UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਸੋਹੰ

ਸੋਹੰ

 

ਸੰਸਕ੍ਰਿਤਕ ਮਹਾਨ ਕਾਵਿਗ੍ਰੰਥ "ਰਮਾਇਣ" ਦੇ ਸਿਰਜਕ ਆਦੀ ਗੁਰੂ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਦੇ ਪਵਿਤ੍ਰ ਆਗਮਨ ਦਿਵਸ ਉਪਰ ਸਮੂ੍ਹਹ ਜਗਤ (ਦਲਿਤ ਸਮਾਜ) ਨੂੰ ਬਹੁਤ ਬਹੁਤ ਵਧਾਈ ।

ਭਾਰਤ ਵਰਸ਼ ਜੋਕਿ ਕਦੇ ਆਪਣੇ-ਆਪ ਵਿਚ ਆਦੀ ਸਭਿਯਤਾ ਦਾ ਇਕ ਸਿਰਮੌਰ ਸਭਯਕ ਦੇਸ਼ ਹੁੰਦਾ ਸੀ ਜਿਥੇ ਹਰ ਸੇਵਕ (ਨਾਗਰਿਕ) ਨੂੰ ਇਕ ਬਰਾਬਰ (ਸਮਾਜਿਕ, ਆਰਥਿਕ, ਨੈਤਿਕ ਅਤੇ ਧਾਰਮਿਕ) ਹਕਾਂ ਦਾ ਮਾਣ ਪ੍ਰਾਪਤ ਸੀ, ਜਿਸਨੂੰ ਮੋਹਿੰਜੋਦਾੜੋ ਅਤੇ ਹੜਪਾ(ਸਿੰਧੂ ਘਾਟੀ) ਦੀ ਸਭਿਯਤਾ ਕਿਹਾ ਜਾਂਦਾ ਸੀ, ਜਿਥੇ ਸਿਰਫ ਤੇ ਸਿਰਫ ਮੂਲ ਨਿਵਾਸੀਆਂ ਜਾਂ ਆਦੀਵਾਸੀਆਂ ਦਾ ਹੀ ਰਾਜ ਹੁੰਦਾ ਸੀ । ਪਰ ਇਕ ਦਿਨ ਇਸ ਬੇਗਮਪੁਰ ਜਿਹੇ ਰਾਜ ਵਿਚ ਬਾਹਰੀ ਅਸਭਿਯਕ ਆਰੀਆ ਲੋਕਾਂ ਦੇ ਆ ਟਪਕਣ ਨਾਲ ਇਸ ਮਹਾਨ ਭਾਰਤ ਦੀ ਵਿਰਾਸਤੀ ਸਭਿਯਤਾ ਦਾ ਪਤਨ ਹੋ ਗਿਆ ਤੇ ਜਿਸ ਕਰਕੇ ਆਰੀਆ ਜਾਣੀ ਕਿ ਮਨੂਵਾਦੀ ਲੋਕਾਂ ਨੇ ਭਾਰਤੀ ਮੂਲ ਨਿਵਾਸੀਆਂ ਤੇ ਤਸ਼ਦਦ, ਜ਼ੁਲਮ ਅਤੇ ਜਾਤੀਪਾਤੀ ਦੇ ਪੁਲੰਦੇ ਖੜੇ ਕਰ ਦਿਤੇ, ਆਪ ਰਾਜੇ ਤੇ ਮਾਲਕਾਂ ਨੂੰ ਰੰਕ ਦਰਜੇ ਦੇ ਦਿਤੇ ਤੇ ਇਨਸਾਨੀਯਤ ਦੀ ਪ੍ਰਿਭਾਸ਼ਾ ਨੂੰ ਕਾਇਰਤਾ ਵਿਚ ਬਦਲ ਦਿਤਾ । ਜੋਕਿ ਉਦੋਂ ਤੋਂ ਹੁਣ ਤਕ ਚਲੀ ਆ ਰਹੀ ਹੈ, ਅਜ ਵੀ ਅਜੇ ਖਤਮ ਨਹੀਂ ਹੋਈ । ਆਰੀਆਂ ਨੇ ਇਨਸਾਨੀਯਤ ਦਾ ਘਾਣ ਕਰਕੇ ਆਦੀਵਾਸੀਆਂ ਨੂੰ ਦੂਰ ਜੰਗਲਾਂ ਵਿਚ ਰਹਿਣ ਲਈ ਮਜ਼ਬੂਰ ਕਰ ਦਿਤਾ, ਜਿਸ ਕਰਕੇ ਆਦੀਵਾਸੀਆਂ ਦਾ ਜੀਣਾ ਮੁਹਾਲ ਹੋ ਗਿਆ ਤੇ ਜੰਗਲਾਂ ਵਿਚ ਰਹਿ ਕੇ ਹੀ ਗੁਜਾਰਾ ਕਰਿਆ ਕਰਦੇ ਸਨ । ਸੋ ਇਕ ਸਮੇਂ ਦੀ ਧਾਰਾ ਦੇ ਨਾਲ ਨਾਲ ਆਦੀਵਾਸੀਆਂ ਵਿਚੋਂ ਮਹਾਨ ਸੂਰਬੀਰ, ਯੋਧੇ, ਸੂਝਵਾਨ ਵਿਦਵਾਨ, ਰੂਹਾਨੀਯਤ ਦੇ ਥੰਮ ਜਿਹੀਆਂ ਰੂਹਾ ਨੇ ਜਨਮ ਲਿਆ । ਜਿਨ੍ਹਾਂ ਵਿਚੋਂ ਉਸ ਸਮੇਂ ਦੇ ਮਹਾਨ ਯੋਧੇ, ਮਹਾਨ ਤਪਸਵੀ ਤੇ ਵਿਦਵਾਨ, ਅਲੋਕਿਕ ਗਯਾਨ ਦੇ ਸਾਗਰ, ਕਾਵਿਗ੍ਰੰਥ ਰਮਾਇਣ ਦੇ ਰਚਯੇਤਾ ਅਤੇ ਮਹਾਰਿਸ਼ੀ ਸਤਿਗੁਰ ਵਾਲਮੀਕ ਜੀ ਮਹਾਰਾਜ ਨੇ ਜ਼ਨਮ ਧਾਰਿਆ, ਜਿਸਦਾ ਅਜ ਸਾਰੇ ਹੀ ਸੰਸਾਰ ਵਿਚ ਦਲਿਤ ਵਾਰਸਾਂ ਵਲੋਂ ਇਹ ਪੁਰਬ ਦਿਵਸ ਬੜੀ ਸ਼ਰਧਾ ਸੇਤੀ ਸਾਰੇ ਹੀ ਸੰਸਾਰ ਵਿਚ ਮਨਾਇਆ ਜਾ ਰਿਹਾ ਹੈ । ਸਾਡੇ ਇਹੋ ਜਿਹੇ ਸਭ ਹੀ ਮਹਾਨ ਆਦੀ ਸਤਿਗੁਰਾਂ (ਸਤਿਗੁਰ ਨਾਮ ਦੇਵ ਜੀ, ਕਬੀਰ ਸਾਹਬ ਜੀ ਅਤੇ ਸਤਿਗੁਰ ਰਵਿਦਾਸ ਜੀ ਮਹਾਰਾਜ ਅਤਿ ਆਦਿ) ਦੇ ਸ਼ੁਭ ਦਿਵਸਾਂ ਦਾ ਹੋਣਾ, ਬੜੇ ਹੀ ਮਾਣ ਤੇ ਗਰਭ ਵਾਲੀ ਗਲ ਹੈ, ਜੋਕਿ ਆਰੀਆ ਲੋਕਾਂ ਦੀਆਂ ਜਾਤੀ ਪਾਤੀ ਤੇ ਜ਼ਾਲਮਤਾ ਦੀਆਂ ਕੋਝੀਆਂ ਚਾਲਾਂ ਕਾਰਨ ਹੁਣ ਤਕ ਕਿਸੇ ਵੀ ਆਦੀਵਾਸੀ ਜਾਂ ਆਦੀ ਗੁਰੂ ਦੀ ਮਹਿਮਾ ਨੂੰ ਵਡਿਆਇਆ ਨਹੀਂ ਗਿਆ । ਅਜ ਦੇ ਦਲਿਤ ਸਮਾਜ ਵਿਚ ਕਾਫੀ ਜਾਗ੍ਰਿਤੀ ਆ ਗਈ ਹੈ ਪਰ ਫਿਰ ਵੀ ਅਜੇ ਬਹੁਤ ਸਾਰਾ ਬਾਕੀ ਕਰਨ ਲਈ ਦਲਿਤ ਸਮਾਜ ਦੇ ਪਲੇ ਹੈ । ਜਦੋਂ ਅਸੀਂ ਸਤਿਗੁਰ ਵਾਲਮੀਕ ਜੀ ਦੇ ਜੀਵਨ ਦਰਸ਼ਨ ਵਲ ਝਾਤੀ ਮਾਰਦੇ ਹਾਂ ਤਾਂ ਰੌਂਗਟੇ ਖੜੇ ਹੋ ਜਾਂਦੇ ਨੇ ਤੇ ਮਾਣ ਵੀ ਹੁੰਦਾ ਹੈ । ਕੁਝ ਜਾਤੀਪਾਤੀ ਜਾਂ ਪਿਛਾਂਹਲਗੂ ਲੇਖਕਾਂ ਅਤੇ ਵਿਦਵਾਨਾਂ ਨੇ ਸਤਿਗੁਰ ਵਾਲਮੀਕ ਜੀ ਨੂੰ ਚੋਰ ਦੀ ਕਹਾਣੀ ਘੜ ਕੇ ਲਿਖਿਆ ਹੋਇਆ ਹੈ ਜੋ ਬਿਲਕੁਲ ਹੀ ਨਿਕਾਰਨ ਤੋਂ ਸਿਵਾ ਹੋਰ ਕੁਝ ਵੀਂ ਨਹੀਂ ਹੈ । ਅਗਰ ਦਲਿਤ ਕਿਸੇ ਆਰੀਆ ਦਾ ਖੂਨ ਕਰ ਦੇਂਦਾ ਸੀ ਤਾਂ ਉਸਨੂੰ ਨਰਕਾਂ ਵਿਚ ਧਕੇ ਪੈਂਦੇ ਸਨ, ਪਰ ਕੀ ਉਸ ਲੇਖਕ ਨੂੰ ਇਹ ਸਮਝ ਨਹੀਂ ਸੀ ਕਿ ਕਿੰਨੇ ਹੀ ਹਿੰਦੂ ਕਿੰਨਿਆਂ ਹੀ ਦਲਿਤਾਂ ਉਪਰ ਤਸ਼ਦਦ ਤੇ ਖੂਨੀ ਘਾਣ ਕਰਦੇ ਆ ਰਹੇ ਸਨ, ਕੀ ਇਹੋ ਜਿਹਿਆਂ ਵਾਸਤੇ ਨਰਕ ਨਹੀਂ ਸੀ ਖੁਲਦਾ ਜਾਂ ਕੋਈ ਸਜਾ ਨਹੀਂ ਹੁੰਦੀ ਸੀ? ਨਹੀਂ ਇਸ ਮਨੂਵਾਦ ਦੇ ਜ਼ਾਲਮੀ, ਅਤਿਆਚਾਰੀ, ਜਾਤੀਪਾਤੀ (ਅਸਮਾਜਿਕਤਾ) ਦੇ ਕਾਰਨ ਹੀ ਹੁਣ ਤਕ ਸਮਾਜ ਵਿਚ ਬਰਾਬਰਤਾ ਨਹੀਂ ਆਈ । ਕਈ ਲੋਗ ਬਹੁਤ ਹੀ ਗਿਆਨ ਕਰਦੇ ਹਨ ਤੇ ਕਹਿੰਦੇ ਹਨ ਕਿ ਰਬ ਸਭਨੀਂ ਥਾਈਂ ਹੈ, ਸਭ ਵਿਚ ਵਾਸਦਾ ਹੈ, ਇਨਸਾਨ ਨੂੰ ਇਨਸਾਨ ਨਾਲ ਭੇਦ ਭਾਵ ਨਹੀਂ ਕਰਨਾ ਚਾਹੀਦਾ, ਰਬ ਨੂੰ ਪ੍ਰਾਪਤ ਕਰਨ ਲਈ ਦਾਨ ਪੁਨ ਸੇਵਾ ਤੇ ਭਗਤੀ ਦੀ ਲੋੜ ਹੈ, ਪਰ ਜੇ ਉਨ੍ਹਾਂ ਨੂੰ ਅੰਦਰੋਂ ਦੇਖਿਆ ਜਾਵੇ ਤਾਂ ਉਹ ਆਪਣੇ ਹੀ ਸ਼ਬਦਾਂ ਤੋਂ ਖੁਦ ਹੀ ਉਲਟ ਦਿਸ਼ਾ ਵਿਚ ਹੁੰਦੇ ਹਨ । ਇਸੇ ਤਰਾਂ ਕਈ ਲੀਡਰ ਲੋਕ ਵੀ ਆਪਣੀ ਕਹਿਣੀ ਬਹੁਤ ਹੀ ਤੇਜਧਾਰ ਹਥਿਆਰਾਂ ਨਾਲੋਂ ਵਧ ਤੇਜ ਸ਼ਬਦਾਂ ਵਿਚ ਕਰ ਜਾਂਦੇ ਹਨ ਜਿਨ੍ਹਾਂ ਦਾ ਮਗਰੋਂ ਕੋਈ ਵੀ ਥਹੁ ਪਤਾ ਹੀ ਨਹੀਂ ਮਿਲਦਾ । ਅਰਥਾਤ ਕਹਿਣੀ ਅੋਰ ਕਰਨੀ ਵਿਚ ਬਹੁਤ ਹੀ ਫਰਕ ਹੁੰਦਾ ਹੈ, ਇਹ ਰੀਤ ਸੰਸਾਰੀ ਬੰਦੇ ਦੀ ਹੈ । ਪਰ ਸਤਿਗੁਰ ਵਾਲਮੀਕ ਜੀ ਦੀ ਕਹਿਣੀ ਅੋਰ ਕਰਨੀ ਵਿਚ ਰਤਾ ਵੀ ਫਰਕ ਨਹੀਂ ਮਿਲਦਾ । ਉਨ੍ਹਾਂ ਨੇ ਜੋ ਕਿਹਾ ਹੈ ਸੋਈ ਸਚ ਕਰ ਦਿਖਾਇਆ ਹੈ । ਆਪ ਜੀ ਨੇ ਰਾਮ ਚੰਦਰ ਦੁਆਰਾ ਘਰੋ ਨਿਕਾਲੀ ਹੋਈ ਬਿਪਤਾ ਦੀ ਮਾਰੀ ਸੀਤਾ ਨੂੰ ਕੋਲ ਰਖਦੇ ਹੋਏ ਤੇ ਦੋ ਬਚਿਆਂ ਲਵ ਅਤੇ ਕੁਸ਼ ਨੁੰ ਪਾਲਕੇ ਇਕ ਇਨਸਾਨੀਅਤ ਭਰੀ ਮਿਸਾਲ ਸਿਧ ਕਰ ਦਿਤੀ, ਤੇ ਲਵ ਅਤੇ ਕੁਸ਼ ਨੂੰ ਧਨੁਛ ਸ਼ਾਸਤਰ ਵਿਦਿਆ ਵਿਚ ਨਿਪੁਨ ਕਰਕੇ ਰਾਮ ਚੰਦਰ ਦੀਆਂ ਫੋਜਾਂ ਨੂੰ ਛਕਸਤ ਦੇ ਕੇ ਇਕ ਬਹੁਤ ਵਡੇ ਧਨੁਛੀ ਅਤੇ ਯੋਧੇ ਦੀ ਮਿਸਾਲ ਪੈਦਾ ਕਰ ਦਿਤੀ । ਆਪਣੇ ਆਦੀਪੁਰਖਾਂ ਦੀ ਅਣਖ ਨੂੰ ਈਨ ਨਹੀਂ ਕੀਤਾ । ਤੇ ਫਿਰ ਮਹਾਨ ਕਾਵਿਗ੍ਰੰਥ "ਰਮਾਇਣ" ਨੂੰ ਸਾਂਸਕ੍ਰਿਤ ਵਿਚ ਰਚ ਦੇਣਾ ਇਹ ਸਾਬਤ ਕਰਦਾ ਹੈ ਕਿ ਉਹ ਇਕ ਉਚਕੋਟੀ ਦੇ ਵਿਦਵਾਨ ਵੀ ਸਨ, ਤੇ ਸਮੇਂ ਤੋਂ ਪਹਿਲਾਂ ਹੀ ਰਮਾਇਣ ਵਿਚ ਸਾਰੀ ਗਾਥਾ ਨੂੰ ਅੰਤਰ-ਦੂਰ-ਦ੍ਰਿਸ਼ਟੀ ਰਾਹੀਂ ਰਚ ਦੇਣਾ ਇਸ ਗਲ ਦੀ ਪ੍ਰੋੜਤਾ ਕਰਦਾ ਹੈ ਕਿ ਪ੍ਰਮਾਤਮਾ ਕਿਸੇ ਵੀ ਧਰਮ ਦੀ ਨਿਜੀ ਜਾਇਦਾਦ ਨਹੀਂ ਹੈ । ਜਦਕਿ ਉਸ ਸਮੇਂ ਦੇ ਸਵਰਨ ਲੋਗ ਹੀ ਆਪਣੇ ਆਪ ਨੂੰ ਰਬ ਦੇ ਮਾਲਕ ਸਮਝਦੇ ਸਨ, ਜਿਸ ਕਰਕੇ ਹੀ ਮਨੂ ਨੇ ਸਮਾਜ ਦੀ ਵੰਡ ਜਾਤਾਂ ਪਾਤਾਂ ਵਿਚ ਪਾ ਦਿਤੀ[ ਉਚੀ ਜਾਤ ਵਾਲਾ ਰਬ ਨੂੰ ਸਿਮਰ ਸਕਦਾ ਸੀ ਜਦਕਿ ਨੀਚ ਸ਼ੂਦਰ ਰਬ ਨੂੰ ਜਪ ਵੀ ਨਹੀਂ ਸਕਦਾ ਸੀ । ਇਸ ਕਰਕੇ ਸਤਿਗੁਰ ਵਾਲਮੀਕ ਜੀ ਨੇ ਘੋਰ ਤਪਾਸਿਆ ਕਰਦੇ ਹੋਏ, ਅੋਰਤ ਸੀਤਾ ਅਤੇ ਉਸਦੇ ਬਚਿਆਂ ਲਵ ਅਤੇ ਕੁਸ਼ ਹੁਰਾਂ ਦੇ ਕੋਲ ਹੁੰਦੇ ਹੋਏ ਵੀ, ਭਗਤੀ ਕੀਤੀ ਤੇ ਉਚ ਵਿਦਿਆ ਸਾਂਸਕ੍ਰਿਤ ਵਿਚ ਰਾਮ-ਗਾਥਾ ਵਰਤਣ ਤੋਂ ਪਹਿਲਾਂ ਹੀ "ਰਮਾਇਣ" ਕਾਵਿਗ੍ਰੰਥ ਨੂੰ ਚੌਵੀ ਹਜ਼ਾਰ ਸਲੋਕਾਂ ਵਿਚ ਰਚ ਕੇ ਇਕ ਅਸਚਰਜ ਪੈਦਾ ਕਰ ਦਿਤਾ । ਸੋ ਉਸ ਸਤਿਗੁਰ ਜੀ ਨੇ ਬਿਨਾਂ ਰਹਿਤਾਂ-ਬਹਿਤਾਂ ਦੇ ਰਬ ਨੂੰ ਪ੍ਰਾਪਤ ਕਰਕੇ, ਗਿਆਨ ਦ੍ਰਿਸਟੀ ਪ੍ਰਾਪਤ ਕੀਤੀ ਤੇ ਅਮਰਤ ਵਰਸਾ ਕੇ ਰਾਮ ਦੀ ਸੈਨਾ ਨੂੰ ਮੁੜ ਸੰਜੀਵ ਕੀਤਾ ਜੋਕਿ ਇਕ ਬੇਮਿਸਾਲ ਵਿਲਖਣਤਾ ਹੈ । ਸਵਾਮੀ ਵਾਲਮੀਕ ਜੀ ਦੀ ਵਡਿਆਈ ਬੇ ਸ਼ੁਮਾਰ ਹੈ ਜਿਸਨੂੰ ਲਿਖ ਲਿਖ ਕਲਮ ਵੀ ਖਤਮ ਹੋ ਸਕਦੀ ਹੈ । ਸੋ ਆਉ ਸਾਰੇ ਹੀ ਦਲਿਤ ਸਮਾਜ ਦੇ ਆਦੀ ਵਾਸੀ ਆਦਿਧਰਮੀਉਂ, ਤੁਸੀਂ ਉਸ ਉਚੇ ਅਤੇ ਸੁਚੇ ਵਿਰਸੇ ਦੇ ਵਾਰਸ ਹੋ ਜੋਕਿ ਸਭ ਹੀ ਧਰਮਾਂ ਤੋਂ ਪੁਰਾਣਾ ਅਤੇ ਅਤੇ ਪਵਿਤ੍ਰ ਹੈ  ਜਾਤੀਪਾਤੀ ਧਰਮਾਂ ਮਗਰ ਲਗਕੇ ਆਪਣੇ ਸ਼੍ਰਮਣ ਤੇ ਅਨਮੋਲ ਵਿਰਸੇ ਨੂੰ ਅਖੋਂ-ਫਰੋਖ ਨਾ ਕਰੀਏ[ ਬਲਕਿ ਇਕਠੇ ਹੋ ਕੇ ਆਪਣੇ ਆਦੀ ਪੂਰਵਜਾਂ, ਯੋਧਿਆਂ, ਸੂਰਬੀਰਾਂ ਅਤੇ ਗੁਰੂਆਂ ਦੀ ਉਪਮਾਂ ਨੂੰ ਬੜੀ ਸ਼ਰਧਾ ਸੇਤੀ ਹਿਰਦੇ ਅੰਦਰ ਵਸਾ ਕੇ ਨਤਮਸਤਕ ਹੁੰਦੇ ਹੋਏ ਸਤਿਗੁਰ ਵਾਲਮੀਕ ਜੀ ਦੇ ਇਸ ਮਹਾਨ ਪ੍ਰਗਟ ਦਿਵਸ ਤੇ ਖੁਸ਼ੀਆਂ ਦੇ ਸੋਹਲੇ ਗਾਈਏ[ ਜੈ ਗੁਰੂ ਦੇਵ! ਧੰਨ ਗੁਰੂ ਦੇਵ!!

 ੧੫/੧੦/੨੦੧੧

 'ਮਾਧੋਬਲਵੀਰਾ'

 ਬਲਵੀਰਸਿੰਘਸੰਧੂਇਟਲੀ

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਬਲਵੀਰ ਸਿੰਘ ਸੰਧੂ ਜੀ ਦਾ ਧੰਨਵਾਦ ਹੈ

   
 

ਬਲਵੀਰ ਸਿੰਘ ਸੰਧੂ ਇਟਲੀ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿਕ ਕਰੋ