tumblr tracker

 

 

 

 

 

 

 

 

 

 

25 ਅਪ੍ਰੈਲ, 2015 ਲਈ ਵਿਸ਼ੇਸ਼

ਵਿਸ਼ਵ ਮਲੇਰੀਆ ਦਿਵਸ ਸਬੰਧੀ ਵਿਸ਼ੇਸ਼।
ਅੱਧੀ ਦੁਨੀਆ ਤੇ ਫੈਲਿਆ ਹੈ ਮਲੇਰੀਆ ਦਾ ਡਰ, ਮਲੇਰੀਆ ਦੀ ਰੋਕਥਾਮ ਦੇ ਲਈ ਖੋਜ ਜਾਰੀ ਹੈ। 

ਅੱਜ 25 ਅਪ੍ਰੈਲ ਨੂੰ ਪੂਰੇ ਵਿਸ਼ਵ ਵਿੱਚ ਮਲੇਰੀਆ ਦਿਵਸ ਮਨਾਇਆ ਜਾ ਰਿਹਾ ਹੈ। ਜੇਕਰ ਇਸ ਬਿਮਾਰੀ ਦਾ ਇਤਿਹਾਸ ਵੇਖੀਏ ਤਾਂ ਇਸਦਾ ਸਭ ਤੋਂ ਪੁਰਾਣਾ ਵਰਣਨ ਚੀਨ ਵਿੱਚ 2700 ਈਸਾ ਪੂਰਵ ਦਾ ਮਿਲਦਾ ਹੈ। ਮਲੇਰੀਆ ਸ਼ਬਦ ਦੀ ਉਤਪਤੀ ਮੱਧਕਾਲੀਨ ਇਟਾਲੀਅਨ ਭਾਸ਼ਾ ਦੇ ਸ਼ਬਦਾਂ ਮਾਲਾ-ਏਰੀਆ ਤੋਂ ਹੋਈ ਹੈ ਜਿਸਦਾ ਅਰਥ ਹੈ 'ਬੁਰੀ ਹਵਾ'। ਇਸਨੂੰ ਦਲਦਲੀ ਬੁਖਾਰ ਵੀ ਕਿਹਾ ਜਾਂਦਾ ਸੀ ਕਿਉਂਕਿ ਇਹ ਦਲਦਲੀ ਖੇਤਰਾਂ ਵਿੱਚ ਵਿਆਪਕ ਰੂਪ ਵਿੱਚ ਫੈਲਦਾ ਸੀ। ਮਲੇਰੀਆ ਤੇ ਸਭ ਤੋਂ ਪਹਿਲਾਂ ਵਿਗਿਆਨਕ ਖੋਜ ਸੰਨ 1880 ਵਿੱਚ ਹੋਈ ਜਦੋਂ ਇੱਕ ਫਰਾਂਸੀਸੀ ਫੌਜੀ ਡਾਕਟਰ ਚਾਰਲਸ ਲੂਈ ਅਲਫੋਂਸ ਲੈਵਰਨ 1907 ਵਿੱਚ ਨੋਬਲ ਪੁਰਸਕਾਰ ਜੇਤੂ ਨੇ ਅਲਜੀਰੀਆ ਵਿੱਚ ਕੰਮ ਕਰਦੇ ਹੋਏ ਪਹਿਲੀ ਵਾਰ ਲਾਲ ਰਕਤ ਕੋਸ਼ਿਕਾ ਦੇ ਅੰਦਰ ਪਰਜੀਵੀ ਨੂੰ ਦੇਖਿਆ ਸੀ। ਉਦੋਂ ਉਸ ਨੇ ਇਹ ਕਿਹਾ ਕਿ ਮਲੇਰੀਆ ਦਾ ਕਾਰਨ ਇਹ ਪ੍ਰੋਟੋਜੋਆ ਪਰਜੀਵੀ ਹੈ। ਇਸ ਪਰਜੀਵੀ ਦੇ ਨਜ਼ਦੀਕੀ ਰਿਸ਼ਤੇਦਾਰ ਚਿਪੰਜੀ ਵਿੱਚ ਰਹਿੰਦੇ ਹਨ। ਇਹ ਪਰਜੀਵੀ ਬਹੁਤ ਛੋਟਾ ਹੁੰਦਾ ਹੈ ਜੋ ਦੂਸਰੇ ਜੀਵਤ ਪ੍ਰਾਣੀਆਂ, ਪਸ਼ੂਆਂ, ਪੰਛੀਆਂ ਆਦਿ ਦੇ ਸ਼ਰੀਰਾਂ ਉਤੇ ਰਹਿੰਦਾ ਹੈ ਅਤੇ ਰੋਗ ਦੇ ਖੂਨ ਦੇ ਨਾਲ ਰਕਤਾਣੂਆਂ ਵਿੱਚ ਚਲਾ ਜਾਂਦਾ ਹੈ। ਇਹ ਏਨਾ ਛੋਟਾ ਹੁੰਦਾ ਹੈ ਕਿ ਇਸਨੂੰ ਸਿਰਫ ਖੂਰਦਬੀਨ ਨਾਲ ਹੀ ਦੇਖਿਆ ਜਾ ਸਕਦਾ ਹੈ। ਮਲੇਰੀਆ ਮਾਦਾ ਮੱਛਰ ਦੁਆਰਾ ਫੈਲਦਾ ਹੈ। ਜਦੋਂ ਮਾਦਾ ਮੱਛਰ ਮਲੇਰੀਏ ਨਾਲ ਪੀੜ੍ਹਿਤ ਕਿਸੇ ਵਿਅਕਤੀ ਨੂੰ ਕੱਟਦਾ ਹੈ ਤਾਂ ਖੂਨ ਦੇ ਨਾਲ ਹੀ ਮਲੇਰੀਆ ਪਰਜੀਵੀ ਵੀ ਮੱਛਰ ਦੇ ਪੇਟ ਅੰਦਰ ਚਲਾ ਜਾਂਦਾ ਹੈ। ਇਸ ਪਰਜੀਵੀ ਨੂੰ ਮੱਛਰ ਦੇ ਪੇਟ ਵਿੱਚ ਪਲਣ ਵਿੱਚ 10-15 ਦਿਨ ਲਗਦੇ ਹਨ। ਜਦੋਂ ਇਹ ਮੱਛਰ ਕਿਸੇ ਹੋਰ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ਉਸ ਵਿਅਕਤੀ ਨੂੰ ਵੀ ਮਲੇਰੀਆ ਹੋ ਜਾਂਦਾ ਹੈ। ਇਹ ਪਰਜੀਵੀ ਵਿਅਕਤੀ ਦੇ ਖੂਨ ਵਿੱਚ ਮਿਲਕੇ ਰੋਗ ਪੈਦਾ ਕਰਦਾ ਹੈ। ਜੇਕਰ ਮਲੇਰੀਏ ਨਾਲ ਪੀੜ੍ਹਿਤ ਦਾ ਖੂਨ ਕਿਸੇ ਦੂਸਰੇ ਵਿਅਕਤੀ ਨੂੰ ਚੜਾਇਆ ਜਾਵੇ ਤਾਂ ਵੀ ਮਲੇਰੀਆ ਫੈਲ ਸਕਦਾ ਹੈ। ਮਲੇਰੀਏ ਨਾਲ ਪੀੜ੍ਹਿਤ ਵਿਅਕਤੀ ਕਮਜ਼ੋਰ ਅਤੇ ਅਨੀਮੀਆ (ਖੂਨ ਦੀ ਕਮੀ) ਦਾ ਸ਼ਿਕਾਰ ਹੋ ਜਾਂਦਾ ਹੈ ਕਿਉਂਕਿ ਮਲੇਰੀਆ ਪਰਜੀਵੀ ਖੂਨ ਵਿਚਲੇ ਲਾਲ ਰਕਤਾਣੂਆਂ ਨੂੰ ਤਬਾਹ ਕਰ ਦਿੰਦੇ ਹਨ। ਪੀੜ੍ਹਿਤ ਵਿਕਅਤੀ ਦਾ ਤਾਪਤਿੱਲੀ ਉੱਤੇ ਵੀ ਅਸਰ ਪੈਂਦਾ ਹੈ। ਜਦੋਂ ਮਰੇ ਹੋਏ ਰਕਤਾਣੂਆਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ ਤਾਂ ਤਾਪਤਿੱਲੀ ਫੁੱਲ ਜਾਂਦੀ ਹੈ ਅਤੇ ਫੁੱਲੀ ਹੋਈ ਤਾਪਤਿੱਲੀ ਵਿਗੜੇ ਹੋਏ ਮਲੇਰੀਏ ਦੀ ਨਿਸ਼ਾਨੀ ਹੁੰਦੀ ਹੈ। ਜੇਕਰ ਮਲੇਰੀਆ ਪਾਰਜੀਵੀ ਤਾਪਤਿੱਲੀ ਅਤੇ ਜਿਗਰ ਵਿੱਚ ਚਲੇ ਜਾਣ ਤਾਂ ਮਲੇਰੀਏ ਦਾ ਹਮਲਾ ਵਾਰ-ਵਾਰ ਹੋ ਸਕਦਾ ਹੈ। ਕਈ ਵਾਰ ਇਹ ਮਰੀਜ ਦੇ ਦਿਮਾਗ ਉਤੇ ਵੀ ਅਸਰ ਕਰਦਾ ਹੈ। ਰੋਗੀ ਦੀ ਹਾਲਤ ਨੀਮ-ਬੇਹੋਸ਼ੀ ਵਾਲੀ ਹੋ ਸਕਦੀ ਹੈ। ਜੇਕਰ ਦਿਮਾਗੀ ਮਲੇਰੀਏ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਸ ਨਾਲ ਰੋਗੀ ਮਰ ਵੀ ਸਕਦਾ ਹੈ। ਮਲੇਰੀਏ ਦਾ ਬੱਚਿਆਂ ਤੇ ਬਾਲਗਾਂ ਨਾਲੋਂ ਵਧੇਰੇ ਮਾਰੂ ਅਸਰ ਹੁੰਦਾ ਹੈ। ਮਲੇਰੀਆ ਹਰ ਸਾਲ 40 ਤੋਂ 90 ਕਰੋੜ ਬੁਖਾਰ ਦੇ ਮਾਮਲਿਆਂ ਦਾ ਕਾਰਨ ਬਣਦਾ ਹੈ, ਇਸਤੋਂ 10 ਤੋਂ 30 ਲੱਖ ਮੌਤਾਂ ਹਰ ਸਾਲ ਹੁੰਦੀਆਂ ਹਨ, ਜਿਹਨਾਂ ਵਿੱਚੋਂ ਜ਼ਿਆਦਾਤਰ ਉਪੱ-ਸਹਾਰਾ ਅਫਰੀਕਾ ਦੇ ਨੌਜ਼ਵਾਨ ਬੱਚੇ ਹੁੰਦੇ ਹਨ। ਇਸਦਾ ਭਾਵ ਹੈ ਕਿ ਪ੍ਰਤੀ 30 ਸੈਕਿੰਡ ਵਿੱਚ ਇੱਕ ਮੌਤ ਹੁੰਦੀ ਹੈ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ 5 ਸਾਲ ਤੋਂ ਘੱਟ ਉਮਰ ਦੇ ਬੱਚੇ ਹੁੰਦੇ ਹਨ। ਗਰਭਵਤੀ ਮਹਿਲਾਵਾਂ ਵੀ ਇਸ ਰੋਗ ਦਾ ਸ਼ਿਕਾਰ ਹੁੰਦੀਆਂ ਹਨ। ਇਹ ਮੁੱਖ ਰੂਪ ਨਾਲ ਅਮਰੀਕਾ, ਏਸ਼ੀਆ ਅਤੇ ਅਫਰੀਕਾ ਮਹਾਂਦੀਪ ਦੇ ਖੇਤਰਾਂ ਵਿੱਚ ਫੈਲਿਆ ਹੋਇਆ ਹੈ। ਮਲੇਰੀਆ ਨੂੰ ਆਮ ਤੌਰ ਤੇ ਗਰੀਬੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪਰ ਇਹ ਖੁਦ ਆਪਣੇ ਆਪ ਵਿੱਚ ਗਰੀਬੀ ਦਾ ਕਾਰਨ ਹੈ ਅਤੇ ਆਰਥਿਕ ਵਿਕਾਸ ਦੀ ਮੁੱਖ ਅੜਚਨ ਹੈ। ਮਲੇਰੀਆ ਦੀ ਰੋਕਥਾਮ ਦੇ ਲਈ ਟੀਕੇ ਅਤੇ ਦਵਾਈ ਵੈਕਸੀਨ ਦੀ ਖੋਜ ਜਾਰੀ ਹੈ, ਪਰ ਹਾਲੇ ਤੱਕ ਕੋਈ ਸਫਲਤਾ ਹਾਸਲ ਨਹੀਂ ਹੋਈ ਹੈ। ਮਲੇਰੀਆ ਤੋਂ ਬਚਣ ਦੇ ਲਈ ਦਵਾਈਆਂ ਲੰਬੇ ਸਮੇਂ ਤੱਕ ਲੈਣੀਆਂ ਪੈਂਦੀਆਂ ਹਨ ਅਤੇ ਇਹ ਦਵਾਈਆਂ ਇੰਨੀਆਂ ਮਹਿੰਗੀਆਂ ਹੁੰਦੀਆਂ ਹਨ ਕਿ ਮਲੇਰੀਆ ਪ੍ਰਭਾਵਿਤ ਲੋਕਾਂ ਦੀ ਪਹੁੰਚ ਤੋਂ ਅਕਸਰ ਬਾਹਰ ਹੁੰਦੀਆਂ ਹਨ। ਮਲੇਰੀਆ ਦਾ ਇਲਾਜ ਕੁਨੈਨ ਜਾਂ ਆਰਟੀਮਿਸੀਨਿਨ ਵਰਗੀਆਂ ਦਵਾਈਆਂ ਦੁਆਰਾ ਕੀਤਾ ਜਾਂਦਾ ਹੈ। ਮਲੇਰੀਆ ਦਾ ਸਭਤੋਂ ਪਹਿਲਾ ਇਲਾਜ ਸਿਨਕੋਨਾ ਬੂਟੇ ਦੀ ਛਾਲ ਤੋਂ ਕੀਤਾ ਗਿਆ ਸੀ ਜਿਸ ਵਿੱਚ ਕੁਨੈਨ ਪਾਈ ਜਾਂਦੀ ਹੈ। ਇਹ ਬੂਟਾ ਪੇਰੂ ਦੇਸ਼ ਵਿੱਚ ਇੰਡੀਜ਼ ਪਰਬਤ ਦੀਆਂ ਢਲਾਣਾਂ ਤੇ ਉਗੱਦਾ ਹੈ। ਇਸ ਛਾਲ ਦਾ ਉਪਯੋਗ ਸਥਾਨਕ ਲੋਕ ਲੰਬੇ ਸਮੇਂ ਤੋਂ ਮਲੇਰੀਆ ਵਿਰੁੱਧ ਕਰਦੇ ਆ ਰਹੇ ਸੀ। ਜੀਸਿਉਟ ਪਾਦਰੀਆਂ ਨੇ ਕਰੀਬ 1640 ਈਸਵੀ ਵਿੱਚ ਇਹ ਇਲਾਜ ਯੂਰਪ ਵਿੱਚ ਪਹੁੰਚਾ ਦਿੱਤਾ, ਜਿੱਥੇ ਇਹ ਬਹੁਤ ਲੋਕਪ੍ਰਿਯ ਹੋਇਆ। ਪਰੰਤੂ ਛਾਲ ਤੋਂ ਕੁਨੈਨ ਨੂੰ 1820 ਤੱਕ ਅਲੱਗ ਨਹੀਂ ਕੀਤਾ ਜਾ ਸਕਿਆ। ਆਖਿਰ ਇਹ ਕੰਮ ਫਰਾਂਸੀਸੀ ਵਿਗਿਆਨੀਆਂ ਪਿਏਰ ਜੋਸਫ ਪੇਲੇਤੀਏ ਅਤੇ ਜੋਸਫ ਬਿਆਂਨੇਮੇ ਕਵੈਂਤੁ ਨੇ ਕੀਤਾ ਸੀ, ਉਨ੍ਹਾਂ ਨੇ ਹੀ ਕੁਨੈਨ ਨੂੰ ਇਹ ਨਾਮ ਦਿੱਤਾ ਸੀ। ਵੀਹਵੀਂ ਸਦੀ ਦੇ ਸ਼ੁਰੂ ਵਿੱਚ, ਐਂਟੀਬਾਇਓਟਿਕ ਦਵਾਈਆਂ ਦੀ ਅਣਹੋਂਦ ਕਾਰਨ ਸਿਫਲਿਸ ਦੇ ਰੋਗੀਆਂ ਨੂੰ ਜਾਣਬੁਝ ਕੇ ਮਲੇਰੀਆ ਦਾ ਰੋਗੀ ਬਣਾਇਆ ਜਾਂਦਾ ਸੀ। ਕੁਨੈਨ ਦੇਣ ਤੋਂ ਬਾਅਦ ਮਲੇਰੀਆ ਅਤੇ ਸਿਫਲਿਸ ਦੋਨੋਂ ਕਾਬੂ ਵਿੱਚ ਆ ਜਾਂਦੇ ਸੀ। ਕੁੱਝ ਮਰੀਜ਼ਾਂ ਦੀ ਮੌਤ ਮਲੇਰੀਏ ਨਾਲ ਹੋ ਜਾਂਦੀ ਸੀ ਪਰ ਸਿਫਲਿਸ ਤੋ ਹੋਣ ਵਾਲੀ ਨਿਸ਼ਚਿਤ ਮੌਤ ਤੋਂ ਇਹ ਬਿਹਤਰ ਸਮਝਿਆ ਜਾਂਦਾ ਸੀ। ਵਰਤਮਾਨ ਸਮੇਂ ਵਿੱਚ ਮਲੇਰੀਆ ਭੂਮੱਧ ਰੇਖਾ ਦੇ ਦੋਨੋਂ ਪਾਸੇ ਵਿਆਪਕ ਰੂਪ ਵਿੱਚ ਫੈਲਿਆ ਹੋਇਆ ਹੈ, ਇਹਨਾਂ ਖੇਤਰਾਂ ਵਿੱਚ ਅਮਰੀਕਾ, ਏਸ਼ੀਆ ਅਤੇ ਜ਼ਿਆਦਾਤਰ ਅਫਰੀਕਾ ਆਉਂਦਾ ਹੈ ਪਰ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਮੌਤਾਂ (ਲਗਭੱਗ 85% ਤੋਂ 90%) ਤੱਕ ਉਪ-ਸਹਾਰਾ ਅਫਰੀਕਾ ਵਿੱਚ ਹੁੰਦੀਆਂ ਹਨ। ਮਲੇਰੀਆ ਦੀ ਵੰਡ ਸਮਝਣੀ ਥੋੜੀ ਮੁਸ਼ਕਿਲ ਹੈ, ਮਲੇਰੀਆ ਪ੍ਰਭਾਵਿਤ ਅਤੇ ਮਲੇਰੀਆ ਮੁੱਕਤ ਖੇਤਰ ਆਮ ਤੌਰ ਤੇ ਨਾਲ-ਨਾਲ ਹੁੰਦੇ ਹਨ। ਸੁੱਕੇ ਖੇਤਰ ਵਿੱਚ ਇਸਦੇ ਫੈਲਣ ਦਾ ਬਾਰਿਸ਼ ਦੀ ਮਾਤਰਾ ਨਾਲ ਗਹਿਰਾ ਸਬੰਧ ਹੈ। ਡੇਂਗੂ ਬੁਖਾਰ ਦੇ ਵਿਪਰੀਤ ਇਹ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਜ਼ਿਆਦਾ ਫੈਲਦਾ ਹੈ। ਉਦਾਹਰਣ ਲਈ ਵੀਅਤਨਾਮ, ਲਾਓਸ ਅਤੇ ਕੰਬੋਡੀਆ ਦੇ ਨਗਰ ਮਲੇਰੀਆ ਮੁੱਕਤ ਹਨ ਜਦਕਿ ਇਹਨਾਂ ਦੇਸ਼ਾਂ ਦੇ ਪਿੰਡ ਮਲੇਰੀਆ ਤੋਂ ਪੀੜ੍ਹਿਤ ਹਨ। ਅਫਰੀਕਾ ਵਿੱਚ ਸ਼ਹਿਰ ਅਤੇ ਪਿੰਡ ਸਾਰੇ ਮਲੇਰੀਆ ਤੋਂ ਪੀੜ੍ਹਿਤ ਹਨ ਜਦਕਿ ਵੱਡੇ ਸ਼ਹਿਰਾਂ ਵਿੱਚ ਖਤਰਾ ਘੱਟ ਰਹਿੰਦਾ ਹੈ। 