tumblr tracker

 

 

 

 

 

 

 

 

 

 

 

ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਦੇ ਜਨਮ

 ਦਿਵਸ ਤੇ ਵੀ ਬਾਬਾ ਸਾਹਿਬ ਦੇ ਨਾਮ ਤੇ ਬਣੇ ਪਾਰਕਾਂ ਦੀ ਕਿਸੇ ਨੇ ਸਾਰ

 ਨਾਂ ਲਈ, ਪਾਰਕਾਂ ਦੀ ਖਸਤਾ ਹਾਲਤ ਕਾਰਨ ਦਲਿਤਾਂ ਵਿੱਚ ਭਾਰੀ ਰੋਸ। 

15 ਅਪ੍ਰੈਲ, 2015 (ਕੁਲਦੀਪ ਚੰਦ) ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਭਾਰਤ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਮਨਾਇਆ ਗਿਆ। ਭਾਰਤ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਇਸ ਸਬੰਧੀ ਸਮਾਗਮ ਕਰਵਾਏ ਗਏ ਹਨ। ਅੱਜ ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਅਧਿਕਾਰੀਆਂ ਵਲੋਂ ਬਾਬਾ ਸਾਹਿਬ ਦੇ ਜਨਮ ਦਿਵਸ ਮੌਕੇ ਵੱਡੇ ਵੱਡੇ ਭਾਸ਼ਣ ਦਿਤੋ ਗਏ। ਇਨ੍ਹਾਂ ਭਾਸ਼ਣਾਂ ਨੂੰ ਸੁਣਕੇ ਲੱਗਦਾ ਹੈ ਕਿ ਸਭ ਰਾਜਨੇ}ਤਾ ਅਤੇ ਅਧਿਕਾਰੀ ਬਾਬਾ ਸਾਹਿਬ ਦਾ ਦਿਲੋਂ ਸਨਮਾਨ ਕਰਦੇ ਹਨ ਪਰ ਅਸਲੀਅਤ ਇਸਤੋਂ ਉਲਟ ਹੀ ਹੈ। ਅਸਲੀਅਤ ਇਹ ਹੈ ਕਿ ਰਾਜਨੇਤਾਵਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਬਾਬਾ ਸਾਹਿਬ ਦੇ ਨਾਮ ਤੇ ਬਣਾਏ ਗਏ ਸਥਾਨ ਖੰਡਰ ਹੋ ਰਹੇ ਹਨ। ਕਰੌੜਾਂ ਰੁਪਏ ਦਾ ਬਜ਼ਟ ਰੱਖਣ ਵਾਲੀ ਏ ਕਲਾਸ ਨਗਰ ਕੌਂਸਲ ਵਲੋਂ ਨੰਗਲ ਵਿੰਚ ਬਾਬਾ ਸਾਹਿਬ ਦੇ ਨਾਮ ਤੇ ਦੋ ਪਾਰਕ ਬਣਾਏ ਗਏ ਹਨ। ਇਨ੍ਹਾਂ ਪਾਰਕਾਂ ਨੂੰ ਬਣਾਉਣ ਲਈ ਲੱਖਾਂ ਰੁਪਏ ਖਰਚੇ ਗਏ ਹਨ ਪਰ ਇਨ੍ਹਾਂ ਪਾਰਕਾਂ ਦੀ ਸਹੀ ਸੰਭਾਲ ਨਾਂ ਹੋਣ ਕਾਰਨ ਇਹ ਖੰਡਰ ਬਣੇ ਹੋਏ ਹਨ ਅਤੇ ਇਨ੍ਹਾਂ ਪਾਰਕਾਂ ਵਿੱਚ ਕੋਈ ਵੀ ਜਾਣਾ ਪਸੰਦ ਨਹੀਂ ਕਰਦਾ ਹੈ। ਨੋਟੀਫਾਇਡ ਏਰੀਆ ਕਮੇਟੀ ਨੰਗਲ ਵਲੋਂ 