UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਸੋਹੰ

ਸੋਹੰ

 

ਜੈ ਗੁਰੂਦੇਵ

 

 

     ਸਤਿਗੁਰ ਰਵਿਦਾਸ ਮਹਾਰਾਜ ਜੀ ਦਾ

      ਕਾਇਮ-ਦਾਇਮ ਬੇਗ਼ਮਪੁਰਾ

          ਅਜ 634ਵੇਂ ਮਹਾਨ ਪਵਿਤਰ ਪੁਰਬ ਦਿਵਸ ਉਪਰ ਵਿਸ਼ੇਸ਼

ਧਾਮ-ਏ-ਧੁਰ-ਦਰਗ਼ਾਹੀ ਮਾਧੋ, ਨਿਰੰਕਾਰ ਪ੍ਰਬਰਦਿਗਾਰ, ਸਭਨਾਂ ਕਲਾ ਕਾ ਗਯਾਤਾ, ਅਭੇਖੀ, ਬੇਨਾਮੀ, ਪਾਕਿ-ਪਵਿਤਰ, ਸਰਵ-ਵਿਆਪਕ, ਅਤੇ ਪੁਰਖ-ਵਿਧਾਤਾ ਆਦਿ-ਗੁਰੂ ਜੋ ਯੁਗਾਂ-ਯੁਗੰਤਰਾਂ ਤੋਂ ਨਿਰੰਤਰ ਹੀ ਚਲਿਆ ਆਉਂਦਾ ਹੈ, ਜਿਸਦੀ ਵੇਗ ਵਿਚ ਕਦੇ ਵੀ ਕੋਈ ਤਬਦੀਲੀ ਨਹੀਂ ਆਈ  । ਖਲਾਅ ਦੇ ਵਿਚ ਜੋ ਵੀ ਗ੍ਰਿਹ ਘੁੰਮਦੇ ਨੇ ਇਹ ਸਭ ਉਹਦੀ ਕ੍ਰਿਪਾ ਨਾਲ ਹੀ ਘੁੰਮਦੇ ਨੇ ਜਿਨ੍ਹਾਂ ਵਿਚੋਂ ਇਕ ਧਰਤੀ ਜਿਹੇ ਗ੍ਰਿਹ ਉਪਰ ਸਚੇ ਨਿਰੰਕਾਰ ਨੇ ਇਕ ਅਜੀਬ ਕਾਇਨਾਤ ਨੂੰ ਚਾਰੇ ਖਾਣੀਆਂ (ਅੰਡਜ, ਜੇਰਜ, ਸਤਭੁਜ ਅਤੇ ਬਨਾਸਪਤੀ) ਵਿਚ ਸਿਰਜਿਆ ਹੈ ਜਿਹਨਾਂ ਵਿਚੋਂ ਮਨੁਖ ਦੀ ਉਤਮ ਖਾਣੀ ਮੰਨਿਆ ਗਿਆ ਹੈ ਪਰ ਅਸਲ ਵਿਚ ਇਹ ਸੋਚ ਮਨੁਖ ਦੀ ਆਪਣੀ ਹੀ ਸੋਚ ਹੈ ਬਾਕੀ ਤਿੰਨੇ ਖਾਣੀਆਂ ਦੀ ਨਿਗਾ ਵਿਚ ਬੰਦੇ ਦੀ ਕਿਹੋ ਜਿਹੀ ਖਾਣੀ ਹੋਵੇਗੀ ਸੋ ਉਹੀ ਅਦਲੀ ਨੂਰ ਜੋ ਅਜੋਕੇ ਸਮੇਂ ਦੀ ਗ਼ਾਹ ਵਿਚ ਵਿਚਰ ਰਿਹਾ ਹੈ ਸੋ ਬੇਗ਼ਮਪੁਰੇ ਦੇ ਫ਼ਲਸਫ਼ੇ ਨੂੰ ਜਾਨਣ ਤੋਂ ਪਹਿਲਾਂ ਇਹ ਜਰੂਰੀ ਹੈ ਕਿ ਪਹਿਲਾਂ ਬੰਦੇ ਦੀ ਉਤਮ ਖਾਣੀ ਵਲ ਝਾਤ ਮਾਰੀਏ ਬੰਦੇ ਦੇ ਆਪਣੇ ਲਿਖਤੀ ਦਸਤਾਵੇਜਾਂ ਵਿਚ ਚਾਹੇ ਉਹ ਕਿਸੇ ਵੀ ਕਿਸਮ ਦੇ ਹੋਣ, ਇਹੋ ਹੀ ਦਰਸਾਇਆ ਗਿਆ ਹੈ ਕਿ ਕੁਦਰਤ ਦੀਆਂ ਚਾਰੇ ਖਾਣੀਆਂ ਵਿਚੋਂ ਬੰਦੇ ਦੀ ਖਾਣੀ ਉਤਮ ਹੈ ਸੋ ਜੇ ਬੰਦੇ ਦੀ ਖਾਣੀ ਇਨੀ ਹੀ ਉਤਮ ਹੈ ਤਾ ਫਿਰ ਸਦੀਆਂ ਤੋ ਚਲੇ ਆ ਰਹੇ ਮਨੁਖੀ ਵਿਤਕਰੇ, ਜ਼ਾਤ-ਪਾਤ, ਊਚ-ਨੀਚ, ਅਮੀਰ-ਗ਼ਰੀਬ, ਗੋਰਾ-ਕਾਲਾ ਅਤਿ ਆਦਿਕ ਕੁਰੀਤੀਆਂ ਦੀ ਇੰਨੀ ਬੋਅ ਕਿਉਂ ਆਉਂਦੀ ਹੈ? ਕੋਟਮ-ਕੋਟ ਸਦੀਆਂ ਦਹਾਕੇ ਬੀਤ ਗਏ ਪਰ ਬੰਦਾ ਸ਼ੇਰਾਂ, ਬਘਿਆੜਾਂ ਅਤੇ ਮਗਰ ਮਛਾਂ ਜਿਹੀਆਂ ਕਰਤੂਤਾਂ ਨਾਲੋਂ ਵੀ ਵਧ ਕੇ ਮਹਾਕਰਤੂਤੀ ਬਣ ਚੁਕਾ ਹੈ

ਭਾਰਤ ਦੀ ਧਰਤੀ ਉਪਰ ਕਦੇ ਆਦੀ ਵਾਸੀ ਰਾਜ ਘਰਾਣਿਆਂ ਦਾ ਵੀ ਰਾਜ ਹੁੰਦਾ ਸੀ ਜਿਸਨੂੰ ਮੋਹਾਂਜੋਦਾੜੋ ਅਤੇ ਹੜਪਾ ਦੀ ਸਭਿਯਤਾ ਅਰਥਾਤ ਸਿੰਧੂਘਾਟੀ ਦੀ ਸਭਿਯਤਾ ਕਿਹਾ ਜਾਂਦਾ ਸੀ ਉਹ ਰਾਜ ਜਿਸ ਵਿਚ ਬੰਦਾ ਅਜੋਕੇ ਸਮੇਂ ਦੀਆਂ ਸਹੂਲਤਾਂ ਦੇਖ ਰਿਹਾ ਹੈ, ਉਸ ਸਮੇਂ ਵੀ ਅਜਿਹੀਆਂ ਸਹੂਲਤਾਂ ਵਿਕਸਤ ਸਨ ਉਸ ਸਮੇਂ ਦੇ ਰਾਜ ਵਿਚ ਸ਼੍ਰਮਣ ਧਰਮ ਦੀ ਹੋਂਦ ਹੁੰਦੀ ਸੀ, ਕੋਈ ਵੀ ਇਨਸਾਨ ਵਿਚ ਵਿਤਕਰਾ ਨਹੀਂ ਸੀ ਹਰ ਇਕ ਨੂੰ ਇਕ ਚੰਗੇ ਇਨਸਾਨ (ਸਹਰੀ) ਦੀ ਸਹੂਲਤ ਪ੍ਰਦਾਨ ਹੁੰਦੀ ਸੀ ਇਕ ਅਜਿਹਾ ਰਾਜ ਜੋ ਕਿ ਇਸ ਧਰਤੀ ਦਾ ਵਿਕਾਸੀ ਧੁਰਾ ਕਹਿਲਾਇਆ ਕਰਦਾ ਸੀ ਇਸ ਲਈ ਕੋਈ ਸਤ ਹਜ਼ਾਰ ਸਾਲ ਪਹਿਲਾਂ ਇਥੇ ਬਾਹਰਲੇ ਦੂਰ-ਦੁਰਾਡੇ ਇਲਾਕਿਆਂ (ਦੇਸ਼ਾਂ) ਤੋਂ ਬੰਦਾ ਆਪਣੀ ਬੇਹਤਰ ਕੁਲੀ ਜੁਲੀ ਲਈ ਆਇਆ ਕਰਦਾ ਸੀ ਇਸ ਲਈ ਮਧ ਏਸ਼ੀਆ ਵਿਚੋ ਅਨਪੜ, ਭੁਖੇ, ਗਰੀਬ, ਗਵਾਰ, ਜ਼ਾਲਮ ਅਤੇ ਅਤਿਆਚਾਰੀ ਭਾਵ ਅਸਭਿਯਕ ਲੋਕ ਜਿਹਨਾਂ ਨੂੰ ਆਰੀਆ ਲੋਕ ਕਿਹਾ ਜਾਂਦਾ ਸੀ, ਜੋਕਿ ਆਪਣੀ ਬੇਹਤਰ ਕੁਲੀ ਜੁਲੀ ਲਈ ਇਸ ਸਿੰਧੂ-ਘਾਟੀ ਦੀ ਸਭਿਯਤਾ ਜਿਹੇ ਕਲਿਯਾਣਕਾਰੀ ਰਾਜ ਵਿਚ ਆ ਟਪਕੇ ਸੀ

ਇਹਨਾਂ ਆਰੀਆ ਲੋਕਾਂ ਨੇ ਆਦੀਵਾਸੀਆਂ ਦੀ ਮਹਾਨ ਸਭਿਯਤਾ ਵਿਚ ਜ਼ਹਿਰ ਘੋਲਣਾ ਸ਼ੁਰੂ ਕਰ ਦਿਤਾ ਹੋਲੀ ਹੋਲੀ ਆਪਣੀਆਂ ਜ਼ਾਬਰ-ਜ਼ਾਲਮ ਤੇ ਘਿਨੋਣੀਆਂ ਕਰਤੂਤਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਗਲ ਕੀ ਕਿ ਆਖਿਰ ਮਹਾਨ ਸਭਿਯਕਾਂ ਦੀ ਸ਼ਰਾਫਤ ਦਾ ਗਲਾ ਘੁਟਕੇ ਖ਼ੂਨ ਬਹਾਣਾ ਸ਼ੁਰੂ ਕਰ ਦਿਤਾ ਤੇ ਆਪਣੀਆਂ (ਸ਼ੇਰ-ਬਘੇਲਿਆਂ ਅਤੇ ਮਗ਼ਰਮਛਾਂ ਵਾਲੀਆਂ ਕਰਤੂਤਾਂ) ਅਮਨੁਖੀ ਕਰਤੂਤਾਂ ਨੂੰ ਕਨੂੰਨ ਕਾਇਦਿਯਾਂ ਵਿਚ ਤਬਦੀਲ ਕਰਕੇ ਮਨੂੰ ਜਿਹੇ ਅਮਨੁਖੇ ਜ਼ਾਲਮ ਨੇ ਸਮ੍ਰਿਤੀਆਂ, ਪੁਰਾਨ ਵੇਦ ਜੋਕਿ ਜ਼ਾਤਪਾਤ (ਭਾਵ ਵਰਣ-ਸਵਰਣ) ਨੂੰ ਉਤੇਜਤ ਕਰਦੇ ਸਨ, ਘੜ੍ਹ ਦਿਤੇ ਯੁਗਾਂ ਦੇ ਯੁਗ ਬੀਤ ਜਾਣ ਮਗਰੋਂ ਵੀ ਉਸ ਸਿੰਧੂ ਘਾਟੀ ਦੀ ਸਭਿਯਤਾ ਦੇ ਆਦਿਵਾਸੀ ਜੋ ਕਿ ਭੈੜੇ ਤੇ ਜ਼ਾਲਮੀ ਮਨੂਵਾਦੀ ਚਕੀ ਦੇ ਪੁੜਾਂ ਵਿਚ ਪਿਸ ਰਹੇ ਸਨ (ਅਤੇ ਹੁਣ ਵੀ) ਜਦੋਂ ਮਾਨਵਤਾ ਦੀ ਕੋਈ ਵੀ ਕਦਰ ਨਾ ਰਹੀ ਜਿਹਨਾਂ ਨੇ ਆਪਣੇ ਨਾਵਾਂ ਤੇ ਦੇਵੀ ਦੇਵਤੇ ਬਣਾ ਕੇ ਖੜੇ ਕਰ ਦਿਤੇ ਬ੍ਰਹਮਾ ਬਿਸ਼ਨੂ ਜਿਹੇਆਂ ਨੇ ਬੰਦੇ ਨੂੰ ਚਾਰ ਵਰਣਾ ਵਿਚ ਵੰਡ ਦਿਤਾ  ਆਪ ਬ੍ਰਹਮਣ (ਜੋ ਹਰ ਪਾਸੇ ਤੌਂ ਆਰਾਮ ਨਾਲ ਬੈਠ ਕੇ ਖਾਂਦੇ ਹੀ ਸਨ) ਖਤ੍ਰੀ (ਰਾਜਪੂਤ ਦੇਸ਼ ਦੇ ਬਾਹਰੀ ਹਮਲਿਆ ਤੋਂ ਬਚਾਵ ਲਈ ਸੈਨਾ, ਫੋਜ ਜਾਂ ਦਲ ਅਰਥਾਤ ਪੁਲਿਸ) ਅਤੇ ਵੈਸ਼ (ਜੋ ਸਭ ਵਪਾਰੀ ਅਤੇ ਖੇਤੀ ਬਾੜੀ ਦਾ ਕੰਮ ਕਰਦੇ) ਅਤੇ ਸ਼ੁਦ੍ਰ (ਜੋਕਿ ਜਿਨਾਂ ਨੂੰ ਉਪਰਲੀਆਂ ਤਿੰਨਾਂ ਹੀ ਜਾਤਾਂ ਦੀ ਵਗਾਰ ਕਰਨੀ ਪੈਦੀ ਸੀ) ਜਿਨ੍ਹਾਂ ਨੂੰ ਉਪਰਲੀਆ ਤਿੰਨੇ ਉਚ ਜਾਤੀਆਂ ਦੇ ਜ਼ਬਰੀ ਨੀਚ ਬਣਾ ਦਿਤਾ ਬਸ ਉਦੋਂ ਤੋਂ ਹੀ ਇਸ ਮਨੂੰਵਾਦ ਨੇ ਸ਼ੁਦ੍ਰਾਂ ਦੇ ਨਾਲ ਘ੍ਰਿਣਾ ਸ਼ੁਰੂ ਕਰ ਦਿਤੀ ਮਨੂਵਾਦ ਦੀ ਵਰਣ-ਪ੍ਰਣਾਲੀ ਸਿੰਧੂ ਘਾਟੀ ਦੀ ਸਭਿਯਤਾ ਨੂੰ ਤਬਾਹੀ ਦੀਆਂ ਲੀਹਾਂ ਤੇ ਲਿਆਉਣੋ ਨਾ ਰੁਕੀ ਸ਼ੁਦ੍ਰਾਂ ਨਾਲ ਕੁਤਿਆਂ ਬਿਲਿਆਂ ਨਾਲੋ ਵੀ ਬਹੁਤ ਭੈੜਾ ਸਲੂਕ ਹੋਣ ਲਗਾ ਸ਼ੂਦ੍ਰਾਂ ਨੂੰ ਜੋਰਾ-ਜਬਰੀ ਗੰਦੇ ਤੋਂ ਗੰਦੇ ਕੰਮ ਠੋਸ ਦਿਤੇ ਗਏ ਮਰੇ ਹੋਏ ਪਸ਼ੂਆਂ ਤੇ ਮੁਰਦਿਆਂ ਜਿਹਾ ਕੰਮ ਥੋਪ ਦਿਤਾ ਸ਼ੂਦ੍ਰ ਪ੍ਰਮਾਤਮਾ ਦਾ ਨਾਮ ਲੈ ਜਾਂ ਸੁਣ ਨਹੀਂ ਸਕਦਾ ਸੀ ਤਿੰਨੇ ਜ਼ਾਤਾਂ ਦੇ ਕਿਸੇ ਵੀ ਸਾਹਮਣੇ ਬੰਦਾ ਖੜਾ ਨਹੀਂ ਹੋ ਸਕਦਾ ਸੀ ਬਲਕਿ ਪਾਪੀ ਸਮਝਿਆ ਜਾਂਦਾ ਸੀ ਗਲੀ ਬਾਜਾਰਾਂ, ਰਸਤਿਆਂ ਅਤੇ ਮੰਦਰਾਂ ਵਿਚ ਨਹੀਂ ਜਾ ਸਕਦਾ ਸੀ ਪਰ ਜੇ ਕਿਤੇ ਉਚ ਜਾਤੀ ਦਾ ਕੋਈ ਬੰਦਾ ਅਛੂਤ ਨੂੰ ਆਪਣੇ ਕੰਮ ਵਾਸਤੇ ਬੁਲਾ ਲੈਂਦਾ ਸੀ ਤਾਂ ਉਸਦੇ ਪਿਛੇ ਦਰਖਤਾਂ ਦੇ ਛਾਪਿਆਂ ਦੀਆਂ ਡਾਲੀਆਂ ਬੰਨ ਦਿਤੀਆਂ ਜਾਂਦੀਆਂ ਸਨ ਤੇ ਪਿਛੋਂ ਗੰਗਾ ਜਲ ਜਾਂ ਗਊ ਮੂਤ੍ਰ ਦੇ ਛਿਟੇ ਦਿਤੇ ਜਾਂਦੇ ਸਨ ਉਚੀ ਜ਼ਾਤੀ ਬ੍ਰਹਮਣ ਨੇ ਆਪਣੇ ਸਵਾਰਥਾਂ ਲਈ ਇਹੋ ਜਿਹੇ ਅੰਧ-ਵਿਸ਼ਵਾਸੀ, ਕ੍ਰਮਾਂ-ਕਾਂਡਾਂ (ਜੰਮਣ-ਮਰਨ, ਵਿਆਹ-ਸ਼ਾਦੀ ਅਤੇ ਰਬ ਦੇ ਨਾਂ ਤੇ ਧਰਮ) ਦਾ ਪਸਾਰਾ ਫੈਲਾਇਆ ਹੋਇਆ ਸੀ ਜਦੋਂ ਅਜਿਹੀ ਅਮਨੁਖੇ ਤਸ਼ਦਦਾਂ ਦਾ ਕਹਿਰ ਨਾ ਰੁਕਿਆ, ਭਗਵਾਨ ਕਹਿਣ ਵਾਲਿਆਂ ਦੇ ਇਨਸਾਨੀ ਵਿਤਕਰਿਆਂ ਵਿਚ ਕੋਈ ਵੀ ਫਰਕ ਨਾ ਅਇਆ ਉਧਰ ਦੂਜੇ ਪਾਸੇ ਮੁਗਲ ਬਾਦਸ਼ਾਹਾਂ ਵਲੋਂ ਕਤਲ-ਏ-ਆਮ ਵਿਚ ਕੋਈ ਵੀ ਕਮੀ ਨਾ ਆਈ ਤਾਂ ਫਿਰ ਭਾਰਤ ਦੇ ਆਦੀ ਵਾਸੀਆਂ ਦੇ ਚੀਕ-ਚਿਹਾੜਿਆਂ ਅਤੇ ਸ਼ਰੇਆਮ ਡੁਲ ਰਹੇ ਖ਼ੂਨ ਤੋਂ ਧਰਤੀ ਥਰਥਰਾ ਕੰਬ ਗਈ ਸੀ ਜਿਸ ਕਰਕੇ ਫਿਰ ਉਸ ਸਚੇ ਪ੍ਰਮਾਤਮਾ ਨੇ ਆਪਣਿਆਂ ਸਚਿਆਂ ਅਹਿੰਸਕ ਰਾਜਦੂਤਾਂ ਨੂੰ ਭਾਰਤ ਦੀ ਇਸ ਧਰਤੀ ਤੇ ਭੇਜਿਆ ਗੁਰੂ ਵਾਲਮੀਕ ਜੀ ਰਾਮ ਚੰਦਰ ਦੇ ਸਮੇਂ ਵਿਚ ਆਏ ਜਦਕਿ ਫਿਰ ਦਵਾਰਾ ਰਾਜਦੂਤ ਜਾਂ ਆਦਿ ਗੁਰੂ ੧੨ਵੀਂ ਸਦੀ ਤੋਂ ੧੫ਵੀ ਸਦੀ ਤਕ ਭਾਰਤ ਦੀ ਧਰਤੀ ਤੇ ਭਗਤੀ(ਸੂਰਮਗਤੀ) ਲਹਿਰ ਦਾ ਝੰਡਾ ਲਹਿਰਾਣ ਲਈ ਆ ਪ੍ਰਗਟ ਹੋਏ ਜਿਨ੍ਹਾਂ ਵਿਚੋਂ (੧੨ਵੀਂ ਤੋਂ ੧੫ਵੀਂ ਸਦੀ ਤਕ) ਸਤਿਗੁਰੂ ਨਾਮ ਦੇਵ ਜੀ, ਸਤਿਗੁਰੂ ਕਬੀਰ ਸਾਹਿਬ ਜੀ, ਸਤਿਗੁਰ ਰਵਿਦਾਸ ਜੀ, ਸਤਿਗੁਰ ਭਗਤ ਤ੍ਰਲੋਚਨ ਜੀ, ਸਤਿਗੁਰੂ ਸਦਨਾ ਜੀ, ਸਤਿਗੁਰੂ ਸੈਨ ਜੀ, ਸਤਿਗੁਰ ਭਗਤ ਪਰਮਾ ਨੰਦ ਜੀ ਸਨ ਸੋ ਭਗਤੀ ਲਹਿਰ ਦੇ ਝੰਡੇ ਨੂੰ ਹੋਰ ਉਚਾ ਲਹਿਰਾਣ ਲਈ ਸਤਿਗੁਰ ਰਵਦਿਾਸ ਜੀ ਮਾਹਾਰਾਜ ਇਸ ਭਾਰਤ ਦੀ ਧਰਤੀ ਉਪਰ ਪ੍ਰਗਟ ਹੋਏ ਸੋ ਭਗਤੀ ਪ੍ਰਮਾਤਮਾ ਦੀ ਪਹਿਲੀ ਪੋੜੀ ਹੈ ਜਿਸਦਾ ਕੋਈ ਵੀ ਹਦ ਬੰਨਾ ਨਹੀਂ ਹੈ ਨੂਰ-ਏ-ਇਲਾਹੀ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਪੁਰਬ, ਉਤਰੀ ਭਾਰਤ ਦੇ ਯੂਪੀ ਰਾਜ, ਵਾਰਾਨਸੀ ਵਿਚ ਪੈਂਦੇ ਕਾਸ਼ੀ ਸ਼ਹਿਰ ਦੇ ਇਕ ਕਸਬੇ ਸੀਰਗੁਵਰਧਨਪੁਰ (ਮੰਡੂਆ ਢੀਹ) ਗਾਉਂ ਵਿਖੇ ੧੪੩੩ ਵਿਕਰਵੀਂ (੧੩੭੬ ਈਸਵੀ ਵਿਚ) ਦਿਨ ਐਤਵਾਰ(ਰਵਿ) ਵਾਲੇ ਦਿਨ ਪਿਤਾ ਸ੍ਰੀ ਸੰਤੋਖ ਦਾਸ ਜੀ ਅਤੇ ਮਾਤਾ ਕਲਸਾ ਦੇਵੀ ਜੀ ਦੀ ਕੁਖੋਂ ਹੋਇਆ ਆਪ ਜੀ ਦੀ ਦਾਦੀ ਲਖਪਤੀ ਅਤੇ ਬਾਬਾ ਕਾਲੂ ਦਾਸ ਜੀ ਜੋਕਿ ਜਸਲ ਗੋਤ ਚਮਾਰ ਜਾਤੀ ਵਿਚੋਂ ਸਨ ਆਪ ਜੀ ਦੀ ਆਦੀ ਧਰਮ ਪਤਨੀ ਲੇਨਾ ਜਾਂ ਲੁਨਾ ਜੀ ਸੀ ਜੋਕਿ ਪੇਕਿਆਂ ਦਾ ਅਸਲੀ ਨਾਮ ਸੀ ਅਤੇ ਭਾਗਵੰਤੀ ਸੁਹਰੇ ਘਰ ਦਾ ਸੀ

ਆਪ ਜੀ ਇਕ ਗ੍ਰਿਹਸਤੀ ਅਤੇ ਮਾਇਆ ਨਿਰਲੇਪੀ ਸਨ ਬਚਪਨ ਵਿਚ ਹੀ ਉਸ ਪ੍ਰਬਰਦਿਗਾਰ ਦੀ ਰਜ਼ਾ ਵਿਚ ਰਹਿਣ ਵਾਲੇ ਸਨ ਹਮੇਸ਼ਾ ਹੀ ਅੰਦਰ ਛੁਪੀ ਹੋਈ ਅਦਲੀ-ਲੋਅ ਅੰਦਰ ਮਗਨ ਅਤੇ ਉਦਾਸ ਰਹਿੰਦੇ ਸਨ ਆਪ ਜੀ ਦੇ ਬਚਪਨੀ ਖੇਲ ਤਮਾਸ਼ੇ ਆਪਣੇ ਸੰਗੀ ਸਾਥੀਆਂ ਨਾਲੋਂ ਬਿਲਕੁਲ ਹੀ ਵਖਰੇ ਸਨ ਜਿਉਂ ਜਿਉਂ ਬਚਪਨ ਬੀਤਦਾ ਗਿਆ ਤਿਉਂ ਤਿਉਂ ਸੋਝੀ ਆਉਂਦੀ ਗਈ ਦਿਬ ਦ੍ਰਿਸ਼ਟੀ ਨੇ ਵੀ ਆਪ ਜੀ ਅੰਦਰ ਤੜਥਲੀ ਮਚਾਈ ਹੋਈ ਸੀ ਬਾਬਾ ਕਾਲੂ ਜੀ ਦੇ ਸਾਰੇ ਖਾਨਦਾਨ ਪ੍ਰਿਵਾਰ ਵਿਚੋਂ ਆਪ ਜੀ ਦੀ ਰਹਿਣੀ-ਬਹਿਣੀ ਬਿਲਕੁਲ ਹੀ ਵਖਰੀ ਸੀ ਆਪ ਉਚੀ ਜਾਤਾਂ ਵਾਲਿਆਂ ਨਾਲ ਕਈ ਵਾਰੀ ਸਵਾਲ ਕਰਨ ਦੀ ਜੁਰਤ ਕਰਦੇ ਸਨ ਮਸਲਨ ਧੋਤੀ, ਜੰਜੂ ਤੇ ਤਿਲਕ ਲਗਾਣਾ ਇਕ ਬਹੁਤ ਵਡੀ ਜੁਰਤ ਸੀ ਜੋਕਿ ਅਜ ਦੇ ਸਮੇਂ ਵਿਚ ਕੋਈ ਕਿੰਨਾ ਵੀ ਵਡਾ ਕਿਉਂ ਨਾ ਹੋਵੇ ਕਿਸੇ ਧਰਮ ਦੀ ਮਰਿਆਦਾ ਦੀ ਨਕਲ ਨਹੀਂ ਕਰ ਸਕਦਾ ਆਪ ਭਰ ਜਵਾਨੀ ਵਿਚ ਪਿਤਾ ਪੁਰਖੀ ਕੰਮ ਬੜੀ ਲਗਨ ਅਤੇ ਜੋਸ਼ ਨਾਲ ਕਰਿਆ ਕਰਦੇ ਸਨ ਆਪ ਆਪਣੇ ਪਿਤਾ ਜੀ ਦੇ ਨਾਲ ਮਦਦ ਕਰਵਾਇਆ ਕਰਦੇ ਸਨ ਪਰ ਕਈ ਵਾਰੀ ਆਪਣੇ ਪਿਤਾ ਜਾਂ ਦਾਦੇ ਨੂੰ ਅਜਿਹੇ ਸਵਾਲ ਕਰਦੇ ਸਨ ਜਿਸਦਾ ਜੁਆਬ ਉਨ੍ਹਾਂ ਕੋਲ ਵੀ ਨਹੀਂ ਸੀ ਹੁੰਦਾ ਮਾਤਾ-ਪਿਤਾ ਨੇ ਆਪਣੇ ਪੁਤਰ ਦਾ ਅਜਿਹਾ ਵਖਰਾਪਨ ਦੇਖਦੇ ਹੋਏ ਆਪ ਜੀ ਦੀ ਸ਼ਾਦੀ ਕਰ ਦਿਤੀ ਇਹ ਸਮਝਕੇ ਕਿ ਸ਼ਾਇਦ ਅਜਿਹੀ ਸੋਚ ਵਿਚ ਸੁਧਾਰ ਆ ਜਾਵੇਗਾ ਪਰ ਰਵਿਦਾਸ ਜੀ ਉਹੀ ਦੇ ਉਹੀ ਆਪ ਜੀ ਦੀ ਆਦੀਧਰਮ ਪਤਨੀ ਲੇਨਾ ਜੀ ਵੀ ਉਸੇ ਮੀਜਾ ਦੇ ਬਣ ਗਏ ਆਪ ਬੜੇ ਹੀ ਕ੍ਰਿਪਾਲੂ, ਦਇਆਵਾਨ, ਸ਼ੀਲਵੰਤ, ਕੋਮਲ, ਚਿੰਤਕ, ਬ੍ਰਹਮ ਗਿਆਨੀ ਅਤੇ ਵਿਮਲ ਸੁਭਾਅ ਦੇ ਸਾਧਕ ਸਨ ਕਹਿੰਦੇ ਨੇ ਕਿ ਜਿਸ ਬੂਟੀ ਦੀ ਅੰਦਰ ਮਹਿਕ ਹੋਵੇ ਤਾਂ ਉਸੇ ਤਰਾਂ ਦੀ ਹੀ ਮਹਿਕ ਆਉਂਦੀ ਹੈ ਆਪ ਜਿਨੀ ਵੀ ਕਮਾਈ ਕਰਦੇ ਸਨ ਸਭ ਸੰਤ ਜਨਾਂ ਦੇ ਚਰਨੀ ਲਗਾ ਦਿੰਦੇ ਸਨ ਕੋਈ ਵੀ ਕ੍ਰਮ ਕਾਂਡਾਂ ਜਿਵੇਂ ਯੋਗੀ ਜੰਗਮ, ਰਿਦ ਸਿਦ, ਭੇਖੀ ਜਾਂ ਮਾਇਆ ਦੇ ਪੁਜਾਰੀ, ਖਾਸ ਕਰਕੇ ਮੂਰਤੀ ਪੂਜਾ ਦੇ ਬਹੁਤ ਹੀ ਖਿਲਾਫ ਸਨ ਆਪ ਜੀ ਨੇ ਸੰਤਾਲੀ ਸਾਲ ਦੀ ਉਮਰ ਤੋਂ ਬਾਅਦ ਉਸ ਨੂਰ-ਏ-ਇਲਾਹੀ ਦਾ ਹੁਕਮ ਮੰਨਦੇ ਹੋਏ ਇਕ ਕੁਲੀ ਵਿਚੋਂ ਉਠਕੇ ਨਾਮ ਦੀ ਦਿਬ ਦਾ ਪ੍ਰਗਟਾਵਾ ਕਰਨਾ ਅਰੰਭ ਦਿਤਾ ਸੀ ਜਿਸ ਤੋਂ ਸਭ ਹੀ ਹੈਰਾਨ ਰਹਿ ਗਏ ਸਨ ਅਜਿਹਾ ਦੇਖਦੇ ਹੋਏ ਆਪ ਜੀ ਦੇ ਭਾਈਵੰਦ, ਜਾਤ ਬਰਾਦਰੀ, ਸਾਕ ਸਕੀਰੀ ਅਤੇ ਹੋਰ ਦੁਨੀਆਂ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਚੇਲਾ ਜਾਂ ਜਾਦੂਖੋਰਾ ਸਮਝਣਾ ਸ਼ੁਰੂ ਕਰ ਦਿਤਾ ਜੇ ਅਜਿਹਾ ਖੁਦ ਕੌਮ ਹੀ ਸਮਝਦੀ ਸੀ ਤਾਂ ਉਚੀਆਂ ਜਾਤਾਂ ਵਾਲਿਆਂ ਲਈ ਤਾਂ ਹੋਰ ਵੀ ਹਾਸੋਹੀਣੀ ਸੀ ਪਰ ਸਤਿਗੁਰ ਜੀ ਨੇ ਸ਼ਰੇਆਮ ਐਲਾਨ ਕਰ ਦਿਤਾ ਸੀ ਕਿ ਮੈਂ ਬਿਨਾ ਭਿੰਨ ਭੇਖਾਂ ਜਾਂ ਰਿਦੀਆ ਸਿਦੀਆਂ ਤੋਂ ਹਟ ਕੇ ਇਕ ਆਮ ਗ੍ਰਿਸਤੀ ਹੁੰਦਾ ਹੋਇਆ ਸਚੇ ਰਬ ਦੀ ਮਿਹਰ ਨੂੰ ਪਰਵਾਨ ਹੋਇਆ ਹਾਂ ਕੋਈ ਵੀ ਉਨ੍ਹਾਂ ਦੀ ਰੂਹਾਨੀਯਤ ਨੂੰ ਸਮਝ ਨਹੀਂ ਰਿਹਾ ਸੀ ਬਸ ਉਹ ਦਿਨ ਜਾਂਦਾ ਫਿਰ ਆਪ ਜੀ ਨੇ ਸਭ ਨੂੰ ਹੀ ਸਮਝਾਣ ਦੀ ਕੋਸ਼ਿਸ਼ ਕੀਤੀ ਪਰ ਰਬ ਦੀ ਕਰਨੀ ਨੂੰ ਤਾਂ ਕੋਈ ਬਿਰਲਾ ਹੀ ਪਛਾਣ ਸਕਦਾ ਹੈ ਆਪ ਜੀ ਨੇ ਬੇਅੰਤੇ ਚੋਜ ਦਿਖਾਏ ਜਾਤਾਂ-ਪਾਤਾਂ ਵਾਲਿਆਂ ਦਾ ਮਾਣ ਹੰਕਾਰ ਤੋੜਿਆ ਉਸ ਮਹਾਰਾਜ ਦੀ ਦਿਬ ਦੇ ਅਗੇ ਰਾਜ-ਕੁਮਾਰੀਆਂ, ਰਾਣੀਆਂ, ਮਹਾਰਾਣੀਆਂ, ਮਹਾਨ ਵਿਦਵਾਨ ਪੰਡਤ ਲੋਗ, ਰਾਜੇ ਮਹਾਰਾਜੇ ਇਥੋਂ ਤਕ ਕਿ ਸੁਲਤਾਨ ਸਿਕੰਦਰ ਲੋਧੀ ਵਰਗੇ ਚਰਨੀ ਢੈਅ ਪਏ ਪਰ ਸਤਿਗੁਰ ਜੀ ਦੀ ਕੌਮ ਵਿਚੋਂ ਕਿਸੇ ਨੂੰ ਵੀ ਉਸ ਦੇ ਇਲਾਹੀ ਨੂਰ ਦੀ ਪਛਾਣ ਨਾਂ ਹੋਈ ਇਸੇ ਕਰਕੇ ਸਤਿਗੁਰ ਜੀ ਕੁਲੀ (ਭਾਵ ਮਾੜੀ ਤੇ ਭੈੜੀ ਸੋਚ) ਵਿਚੋਂ ਉਠਕੇ ਸੋਹੰਕਾਰ ਦਾ ਨਾਮ ਜਪਾਉਂਦੇ ਹੋਏ ਸੰਸਾਰ ਨੂੰ ਤਾਰਨ ਲਈ ਭਰਮਣ ਦੇ ਲਈ ਚਲ ਪਏ ਇਸ ਕਰਕੇ ਹੀ ਆਪ ਜੀ ਨੇ ਪੰਜ ਉਦਾਸੀਆਂ ਦੁਰਾਨ ਹਰਿਦੁਆਰ, ਮੁਲਤਾਨਪੁਰੀ, ਪੁਸ਼ਕਰ, ਪਨਘਟ, ਪ੍ਰਯਾਗ ਦਿਲੀ, ਗੁੜਗਾਂਵ, ਮਥੁਰਾ, ਬਿੰਦਰਾਬਨ, ਅਯੋਧਿਆ, ਗੋਦਾਵਰੀ, ਕੋਠਾ ਸਾਹਿਬ, ਚਕ ਹਕੀਮ, ਖੁਰਾਲਗੜ੍ਹ, ਚੂੜਕਾਨਾ ਅਤੇ ਸਿਰਧਾਰ ਪ੍ਰਬਤ ਅਤਿ ਆਦਿਕ ਸਥਾਨਾਂ ਤੇ ਭ੍ਰਮਣ ਅਤੇ ਸਤਿਸੰਗ ਕੀਤੇ ਭਾਈ ਬਾਲਾ ਜੀ ਦੀ ਜਨਮ ਸਾਖੀ ਅਨੁਸਾਰ ਕਿ ਜਦੋਂ ਗੁਰੂ ਨਾਨਕ ਦੇਵ ਜੀ ਸਿਰਧਾਰ ਪਰਬਤ ਉਪਰ ਗਏ ਤਾਂ ਡਰਦੇ ਹੋਏ ਮਰਦਾਨੇ ਨੇ ਪੁਛਿਆ ਕਿ ਕੀ ਇਸ ਪ੍ਰਬਤ ਤੇ ਪਹਿਲਾ ਵੀ ਕੋਈ ਆ ਚੁਕਾ ਹੈ ਤਾਂ ਨਾਨਕ ਦੇਵ ਜੀ ਨੇ ਜੁਆਬ ਦਿਤਾ ਕਿ ਹਾਂ! ਇਸ ਪ੍ਰਬਤ ਉਪਰ ਸਿਰਫ ਪਵਨ ਅਹਾਰੀ ਹੀ ਆ ਸਕਦੇ ਨੇ, ਉਹ ਹੈ ਸੰਤ ਰਵਿਦਾਸ ਜੀ ਜੋ ਸਾਥੋਂ ਪਹਿਲਾਂ ਹੀ ਆ ਚੁਕੇ ਨੇ

ਗੁਰੂ ਜੀ ਨੇ ਸਮੂਹ ਮਨੁਖਤਾ ਨੂੰ ਸਚ ਦਾ ਸੰਦੇਸ਼ ਦਿਤਾ ਤੇ ਕਿਹਾ ਕਿ ਉਸ ਦੀ ਨਿਗਾ ਵਿਚ ਕੋਈ ਵੀ ਸ਼ੁਦਰ (ਅਛੂਤ) ਜਾਂ ਬ੍ਰਹਮਣ ਨਹੀਂ ਹੈ, ਉਸਨੇ ਸਭ ਨੂੰ ਇਕੋ ਹੀ ਸੰਚੇ ਵਿਚ ਘੜਿਆ ਹੈ ਆਪ ਜੀ ਦਾ ਅਸਲੀ ਮਕਸਦ ਇਨਸਾਨ ਨੂੰ ਜਾਤਾਂ ਪਾਤਾਂ ਵਿਚੋਂ ਕਢਕੇ, ਪੰਜੇ ਵਿਕਾਰਾਂ ਤੋਂ ਬਚਾਂਦੇ ਹੋਏ ਇਕ ਦ੍ਰਿੜ ਵਿਸ਼ਵਾਸ ਅਤੇ ਅਣਖ ਪੈਦਾ ਕਰਨਾ ਸੀ ਸਦੀਆਂ ਤੋਂ ਦਬੀ ਹੋਈ ਕੌਮ ਨੂੰ ਨੀਚ ਜਾਂ ਅਛੂਤ ਦੇ ਹਊਏ ਤੋ ਬਾਹਰ ਕਢਣਾ ਸੀ, ਉਹ ਸਤਿਗੁਰ ਜੀ ਨੇ ਕਰ ਕੇ ਦਿਖਾ ਦਿਤਾ ਜਿਸਨੂੰ ਅਜ ਸਾਰਾ ਦਲਿਤ ਸਮਾਜ ਯਾਦ ਕਰ ਰਿਹਾ ਹੈ ਇਥੇ ਇਹ ਗਲ ਬਹੁਤ ਹੀ ਜਰੂਰੀ ਕਹਿਣੀ ਬਣਦੀ ਹੈ ਕਿ ਆਪ ਗ੍ਰਿਸਤੀ ਹੁੰਦੇ ਹੋਏ ਸਮੇਂ ਸਮੇਂ ਤੇ ਵਾਪਰੇ ਕ੍ਰਿਸ਼ਮਿਆਂ ਜਾਂ ਰੋਜਾਨਾ ਰੂਹਨੀਯਤ ਜੀਵਨ ਘਟਨਾਵਾਂ ਨੂੰ ਆਪਣੀ ਅਣਮੁਲੀ, ਅਣਖੀਲੀ, ਨੂਰੀ ਅਤੇ ਮਿਹਰ ਭਰੀ ਕਲਮ ਨਾਲ ਧੁਰ ਕੀ ਬਾਣੀ ਨੂੰ ਸ਼ਬਦਾਂ, ਦੋਹਿਆਂ ਜਾਂ ਪਦਿਆਂ ਵਿਚ ਪ੍ਰੋਕੇ ਰਖ ਦਿਤਾ ਆਪ ਜੀ ਦੀ ਬੇਸ਼ੁਮਾਰ ਬਾਣੀ ਹੈ ਪਰ ਸਾਰੀ ਹੀ ਬਾਣੀ ਦਾ ਧੁਰਾ ਭਾਵ ਕੇਂਦਰੀ ਸਬਦ ਜੋਕਿ ਗੁਰੂ ਗ੍ਰੰਥ ਜੀ ਵਿਚ ਦਰਜ ਹੈ ਉਹ ਸਬਦ ਹੈ ਬੇਗ਼ਮਪੁਰਾ ਸ਼ਹਰ ਕੁ ਨਾਉ ਜਿਸਦੇ ਫ਼ਲਸਫ਼ੇ ਤੋਂ ਹੇਠਾਂ ਲਿਖੀ ਰਹਿਮਤ ਪ੍ਰਾਪਤ ਕਰਦੇ ਹਾ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਧੁਰ ਕੀ ਬਾਣੀ ਲਿਖਤ ਵਿਚ ਬੇਗ਼ਮਪੁਰੇ ਦੀ ਪ੍ਰੀਭਾਸ਼ਾ ਉਲੀਕੀ ਹੈ, ਉਹ ਕਿਸ ਤਰਾਂ ਦੀ ਹੈ? ਉਹ ਕਿਸ ਤਰਾਂ ਦੇ ਸਮਾਜ (ਬੇਗਮਪੁਰੇ) ਦੀ ਸਿਰਜਣਾ ਬਾਰੇ ਗਲ ਕਰਦੇ ਨੇ? ਉਸ ਬੇਗਮਪੁਰੇ ਦਾ ਅਸਲੀ ਸਥਾਨ ਕਿਥੇ, ਕਿਵੇਂ ਅਤੇ ਕਿਸ ਤਰਾਂ ਦਾ ਹੈ? ਕੋਣ, ਕਿਵੇਂ, ਕਦੋਂ ਅਤੇ ਕਿਉਂ ਉਥੋਂ (ਬੇਗਮਪੁਰ) ਦਾ ਵਾਸੀ ਹੋ ਸਕਦਾ ਹੈ? ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਇਸ ਮਹਾਨ ਦਿਬੀ ਵਿਚਾਰਧਾਰਾ ਦਾ ਜੁਆਬ ਗੁਰੂ ਗ੍ਰੰਥ ਦੇ ਪੰਨਾ ੪੮੦ ਉਪਰ ਰਾਗ ਗਾਉੜੀ ਗੁਆਰੇਰੀ ਵਿਚ ਦਰਜ ਸ਼ਬਦ ਬੇਗਮਪੁਰਾ ਸਹਰ ਕੁ ਨਾਉ ਵਿਚੋਂ ਪ੍ਰਾਪਤ ਹੁੰਦਾ ਹੈ

ਬੇਗ਼ਮਪੁਰਾ ਸਹਰ ਕੁ ਨਾਉ ਦੂਖ ਅੰਦੋਹ ਨਹੀਂ ਤੇ ਠਾਉ

ਨਾ ਤਸਵੀਸ ਖ਼ਿਰਾਜ ਨਾ ਮਾਲ ਖ਼ਉਫ਼ ਨਾ ਖ਼ਤਾ ਨਾ ਤਰਸਜਵਾਲ  

ਅਬ ਮੋਹਿ ਖੂਬ ਵਤਨ ਗ਼ਹ ਪਾਈ  ਊਹਾਂ ਖੈਰ ਸਦਾ ਮੇਰੇ ਭਾਈ ਰਹਾਉ

ਕਾਇਮ ਦਾਇਮ ਸਦਾ ਪਾਤਸਾਹੀ ਦੋਮ ਨਾ ਸੇਮ ਏਕ ਸੋ ਆਹੀ

ਆਬਾਦਾਨ ਸਦਾ ਮਸਹੂਰ ਊਹਾਂ ਗ਼ਨੀ ਵਸੈ ਮਾਮੂਰ

ਤਿਉਂ ਤਿਉਂ ਸੈਲ ਕਰੇ ਜਿਉਂ ਭਾਵੈ ਮਹਰਮ ਮਹਲ ਨਾ ਕੋ ਅਟਕਾਵੈ

ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸਹਰੀ ਸੋ ਮੀਤ ਹਮਾਰਾ

ਸਤਿਗੁਰ ਰਵਿਦਾਸ ਜੀ ਰਹਾਉ ਬੰਦ ਦੀਆਂ ਪੰਗਤੀਆਂ ਵਿਚ ਸੰਸਾਰ ਨੂੰ ਸਮਝਾਉਂਦੇ ਹਨ ਕਿ ਐ ਸੰਸਾਰੀ ਲੋਗੋ ਮੇਰੀ ਗਲ ਖਿਆਲ ਨਾਲ ਸੁਣੋ ਜੋ ਮੈ ਤੁਹਾਨੂੰ ਕਹਿਣੀ ਚਾਹੁੰਦਾ ਹਾਂ ਉਹ ਇਹ ਹੈ ਕਿ ਮੈਨੂੰ ਇਕ ਅਜਿਹੇ ਦੂਰ ਦੁਰਾਡੇ ਵਤਨ (ਦੇਸ) ਦੀ ਭਾਲ (ਉਪਲਭਦੀ) ਹੋਈ ਹੈ, ਇਕ ਅਜਿਹੀ ਗ਼ਾਹ(ਸਥਾਨ ਜਾਂ ਦੇਸ਼) ਮਿਲੀ ਹੈ ਜਿਥੇ ਅਨੰਦ ਹੀ ਆਨੰਦ ਹੈ ਭਾਵ ਆਨੰਦਮਈ ਵਤਨ ਵਿਚ ਜਗ੍ਹਾ ਮਿਲ ਗਈ ਹੈ ਉਥੇ ਇਹੋ ਜਿਹਾ ਆਨੰਦ ਪ੍ਰਾਪਤ ਹੋ ਗਿਆ ਹੈ ਜੋ ਸਦਾ ਲਈ ਅਮਰ ਹੋ ਗਿਆ ਹੈ, ਮੇਰੀ ਇਸ ਗਲ ਨੂੰ ਗੋਹ ਨਾਲ ਸੁਣਨ ਵਾਲੇ ਭਾਈ ਜਨੋ, ਸੰਤ ਜਨੋ, ਜੋ ਮੈਂ ਕਿਹਾ ਹੈ ਇਹ ਇਕਦਮ ਹੀ ਸਚ ਹੈ ਇਸ ਵਿਚ ਕੋਈ ਵੀ ਛਕ ਨਹੀਂ ਹੈ ਐ ਸੰਤ ਜਨੋ ਅਤੇ ਭਾਈ ਭਰਾਵੋ ਜਿਸ ਵਤਨ ਦੀ ਮੈਂ ਗਲ ਕੀਤੀ ਹੈ, ਉਸ ਵਤਨ ਦੀਆਂ ਹੋਰ ਵੀ ਵਧਕੇ ਖੂਬੀਆਂ ਨੇ ਇਹ ਮੈਂ ਦੇਖ ਚੁਕਾ ਹਾਂ ਤੇ ਮੈਂ ਉਸ ਦੇਸ (ਵਤਨ) ਦਾ ਨਾਗਰਿਕ ਬਣ ਗਿਆ ਹਾਂ ਮੈਨੂੰ ਇਸ ਦੁਨਿਆਵੀ ਮੋਹ (ਸੋਨੇ, ਚਾਂਦੀ, ਹੀਰੇ, ਲਾਲ, ਜਵਾਹਰ) ਮਾਇਆ ਨਾਲ ਕੋਈ ਵੀ ਨੇਹ ਨਹੀਂ ਰਿਹਾ ਜੋ ਅਜਿਹੀਆਂ ਭੋਤਿਕ ਚੀਜਾਂ ਨਾਲ ਪਿਆਰ ਕਰਦਾ ਹੈ ਉਹ ਸਚਾ ਸੰਤ ਬਿਲਕੁਲ ਨਹੀਂ ਹੋ ਸਕਦਾ ਜੋ ਲੋਗ ਸੋਨੇ ਨੂੰ ਪਿਆਰ ਕਰਦੇ ਹਨ ਉਹ ਕਤਈ ਬੇਗਮਪੁਰੇ ਵਿਚ ਨਹੀ ਜਾ ਸਕਦੇ, ਉਨ੍ਹਾਂ ਨੂੰ ਦਰਵਾਜੇ ਤੋਂ ਹੀ ਵਾਪਸ ਭੇਜ ਦਿਤਾ ਜਾਂਦਾ ਹੈ ਇਸ ਲਈ ਮੈਂ ਉਸ ਦੂਰ ਵਤਨ ਦੀ ਗਲ (ਖੂਬੀ) ਅਰਜ ਕਰ ਰਿਹਾ ਹਾਂ

ਸੋ ਸਤਿਗੁਰ ਜੀ ਸ਼ਬਦ ਦੇ ਦੂਜੇ ਬੰਦ ਦੀਆਂ ਪੰਗਤੀਆਂ ਵਿਚ ਉਸ ਵਤਨ ਦੇ ਅਸਲੀ ਨਾ ਅਤੇ ਉਥੋਂ ਦੀ ਅਰਥ-ਵਿਵਸਤਾ ਬਾਰੇ ਦਸਦੇ ਨੇ ਕਿ ਉਹ ਵਤਨ ਜਿਥੇ ਮੈਂ ਗ਼ਾਹ ਜਾਂ ਅਸਥਾਨ ਲਭਿਆ ਹੈ ਉਸਦਾ ਅਸਲੀ ਨਾਮ ਬੇਗ਼ਮਪੁਰਾ ਹੈ ਇਥੇ ਸਤਿਗੁਰ ਜੀ ਬੇਗ਼ਮਪੁਰਾ ਸ਼ਬਦ (ਜੋਕਿ ਦੋ ਸਬਦਾਂ ਦੇ ਸਮਾਸ ਜਾਂ ਇਕਠ ਤੋਂ ਹੈ ਜਿਵੇਂ 'ਬੇਗ਼ਮ' ਅਤੇ 'ਪੁਰਾ' ਹੈ) ਬੇ-ਗ਼ਮ ਤੋਂ ਭਾਵ 'ਗ਼ਮ ਰਹਿਤ' ਅਤੇ ਪੁਰਾ ਤੋ ਭਾਵ ਆਦਿ ਤੋ ਹੀ ਮੁਕਮਲ ਭਵਨ ਜਾਂ ਉਹ ਭਵਨ ਜਿਥੇ ਸਿਰਫ ਉਸ ਭਵਨ ਨੂੰ ਸਮਝਣ ਵਾਲੇ ਸਿਰਫ ਤੇ ਸਿਰਫ ਸਚੇ ਸੰਤ ਮਹਾਪੁਰਸ਼ ਹੀ ਨਿਵਾਸ ਕਰਦੇ ਨੇ ਪਰ ਗੁਰੂ ਜੀ ਇਸ ਦੁਨੀਆਂ ਨੂੰ ਸਮਝਾਣ ਲਈ 'ਸਹਰ' ਸ਼ਬਦ ਦੀ ਵਰਤੋਂ ਕਰਦੇ ਹਨ ਸੋ ਸਤਿਗੁਰ ਜੀ ਫਰਮਾਨ ਕਰਦੇ ਨੇ ਕਿ ਜੋ ਮੈ ਸਹਰ ਦੇਖਿਆ ਹੈ ਉਸ ਸਹਰ ਵਰਗਾ ਇਸ ਦੁਨੀਆਂ ਵਿਚ ਕਿਤੇ ਵੀ ਨਹੀਂ ਦੇਖਣ ਨੂੰ ਮਿਲਦਾ ਜਿਥੇ ਕੋਈ ਵੀ, ਕਿਸੇ ਵੀ, ਕਿਤੇ ਵੀ ਦੁਖ, ਚਿੰਤਾ, ਫਿਕਰ ਫਾਕਿਆਂ ਨੂੰ ਦੇਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਸੇ ਤਰਾਂ ਇਸ ਬੰਦ ਦੀ ਤੀਜੀ ਪੰਗਤੀ ਵਿਚ ਸਤਿਗੁਰ ਜੀ ਫਰਮਾਨ ਕਰਦੇ ਨੇ ਕਿ ਬੇਗ਼ਮਪੁਰੇ ਜਿਹੇ ਮਹਾਨ ਤੇ ਪਾਕਿ-ਪਵਿਤ੍ਰ ਸ਼ਹਿਰ ਜਾਣ ਲਈ ਕੋਈ ਵੀ ਕਿਸੇ ਵੀ ਕਿਸਮ ਦਾ ਮਹਿਸੂਲ ਜਾਂ ਚੁੰਗੀ ਨਹੀਂ ਲਗਦੀ ਕਿਉਂਕਿ ਉਥੇ ਦੁਨਿਆਵੀ ਜਾਇਦਾਦ ਨਹੀਂ ਹੈ ਇਸ ਲਈ ਉਥੇ ਜਾਣ ਵਾਲੇ ਜੀਵ ਨੂੰ ਕੋਈ ਵੀ ਚਿੰਤਾ ਜਾਂ ਫਿਕਰ ਨਹੀਂ ਹੁੰਦਾ ਕਿ ਉਸਨੇ ਆਪਣੇ ਮਾਲ ਦਾ ਚੁੰਗੀ ਜਾਂ ਮਹਿਸੂਲ ਕਰਵਾਣਾ ਹੈ ਕਿਸੇ ਵੀ ਅਧੀਨਗੀ ਦਾ ਮਹਿਸੂਲ ਨਹੀਂ ਦੇਣਾ ਪੈਂਦਾ ਅਰਥਾਤ ਕਿਸੇ ਨੂੰ ਵੀ ਕਿਸੇ ਦੇ ਵੀ ਰਹਿਮੋ ਕਰਮ ਤੇ ਨਹੀਂ ਰਹਿਣਾ ਪੈਂਦਾ ਭਾਵ ਕਿ ਉਸ ਵਤਨ ਬੇਗ਼ਮਪੁਰ ਦੇ ਵਾਸੀ ਨੂੰ ਕੋਈ ਵੀ ਡਰ ਡੁਕਰ ਜਾਂ ਕਿਸੇ ਵੀ ਗ਼ਲਤੀ ਦਾ ਭੈਅ ਨਹੀਂ ਹੁੰਦਾ ਉਥੇ ਕੋਈ ਵੀ ਡਾਢਾ ਨਹੀਂ ਹੈ ਅਤੇ ਨਾਹੀ ਕੋਈ ਨਿਰਦਨ, ਨਿਰਬਲ, ਗਰੀਬ ਜਾਂ ਨਿਮਾਣਾ ਵਸਦਾ ਹੈ ਇਸ ਲਈ ਕਿਸੇ ਵੀ ਬਲਹੀਣੇ ਜਾਂ ਗਰੀਬ ਤੇ ਕ੍ਰਿਪਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ

ਸਤਿਗੁਰ ਜੀ ਇਸ ਸਬਦ ਦੇ ਦੂਜੇ ਬੰਦ ਦੀਆਂ ਪੰਗਤੀਆਂ ਵਿਚ ਬੇਗ਼ਮਪੁਰ ਸਹਰ ਕਿਹੋ ਜਿਹਾ ਹੈ, ਬਾਰੇ ਫ਼ਰਮਾਨ ਕਰਦੇ ਨੇ ਕਿ ਉਹ ਬੇਗ਼ਮਪੁਰ (ਵਤਨ) ਸਹਿਰ ਜੋ ਕਿ ਥੋੜੇ ਜਿਹੇ ਸਮੇਂ ਤੋਂ ਨਹੀਂ ਉਸਰਿਆ ਹੋਇਆ ਉਹ ਵਤਨ ਕਿਸੇ ਵੀ ਮਿਟੀ, ਗਾਰਾ, ਇਟਾਂ, ਸੀਮੈਂਟ, ਬਜਰੀ ਜਾਂ ਲੋਹੇ ਦੇ ਨਾਲ ਨਹੀਂ ਬਣਿਆ ਹੋਇਆ ਹੈ ਉਹ ਤਾਂ ਇਕ ਆਦਿ ਅਦਲ ਤੋਂ ਸਦਾ ਹੀ ਸਥਿਰ, ਅਟਲ ਤੇ ਮਜ਼ਬੂਤ (ਕਾਇਮ ਦਾਇਮ) ਚਲੀ ਆ ਰਹੀ ਪਾਤਿਸਾਹੀ (ਪਾਤਿ (ਆਦਿ-ਅਦਲ) ਸਾਹੀ (ਉਚੀ ਤੇ ਸੁਚੀ) ਬੇਗ਼ਮਪੁਰਾ (ਸਚਖੰਡ) ਹੈ ਅਜਿਹੇ ਬੇਗ਼ਮਪੁਰੇ ਵਤਨ ਵਿਚ ਕੋਈ ਵੀ ਦੂਜੇ ਜਾਂ ਤੀਜੇ ਦਰਜੇ ਵਾਲੀ ਗਲ ਨਹੀਂ ਹੈ ਸਭ ਦਾ ਇਕ ਹੀ ਦਰਜਾ ਹੈ ਕਿਉਂਕਿ ਉਥੇ ਤਾਂ ਸਿਰਫ ਸੰਤ ਜਨ, ਸਤਿਸੰਗੀ, ਰੂਹਾਨੀਯਤ ਭਰਪੂਰ ਮਹਾਪੁਰਸ਼ ਹੀ ਨਿਵਾਸ ਕਰਦੇ ਨੇ ਉਥੇ ਤਾਂ ਸਭ ਹੀ ਸਦਾਚਾਰੀ, ਸਬਰੀ, ਸੰਤੋਖੀ ਤੇ ਅਧਿਆਤਮਕ ਰੂਹਾਨੀ ਸੰਤ ਜਨ ਹੀ ਨਿਵਾਸ ਕਰਦੇ ਨੇ

 ਇਸ ਸ਼ਬਦ ਦੇ ਤੀਜੇ ਬੰਦ ਦੀਆਂ ਪੰਗਤੀਆਂ ਵਿਚ ਸਤਿਗੁਰ ਰਵਿਦਾਸ ਜੀ ਮਹਾਰਾਜ ਬੇਗ਼ਮਪੁਰ ਦੇ ਮਾਲਕ ਪਾਤਿਸਾਹੀ ਦੀ ਗਲ (ਵਡਿਆਈ) ਕਰਦੇ ਹੋਏ ਦਸਦੇ ਨੇ ਕਿ ਉਹ ਮਾਧੋ, ਪ੍ਰਭ, ਮੁਕੰਦ ਜਿਸਨੂੰ ਜਿਵੇਂ ਵੀ, ਕਦੋਂ ਵੀ, ਕਿਥੇ ਵੀ ਭਾਉਂਦਾ ਹੈ ਉਵੈਂ ਹੀ ਉਸ ਆਨੰਦ ਭਰਪੂਰ ਭਵਨ ਵਿਚ ਸੈਲ ਕਰਦਾ ਹੈ ਉਹ ਆਪਣੇ ਪਿਆਰੇ ਜਨਾਂ ਦਾ ਭੇਤੀ ਹੈ ਜਿਸ ਕਰਕੇ ਸਭਨਾ ਦੇ ਪਾਸ ਜਾ ਕੇ ਉਸ ਬੇਗ਼ਮਪੁਰੇ ਭਵਨ ਵਿਚ ਸੈਲ ਕਰਦਾ ਹੈ ਜਦੋਂ ਉਹ ਭ੍ਰਮਣ ਕਰਦਾ ਹੈ ਤਾ ਉਸਨੂੰ ਕੋਈ ਵੀ ਰੋਕ ਨਹੀਂ ਸਕਦਾ ਜਿਥੇ ਵੀ ਚਾਹੇ ਉਹ ਸਚਾ ਪਾਤਸ਼ਾਹ ਉਥੇ ਹੀ ਮਿਹਰ ਕਰ ਦਿੰਦਾ ਹੈ ਜਿਵੇਂ ਕਿ ਮੇਰੇ ਵਰਗੇ ਚਮਾਰ ਨੂੰ ਇਸ ਸੰਸਾਰੀ ਝੰਝਟਾਂ ਵਿਚੋਂ ਮੁਕਤ ਕਰਾ ਕੇ ਅਪਣੇ ਦੇਸ ਵਿਚ ਰਹਿਣ ਦਾ ਸੁਭਾਗ ਬਖਸ਼ਸ਼ ਕਰ ਦਿਤਾ ਹੈ ਜਿਸ ਕਰਕੇ ਇਹ ਚਮਾਰ ਰਵਿਦਾਸ ਆਪ ਸਭਨੂੰ (ਮੇਰੇ ਭਾਈ ਜਨੋਂ) ਅਰਜ ਕਰਕੇ ਕਹਿ ਰਿਹਾ ਹੈ ਕਿ ਆਉ ਤੁਸੀਂ ਵੀ ਉਸ ਬੇਗ਼ਮਪੁਰ ਜਿਹੇ ਵਤਨ ਦੇ ਸੁਭਾਗੀ ਬਣ ਜਾਵੋ ਤਾਂ ਕਿ ਤੁਸੀਂ ਵੀ ਇਹਨਾਂ ਸੰਸਾਰੀ ਫਿਕਰਾਂ, ਮੁਸ਼ਕਲਾਂ, ਜ਼ੁਲਮਾਂ, ਧਰਮਾਂ ਅਤੇ ਜ਼ਾਤਾਂਪਾਤਾਂ ਦੇ ਝੇੜਿਆਂ ਵਿਚੋਂ ਮੁਕਤ ਹੋ ਜਾਵੋਗੇ ਮੈ ਰਵਿਦਾਸ ਚਮਾਰ ਇਹੋ ਹੀ ਕਹਿ ਰਿਹਾ ਹਾਂ ਕਿ ਜੋ ਵੀ ਉਸ ਵਤਨ ਦਾ ਸੁਭਾਗੀ ਹੋਵੇਗਾ ਸੋਈ ਮੇਰਾ ਅਸਲੀ ਮਿਤ੍ਰ ਜਾਂ ਸਜਣ ਹੋਵੇਗਾ

ਸਤਿਗੁਰ ਜੀ ਦੇ ਇਸ ਸ਼ਬਦ ਦੀ ਅੰਤ੍ਰੀਵ ਸੋਝੀ ਤੋਂ ਪਤਾ ਲਗਦਾ ਹੈ ਸਤਿਗੁਰ ਜੀ ਧੁਰ ਦਰਗ਼ਾਹੀ ਦ੍ਰਿਸ਼ਟੀ ਨਾਲ ਇਸ ਸ਼ਬਦ ਵਿਚ ਸਥਿਤੀ ਨੂੰ ਬਿਆਨ ਕਰਦੇ ਨੇ ਕਿ ਐ ਸੰਸਾਰੀ ਲੋਗੋ ਆਪ ਕਿਉਂ ਇਸ ਹਉਮੈਂ ਪਿਛੇ ਲਗਕੇ ਇਨ੍ਹਾਂ ਪੰਜੇ ਵਿਕਾਰਾਂ ਨੂੰ ਮੁਫ਼ਤ ਵਿਚੇ ਹਾਲਾ ਚੁਕਾਈ ਜਾ ਰਹੇ ਹੋ, ਇਹ ਵਿਕਾਰ ਤੁਹਾਨੂੰ ਲੁਟ ਰਹੇ ਹਨ, ਖਤਮ ਕਰ ਰਹੇ ਹਨ, ਇਹਨਾਂ ਨੇ ਤੁਹਾਡਾ ਕਤਈ ਵੀ ਸਾਥ ਨਹੀਂ ਦੇਣਾ ਮੇਰੀ ਗਲ ਸੁਣੋ! ਮੈ ਨੀਚੀ ਜ਼ਾਤ ਦਾ ਚਮਾਰ ਹੁੰਦਾ ਹੋਇਆ ਉਸ ਮਹਾਨ ਵਤਨ ਦੇ ਸ਼ਹਿਰ ਬੇਗ਼ਮਪੁਰ ਦਾ ਵਾਸੀ ਹੋ ਗਿਆ ਹਾਂ ਹੁਣ ਮੈਨੂੰ ਕੋਈ ਵੀ ਫਿਕਰ ਨਹੀਂ ਰਿਹਾ ਉਸ ਦੇਸ਼ ਵਿਚ ਕੋਈ ਵੀ ਮਾੜਾ ਤਕੜਾ ਨਹੀਂ ਹੈ, ਕੋਈ ਵੀ ਕਿਸੇ ਦੀ ਆਪਣੀ ਅਲਗ ਜ਼ਾਇਦਾਦ ਨਹੀਂ ਹੈ ਜਿਸ ਤੇ ਤੁਹਾਨੂੰ ਕੋਈ ਕਰ ਜਾਂ ਚੁੰਗੀ ਮਹਿਸੂਲ ਦੇਣਾ ਪਵੇ ਉਥੇ ਕੋਈ ਵੀ ਤਕੜਾ ਮਾੜਾ ਨਹੀਂ ਹੈ, ਕੋਈ ਵੀ ਕਿਸੇ ਦੇ ਅਧੀਨ ਨਹੀਂ ਹੈ ਅਤੇ ਨਾ ਹੀ ਕੋਈ ਰਾਜਾ ਤੇ ਰੰਕ ਹੈ

ਇਹੋ ਜਿਹਾ ਵਤਨ ਮੈਂ ਧਰਤੀ ਉਪਰ ਕਿਸੇ ਵੀ ਪਾਸੇ ਬਿਲਕੁਲ ਨਹੀਂ ਵੇਖਿਆ ਉਥੇ ਜਾਣ ਲਈ ਕਿਸੇ ਵੀ ਕਿਸਮ ਦਾ ਕਰ ਜਾਂ ਕਿਸੇ ਵੀ ਭੇਖੀ ਪਹਿਚਾਨ-ਪਤਰ ਨਹੀਂ ਵਿਖਾਣਾ ਪੈਂਦਾ ਇਹੋ ਜਿਹਾ ਉਥੇ ਕੁਝ ਵੀ ਨਹੀਂ ਹੈ ਉਹ ਵਤਨ ਆਦਿ ਅਦਲ ਤੋਂ ਚਲਿਆ ਆ ਰਿਹਾ ਹੈ ਜੋਕਿ ਸਦਾ ਹੀ ਕਾਇਮ ਦਾਇਮ ਹੈ ਅਤੇ ਰਹੇਗਾ ਵੀ ਉਥੇ ਕੋਈ ਵੀ ਊਚ-ਨੀਚ ਅਤੇ ਦੂਜੇ ਜਾਂ ਤੀਜੇ ਦਰਜੇ ਵਾਲੀ ਗਲ ਨਹੀ ਹੈ ਬਲਕਿ ਸਭ ਹੀ ਇਕ ਬਰਾਬਰ ਵਸਦੇ ਨੇ ਕਿਸੇ ਵੀ ਕਿਸਮ ਦੇ ਝਗੜੇ-ਝੇੜੇ ਵਾਲੀ ਗਲ ਨਹੀਂ ਹੈ ਉਥੇ ਸਭਨਾ ਹੀ ਨਾਗਰਿਕਾਂ ਦਾ ਜੋ ਮਾਲਕ ਹੈ ਉਹ ਸਭਨਾਂ ਨੂੰ ਹੀ ਇਕ ਨਜ਼ਰ ਨਾਲ ਦੇਖਦਾ ਹੈ, ਸਭਨੂੰ ਹੀ ਇਕ ਰਾਬਰ ਸਹੂਲਤ ਪ੍ਰਦਾਨ ਕਰਵਾਂਦਾ ਹੈ

ਇਸ ਧਰਤੀ ਦੇ ਬੰਦੇ ਦੀ ਜਾਤੀ-ਪਾਤੀ ਸੋਚ ਵਾਲਾ ਸਮਾਜ ਨਹੀਂ ਹੈ ਬਲਕਿ ਕਲਿਆਣਕਾਰੀ ਹੈ ਉਥੇ ਕੋਈ ਵੀ ਜ਼ੋਰਾਵਰ ਨਹੀਂ ਹੈ ਅਤੇ ਨਾ ਹੀ ਕੋਈ ਗਰੀਬ ਨਿਮਾਣਾ ਹੈ ਉਹ ਪ੍ਰਮਾਤਮਾ ਜਿਥੇ ਵੀ ਚਾਹੇ ਚਲੇ ਜਾਂਦਾ ਹੈ ਉਹ ਕੋਈ ਜ਼ਾਤ-ਪਾਤ, ਬ੍ਰਹਮਣ-ਚਮਾਰ, ਗਰੀਬ ਅਮੀਰ, ਗ੍ਰਿਹਸਤੀ, ਅਗ੍ਰਹਿਸਤੀ ਅਤੇ ਉਮਰ ਛੋਟੀ ਵਡੀ ਨਹੀਂ ਦੇਖਦਾ, ਜਿਸਦੇ ਵਲ ਉਹ ਮੇਹਰ ਦੀ ਨਿਗਾ ਕਰ ਦਿੰਦਾ ਹੈ ਉਸਨੂੰ ਧਰਤੀ ਤੋਂ ਉਪਰ ਉਠਾਲ ਕੇ ਆਪਣੇ ਵਤਨ ਦੀ ਗਲ ਕਹਿਲਾਣ ਦੇ ਯੋਗ ਬਣਾ ਦਿੰਦਾ ਹੈ ਇਵੇਂ ਜਿਵੇਂ ਮੇਰੇ ਵਰਗੇ ਰਵਿਦਾਸ ਚਮਾਰ ਤੇ ਕ੍ਰਿਪਾ ਕਰਕੇ, ਪੰਜੇ ਵਿਕਾਰਾਂ ਤੋਂ ਖਲਾਸ ਕਰਵਾਕੇ ਆਪਣੇ ਦੇਸ ਬੇਗ਼ਮਪੁਰ ਦਾ ਬਾਸੀ ਬਣਾ ਲਿਆ ਹੈ ਬੇਗ਼ਮਪੁਰਾ ਸਹਿਰ ਕੋਈ ਸੋਨੇ, ਚਾਂਦੀ, ਮਿਟੀ, ਇਟਾਂ ਜਾਂ ਪਥਰਾਂ ਦਾ ਨਹੀ ਬਣਿਆ ਹੋਇਆ ਬਲਕਿ ਉਥੇ ਤਾਂ ਇਹੋ ਜਿਹੇ ਅਦਲੀ ਪਾਤਸ਼ਾਹੀ ਦੇ ਪਰਮਾਰਥ ਲਾਲਾਂ ਦੇ ਲਾਲ ਨੇ, ਜੋਕਿ ਕੋਈ ਵੀ ਲੁਟਦਾ ਨਹੀਂ ਹੈ ਇਸ ਲਈ ਮੈਂ ਉਸੇ ਹੀ ਵਤਨ ਦੀ ਗਲ ਜਾਂ ਵਡਿਆਈ ਕਰ ਰਿਹਾ ਹਾਂ ਜੋ ਲੋਗ ਇਟਾਂ, ਪਥਰਾਂ ਦੇ ਮੰਦਰ ਖੜੇ ਕਰਕੇ ਸੋਨੇ ਚਾਂਦੀ ਦੇ ਨਾਲ ਜੜ੍ਹ ਜਾਂ ਮੜ੍ਹ ਰਹੇ ਹਨ, ਉਹ ਅਜੇ ਵੀ ਭੁਲੇਖੇ ਵਿਚ ਹਨ ਕਿਉਂਕਿ ਅਜਿਹੇ ਮੋਹ ਭਰੇ ਸ੍ਰੋਤਾਂ ਦੇ ਨਾਲ ਬੇਗ਼ਮਪੁਰ ਦੀ ਉਸਾਰੀ ਤਾਂ ਕੀ ਹੋਣੀ ਹੈ ਬਲਕਿ ਜਮਪੁਰ ਪੰਜੇ ਵਿਕਾਰਾਂ ਦੀਆਂ ਡੂਘੀਆਂ ਘਾਟੀਆਂ ਵਿਚ ਜਾ ਸਮਾਂਦੇ ਹਨ ਜਿਸਦੇ ਨਾਲ ਅਵਾਗਵਨ ਦੇ ਚਕ੍ਰ ਵਿਚ ਹੀ ਰਹਿੰਦੇ ਨੇ ਸੋ ਆਉ! ਐ ਮੇਰੇ ਭਾਈ-ਭਰਾਵੋ ਅਤੇ ਸੰਤ ਜਨੋ! ਸੋਈ ਉਸ ਦੇਸ ਦੇ ਭਾਗੀਦਾਰ ਹੋਣਗੇ ਜੋ ਸਭ ਦੀ ਮੀਜਾ ਲੈਦੇ ਹੋਏ ਸਚਿਆਈ, ਸਾਦਗੀ, ਅਤੇ ਨਿਮਰਤਾ ਵਿਚ ਵਿਚਰੇ[ ਇਸ ਲਈ ਸੋਈ ਮੇਰਾ ਸਾਥੀ ਹੈ, ਹਮ-ਸਹਰੀ ਹੈ, ਜੋ ਉਸ ਦੇਸ ਦੀ ਅਦਲੀ ਗਲ ਕਰਦਾ, ਸੁਣਦਾ ਅਤੇ ਮੰਨਦਾ ਹੈ

ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਸਿਰਜੇ ਹੋਏ ਬੇਗਮਪੁਰੇ ਦੀ ਅਗ੍ਹਮੀ ਵਿਚਾਰਧਾਰਾ ਨੂੰ ਜਾਣਿਆ ਹੈ ਜੇ ਅਜ ਦੇ ਸਮੇਂ ਵਿਚ ਨਜ਼ਰ ਮਾਰੀਏ ਤਾਂ ਸਤਿਗੁਰ ਜੀ ਦੇ ਇਸ ਮਹਾਨ ਸਬਦ ਦੀ ਸਮਵਰਤੀ ਤੇ ਸਰਵਵਿਆਪੀ ਵਿਚਾਰਧਾਰਾ ਹੋਰ ਵੀ ਉਚਕੋਟੀ ਤੇ ਜਾ ਪਹੁੰਚਦੀ ਹੈ ਜਦੋਂ ਸਾਨੂੰ ਇਸ ਗਲ ਦਾ ਪਤਾ ਲਗਦਾ ਹੈ ਕਿ ਸੰਸਾਰ ਦੇ ਯੂ. ਅੇਨ. ਓ. (ਜੋ ਕਿ ਅਮਰੀਕਾ ਵਿਚ ਹੈ) ਸੰਘ ਦੇ ਸਵਿਧਾਨ ਵਿਚ ਹੂ-ਬ-ਹੂ ਬੇਗਮਪੁਰੇ ਸ਼ਬਦ ਵਾਲੀ ਹੀ ਵਿਚਾਰਧਾਰਾ ਦੀ ਪ੍ਰੀਭਾਸ਼ਾ ਬਿਰਾਜਮਾਨ ਹੈ ਇਸ ਤੋਂ ਬਾਅਦ ਅਸੀਂ ਆਪਣੇ ਦੇਸ਼ ਦੇ ਸਵਿਧਾਨ ਵਲ ਆ ਜਾਈਏ ਤੇ ਡੂੰਘਾਈ ਨਾਲ ਦੇਖੀਏ ਤਾਂ ਪਤਾ ਲਗਦਾ ਹੈ ਕਿ ਭਾਰਤੀ ਸਵਿਧਾਨ( ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਜੀ) ਵਿਚ ਵੀ ਬੇਗਮਪੁਰੇ ਸਬਦ ਦੀ ਰਹਿਨੁਮਾਈ ਜਾਪਦੀ ਹੈ ਸੋ ਚਾਹੇ ਭਾਰਤੀ ਸਵਿਧਾਨ ਜਾਂ ਯੂ. ਅੇਨ. ਓ. ਦਾ ਸੰਵਿਧਾਨ ਹੋਵੇ, ਇਹ ਗਲ ਸਾਫ ਹੋ ਜਾਂਦੀ ਹੈ ਕਿ ਸਿਰਫ ਤੇ ਸਿਰਫ ਗੁਰੂ ਗ੍ਰੰਥ ਵਿਚ ਇਕੋ ਹੀ ਸ਼ਬਦ ਹੈ ਜੋ ਸਭ ਸੰਸਾਰ (ਸਮਾਜ) ਨੂੰ ਬਿਨਾਂ ਕਿਸੇ ਵਿਤਕਰੇ ਤੋਂ ਸਮਦਲ ਦੀ ਅਗਵਾਈ ਦਾ ਪ੍ਰਮਾਣ ਭਰਦਾ ਹੈ ਜਿਸਨੂੰ ਹਰ ਇਕ ਇਨਸਾਨ ਜਾਣ ਸਕਦਾ ਹੈ ਸਤਿਗੁਰ ਜੀ ਦੁਆਰਾ ਸਾਰੀ ਇਨਸਾਨੀਅਤ ਨੂੰ ਇਸ ਮਹਾਨ ਸ਼ਬਦ ਵਿਚ ਇਕ ਹੀ ਮਾਲਾ ਵਿਚ ਪ੍ਰੋਕੇ ਰਖ ਦੇਣਾ, ਇਹ ਪ੍ਰਗਟ ਕਰਦਾ ਹੈ ਕਿ ਸਤਿਗੁਰ ਜੀ ਸਿਰਫ ਨਾਂ ਦੇ ਹੀ ਸਾਧੂ-ਸੰਤ ਨਹੀਂ ਸਨ ਬਲਕਿ ਮਹਾਨ ਧੁਰ ਕੀ ਬਾਣੀ ਦੇ ਰਚਯਤਾ (ਕਲਮ ਦੇ ਧਨੀ), ਰੂਹਾਨੀਯਤ ਦੇ ਮਾਲਕ, ਨਿਮਰਤਾ ਦੇ ਪੁੰਜ, ਮਹਾਨ ਇਨਕਲਾਬ ਦੇ ਅਣਖੀ ਮਾਲਿਕ, ਪੰਜੇ ਵਿਕਾਰਾਂ ਤੋਂ ਨਿਰਲੇਪੀ (ਪੈਸਾ, ਸੋਨਾ, ਚਾਂਦੀ, ਹੀਰੇ ਲਾਲ ਜ਼ਵਾਹਰ ਇਥੋਂ ਤਕ ਕਿ ਪਾਰਸ ਤੋਂ ਵੀ), ਸੰਤ ਜਨਾਂ ਦੀ ਧੂੜ, ਹੇਲੀ ਮੇਲੀ, ਹਰ ਇਕ ਸੰਤ ਦਾ ਆਦਰ ਤੇ ਸਤਿਕਾਰ ਕਰਨ ਵਾਲੇ, ਆਪਣੇ ਅਸਲੀ ਕਿਤੇ ਅਤੇ ਜ਼ਾਤ ਨੂੰ ਨਾ ਛਪਾਣ ਵਾਲੇ, ਕਿਸੇ ਦੇ ਹਕ ਉਪਰ ਆਪਣਾ ਹਕ ਨਾ ਜਿਤਾਣ ਵਾਲੇ, ਕਿਸੇ ਧਰਮੀ ਪੁਰਸ਼ ਦੀ ਚੰਗੀ ਨੀਤੀ ਦਾ ਕਤਲੇਆਮ ਨਾ ਕਰਨਵਾਲੇ, ਕੋਈ ਰਾਜਨੀਤੀ ਨਾਲ ਆਪਣਾ ਨਾਮ ਨਾ ਚਮਕਾਣ ਵਾਲੇ, ਕਿਸੇ ਦੀ ਗਦੀ ਉਪਰ ਮੂਲ ਨਾ ਬੈਠਣ ਵਾਲੇ, ਕੋਈ ਰਿਦੀ-ਸਿਦੀ ਜਾਂ ਯੋਗੀ ਜੰਗਮ ਨਾ ਕਰਨ ਵਾਲੇ, ਆਪਣੇ ਅਦਲੀ ਪੂਰਬਜਾਂ ਦੀ ਸ਼੍ਰਮਣ ਧਰਮ (ਆਦੀਮਤ) ਨੂੰ ਅਖੋਂ ਫਰੋਕ ਨਾ ਕਰਦੇ ਹੋਏ ਆਦਿਧਰਮੀ ਦੀ ਪ੍ਰੋੜਤਾ ਕਰਨ ਵਾਲੇ, ਕਿਸੇ ਵੀ ਧਰਮ ਵਿਚ ਨਾ ਛੁਪਣ ਵਾਲੇ, ਕਿਸੇ ਵੀ ਵੇਦਾਂ ਪੁਰਾਣਾਂ ਜਾਂ ਗ੍ਰੰਥਾਂ ਦੀ ਬਾਣੀ ਪੜਕੇ ਮਾਇਆ ਇਕਠੀ ਨਾ ਕਰਨ ਵਾਲੇ, ਆਪਣੀ ਅਧਿਆਤਮਕ ਦ੍ਰਿਸ਼ਟੀ ਨਾਲ ਰਾਜੇ, ਮਹਾਰਾਜੇ, ਰਾਜਕੁਮਾਰੀਆਂ, ਰਾਣੀਆਂ, ਮਹਾਰਾਣੀਆਂ, ਪੰਡਤਾਂ ਅਤੇ ਹਿਦੁਸਤਾਨ ਦੇ ਸਮਰਾਟ ਸਿਕੰਦਰ ਲੋਧੀ ਵਰਗਿਆਂ ਨੂੰ ਚਰਨੀ ਲਗਾਣ ਵਾਲੇ, ਸੁਰਤ ਸਬਦ ਸੋਹੰਕਾਰ ਰਾਹੀਂ ਉਸ ਬੇਗਮਪੁਰੇ ਦੀ ਸਿਰਜਣਾ ਕਰਨ ਵਾਲੇ ਅਤੇ ਸਮੂਹ ਸੰਸਾਰ ਨੂੰ ਜੋੜਨ ਲਈ ਪੰਜੇ ਉਦਾਸੀਆਂ ਕਰਨ ਵਾਲੇ ਮਹਾਨ ਅਜ਼ਰ-ਅਮਰ ਰੂਪੀ ਆਦੀ ਗੁਰੂ ਸਨ

ਸੋ ਜੇ ਦੂਜੇ ਪਖ ਵਲ ਨਜ਼ਰ ਮਾਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਦਲਿਤ ਕੌਮ ਲਈ ਦੂਜਾ ਮਹਾਨ ਮੀਲ-ਪਥਰ ਸ਼ਖਸੀਅਤ ਸੀ ਜਿਸਨੇ ਸਿੰਧੂ ਘਾਟੀ (ਮੋਹੰਜੋਦਾੜੋ ਤੇ ਹੜਪਾ) ਦੀ ਸਭਿਯਤਾ ਨੂੰ ਪੁਨਰਜਾਗਰਤ ਕਰਕੇ ਭਾਰਤ ਦੇਸ਼ ਦੇ ਅਦਿਵਾਸੀਆਂ ਨੂੰ ਖੁਲ ਜਾਂ ਅਜ਼ਾਦੀ ਲੈ ਕੇ ਦਿਤੀ ਤੇ ਸਭ ਹੀ ਭਾਰਤ ਦੇਸ਼ ਦੇ ਸ਼ੁਦਰ, ਅਛੂਤ ਜਾਂ ਦਲਿਤ ਅਦਿਵਾਸੀ ਕਹਾਏ ਜਾਣ ਵਾਲੇ ਸਮਾਜ ਨੂੰ ਬੇਗਮਪੁਰੇ ਸਹਰ ਬਨਾਣ ਦੀ ਸਿਰਜਣਾ ਲਈ ਹਥਿਆਰ( ਪੜੋ-ਲਿਖੋ, ਸੰਗਿਠਤ ਹੋਵੋ ਅਤੇ ਸੰਘਰਸ਼ ਕਰੋ) ਫੜਾ ਦਿਤਾ ਹੈ, ਜੋ ਕਿ ਸਮਾਜਿਕ, ਰਾਜਨੀਤਕ ਅਤੇ ਆਰਿਥਕ ਇਨਕਲਾਬ, ਵਿਦਿਆ, ਜਾਗਰਿਤੀ, ਲਹੀਮੀ ਅਤੇ ਅਣਖ ਨੂੰ ਅਗਾਂਹਵਧੂ ਵਲ ਇਸ਼ਾਰਾ ਕਰਦਾ ਹੈ ਉਹ ਸੀ ਮਹਾਨ ਬਾਬਾ ਸਾਹਿਬ ਅਮਬੇਦਕਰ ਭੀਮ ਰਾਉ ਜੀ, ਜਿਸਨੇ ਹਿੰਦੂ ਧਰਮ ਦੇ ਥੰਮਾਂ ਨੂੰ ਹਿਲਾ ਦਿਤਾ ਸੀ, ਅਤੇ ਅਜ ਜੋ ਪ੍ਰਾਪਤ ਹੈ ਇਹ ਸਭ ਉਸ ਬਾਬਾ ਸਹਿਬ ਅੰਬੇਡਕਰ ਜੀ ਦੀ ਮਹਾਨ ਕੁਰਬਾਨੀ ਕਰਕੇ ਹੀ ਹੈ

