tumblr tracker

 

 

 

 

 

 

 

 

 

 

 

ਸਰਕਾਰਾਂ ਅਤੇ ਰਾਜਨੀਤੀਵਾਨਾ ਦੀ ਲਾਪਰਵਾਹੀ ਦਾ ਸ਼ਿਕਾਰ ਹੋ ਰਹੇ ਹਨ ਦੇਸ ਵਿੱਚ ਸਿਕਲੀਗੀਰ।
ਅਨੁਸੂਚਿਤ ਜਾਤਿ ਹੋਣ ਦੇ ਬਾਬਜੂਦ ਨਹੀਂ ਮਿਲ ਰਿਹਾ ਭਲਾਈ ਯੋਜਨਾਵਾਂ ਦਾ ਲਾਭ।

ਭਾਰਤ ਦੇਸ਼ ਵਿੱਚ ਵੱਖ ਵੱਖ ਧਰਮਾ ਅਤੇ ਜਾਤਾਂ ਦੇ ਲੋਕ ਰਹਿੰਦੇ ਹਨ। ਦੁਸ਼ਮਣਾਂ ਨਾਲ ਹੋਣ ਵਾਲੀਆਂ ਲੜਾਈਆਂ ਲਈ ਕਿਸੇ ਵੇਲੇ ਹਥਿਆਰ ਬਣਾਉਣ ਵਾਲੇ ਸਿਕਲੀਗਰ ਜਾਤ ਨਾਲ ਸਬੰਧਿਤ ਲੋਕ ਹੁਣ ਸਰਕਾਰਾਂ ਅਤੇ ਰਾਜਨੀਤੀਵਾਨਾਂ ਦੀ ਲਾਪਰਵਾਹੀ ਦਾ ਸ਼ਿਕਾਰ ਹੋ ਰਹੇ ਹਨ। ਸਿਗਲੀਗਰ ਪਰਸ਼ੀਅਨ ਭਾਸ਼ਾ ਦੇ ਸਾਕੀ/ਸਕਲੀ ਤੋਂ ਬਣਿਆ ਹੈ। ਇਹ ਲੋਹੇ ਦੇ ਜੰਗੀ ਹਥਿਆਰ ਤਲਵਾਰਾਂ, ਢਾਲਾਂ ਆਦਿ ਬਣਾਉਂਦੇ ਸਨ ਅਤੇ ਸਕਲਰ ਦਾ ਮਤਲਬ ਹੈ ਤਲਵਾਰ ਨੂੰ ਪਾਲਿਸ਼ ਕਰਨਾ। ਸਿਕਲੀਗਰ ਲੋਹੇ ਦੇ ਹਥਿਆਰ ਔਜ਼ਾਰ ਬਣਾਉਣ ਅਤੇ ਉਹਨਾਂ ਨੂੰ ਪਾਲਿਸ਼ ਕਰਨ ਦਾ ਕੰਮ ਕਰਦੇ ਸਨ। ਪੁਰਾਣੇ ਸਮਿਆਂ ਵਿੱਚ ਲੜਾਈਆਂ ਤਲਵਾਰਾਂ, ਨੇਜਿਆਂ, ਬਰਛਿਆਂ ਆਦਿ ਨਾਲ ਕੀਤੀਆਂ ਜਾਂਦੀਆਂ ਸਨ ਅਤੇ ਤਲਵਾਰਾਂ, ਢਾਲਾਂ, ਨੇਜਿਆਂ, ਸ਼ੀਲਡਾਂ ਆਦਿ ਦੀ ਭਾਰੀ ਮੰਗ ਹੁੰਦੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਿਗਲੀਗਰਾਂ ਮੁੱਖ ਰੂਪ ਵਿੱਚ ਆਂਧਰਾ ਪ੍ਰਦੇਸ, ਮਹਾਂਰਾਸ਼ਟਰ, ਕਰਨਾਟਕਾ, ਗੁਜਰਾਤ, ਹਰਿਆਣਾ,  ਪੰਜਾਬ, ਰਾਜਾਸਥਾਨ, ਮੱਧ ਪ੍ਰਦੇਸ਼ ਆਦਿ ਰਾਜਾਂ ਵਿੱਚ  ਰਹਿੰਦੇ ਹਨ।  