1988 ਵਿੱਚ ਨੰਗਲ ਦੇ ਪੁਰਾਣਾ ਗੁਰੂਦੁਆਰਾ ਇਲਾਕੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਪਾਰਕ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਇਸ ਪਾਰਕ ਦਾ ਉਦਘਾਟਨ ਉਸ ਵੇਲੇ ਦੇ ਕਮੇਟੀ ਪ੍ਰਧਾਨ ਸਰਦਾਰ ਮਾਨ ਸਿੰਘ ਨੇ 24 ਨਵੰਬਰ 1988 ਨੂੰ ਕੀਤਾ ਸੀ। ਇਸ ਪਾਰਕ ਵਿੱਚ ਬੱਚਿਆਂ ਦੀ ਸਹੂਲਤ ਲਈ ਝੂਲੇ ਲਗਾਏ ਗਏ ਸਨ। ਲੱਖਾਂ ਰੁਪਏ ਖਰਚਕੇ ਬਣਾਏ ਗਏ ਇਸ ਪਾਰਕ ਦੀ ਹਾਲਤ ਹੁਣ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਖਸਤਾ ਹੋ ਚੁੱਕੀ ਹੈ। ਵਰਣਨਯੋਗ ਹੈ ਕਿ ਇਸ ਪਾਰਕ ਦੇ ਆਸੇ ਪਾਸੇ ਧਾਰਮਿਕ ਸਥਾਨ ਗੁਰੂਦੁਆਰਾ ਸ਼੍ਰੀ ਗੁਰੂ ਤੇਗ ਬਹਾਦੁਰ ਜੀ, ਸ਼੍ਰੀ ਬਾਲਮੀਕਿ ਮੰਦਰ, ਸ੍ਰੀ ਗੁਰੂ ਰਵਿਦਾਸ ਮੰਦਿਰ, ਆਰਿਆ ਸਮਾਜ ਮੰਦਰ, ਆਦਿ ਸਥਿਤ ਹਨ ਜਿਸ ਕਾਰਨ ਇਸ ਪਾਰਕ ਦਾ ਹੋਰ ਵੀ ਵੱਧ ਮਹੱਤਵ ਹੈ। ਇਸ ਪਾਰਕ ਵਿੱਚ ਬੱਚਿਆਂ ਦੇ ਖੇਡਣ ਲਈ ਲਗਾਏ ਗਏ ਝੂਲੇ ਟੱਟੇ ਪਏ ਹਨ ਅਤੇ ਪਾਰਕ ਵਿੱਚ ਹਰ ਪਾਸੇ ਗੰਦਗੀ ਫੈਲੀ ਹੋਈ ਹੈ। ਪਾਰਕ ਵਿੱਚ ਉਗੀਆਂ ਝਾੜੀਆਂ ਕਾਰਨ ਇਹ ਪਾਰਕ ਹੁਣ ਨਸ਼ਈਆਂ ਅਤੇ ਸਮਾਜ ਵਿਰੋਧੀ ਅਨੁਸਰਾਂ ਦਾ ਅੱਡਾ ਬਣ ਗਿਆ ਹੈ। ਡਾਕਟਰ ਬੀ ਆਰ ਅੰਬੇਡਕਰ ਪਾਰਕ 2 ਸੈਕਟਰ ਨਵਾਂ ਨੰਗਲ ਦਾ ਉਦਘਾਟਨ 14 ਅਪ੍ਰੈਲ 2005 ਨੂੰ ਉਸ ਵੇਲੇ ਹਲਕਾ ਵਿਧਾਇਕ ਕਾਂਗਰਸੀ ਆਗੂ ਰਾਣਾ ਕੇ ਪੀ ਸਿੰਘ ਨੇ ਕੀਤਾ ਸੀ। ਪ੍ਰਸ਼ਾਸਨ ਵਲੋਂ ਇਸ ਪਾਰਕ ਵਿੱਚ ਡਾਕਟਰ ਬੀ ਆਰ ਅੰਬੇਡਕਰ ਦਾ ਇੱਕ ਬੁੱਤ ਵੀ ਲਗਾਇਆ ਗਿਆ ਸੀ। ਹਰ ਸਾਲ 14 ਅਪ੍ਰੈਲ ਅਤੇ 6 ਦਸੰਬਰ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਸਬੰਧੀ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਡਾਕਟਰ ਬੀ ਆਰ ਅੰਬੇਡਕਰ ਪਾਰਕ 2 ਸੈਕਟਰ ਨਵਾਂ ਨੰਗਲ ਵਿੱਚ ਲਗਾਏ ਗਏ ਡਾਕਟਰ ਅੰਬੇਡਕਰ ਦੇ ਬੁੱਤ ਵੱਲ ਵੀ ਸ਼ਾਇਦ ਕਿਸੇ ਨੇ ਧਿਆਨ ਨਹੀਂ ਦਿਤਾ ਜਿਸ ਕਾਰਨ ਇਸ ਬੁੱਤ ਦੀਆਂ ਉਂਗਲੀਆਂ ਵੀ ਟੁੱਟ ਚੁਕੀਆਂ ਹਨ। ਪਾਰਕ ਨੂੰ ਅਵਾਰਾ ਜਾਨਵਰਾਂ ਅਤੇ ਗੈਰ ਸਮਾਜੀ ਅਨਸਰਾਂ ਨੇ ਅਪਣਾ ਅੱਡਾ ਬਣਾਇਆ ਹੋਇਆ ਹੈ ਅਤੇ ਪ੍ਰਬੰਧਕਾਂ ਵਲੋਂ ਇਸ ਲਈ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਹਨ। ਇਸ ਸਬੰਧੀ ਦਲਿਤ ਸਮਾਜ ਦੇ ਆਗੂਆਂ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਚੇਅਰਮੈਨ ਸਰਦਾਰੀ ਲਾਲ, ਬਕਾਨੂੰ ਰਾਮ, ਰਾਮ ਸਰੂਪ, ਦਰਸ਼ਨ ਸਿੰਘ, ਸੁਰੇਸ਼ ਕੁਮਾਰ, ਆਤਮਾ ਰਾਮ, ਕੇਵਲ ਕੁਮਾਰ, ਤਰਸੇਮ ਸਹੋਤਾ, ਗੋਪਾਲ ਕ੍ਰਿਸ਼ਨ ਚੋਹਾਨ, ਮਦਨ ਲਾਲ, ਦਲਿਤ ਫਾਂਊਡੇਸ਼ਨ ਫੈਲੋ ਕੁਲਦੀਪ ਚੰਦ ਅਦਿ ਨੇ ਦੱਸਿਆ ਕਿ ਇੱਕ ਪਾਸੇ ਸਰਕਾਰ ਵਲੋਂ ਡਾਕਟਰ ਅੰਬੇਡਕਰ ਵਲੋਂ ਸਮਾਜ ਦੇ ਲਤਾੜ੍ਹੇ ਵਰਗਾਂ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਨੂੰ ਦੇਖਦੇ ਹੋਏ ਵੱਡੇ-ਵੱਡੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਅਤੇ ਪਾਰਕਾਂ ਦਾ ਅਪਮਾਨ ਦਲਿਤਾਂ ਦੀਆਂ ਭਾਵਨਾਵਾਂ ਨਾਲ਼ ਖਿਲਵਾੜ੍ਹ ਹੈ। ਇਨ੍ਹਾਂ ਆਗੂਆਂ ਨੇ ਮੰਗ ਕੀਤੀ ਹੈ ਕਿ ਅਜਿਹੇ ਅਧਿਕਾਰੀਆਂ ਅਤੇ ਰਾਜਨੀਤੀਵਾਨਾਂ ਖਿਲਾਫ ਦਲਿਤਾਂ ਦੀਆਂ ਭਾਵਨਾਵਾਂ ਨੂੰ ਠੇਸ ਪੰਹੁਚਾਣ ਕਾਰਨ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਦਲਿਤ ਵਰਗ ਦੇ ਰਹਿਵਰਾਂ ਦਾ ਮਾਨ-ਸਨਮਾਨ ਕੀਤਾ ਜਾਵੇ ਨਹੀਂ ਤਾਂ ਦਲਿਤ ਵਰਗ ਵਲੋਂ ਸੰਘਰਸ਼ ਕੀਤਾ ਜਾਵੇਗਾ। 

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ 140124
9417563054