ਸੋ ਆਉ ਹੁਣ ਅਜ ਦੇ ਦਲਿਤ ਸਮਾਜ ਵਿਚ ਵਿਚਰ ਰਹੇ ਇਕ ਆਮ ਵਿਆਕਤੀ ਦੀ ਨਜਰ ਵਿਚ ਬੇਗਮਪੁਰੇ ਦੀ ਕੀ ਪ੍ਰੀਭਾਸ਼ਾ ਹੋ ਸਕਦੀ ਹੈ, ਇਸ ਬਾਰੇ ਝਾਤ ਮਾਰੀਏ? ਅਜ ਹਰ ਇਕ ਸਮਾਜਿਕ ਜਾਂ ਧਾਰਮਿਕ ਸੋਸਾਇਟੀਆਂ, ਸਭਾਵਾਂ, ਵਿਦਵਾਨ, ਬੁਧੀਜੀਵ ਜਾਂ ਰਾਜਨੀਤਕ ਨੇਤਾ ਜਨ (ਖਾਸ ਕਰਕੇ ਦਲਿਤ ਸਮਾਜ ਦੇ) ਗੁਰੂ ਜੀ ਦੇ ਕਈ ਸ਼ਬਦਾਂ ਦੀ ਵਿਚਾਰ ਦਿੰਦੇ ਨੇ ਪਰ ਇਸ ਸ਼ਬਦ ਬੇਗਮਪੁਰਾ ਵਲ ਅਜ ਹਰ ਇਕ ਦਲਿਤ ਦੀ ਖਾਸ ਕਰਕੇ ਖਿਚ ਹੈ ਇਹ ਬੜੀ ਹੀ ਖੁਸ਼ੀ ਵਾਲੀ ਗਲ ਹੈ ਕਿ ਸਭ ਦਲਿਤ ਨੌਜਵਾਨ ਅਤੇ ਸਿਆਣੇ ਇਸ ਬੇਗਮਪੁਰੇ ਸ਼ਬਦ ਦੀ ਖਿਚ ਪ੍ਰਤੀ ਉਜਾਗਰ ਹੋ ਰਹੇ ਹਨ ਪਰ ਹੁਣ ਇਹ ਦੇਖਣਾ ਹੈ ਕਿ ਕੀ ਅਜ ਦਾ ਹਰ ਦਲਿਤ ਆਦਿਧਰਮੀ(ਆਦੀਵਾਸੀ) ਭਾਵੇਂ ਉਹ ਕਿਸੇ ਵੀ ਦਰਜੇ ਤੇ ਹੈ, ਇਕ ਅਨਜਾਣ ਜਾਂ ਆਮ ਬੰਦੇ ਤੋਂ ਲੈ ਕੇ ਇਕ ਵਿਦਵਾਨ ਜਾਂ ਸੰਤ ਜਨ ਤਕ ਮਹਾਨ ਸਬਦ ਦੀ ਸੋਚ ਉਪਰ ਪੂਰਾ ਉਤਰ ਰਿਹਾ ਹੈ ਜਾਂ ਕਿਸ ਤਰਾਂ? ਸ਼ਭ ਤੋਂ ਪਹਿਲੀ ਗਲ ਤਾਂ ਇਹ ਹੈ ਕਿ ਅਜ ਹਰ ਇਕ ਬੁਧੀਜੀਵ, ਵਿਦਵਾਨ, ਸੂਝਵਾਨ ਲੇਖਕ ਬੇਗਮਪੁਰੇ ਸਬਦ ਬਾਰੇ ਆਪੋ ਆਪਣੀ ਸੋਚ ਰਖਦਾ ਹੈ ਇਕ ਆਮ ਵਿਆਕਤੀ ਜਿਸ ਨੂੰ ਬੇਗਮਪੁਰੇ ਸਬਦ ਦਾ ਗਿਆਨ ਸਰਲਤਾ ਵਿਚ ਹੀ ਪਤਾ ਹੈ, ਪਰ ਉਹ ਇਸ ਸ਼ਬਦ ਦੇ ਸਰਲ ਗਿਆਨ ਤੇ ਅਟਲ ਖੜਾ ਹੈ ਤੇ ਪੂਰਨ ਵਿਸ਼ਵਾਸ ਕਰਦਾ ਉਹ ਕਿਤੇ ਵੀ ਅਦਿਧਰਮ ਦੀ ਲੀਹ ਤੋਂ ਬਾਹਰ (ਹੋਰ ਧਰਮਾਂ ਵਿਚ) ਨਹੀਂ ਭਟਕਦਾ, ਉਹ ਇਕਦਮ ਦ੍ਰਿੜ ਵਿਸ਼ਵਾਸ ਤੇ ਖੜਾ ਹੈ ਇਹੋ ਜਿਹੇ ਸਾਧਾਰਣ ਤੇ ਮਹਾਨ ਇਨਸਾਨਾਂ ਦੀ ਗਿਣਤੀ ਬਹੁਤ ਘਟ ਹੈ, ਜੋ ਬੇਗਮਪੁਰ ਦੀ ਸਿਰਜਣਾ ਵਿਚ ਜਰੂਰ ਹਿਸਾ ਪਾ ਸਕਦੇ ਹਨ ਦੂਜੇ ਨੰਬਰ ਤੇ ਉਹ ਬੰਦੇ ਜੋ ਥੋੜਾ-ਬਹੁਤ ਪੜੇ-ਲਿਖੇ ਹੋਏ ਹਨ, ਉਹ ਵਿਸ਼ਵਾਸ ਨਹੀਂ ਕਰਦੇ ਤੇ ਹੋਰਨਾਂ ਧਰਮਾਂ ਜਾਂ ਸੰਸਥਾਂਵਾਂ ਨਾਲ ਜੁੜੇ ਹੋਏ ਹਨ ਅਜਿਹੇ ਲੋਗ ਬੇਗਮਪੁਰੇ ਦੀ ਸੋਚ ਵਲ ਬਿਲ ਕੁਲ ਹੀ ਨਹੀਂ ਸੋਚਦੇ ਤੀਸਰੇ ਨੰਬਰ ਤੇ ਆ ਜਾਂਦੇ ਨੇ ਕੁਝ ਕ ਨੋਕਰੀਆਂ ਪੇਸ਼ੇ ਜਾਂ ਵਪਾਰੀ ਲੋਕ ਜੋ ਉਚੇ ਦਰਜੇ ਤੇ ਪਹੁੰਚ ਕੇ ਆਪਣੇ ਆਪ ਨੂੰ ਚਮਾਰ ਜਾਂ ਆਦਿਧਰਮੀ ਹੀ ਨਹੀਂ ਕਹਿਲਾਣਾ ਚਾਹੁੰਦੇ, ਆਪਣੇ ਆਪ ਨੂੰ ਛੁਪਾਣ ਲਈ ਦੂਜੇ ਧਰਮਾਂ ਦੇ ਵਿਚ ਵੜ ਜਾਂਦੇ ਨੇ, ਕੋਈ ਆਪਣੇ ਆਪ ਨੂੰ ਬ੍ਰਹਮਣ ਜਾਂ ਫਿਰ ਸਿਖ ਕਹਾਉਂਦਾ ਹੈ ਚੋਥੇ ਨੰਬਰ ਤੇ ਰਾਜਨੀਤਕ ਨੇਤਾ ਜਨ ਜਾਂ ਛੋਟੀਆਂ-ਮੋਟੀਆਂ ਸਭਾ-ਸਭਾਵਾਂ ਦੇ ਅਹੁਦੇਦਾਰ ਜਿਨ੍ਹਾਂ ਦੇ ਪਿਛੇ ਸਭ ਹੀ ਆਮ ਬੰਦੇ ਵਿਸ਼ਵਾਸ ਕਰਦੇ ਹਨ, ਪਰ ਅਗਰ ਇਹ ਬੰਦੇ ਉਲੀਕੇ ਹੋਏ ਸਿਧਾਤਾਂ ਤੇ ਪੂਰੇ ਨਹੀਂ ਉਤਰਦੇ ਤਾਂ ਆਖਰ ਫਿਰ ਜਿਨ੍ਹਾਂ ਦਾ ਸੰਤਾਪ ਇਕ ਆਮ ਦ੍ਰਿੜ ਆਦਿ ਧਰਮੀ ਨੂੰ ਭੋਗਣਾ ਪੈਂਦਾ ਹੈ ਪੰਜਵੇਂ ਨੰਬਰ ਤੇ ਆ ਜਾਂਦਾ ਹੈ ਸਮੂਹ ਰਵਿਦਾਸ ਨਾਮ ਲੇਵਾ ਡੇਰਿਆਂ ਦੇ ਮਹਾਪੁਰਸ਼ਾਂ ਜਾਂ ਸੰਤ ਸਮਾਜ ਦਾ ਡੇਰੇ ਦੇ ਸੰਤ ਜਨਾਂ ਨੂੰ ਚਾਹੀਦਾ ਹੈ ਕਿ ਉਹ ਸਤਿਗੁਰ ਜੀ ਦੇ ਉਲੀਕੇ ਹੋਏ ਬੇਗਮਪੁਰ ਸਹਰ ਨੂੰ ਅਮਲੀ ਰੂਪ ਦੇਣ ਲਈ ਇਕ ਮੀਜਾ ਵਿਚ ਹੁੰਦੇ ਹੋਏ ਇਕ ਆਮ ਵਿਅਕਤੀ ਨੂੰ ਬੇਗਮਪੁਰ ਸਹਰ ਵਸਾਣ ਦੀ ਸੇਧ ਪ੍ਰਦਾਨ ਕਰਨ ਸਤਿਗੁਰ ਰਵਿਦਾਸ ਜੀ ਦੇ ਬੇਗਮਪੁਰ ਸਹਰ ਨੂੰ ਅਮਲੀ ਰੂਪ ਦੇਣਾ ਹਰ ਇਕ ਆਦੀਵਾਸੀ ਅਦਿਧਰਮੀ ਦਾ ਫਰਜ਼ ਬਣਦਾ ਹੈ ਕਿ ਉਹ ਬਿਨਾਂ ਕਿਸੇ ਹਮਾਂ-ਤੁਮਾਂ(ਜਾਤੀ-ਪਾਤੀ ਧਰਮਾਂ) ਵਲ ਜਾਣ ਤੋਂ ਇਕ ਹੀ ਮਕਸਦ ਤੇ ਟਿਕਿਆ ਰਹੇ ਜਿਵੇਂ ਅਜ ਵੇਖਣ ਨੂੰ ਮਿਲ ਰਿਹਾ ਹੈ ਕਿ ਕਈ ਡੇਰੇ ਦੂਜੇ ਡੇਰੇ ਦੇ ਸੰਤਾਂ ਨਾਲ ਸਿਹਮਤੀ ਹੀ ਨਹੀਂ ਰਖਦੇ ਜੋਕਿ ਅਜਿਹੀ ਸੋਚ ਇਕ ਸੰਤ ਜਨ ਲਈ ਬਹੁਤ ਹੀ ਅਫਸੋਸ ਜਨਕ ਹੈ[ ਸੰਤ ਜਨ ਕਦੇ ਵੀ ਸੰਤਾਂ ਦੀ ਮੀਜਾ ਤੋਂ ਬਾਹਰ ਨਹੀਂ ਜਾਂਦੇ ਇਕ ਸਾਧਾਰਣ ਅਤੇ ਪੜੇ ਲਿਖੇ ਸਭ ਸਚੇ ਸੰਤਾਂ ਉਪਰ ਹੀ ਵਿਸ਼ਵਾਸ ਰਖਦੇ ਹਨ, ਪਰ ਜੇ ਸੰਤ ਜਨਾਂ ਵਿਚ ਅਜਿਹੀ ਆਪਸੀ ਰਾਏ ਨਹੀਂ ਹੈ ਤਾਂ ਫਿਰ ਇਸ ਤੋਂ ਕੀ ਮਤਲਬ ਹੋ ਸਕਦਾ ਹੈ, ਰਬ ਹੀ ਜਾਣਦਾ ਹੈ? ਗੁਰੂ ਰਵਿਦਾਸ ਨਾਮ ਲੇਵਾ ਸਮੂਹ ਦਲਿਤ ਅਦਿਧਰਮੀ ਸੰਗਤ ਦਾ ਗੁਰੂ ਜੀ ਦੀ ਹਰ ਇਕ ਸ਼ਬਦ ਬਾਣੀ ਉਪਰ ਪੂਰਾ ਹਕ ਹੈ, ਨਾਕਿ ਸਿਰਫ ਕਿਸੇ ਇਕ ਹੀ ਡੇਰੇ ਦਾ ਅਜ ਦਾ ਬੰਦਾ ਮਹਾਪੁਰਸ਼ਾਂ ਨੂੰ ਕਿੰਨੇ ਬੇਹੂਦੇ ਸ਼ਬਦ ਬੋਲ ਜਾਂ ਅਸਲੀ ਬਾਪ ਦਾ ਹੁਕਮ ਹੀ ਅਦੂਲੀ ਜਾ ਰਿਹਾ ਹੈ ਪਿਛਲੇ ਸਮੇਂ ਵਿਚ ਸਾਧ ਜਾਂ ਸੰਤ ਸ਼ਬਦ ਤੋਂ ਬੰਦਾ ਬਹੁਤ ਹੀ ਡਰਦਾ ਹੁੰਦਾ ਸੀ ਕਿ ਕੋਈ ਮਾੜਾ ਸ਼ਬਦ ਨਾ ਬੋਲ ਹੋ ਜਾਵੇ ਪਰ ਅਜ ਦਾ ਬੰਦਾ ਚਾਹੇ ਉਹ ਧਰਮੀ ਹੈ ਜਾ ਨਹੀਂ ਰਬ(ਅਸਲੀ ਬਾਪ), ਸਾਧ ਜਾਂ ਡੇਰੇ ਸ਼ਬਦ ਨੂੰ ਇਟ-ਵਟੇ ਸਮਝਦਾ ਹੋਇਆ ਇਕ ਦੂਜੇ ਉਪਰ ਉਛਾਲ ਰਿਹਾ ਹੈ ਅਜ ਬੰਦਾ ਇਨਾ ਬੁਧੀ ਵਾਲਾ ਹੋ ਗਿਆ ਹੈ ਕਿ ਰਬ ਨਾਮ ਦੀ ਕੋਈ ਚੀਜ ਹੀ ਨਹੀਂ ਸਮਝਦਾ ਜਾਤੀ-ਪਾਤੀ ਧਰਮ ਆਪਣੇ ਧਰਮਾਂ ਦੀ ਧੋਂਸ ਦਖਾ ਕੇ ਦਲਿਤ ਨੂੰ ਅਜੇ ਵੀ ਬੇਇਜ਼ਤ ਕਰ ਰਹੇ ਹਨ ਜਿਸ ਵਲ ਕਿਸੇ ਵੀ ਜਾਗਰਿਤ ਚੌਧਰੀਆਂ ਜਾਂ ਉਜਾਗਰ ਨੇਤਾ ਜਨਾਂ ਦਾ ਧਿਆਨ ਹੀ ਨਹੀਂ ਜਾਂਦਾ ਜੋ ਵੀ ਦਲਿਤ ਆਪਣੀ ਅਣਖ ਨਹੀਂ ਰਖਦਾ ਜਾਂ ਉਹ ਦੂਜਿਆਂ ਧਰਮਾਂ ਵਿਚ ਵਿਕ ਜਾਂਦਾ ਹੈ ਤਾਂ ਇਹੋ ਹੀ ਸਾਬਤ ਹੁੰਦਾ ਹੈ ਕਿ ਉਹ ਕੌਮ ਨੂੰ ਗੁਮਰਾਹ ਕਰ ਰਿਹਾ ਹੈ ਇਸ ਲਈ ਜੇ ਬੇਗਮਪੁਰੇ ਦੀ ਗਲ ਕਰਦਾ ਵੀ ਹੈ ਤਾਂ ਉਸਦੀ ਕੋਈ ਵੀ ਬੁਨਿਆਦ ਨਹੀ ਹੁੰਦੀ ਕੋਈ ਵੀ ਅਜਿਹਾ ਬੰਦਾ ਕਿਸੇ ਵੀ ਲਾਈਨ ਵਿਚ ਹੋਵੇ ਜੋ ਬੇਗਮਪੁਰ ਦਾ ਸੰਕਲਪ ਨਹੀਂ ਲੈਦਾ, ਜੋ ਆਪਣੇ ਆਪ ਨੂੰ ਆਦਿਧਰਮੀ ਨਹੀਂ ਅਖਵਾਉਂਦਾ, ਜੋ ਆਦਿਧਰਮ ਤੋ ਟੁਟ ਕੇ ਆਪਣਾ ਹੀ ਧਰਮ ਬਣਾਉਂਦਾ ਹੈ, ਜੋ ਆਪਣੇ ਧਰਮ ਦੀ ਬੁਨਿਆਦ ਨਹੀਂ ਸਮਝਦਾ, ਉਹ ਬੇਗਮਪੁਰਾ ਨਹੀਂ ਬਣਾ ਸਕਦਾ ਜਦ ਦਲਿਤ ਕੌਮ (ਆਦਿ ਧਰਮ) ਦੀ ਗਲ ਹੁੰਦੀ ਹੈ ਤਾਂ ਮੂਹ ਫੇਰ ਲੈਂਦਾ ਹੈ ਇਥੇ ਅਜਿਹਾ ਜਾਪਦਾ ਹੈ ਕਿ ਅਜਿਹਾ ਬੰਦਾ ਸਤਿਗੁਰ ਰਵਿਦਾਸ ਜੀ ਦੀ ਇਨਕਲਾਬੀ ਅਣਖੀਲੀ ਸੋਚ, ਬਾਬਾ ਸਾਹਿਬ ਅਮਬੇਡਕਰ ਜੀ ਦੀ ਸੋਚ ਅਤੇ ਬਾਬਾ ਮੰਗੂਰਾਮ ਮੂਗੋਵਾਲੀਆ ਜੀ ਦੀ ਸੋਚ ਨੂੰ ਪਿਠ ਦਿਖਾ ਰਿਹਾ ਹੈ ਇਸ ਦੇ ਬਾਵਜੂਦ ਵੀ ਦਲਿਤ ਦੂਜਿਆਂ ਦੀਆਂ ਛਵੀਆਂ ਤੇ ਕਿੰਨਿਆਂ ਧੜਿਆਂ ਵਿਚ ਵੰਡਿਆ ਹੋਇਆ ਹੈ ਹਰ ਕੋਈ ਇਕ ਦੂਜੇ ਦੀ ਧੋਂਸ ਹੀ ਨਹੀਂ ਸਹਿੰਦਾ ਤੇ ਦੂਜੇ ਪਾਸੇ ਨਿਰਬਲ ਉਪਰ ਆਪਣੀ ਧੋਂਸ ਦਿਖਾਉਂਣੋ ਸਾਹ ਨਹੀਂ ਲੈਂਦਾ ਇਸੇ ਤਰਾਂ ਜੇ ਸੰਤ ਜਨ ਵੀ ਇਕ ਦੂਜੇ ਨਾਲ ਸਹਿਮਤੀ ਨਹੀਂ ਜਿਤਾਉਂਦੇ ਤਾਂ ਇਕ ਆਮ ਬੰਦੇ ਦੀ ਕਿਸ ਤਰਾਂ ਸਹਿਮਤੀ ਹੋ ਸਕਦੀ ਹੈ ਸੋ ਜੇ ਜੇਕਰ ਦਲਿਤ ਸਭਾਵਾਂ, ਰਾਜਨੇਤਾਵਾਂ, ਪੜਿਆਂ-ਲਿਖਿਆਂ ਸੂਝਵਾਨਾਂ, ਵਿਦਵਾਨਾਂ, ਬੁਧੀਜੀਵੀਆਂ ਅਤੇ ਸੰਤਾਂ ਵਿਚ ਅਜਿਹੀ ਹੀ ਸੋਚ ਰਹੀ ਤਾਂ ਫਿਰ ਸਤਿਗੁਰ ਰਵਿਦਾਸ ਜੀ ਦੇ ਉਲੀਕੇ ਹੋਏ ਬੇਗਮਪੁਰੇ ਨੂੰ ਸਿਰਜਣਾ ਦਾ ਰੂਪ ਦੇਣਾ ਅਤਿਕਥਨੀ ਹੀ ਹੋਵੇਗੀ ਦੂਜੇ ਸ਼ਬਦਾਂ ਵਿਚ ਕਿ ਜਿਨ੍ਹਾਂ ਚਿਰ ਦਲਿਤਾਂ ਆਦਿਧਰਮੀਆਂ ਵਿਚ ਅਜਿਹੀ ਸੋਚ ਹੈ, ਬੇਗਮਪੁਰੇ ਨੂੰ ਬਨਾਣਾ ਤਾਂ ਇਕ ਪਾਸੇ ਉਸਦੀ ਪ੍ਰੀਭਾਸ਼ਾ ਨੂੰ ਵੀ ਸਮਝਣਾ ਬਹੁਤ ਮੁਸ਼ਕਲ ਹੋਵੇਗਾ

ਸੋ ਸਭ ਹੀ ਆਦਿ ਜਨੋ ਕਿਸੇ ਤੀਸਰੇ ਦੇ ਮਗਰ ਲਗਕੇ ਆਪਣੀ ਸਿੰਧੂ ਘਾਟੀ ਦੀ ਸਭਿਯਤਾ ਜਿਹੇ ਵਿਰਸੇ ਨੂੰ ਐਵੇਂ ਨਾ ਰੁਲਾਈ ਚਲੋ ਹਰ ਇਕ ਦਲਿਤ ਆਦੀਵਾਸੀ (ਭਾਵੇਂ ਉਹ ਇਕ ਆਮ ਤੋਂ ਲੈ ਕੇ ਉਚੇ ਆਹੁਦੇ ਤਕ ਕਿਉਂ ਨਾ ਹੋਵੇ) ਆਦੀ ਗੁਰੂਆਂ ਦੇ ਉਲੀਕੇ ਹੋਏ ਆਦੀ ਧਰਮ ਨੂੰ ਅਪਣਾਈਏ ਸਭ ਹੀ ਇਕਠੇ ਹੋਕੇ ਆਦੀ ਗੁਰੂਆਂ ਦੀ ਬਾਣੀ ਅਤੇ ਵਿਡਿਆਈ ਉਪਰ ਪਹਿਰਾ ਦੇਈਏ ਸਭ ਹੀ ਦਲਿਤ ਆਪਣੇ ਮਨਾ ਵਿਚੋਂ ਛਿਕਵੇ ਦੂਰ ਕਰਦੇ ਹੋਏ ਇਹ ਪ੍ਰਣ ਕਰੀਏ ਕਿ ਗੁਰੂ ਰਵਿਦਾਸ ਜੀ ਮਹਾਰਾਜ ਦਾ ਉਲੀਕਿਆ ਹੋਇਆ ਬੇਗਮਪੁਰਾ ਬਨਾਣਾ ਹੈ, ਸਦੀਆਂ ਤੋਂ ਖੁਸੀ ਹੋਈ ਸਿੰਧੂ ਘਾਟੀ ਦੀ ਸਭਿਯਤਾ ਦਵਾਰਾ ਪ੍ਰਤਪਤ ਕਰਨੀ ਹੈ ਨਾ ਕਿ ਕਿਸੇ ਹੋਰ ਕੌਮ ਨੂੰ ਅਰਪਨ ਕਰਨੀ ਹੈ[ ਦੂਜੀ ਕੌਮ ਕਦੇ ਵੀ ਤੁਹਾਨੂੰ ਬੇਗਮਪੁਰਾ ਨਹੀਂ ਬਨਾਣ ਦੇਵੇਗੀ ਇਸ ਲਈ ਜੋ ਲੋਗ ਇਹ ਕਹਿੰਦੇ ਹਨ ਕਿ ਅਸੀਂ ਸਭ ਇਕ ਹਾਂ ਕੋਈ ਵੀ ਫਰਕ ਨਹੀਂ ਹੈ, ਇਹੋ ਜਿਹਿਆਂ ਝੁਠਿਆਂ ਲਫਾਫੇਬਾਜੀਆਂ ਤੋ ਸੁਚੇਤ ਰਹੋ ਅਜ ਮੌਕਾ ਹੈ ਬੇਗਮਪੁਰਾ ਬਨਾਣ ਦਾ ਜੇ ਅਜ ਵੀ ਜ਼ਾਤੀਪਾਤੀ ਧਰਮਾਂ ਦੇ ਮਗਰ ਲਗਕੇ ਆਪਣੀ ਅਣਖ, ਆਬਰੂ ਨੂੰ ਨਿਲਾਮ ਕਰ ਦਿਤਾ ਤਾਂ ਫਿਰ ਤੁਹਾਡੀਆਂ ਹੀ ਆਉਣ ਵਾਲੀਆਂ ਅੋਲਾਦਾਂ ਨੇ ਤੁਹਾਨੂੰ ਹੀ ਰੋ ਰੋ ਕੇ ਦੋਸ਼ੀ ਠਹਿਰਾਣਾ ਹੈ

ਸੋ ਸਿਟੇ ਵਜੋਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਜਿਵੇਂ ਅਜ ਦੇ ਬੰਦੇ ਦੇ ਡੋਲ-ਚਾਲ ਤੋਂ ਇਹੋ ਹੀ ਪਤਾ ਚਲਦਾ ਹੈ ਕਿ ਕੋਈ ਵੀ ਕਿਸੇ ਤੋਂ ਘਟ ਨਹੀਂ ਸਮਝਦਾ, ਕੋਈ ਵੀ ਨਿਵਣਾ ਨਹੀਂ ਚਾਹੁੰਦਾ ਹਰ ਕੋਈ ਆਪੋ ਆਪਣੀ ਗਿਣਤੀ ਵਧਾਣ ਤੇ ਲਗਾ ਹੋਇਆ ਹੈ ਹਰ ਕੋਈ ਸੋਨੇ ਚਾਂਦੀ ਪੈਸਾ ਇਕਠਾ ਕਰਨ ਤੇ ਲਗਿਆ ਹੋਇਆ ਹੈ ਹਰ ਕੋਈ ਇਕ ਦੂਜੇ ਨੂੰ ਦੋਸ਼ ਥੋਪਣ ਤੇ, ਇਕ ਦੂਜੇ ਦੀ ਲਾਹ ਕੇ ਦੇਖਣ ਨੂੰ ਤਿਆਰ ਹੋਇਆ ਹੋਇਆ ਹੈ ਕਈ ਸੰਤ ਜਨ ਵੀ ਇਕ ਦੂਜੇ ਦੀ ਸਹਿਮਤੀ ਵਿਚ ਨਹੀਂ ਹੋ ਰਹੇ[ ਜੇ ਇਹ ਸਭ ਇੰਜ ਹੈ ਤਾਂ ਬੇਗਮਪੁਰੇ ਦੀ ਕਿਵੇਂ ਸਿਰਜਣਾ ਹੋ ਸਕਦੀ ਹੈ ਇਸ ਤੋਂ ਤਾਂ ਇਹੋ ਹੀ ਭਾਵ ਨਿਕਲਦਾ ਹੈ ਕਿ ਜਿੰਨਾ ਚਿਰ ਬੰਦਾ ਪੰਜੇ ਵਿਕਾਰਾਂ ਦੇ ਪੁਜਾਰੀਪੁਣੇ ਦੀ ਚੁੰਗਲ ਚੋਂ ਬਾਹਰ ਨਹੀਂ ਨਿਕਲਦਾ ਉਨਾ ਚਿਰ ਬੇਗਮਪੁਰੇ ਨੂੰ ਨਹੀਂ ਸਿਰਜਿਆ ਜਾ ਸਕਦਾ ਬੇਗਮਪੁਰੇ ਨੂੰ ਤਾਂ ਉਹੋ ਹੀ ਸਿਰਜ ਸਕਦਾ ਹੈ ਜੋ ਇਨ੍ਹਾਂ ਪੰਜਾਂ ਵਿਕਾਰਾਂ ਤੋਂ ਨਿਰਲੇਪ ਹੋਵੇ ਇਹ ਜਰੂਰੀ ਨਹੀਂ ਕਿ ਕੋਈ ਉਚੇ ਆਹੁਦੇ ਵਾਲਾ ਹੀ ਬਣਾ ਸਕਦਾ ਹੈ ਜਾਂ ਫਿਰ ਸੋਨੇ ਚਾਂਦੀ ਅਤੇ ਮਾਇਆ ਦੇ ਨਾਲ ਹੀ ਬੇਗਮਪੁਰੇ ਨੂੰ ਬਣਾਇਆ ਜਾ ਸਕਦਾ ਹੈ, ਨਹੀ ਕਤਈ ਵੀ ਨਹੀਂ ਜਦਕਿ ਇਸ ਦੇ ਉਲਟ ਜੇ ਇਕ ਆਮ ਛੋਟਾ ਜਿਹਾ ਇਨਸਾਨ ਕੋਈ ਵੀ ਚਮਤਕਾਰ ਕਰਕੇ ਦਿਖਾ ਦੇਵੇ ਜਾਂ ਕਰ ਕੇ ਦਿਖਾਇਆ ਹੋਵੇ ਜਾਂ ਦੂਜੇ ਸ਼ਬਦਾਂ ਵਿਚ ਮੋਹ ਮਾਇਆ ਤੋਂ ਨਿਰਲੇਪ ਹੋਵੇ, ਬਿਨਾ ਕਿਸੇ ਵੇਦ-ਗ੍ਰੰਥਾਂ ਨੂੰ ਪੜਿਆਂ ਆਪ ਧੁਰ ਕੀ ਬਾਣੀ ਉਚਾਰਦਾ ਹੋਵੇ, ਸੋਨੇ ਚਾਂਦੀ, ਹੀਰੇ ਲਾਲ, ਜਵਾਹਰ ਦੇ ਨਾਲ ਪਿਆਰ ਨਾ ਹੋਵੇ, ਸਿਰਫ ਤੇ ਸਿਰਫ ਬੇਗਮਪੁਰ ਦੇ ਸਚੇ ਮਾਹੀ ਦੀ ਹੀ ਮਹਿਮਾ ਕਰਦਾ ਹੋਵੇ ਅਤੇ ਖਾਸ ਕਰਕੇ ਜਿਸ ਉਤੇ ਉਸਦੀ(ਰਵਿਦਾਸ) ਮਿਹਰ ਹੋਵੇ, ਤਾਂ ਉਹ ਇਨਸਾਨ ਹੀ ਬੇਗਮਪੁਰੇ ਦੀ ਪ੍ਰਿਭਾਸ਼ਾ ਨੂੰ ਸਿਰਜਣਾ ਦਾ ਰੂਪ ਦੇ ਸਕਦਾ ਹੈ ਇਸ ਲਈ ਸਤਿਗੁਰ ਰਵਿਦਾਸ ਜੀ ਮਹਾਰਾਜ ਜੀ ਨੇ ਇਕ ਅਸਲੀ ਬੇਗਮਪੁਰੇ ਨੂੰ ਸਿਰਜਿਆ ਹੈ ਕਿਉਕਿ ਸਤਿਗੁਰ ਪੰਜੇ ਵਿਕਾਰਾਂ ਦੀ ਉਪਜ ਤੋਂ ਨਿਰਲੇਪ ਹੁੰਦੇ ਹੋਏ, ਧਰਤੀ ਤੋਂ ਉਪਰ ਉਠਕੇ ਇਕ ਸਦਾਚਾਰੀ, ਕਲਿਆਣਕਾਰੀ ਤੇ ਪਰਉਪਕਾਰੀ ਸਚਖੰਡ ਦੀ ਹੋਂਦ ਵਿਚ ਉਸ ਅਗਹਮੀ ਪਾਰਬ੍ਰਹਮ ਮਾਧੋ ਜਿਹੇ ਰਾਜ ਨੂੰ ਬੇਗਮਪੁਰਾ ਦਸਦੇ ਨੇ ਸਤਿਗੁਰ ਜੀ ਨੇ ਆਪਣੀ ਸਦਾਚਾਰਕ ਅਤੇ ਅਧਿਆਤਮਕ ਵਿਚਾਰਧਾਰਾ ਨਾਲ ਚੌਦਾਂ ਸਤਰਾਂ ਵਿਚ ਇਨਸਾਨੀ ਕਾਇਨਾਤ ਨੂੰ ਪ੍ਰੋਂਦੇ ਹੋਏ ਵਿਨ ਕੇ ਰਖ ਦਿਤਾ ਜਿਥੇ ਧਰਤੀ ਵਾਲੀ ਗਲ ਨਹੀ ਹੈ ਬਲਕਿ ਅਧਿਆਤਮਕਤਾ ਤੇ ਸਦਾਚਾਰੀ ਵਾਲੀ ਗਲ ਹੈ ਪਰ ਫਿਰ ਵੀ ਬੇਗ਼ਮਪੁਰ ਦੀ ਅਸਲੀ ਪ੍ਰਿਭਾਸ਼ਾ ਤਾਂ ਸਿਰਫ਼ ਉਹ ਅਸਲੀ ਮਾਧੋ ਹੀ ਦੇ ਸਕਦਾ ਹੈ ਧਾਮ-ਏ-ਧੁਰਦਰਗਾਹੀ ਬੇਗਮਪੁਰ ਦੇ ਅਸਲੀ ਸਹਰੀ ਸਤਿਗੁਰ ਰਿਵਦਾਸ ਜੀ ਦੇ ੬੩੪ਵੇ ਪੁਰਬ ਦਿਵਸ ਉਪਰ ਸਭ ਹੀ ਇਨਸਾਨੀਯਤ ਨੂੰ ਸੁਨੇਹ ਸਹਿਤ ਬਹੁਤ ਬਹੁਤ ਵਧਾਈ ਹੋਵੇ[ ਸੋਹੰ ਜੈ ਗੁਰੂਦੇਵ ! ਸੋਹੰ ਧੰਨ ਗੁਰੂਦੇਵ !!

ਰਚਯਤਾ: ਮਾਧੋਬਲਵੀਰਾ ਬਲਵੀਰ ਸਿੰਘ ਸੰਧੂ ਇਟਲੀ

 05-12-2010   

 
 
 

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਬਲਵੀਰ ਸਿੰਘ ਸੰਧੂ ਜੀ ਦਾ ਧੰਨਵਾਦ ਹੈ

ਬਲਵੀਰ ਸਿੰਘ ਸੰਧੂ ਇਟਲੀ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿਕ ਕਰੋ