ਇਹਨਾਂ ਨੂੰ ਵੱਖ ਵੱਖ ਰਾਜਾਂ ਵਿੱਚ ਕਾਮਗਾਰ, ਕਰੀਨਗਰ, ਕੁਛਬੰਦ, ਲੌਹਾਰ, ਪੰਚਲ ਸੈਕਲਗਰ, ਸੱਕਾ, ਸਿਗਲੀਗਰ, ਸਿਗਲੀਗਰ ਸਿੱਖ ਆਦਿ ਨਾਵਾਂ ਨਾਲ ਵੀ ਬੁਲਾਇਆ ਜਾਂਦਾ ਹੈ। ਇਹਨਾਂ ਨੂੰ ਆਮ ਤੌਰ ਤੇ ਗੱਦੀ ਲੌਹਾਰ ਵੀ ਕਿਹਾ ਜਾਂਦਾ ਹੈ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਵਿੱਚ ਗੱਦੀ ਲੌਹਾਰਾਂ ਦਾ ਪਹਿਲੀ ਵਾਰ ਸਿੱਖਾਂ ਨਾਲ ਮੇਲ ਹੋਇਆ। ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਤੋਂ ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਨਾਮ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਸਿੱਖ ਕੌਮ ਨੂੰ ਪੜ੍ਹਨ ਅਤੇ ਮਾਰਸ਼ਲ ਆਰਟ ਵਿੱਚ ਨਿਪੁੰਨ ਕਰਨ ਦੇ ਨਾਲ-ਨਾਲ ਹਥਿਆਰ ਚਲਾਉਣ ਵਿੱਚ ਨਿਪੁੰਨ ਕੀਤਾ ਜਾਣ ਲੱਗਾ। ਇਸਦੇ ਲਈ ਤਲਵਾਰਾਂ ਅਤੇ ਹੋਰ ਲੋਹੇ ਦੇ ਹਥਿਆਰਾਂ ਦੀ ਭਾਰੀ ਲੋੜ ਸੀ ਜਿਸਨੂੰ ਕਿ ਸਿਗਲੀਗਰ ਸਿੱਖਾਂ ਨੇ ਬਣਾ ਕੇ ਇਸ ਜ਼ਰੂਰਤ ਨੂੰ ਪੂਰਾ ਕੀਤਾ ਸੀ। ਇਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਆਨੰਦਪੁਰ ਸਾਹਿਬ ਵਿੱਚ ਕਿਲਾ ਲੋਹਗੜ੍ਹ ਦਾ ਨਿਰਮਾਣ ਵੀ ਕੀਤਾ ਸੀ ਅਤੇ ਕਈ ਲੜਾਈਆਂ ਵਿੱਚ ਭਾਗ ਲਿਆ। ਇੱਕ ਸਿਕਲੀਗਰ ਜਿਸਦਾ ਨਾਮ ਰਾਮ ਚੰਦ ਸੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸਨੂੰ ਸਿੱਖ ਬਣਾ ਕੇ ਉਸਦਾ ਨਾਮ ਰਾਮ ਸਿੰਘ ਰੱਖ ਦਿੱਤਾ ਅਤੇ ਇਸ ਤਰ੍ਹਾਂ ਪਹਿਲਾਂ ਸਿਕਲੀਗਰ ਸਿੱਖ ਬਣਿਆ। ਉਹ ਗੁਰੂ ਜੀ ਦੇ ਰਾਤ ਦੇ ਸਮੇਂ ਕਿਲ੍ਹਾ ਛੱਡਣ ਸਮੇਂ ਅਤੇ ਚਮਕੌਰ ਦੀ ਲੜਾਈ ਵਿੱਚ ਨਾਲ ਰਿਹਾ। ਭਾਈ ਬਦਨ ਸਿੰਘ ਅਤੇ ਭਾਈ ਮੋਦਨ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਨੰਦੇੜ ਸਾਹਿਬ ਤੱਕ ਨਾਲ ਰਹੇ। ਇਸਤੋਂ ਬਾਦ ਇਹ ਸਿਕਲੀਗਰ ਛੋਟੇ ਛੋਟੇ ਸਮੂਹਾਂ ਵਿੱਚ ਵੰਡੇ ਗਏ। ਇਨ੍ਹਾਂ ਵਿਚੋਂ ਕੁੱਝ ਮਹਾਰਾਜਾ ਆਲਾ ਸਿੰਘ ਦੀ ਸੇਵਾ ਵਿੱਚ ਲੱਗ ਗਏ। ਜਦੋਂ ਨਾਹਨ ਦੇ ਮਹਾਰਾਜ ਨੇ ਹਥਿਆਰਾਂ ਬਾਰੇ ਅਤੇ ਹਥਿਆਰਾਂ ਨੂੰ ਬਣਾਉਣ ਸਬੰਧੀ ਮਹਾਰਾਜਾ ਆਲਾ ਸਿੰਘ ਨੂੰ ਪੁੱਛਿਆ ਤਾਂ ਮਹਾਰਾਜਾ ਆਲਾ ਸਿੰਘ ਨੇ ਸਿਕਲੀਗਰ ਮੋਹਣ ਸਿੰਘ, ਮਦਨ ਸਿੰਘ, ਟੈਹਲ ਸਿੰਘ ਨੂੰ ਭੇਜਿਆ। ਮਹਾਰਾਣੀ ਆਸ ਕੌਰ ਮਿਸਰ ਨੌਧ ਦੀ ਬਗਾਵਤ ਵੇਲੇ ਸਿਕਲੀਗਰ  ਕੇਸਰ ਸਿੰਘ, ਮਹਿਤਾਵ ਸਿੰਘ, ਖੁਮ ਸਿੰਘ, ਗੁਲਾਬ ਸਿੰਘ, ਜਵਾਹਰ ਸਿੰਘ ਆਦਿ ਨੇ ਲੜਾਈ ਵਿੰਚ ਜੋਹਰ ਵਿਖਾਏ ਅਤੇ ਲੜਾਈ ਜਿੱਤ ਲਈ। ਬਾਦ ਵਿੱਚ ਇਨ੍ਹਾਂ ਨੂੰ ਮਿਸਰ ਵਲੋਂ ਮੌਤ ਦੀ ਸਜਾ ਦਿਤੀ ਗਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਇਨ੍ਹਾਂ ਨੇ ਬੰਦੂਕਾ ਤੇ ਰਾਇਫਲਾਂ ਬਣਾਉਣੀਆਂ ਸ਼ੁਰੂ ਕੀਤੀਆਂ। ਇਨ੍ਹਾਂ ਵਲੋਂ ਬਣਾਈਆਂ ਜਾਂਦੀਆਂ ਰਾਇਫਲਾਂ ਦੇ ਨਾਮ ਮੁੱਖ ਤੌਰ ਤੇ ਟੋਰੇਦਾਰ, ਕੋਟਲੀ, ਪੱਤਾ, ਚੂਰੀਦਾਰ ਅਤੇ ਸਾਦਾ ਆਦਿ ਸਨ। ਅੰਗਰੇਜੀ ਹਕੂਮਤ ਵੇਲੇ ਇਨ੍ਹਾਂ ਤੇ ਕਹਿਰ ਵਰਤਿਆ। ਅੰਗਰੇਜਾਂ ਨੇ ਇਨ੍ਹਾਂ ਵਲੋਂ ਬਣਾਏ ਜਾਣ ਵਾਲੇ ਹਥਿਆਰਾ ਤੇ ਪਾਬੰਦੀ ਲਗਾ ਦਿਤੀ ਅਤੇ ਇਨ੍ਹਾਂ ਨੂੰ ਅਪਰਾਧਿਕ ਕਬੀਲਾ ਘੋਸ਼ਿਤ ਕਰ ਦਿਤਾ। ਇਸਤੋਂ ਬਾਦ ਇਹ ਵਿਖਰ ਗਏ ਅਤੇ ਛੋਟੇ ਛੋਟੇ ਸਮੂਹਾਂ ਵਿੰਚ ਰਹਿਣ ਲੱਗ ਪਏ। ਇਨ੍ਹਾਂ ਨੇ ਹਥਿਆਰ ਬਣਾਉਣ ਦਾ ਖਾਨਦਾਨੀ ਧੰਦਾ ਛੱਡਕੇ ਚਾਕੂ ਛੁਰੀਆਂ ਅਤੇ ਕੈਂਚੀਆਂ ਤੇਜ਼ ਕਰਨ ਦਾ ਕੰਮ ਅਤੇ ਤਾਲਿਆਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿਤਾ। ਨਵੀਂ ਪੀੜ੍ਹੀ ਦੇ ਹਥਿਆਰਾਂ ਅਤੇ ਤਕਨਾਲੋਜੀ ਕਰਕੇ ਸਿਕਲੀਗਰਾਂ ਦੇ ਲੋਹੇ ਦੇ ਕੰਮ ਤੇ ਮਾੜਾ ਅਸਰ ਪਿਆ ਹੈ ਅਤੇ ਇਹਨਾਂ ਦੀ ਆਰਥਿਕਤਾ ਡਾਵਾਂਡੋਲ ਹੋ ਗਈ ਹੈ। ਜਿਸ ਕਾਰਨ ਇਹ ਲੋਕ ਗਰੀਬ ਹੋ ਗਏ ਅਤੇ ਇਹਨਾਂ ਨੂੰ ਭਾਰਤ ਸਰਕਾਰ ਨੇ ਅਨੁਸੂਚਿਤ ਜਾਤਿ ਵਿੱਚ ਸ਼ਾਮਿਲ ਕਰ ਦਿੱਤਾ ਹੈ। ਇਹ ਲੋਕ ਛੋਟੇ-ਛੋਟੇ ਸਮੂਹਾਂ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਰਹਿੰਦੇ ਹਨ। ਇਹ ਚਾਕੂ ਛੁਰੀਆਂ, ਦਾਤੀਆਂ, ਤਾਲੇ, ਟੋਕਰੀਆਂ ਅਤੇ ਲੋਹੇ ਦੀ ਟੁੱਟ ਭੱਜ ਤੋਂ ਹੋਰ ਵਸਤੂਆਂ ਜਿਵੇਂ ਕਿ ਖਿਡੌਣੇ ਆਦਿ ਬਣਾ ਕੇ ਵੇਚਦੇ ਹਨ। ਇਹ ਲੋਕ ਗਲੀਆਂ ਮੁਹੱਲਿਆਂ ਵਿੱਚ ਚਾਕੂ ਛੁਰੀਆਂ ਅਤੇ ਕੈਂਚੀਆਂ ਤੇਜ਼ ਕਰਨ ਦਾ ਕੰਮ ਕਰਦੇ ਹਨ ਅਤੇ ਤਾਲਿਆਂ ਨੂੰ ਠੀਕ ਕਰਦੇ ਹਨ ਅਤੇ ਉਹਨਾਂ ਦੀਆਂ ਚਾਬੀਆਂ ਵੀ ਬਣਾ ਦਿੰਦੇ ਹਨ। ਇਨ੍ਹਾਂ ਦੀ ਖਸਤਾ ਆਰਥਿਕ ਹਾਲਤ ਹੋਣ ਕਾਰਨ ਇਹ ਗਰੀਬੀ ਵਿੱਚ ਜਿੰਦਗੀ ਬਸਰ ਕਰ ਰਹੇ ਹਨ। ਇਹਨਾਂ ਦਾ ਕੋਈ ਪੱਕਾ ਥਾਂ ਘਰ ਠਿਕਾਣਾ ਨਹੀਂ ਹੈ ਅਤੇ ਨਾ ਹੀ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਕੋਈ ਪੱਕਾ ਬੰਦੋਬਸਤ ਹੈ। ਇਹਨਾਂ ਦੇ ਜ਼ਿਆਦਾਤਰ ਬੱਚੇ ਅਨਪੜ੍ਹ ਹੀ ਰਹਿੰਦੇ ਹਨ ਅਤੇ ਪਿਤਾ ਪੁਰਖੀ ਕਿੱਤਾ ਅਪਣਾ ਕੇ ਆਪਣੀ ਰੋਜ਼ੀ-ਰੋਟੀ ਚਲਾਉਂਦੇ ਹਨ। ਇੱਕ ਸਿਗਲੀਕਰ ਸਿੱਖ ਜਿਸਦਾ ਨਾਮ ਬਲਵੀਰ ਸਿੰਘ ਉਮਰ 52 ਸਾਲ ਹੈ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦਾ ਪਰਿਵਾਰ ਖਰੜ ਨੇੜੇ ਪਿੰਡ ਖਾਨਪੁਰ ਵਿੱਚ ਰਹਿੰਦਾ ਹੈ ਜਿੱਥੇ ਕਿ ਸਿਗਲੀਗਰ ਸਿੱਖਾਂ ਦੇ 14-15 ਘਰ ਹਨ। ਉਸਨੇ ਦੱਸਿਆ ਕਿ ਉਸਦੇ ਪਿਤਾ  ਮੇਲਾ ਸਿੰਘ ਵੀ ਕੈਂਚੀਆਂ ਛੁਰੀਆਂ ਤਿੱਖੀਆਂ ਕਰਨ ਦਾ ਕੰਮ ਕਰਦਾ ਸੀ, ਤਾਇਆ ਬੰਤਾ ਸਿੰਘ ਉਮਰ 95 ਸਾਲ ਅਤੇ ਦਾਦਾ ਅਰਜੁਨ ਸਿੰਘ ਉਮਰ 90 ਸਾਲ ਵੀ ਇਹੀ ਕੰਮ ਕਰਦੇ ਰਹੇ ਹਨ। ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਨੇ ਦੱਸਿਆ ਕਿ ਉਸਦੇ 5 ਬੱਚੇ ਰਿੰਕੂ ਬੇਟਾ ਉਮਰ 19 ਸਾਲ, ਕਾਜਲ ਬੇਟੀ ਉਮਰ 15 ਸਾਲ, ਆਂਚਲ ਬੇਟੀ ਉਮਰ 11 ਸਾਲ, ਮਨਪ੍ਰੀਤ ਬੇਟਾ ਉਮਰ 8 ਸਾਲ ਅਤੇ ਚਰਨਜੀਤ ਉਮਰ 5 ਸਾਲ ਹਨ। ਉਸਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਕੁੱਲੂ ਮਨਾਲੀ, ਜੰਮੂ, ਧਰਮਸ਼ਾਲਾ, ਹਰਿਆਣਾ ਅਤੇ ਦਿੱਲੀ ਆਦਿ ਸਮੇਤ ਪੰਜਾਬ ਦੇ ਹੁਸ਼ਿਆਰਪੁਰ, ਜਲੰਘਰ, ਅਮ੍ਰਿਤਸਰ, ਲੁਧਿਆਦਾ, ਰੋਪੜ੍ਹ, ਪਟਿਆਲਾ ਆਦਿ ਇਲਾਕਿਆਂ ਵਿੱਚ ਜਾਕੇ ਕੈਂਚੀਆਂ, ਛੁਰੀਆਂ, ਚਾਕੂ ਤੇਜ਼ ਕਰਨ ਅਤੇ ਤਾਲੇ ਠੀਕ ਕਰਨ ਦਾ ਕੰਮ ਕਰਦਾ ਹੈ।  