1960 ਦੇ ਦਹਾਕੇ ਤੋਂ ਬਾਅਦ ਕਦੀ ਇਸਦੇ ਵਿਸ਼ਵ ਵੰਡ ਨੂੰ ਮਾਪਿਆ ਨਹੀਂ ਗਿਆ ਹੈ। ਹਾਲ ਹੀ ਵਿੱਚ ਬ੍ਰਿਟੇਨ ਦੀ ਵੈਲਕਮ ਟ੍ਰਸਟ ਨੇ ਮਲੇਰੀਆ ਐਟਲਸ ਪਰਿਯੋਜਨਾ ਨੂੰ ਇਸ ਕੰਮ ਲਈ ਵਿੱਤੀ ਸਹਾਇਤਾ ਦਿੱਤੀ ਹੈ, ਜਿਸ ਨਾਲ ਮਲੇਰੀਆ ਦੇ ਵਰਤਮਨ ਅਤੇ ਭਵਿੱਖ ਦੀ ਵੰਡ ਦਾ ਬਿਹਤਰ ਢੰਗ ਨਾਲ ਅਧਿਐਨ ਕੀਤਾ ਜਾ ਸਕੇਗਾ। ਮਲੇਰੀਆ ਨੂੰ ਫੈਲਣ ਤੋਂ ਰੋਕਣ ਦੇ ਲਈ ਕਈ ਉਪਾਅ ਕੀਤੇ ਜਾ ਸਕਦੇ ਹਨ। ਮੱਛਰਦਾਨੀ ਅਤੇ ਕੀੜੇ ਭਜਾਉਣ ਵਾਲੀਆਂ ਦਵਾਈਆਂ ਮੱਛਰ ਕੱਟਣ ਤੋਂ ਬਚਾਉਂਦੀਆਂ ਹਨ ਅਤੇ ਕੀਟਨਾਸ਼ਕ ਦਵਾਈਆਂ ਦੇ ਛਿੜਕਾਅ ਅਤੇ ਖੜੇ ਪਾਣੀ ਦੀ ਨਿਕਾਸੀ ਨਾਲ ਮੱਛਰਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਮਲੇਰੀਆ ਗਰੀਬੀ ਨਾਲ ਜੁੜਿਆ ਤਾਂ ਹੈ ਹੀ, ਇਹ ਆਪਣੇ ਆਪ ਵਿੱਚ ਖੁਦ ਗਰੀਬੀ ਦਾ ਕਾਰਨ ਹੈ ਅਤੇ ਆਰਥਿਕ ਵਿਕਾਸ ਵਿੱਚ ਰੁਕਾਵਟ ਹੈ। ਇਸਨੂੰ ਰੋਕਣ ਦੀਆਂ ਕੋਸ਼ਿਸ਼ਾਂ ਅਤੇ ਇਲਾਜ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਬਜੂਦ 1992 ਦੇ ਬਾਅਦ ਇਸਦੇ ਮਾਮਲਿਆਂ ਵਿੱਚ ਕੋਈ ਗਿਰਾਵਟ ਨਹੀਂ ਆਈ ਹੈ। ਜੇਕਰ ਮਲੇਰੀਆ ਦੇ ਵਾਧੇ ਦੀ ਦਰ ਇਸੇ ਤਰ੍ਹਾਂ ਰਹੀ ਤਾਂ ਅਗਲੇ 20 ਸਾਲਾਂ ਵਿੱਚ ਮੌਤ ਦਰ ਦੁਗਣੀ ਹੋ ਸਕਦੀ ਹੈ। ਮਲੇਰੀਆ ਅਤੇ ਐਚ ਆਈ ਵੀ ਇਕੱਠੇ ਹੋਣ ਤੇ ਮੌਤ ਦੀ ਸੰਭਾਵਨਾ ਵੱਧ ਜਾਂਦੀ ਹੈ। ਜਿਹਨਾਂ ਖੇਤਰਾਂ ਵਿੱਚ ਇਹ ਵਿਆਪਕ ਰੂਪ ਵਿੱਚ ਫੈਲਦਾ ਹੈ ਉਥੇ ਇਹ ਅਨੇਕ ਪ੍ਰਕਾਰ ਦੇ ਨਾਕਾਰਤਮਤ ਆਰਥਿਕ ਪ੍ਰਭਾਵ ਪਾਉਂਦਾ ਹੈ। ਪ੍ਰਤੀ ਵਿਅਕਤੀ ਜੀ ਡੀ ਪੀ ਦੀ ਤੁਲਨਾ ਜੇਕਰ 1995 ਦੇ ਆਧਾਰ ਤੇ ਕਰੀਏ ਤਾਂ ਮਲੇਰੀਆ ਮੁਕਤ ਖੇਤਰਾਂ ਅਤੇ ਮਲੇਰੀਆ ਪ੍ਰਭਾਵਿਤ ਖੇਤਰਾਂ ਵਿੱਚ 5 ਗੁਣਾਂ ਅੰਤਰ ਨਜ਼ਰ ਆਉਂਦਾ ਹੈ। ਬਹੁਤ ਸਾਰੇ ਗਰੀਬ ਦੇਸ਼ਾਂ ਵਿੱਚ ਮਲੇਰੀਆ ਦੀ ਰੋਕਥਾਮ ਦੇ ਲਈ ਜ਼ਰੂਰੀ ਧਨ ਉਪਲਬੱਧ ਨਹੀਂ ਹੁੰਦਾ ਹੈ। ਸਿਰਫ ਅਫਰੀਕਾ ਵਿੱਚ ਹੀ ਹਰ ਸਾਲ 12 ਅਰਬ ਅਮਰੀਕੀ ਡਾਲਰਾਂ ਦਾ ਨੁਕਸਾਨ ਮਲੇਰੀਆ ਕਾਰਨ ਹੁੰਦਾ ਹੈ, ਇਸ ਵਿੱਚ ਸਿਹਤ ਤੇ ਖਰਚ, ਕੰਮ ਦੇ ਦਿਨਾਂ ਦਾ ਨੁਕਸਾਨ, ਸਿੱਖਿਆ ਦਾ ਨੁਕਸਾਨ, ਦਿਮਾਗੀ ਮਲੇਰੀਆ ਦੇ ਚੱਲਦੇ ਮਾਨਸਿਕ ਵਿਕਾਸ ਦਾ ਨੁਕਸਾਨ ਅਤੇ ਨਿਵੇਸ਼ ਅਤੇ ਟੂਰਿਜ਼ਮ ਦਾ ਨੁਕਸਾਨ ਸ਼ਾਮਿਲ ਹੈ। ਕੁਝ ਦੇਸ਼ਾਂ ਵਿੱਚ ਇਹ ਕੁੱਲ ਜਨ ਸਿਹਤ ਬਜਟ ਦਾ 40% ਖਾ ਜਾਂਦਾ ਹੈ। ਏਡਜ਼ ਅਤੇ ਤਪਦਿਕ ਦੇ ਮੁਕਾਬਲੇ 2007 ਦੇ ਨਵੰਬਰ ਮਹੀਨੇ ਵਿੱਚ ਮਲੇਰੀਆ ਦੇ ਲਈ ਦੁਗਣੇ ਤੋਂ ਵੀ ਜ਼ਿਆਦਾ 46.9 ਕਰੋੜ ਡਾਲਰ ਦੀ ਸਹਾਇਤਾ ਰਾਸ਼ੀ ਖਰਚ ਕੀਤੀ ਗਈ ਸੀ। ਮਲੇਰੀਆ ਨਾਲ ਨਿਪਟਣ ਲਈ ਭਾਰਤ ਸਰਕਾਰ ਨੇ ਬਹੁਤ ਪਹਿਲਾਂ ਹੀ ਉਪਾਅ ਕਰਨੇ ਸ਼ੁਰੂ ਕਰ ਦਿੱਤੇ ਸੀ। ਭਾਰਤ ਸਰਕਾਰ ਨੇ ਸਾਲ 1953 ਵਿੱਚ ਰਾਸ਼ਟਰੀ ਮਲੇਰੀਆ ਨਿਯੰਤਰਣ ਪ੍ਰੋਗਰਾਮ ਚਲਾਉਣ ਦੇ ਨਾਲ ਹੀ ਡੀ ਡੀ ਟੀ ਦਾ ਛਿੜਕਾਅ ਸ਼ੁਰੂ ਕੀਤਾ, ਜਦਕਿ ਵਿਸ਼ਵ ਸਿਹਤ ਅਸੈਂਬਲੀ ਦੇ ਕਹਿਣ ਤੇ ਸਾਲ 1958 ਵਿੱਚ ਰਾਸ਼ਟਰੀ ਮਲੇਰੀਆ ਕੰਟਰੋਲ ਪ੍ਰੋਗਰਾਮ ਅਤੇ ਅੱਗੇ ਚੱਲ ਕੇ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਸੀ। ਤਮਾਮ ਕੋਸ਼ਿਸ਼ਾਂ ਅਤੇ ਉਪਾਵਾਂ ਦੇ ਬਾਵਜੂਦ ਵੀ ਮਲੇਰੀਆ ਤੇ ਨਿਯੰਤਰਣ ਪਾਣਾ ਬਹੁਤ ਮੁਸ਼ਕਿਲ ਕੰਮ ਸਾਬਿਤ ਹੋਇਆ ਜਿਸਦਾ ਕਾਰਨ ਹੈ ਆਮ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਰਕਾਰ ਦੀਆਂ ਰਿਪੋਰਟਾਂ ਅਨੁਸਾਰ ਸਾਲ 2007 ਵਿੱਚ 2723290 ਵਿਅਕਤੀਆਂ ਦੇ ਖੂਨ ਦੀ ਜਾਂਚ ਕੀਤੀ ਗਈ ਅਤੇ ਸਲਾਇਡਾਂ ਬਣਾਈਆਂ ਗਈਆਂ ਜਿਨ੍ਹਾਂ ਵਿਚੋਂ 2017 ਮਲੇਰੀਆ ਦੇ ਕੇਸ ਪਾਏ ਗਏ, ਸਾਲ 2008 ਵਿੱਚ 2979882 ਵਿਅਕਤੀਆਂ ਦੇ ਖੂਨ ਦੀ ਜਾਂਚ ਕੀਤੀ ਗਈ ਅਤੇ ਸਲਾਇਡਾਂ ਬਣਾਈਆਂ ਗਈਆਂ ਜਿਨ੍ਹਾਂ ਵਿਚੋਂ 2494 ਮਲੇਰੀਆ ਦੇ ਕੇਸ ਪਾਏ ਗਏ, 2009 ਵਿੱਚ 2996929 ਵਿਅਕਤੀਆਂ ਦੇ ਖੂਨ ਦੀ ਜਾਂਚ ਕੀਤੀ ਗਈ ਅਤੇ ਸਲਾਇਡਾਂ ਬਣਾਈਆਂ ਗਈਆਂ ਜਿਨ੍ਹਾਂ ਵਿਚੋਂ 2955 ਮਲੇਰੀਆ ਦੇ ਕੇਸ ਪਾਏ ਗਏ, ਸਾਲ 2010 ਵਿੱਚ 3138482 ਵਿਅਕਤੀਆਂ ਦੇ ਖੂਨ ਦੀ ਜਾਂਚ ਕੀਤੀ ਗਈ ਅਤੇ ਸਲਾਇਡਾਂ ਬਣਾਈਆਂ ਗਈਆਂ ਜਿਨ੍ਹਾਂ ਵਿਚੋਂ 3476 ਮਲੇਰੀਆ ਦੇ ਕੇਸ ਪਾਏ ਗਏ, ਸਾਲ 2011 ਵਿੱਚ 3120544 ਵਿਅਕਤੀਆਂ ਦੇ ਖੂਨ ਦੀ ਜਾਂਚ ਕੀਤੀ ਗਈ ਅਤੇ ਸਲਾਇਡਾਂ ਬਣਾਈਆਂ ਗਈਆਂ ਜਿਨ੍ਹਾਂ ਵਿਚੋਂ 2660 ਮਲੇਰੀਆ ਦੇ ਕੇਸ ਪਾਏ ਗਏ। ਇਸ ਰਿਪੋਰਟ ਅਨੁਸਾਰ ਪੰਜਾਬ ਵਿੱਚ ਸਾਲ 2011 ਵਿੱਚ ਮਲੇਰੀਏ ਨਾਲ 03 ਮੋਤਾਂ ਹੋਈਆਂ ਹਨ। ਇਸ ਰਿਪੋਰਟ ਅਨੁਸਾਰ ਸਾਲ 2007 ਤੋਂ ਬਾਦ ਸਾਲ 2011 ਤੱਕ ਮਲੇਰੀਆ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੀ ਹੋਇਆ ਹੈ। ਅੱਜ ਅਸੀਂ ਭਾਵੇਂ ਤਰੱਕੀ ਬਹੁਤ ਕਰ ਲਈ ਹੈ ਪਰ ਮਲੇਰੀਏ ਦੇ ਵੱਧ ਰਹੇ ਕੇਸਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਅੱਜ ਵੀ ਸਾਫ ਸਫਾਈ ਰੱਖਣ ਵਿੱਚ ਕੋਤਾਹੀ ਵਰਤ ਰਹੇ ਹਾਂ ਕਿਉਂਕਿ ਜਿੱਥੇ ਸਾਫ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਉਥੇ ਮੱਛਰ ਪੈਦਾ ਹੀ ਨਹੀਂ ਹੋ ਸਕਦਾ ਹੈ। ਮਲੇਰੀਆ ਦਾ ਮੁੱਖ ਕਾਰਨ ਤਾਂ ਮੱਛਰ ਹੁੰਦੇ ਹਨ ਪਰ ਮੱਛਰ ਪੈਦਾ ਹੋਣ ਵਿੱਚ ਸਾਡਾ ਹੀ ਹੱਥ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਪਾਇਆ ਕਿ ਇਸ ਬਿਮਾਰੀ ਨਾਲ ਨਿਪਟਣ ਲਈ ਸਰਕਾਰੀ ਉਪਾਵਾਂ ਦੇ ਨਾਲ-ਨਾਲ ਲੋਕਾਂ ਵਿੱਚ ਜਾਗਰੂਕਤਾ ਵੀ ਜ਼ਰੂਰੀ ਹੈ। ਇਸਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ ਵਿਸ਼ਵ ਸਿਹਤ ਅਸੈਂਬਲੀ ਦੀ ਮਈ 2007 ਦੀ 60ਵੇਂ ਸਤਰ ਦੀ ਬੈਠਕ ਵਿੱਚ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਅੱਜ ਵਿਸ਼ਵ ਮਲੇਰੀਆ ਦਿਵਸ ਦੇ ਮੌਕੇ ਤੇ ਸਾਨੂੰ ਉਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਿਸ ਨਾਲ ਮਲੇਰੀਆ ਫੈਲਣ ਦੇ ਆਸਾਰ ਹੁੰਦੇ ਹਨ। ਸਭ ਤੋਂ ਪਹਿਲਾਂ ਤਾਂ ਆਪਣੇ ਆਸ ਪਾਸ ਗੰਦਾ ਪਾਣੀ ਨਾ ਜਮ੍ਹਾਂ ਹੋਣ ਦਿਓ। ਬਾਲਟੀ ਜਾਂ ਛੱਤ ਤੇ ਰੱਖੀ ਟੈਂਕੀ ਦੀ ਲਗਾਤਾਰ ਸਫਾਈ ਹੋਣੀ ਚਾਹੀਦੀ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਮਲੇਰੀਆ ਦਾ ਕਾਰਨ ਬਣਨ ਵਾਲੇ ਮੱਛਰ ਨੂੰ ਪਲਣ ਦਾ ਮੌਕਾ ਨਾਂ ਦੇਵੇ। ਇਸ ਲਈ ਸਰਕਾਰ ਗੰਦੇ ਪਾਣੀ ਦੇ ਭੰਡਾਰ ਭਾਵ ਟੋਭਿਆਂ ਅਤੇ ਹੋਰ ਥਾਵਾਂ ਤੇ ਕਾਲੇ ਤੇਲ ਦਾ ਛਿੜਕਾਵ ਕਰਾਵੇ। ਲੋਕਾਂ ਨੂੰ ਸਮੇਂ ਸਿਰ ਜਾਗਰੂਕ ਕਰੇ ਅਤੇ ਅਣਗਹਿਲੀ ਕਰਨ ਵਾਲੇ ਲੋਕਾਂ ਅਤੇ ਅਧਿਕਾਰੀਆਂ ਖਿਲਾਫ ਸੱਖਤ ਕਾਰਵਾਈ ਕਰੇ। ਸਰਕਾਰ ਨੂੰ ਚਾਹੀਦਾ ਹੈ ਕਿ ਮਲੇਰੀਆ ਰੋਗੀਆਂ ਨੂੰ ਸਮੇਂ ਸਿਰ ਇਲਾਜ ਦੀ ਸਹਾਇਤਾ ਦੇਵੇ ਤਾਂ ਜੋ ਇਸਨੂੰ ਫੈਲਣ ਤੋਂ ਰੋਕਿਆ ਜਾ ਸਕੇ। ਪਾਣੀ ਦੀ ਸਫਾਈ ਦੇ ਨਾਲ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਕਦੀ ਮਲੇਰੀਆ ਹੋਵੇ ਜਾਂ ਉਸਦੇ ਲੱਛਣ ਦਿਸਣ ਤਾਂ ਤੁਰੰਤ ਆਪਣੇ ਖੂਨ ਦੀ ਜਾਂਚ ਕਰਵਾਓ ਅਤੇ ਉਚਿੱਤ ਦਵਾਈਆਂ ਲਓ। ਮਲੇਰੀਆ ਦਾ ਇਲਾਜ ਸੰਭਵ ਹੈ ਬੱਸ ਜ਼ਰੂਰਤ ਹੈ ਸਹੀ ਸਮੇਂ ਤੇ ਇਲਾਜ ਕਰਨ ਦੀ। ਮਲੇਰੀਆ ਤੋਂ ਬਚਾਓ ਲਈ ਸਰਕਾਰ ਵਲੋਂ ਅਪਣੇ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਸਾਡਾ ਸਭ ਦਾ ਵੀ ਫਰਜ਼ ਹੈ ਕਿ ਅਸੀਂ ਵਿਸ਼ਵ ਪੱਧਰ ਤੇ ਚੱਲ ਰਹੀ ਮਲੇਰੀਆ ਤੋਂ ਲੋਕਾਂ ਨੂੰ ਬਚਾਉਣ ਦੀ ਇਸ ਮੁਹਿੰਮ ਵਿੱਚ ਸਾਥ ਦੇਈਏ ਅਤੇ ਲੋਕਾਂ ਨੂੰ ਜਾਗਰੂਕ ਕਰੀਏ।  

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054
5mail: kuldipnangal0gmail.com