦੇ ਹਨ ਜਿਸ ਕਾਰਨ ਸਾਡੇ ਦੇਸ਼ ਵਿੱਚ ਫੈਲੀ ਜਾਤਿ ਪ੍ਰਥਾ, ਧਾਰਮਿਕ ਵੰਡ ਕਾਰਨ ਸਮਾਜਿਕ ਅਨਿਆਂ ਵੱਧ ਰਿਹਾ ਹੈ ਜੋਕਿ ਦੇਸ਼ ਦੇ ਵਿਕਾਸ ਵਿੱਚ ਵੱਡਾ ਰੋੜਾ ਹੈ। ਜਾਤਿ ਪ੍ਰਥਾ ਅਤੇ ਧਰਮ ਦਾ ਪ੍ਰਭਾਵ ਸਾਡੇ ਦੇਸ ਵਿੱਚ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਅਕਸਰ ਵੇਖਣ ਨੂੰ ਮਿਲਦਾ ਹੈ ਅਤੇ ਇਸ ਲਈ ਕਾਫੀ ਹੱਦ ਤੱਕ ਸਾਡੇ ਰਾਜਨੀਤੀਵਾਨ ਜਿੰਮੇਵਾਰ ਹਨ। ਧਰਮ ਅਤੇ ਜਾਤ ਦੇ ਅਧਾਰ ਤੇ ਹੁੰਦੇ ਦੰਗੇ ਕਿਸੇ ਤੋਂ ਲੁਕੇ ਨਹੀਂ ਹਨ ਅਤੇ ਇਨ੍ਹਾਂ ਦੰਗਿਆ ਪਿੱਛੇ ਰਾਜਨੀਤੀਵਾਨਾਂ ਦਾ ਕਾਫੀ ਹੱਥ ਹੁੰਦਾ ਹੈ। ਸਾਡੇ ਦੇਸ਼ ਵਿੱਚ ਇੱਕ ਗਰੀਬ ਵਿਅਕਤੀ ਨਿਆਂ ਪ੍ਰਾਪਤ ਕਰਨ ਲਈ ਦਰ ਦਰ ਦੀਆਂ ਠੋਕਰਾਂ ਖਾਂਦਾ ਹੈ ਪਰੰਤੂ ਉਸਨੂੰ ਕੋਈ ਵੀ ਰਸਤਾ ਨਜ਼ਰ ਨਹੀਂ ਆਂਦਾ ਹੈ। ਸਾਡੇ ਦੇਸ ਵਿੱਚ ਭੁੱਖਮਰੀ ਨਾਲ ਤੜਫਦੇ ਲੋਕ, ਬਿਨਾਂ ਛੱਤ ਤੋਂ ਰਾਤਾਂ ਕੱਟਦੇ ਲੋਕ, ਮੁਢਲੀਆਂ ਸਹੂਲਤਾਂ ਨੂੰ ਤਰਸਦੇ ਲੋਕ ਸਮਾਜਿਕ ਨਿਆਂ ਦੇ ਰਾਹ ਵਿੱਚ ਵੱਡਾ ਰੋੜਾ ਹਨ। ਸਾਡੇ ਦੇਸ਼ ਦਾ ਨਿਆਇਕ ਢਾਂਚਾ ਜੋਕਿ ਬਹੁਤ ਹੀ ਸਮਾਂ ਲੈਂਦਾ ਹੈ ਅਤੇ ਖਰਚੀਲਾ ਹੈ ਕਾਰਨ ਬਹੁਤੇ ਸਾਧਨਹੀਣ ਲੋਕ ਇਨਸਾਫ ਲੈਣ ਲਈ ਤੜਫਦੇ ਰਹਿੰਦੇ ਹਨ ਜਦਕਿ ਸਾਧਨ ਸੰਪਨ  ਲੋਕ ਇਸਦਾ ਦੁਰਉਪਯੋਗ ਵੀ ਕਰਦੇ ਹਨ। ਸਾਡੇ ਦੇਸ ਵਿੱਚ ਬਹੁਤੇ ਥਾਵਾਂ ਤੇ ਨਾਗਰਿਕਾਂ ਦੀ ਰੱਖਿਆ ਕਰਨ ਵਾਲੀ ਪੁਲਿਸ ਹੀ ਅਪਣੇ ਦੇਸ ਦੇ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਵਿੱਚ ਮੋਹਰੀ ਰਹਿੰਦੀ ਹੈ ਅਤੇ ਇਸ ਵਿੱਚ ਕਈ ਵਾਰ ਸਾਡੇ ਦੇਸ਼ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਨੇਤਾ ਵੀ ਹੱਲਾ ਸ਼ੇਰੀ ਦਿੰਦੇ ਹਨ। ਸਰਕਾਰ ਵਲੋਂ ਲਿਤਾੜੇ ਅਤੇ ਪੱਛੜੇ ਵਰਗਾਂ ਨੂੰ ਸਮਾਜਿਕ ਨਿਆਂ ਦੇਣ ਲਈ ਬੇਸ਼ੱਕ ਵੱਖ ਵੱਖ ਆਯੋਗ ਮਨੁਖੀ ਅਧਿਕਾਰ ਆਯੋਗ, ਬਾਲ ਅਧਿਕਾਰ ਆਯੋਗ, ਮਹਿਲਾ ਆਯੋਗ, ਅਨੂਸੂਚਿਤ ਜਾਤਿ ਆਯੋਗ, ਅਨੂਸੂਚਿਤ ਜਨਜਾਤਿ ਆਯੋਗ, ਘਟ ਗਿਣਤੀ ਆਯੋਗ ਆਦਿ ਬਣਾਏ ਗਏ ਹਨ ਪਰੰਤੂ ਇਹ ਸਭ ਵੀ ਇਨ੍ਹਾਂ ਲਿਤਾੜੇ ਤੇ ਪੱਛੜੇ ਵਰਗ ਦੇ ਲੋਕਾਂ ਨੂੰ ਸਮਾਜਿਕ ਨਿਆ ਦਿਵਾਉਣ ਵਿੱਚ ਬਣਦਾ ਯੋਗਦਾਨ ਨਹੀਂ ਪਾ ਰਹੇ ਹਨ ਜਿਸ ਕਾਰਨ ਅੱਜ ਵੀ ਦੇਸ ਦੇ ਕਈ ਭਾਗਾਂ ਵਿੱਚ ਸਮਾਜਿਕ ਅਨਿਆਂ ਤੋਂ ਦੁਖੀ ਲੋਕ ਨਿਆਂ ਪਾਣ ਲਈ ਗੱਲਤ ਢੰਗ ਅਪਣਾ ਰਹੇ ਹਨ ਜਿਸਦੀ ਉਦਾਹਰਣ ਦੇਸ਼ ਦੇ ਕਈ ਭਾਗਾਂ ਵਿੱਚ ਚੱਲ ਰਹੇ ਅੱਤਵਾਦੀ ਸੰਗਠਨ ਹਨ। ਸਮਾਜਿਕ ਨਿਆਂ ਦੀ ਮੰਜ਼ਿਲ ਪਾਣ ਲਈ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ ਅਤੇ ਇਸ ਲਈ ਸਿਰਫ ਇੱਕ ਦਿਨ ਸਮਾਗਮ ਕਰਨ, ਭਾਸ਼ਣਬਾਜੀ ਕਰਨ ਨਾਲ ਕੁੱਝ ਬਦਲਣ ਵਾਲਾ ਨਹੀਂ ਹੈ। ਜੇਕਰ ਅਸੀਂ ਸਹੀ ਅਰਥਾਂ ਵਿੱਚ ਸਮਾਜਿਕ ਨਿਆਂ ਦੀ ਮੰਜਿਲ ਵੱਲ ਵਧਣਾ ਚਾਹੁੰਦੇ ਹਾਂ ਤਾਂ ਇਸਦੇ ਰਾਹ ਵਿੱਚ ਆਣ ਵਾਲੇ ਰੋੜਿਆਂ ਨਾਲ ਸੱਖਤੀ ਨਾਲ ਨਜਿੱਠਣਾ ਪਵੇਗਾ।   

ਕੁਲਦੀਪ ਚੰਦ 
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ ਪੰਜਾਬ
9417563054