ਉਸਨੇ ਦੁਖੀ ਮਨ ਨਾਲ ਦੱਸਿਆ ਕਿ ਕਿਸੇ ਵੇਲੇ ਕਪੜੇ ਸਿਉਣ, ਵਾਲ ਕੱਟਣ ਦਾ ਕੰਮ ਕਰਨ ਵਾਲੇ ਲੋਕ ਅਤੇ ਹੋਟਲਾਂ-ਢਾਬਿਆਂ ਵਾਲੇ ਉਨ੍ਹਾਂ ਦਾ ਅਕਸਰ ਇੰਤਜਾਰ ਕਰਦੇ ਸਨ ਪਰੰਤੂ ਹੁਣ ਹੋਲੀ ਹੋਲੀ ਉਨ੍ਹਾਂ ਦਾ ਕੰਮ ਘਟਦਾ ਜਾ ਰਿਹਾ ਹੈ। ਉਸਨੇ ਦੱਸਿਆ ਕਿ ਕਿਸੇ ਵੀ ਸਰਕਾਰ ਅਤੇ ਰਾਜਨੀਤਿਕ ਪਾਰਟੀ ਨੇ ਉਨ੍ਹਾਂ ਦੀ ਭਲਾਈ ਲਈ ਠੋਸ ਕਦਮ ਨਹੀਂ ਚੁੱਕੇ ਹਨ। ਉਸਨੇ ਦੱਸਿਆ ਕਿ ਸਰਕਾਰ ਵਲੋਂ ਬੇਸ਼ੱਕ ਉਨ੍ਹਾਂ ਨੂੰ ਅਨੁਸੂਚਿਤ ਜਾਤ ਨਾਲ ਸਬੰਧਿਤ ਘੋਸ਼ਿਤ ਕੀਤਾ ਗਿਆ ਹੈ ਪਰੰਤੂ ਹੁਣ ਤੱਕ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ ਹੈ। ਉਸਨੇ ਦੱਸਿਆ ਕਿ ਉਹ ਬਾਕੀ ਪਰਿਵਾਰ ਦੇ ਨਾਲ ਕਿਸੇ ਜਿਮੀਂਦਾਰ ਦੀ ਜਗ੍ਹਾ ਤੇ ਰਹਿ ਰਿਹਾ ਹੈ ਜਿੱਥੇ ਕਿ ਉਸ ਦੇ ਵੱਡੇ ਵਡੇਰੇ ਲੱਗਭੱਗ 100 ਸਾਲ ਪਹਿਲਾਂ ਆਕੇ ਰਹਿਣ ਲੱਗ ਪਏ ਸਨ। ਉਸਨੇ ਦੱਸਿਆ ਕਿ ਸਰਕਾਰ ਵਲੋਂ ਅਨੁਸੂਚਿਤ ਜਾਤਾਂ ਲਈ ਬਣਾਈਆਂ ਗਈਆਂ ਭਲਾਈ ਸਕੀਮਾਂ ਬਾਰੇ ਹੁਣ ਤੱਕ ਉਨ੍ਹਾਂ ਨੂੰ ਕੁੱਝ ਵੀ ਪਤਾ ਨਹੀਂ ਹੈ ਅਤੇ ਨਾਂ ਹੀ ਕਿਸੇ ਤਰਾਂ ਦਾ ਕੋਈ ਲਾਭ ਮਿਲਿਆ ਹੈ। ਸਰਕਾਰ, ਧਾਰਮਿਕ ਆਗੂਆਂ ਅਤੇ ਰਾਜਨੀਤੀਵਾਨਾਂ ਨੂੰ ਸਾਡੇ ਸਮਾਜ ਦਾ ਗੋਰਵ ਰਹੇ ਇਨ੍ਹਾਂ ਲੋਕਾਂ ਦੀ ਭਲਾਈ ਲਈ ਠੋਸ ਯੋਜਨਾਵਾਂ ਬਣਾਉਣੀਆਂ ਤੇ ਲਾਗੂ ਕਰਨੀਆਂ ਚਾਹੀਦੀਆਂ ਹਨ।

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ 140124
9417563054