UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਸੋਹੰ

ਸੋਹੰ

ਗੁਰਬਾਣੀ ਕੀਰਤਨ ਵਿੱਚ ਰਾਗਾਂ ਦਾ ਮਹੱਤਵ

     

ਗੁਰਬਾਣੀ ਕੀਰਤਨ ਵਿੱਚ ਰਾਗਾਂ ਦਾ ਮਹੱਤਵ

 ਸਿੱਖ ਧਰਮ ਵਿੱਚ ਗੁਰਬਾਣੀ-ਕੀਰਤਨ ਇਕ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੁੱਝ ਵਿਸ਼ੇਸ਼ ਵਿਲੱਖਣਤਾਵਾਂ ਇੰਨੀਆਂ ਅਦਭੁਤ ਹਨ ਕਿ ਸਾਨੂੰ ਇਹ ਮੰਨਣਾ ਪੈਂਦਾ ਹੈ ਕਿ ਗੁਰੂ ਸਾਹਿਬਾਨ ਨੇ ਇਸ ਨੂੰ ਸਰਵ ਕਲਾ ਸੰਪੂਰਣ ਰੂਪ ਬਖਸ਼ਿਆ ਹੈ ਗੁਰੂ ਗਰੰਥ ਸਾਹਿਬ ਜੀ ਦੀਆਂ ਅੰਤ ਵਿਸ਼ੇਸ਼ਤਾਈਆਂ ਵਿੱਚੌ  ਕੁਝ ਕੁ ਹੇਠ ਲਿਖੀਆਂ ਹਨ

 ਜਾਤਿ-ਪਾਤ ਦੇ ਭਿੰਨ-ਭੇਦ ਦਾ ਖੰਡਣ ਕਰਦਿਆਂ ਗੁਰੂ ਸਾਹਿਬਾਨ ਤੋਂ ਇਲਾਵਾ ਹੋਰ ਬਹੁਤ ਸਾਰੇ ਸੰਤਾਂ, ਭਗਤਾਂ, ਭ੍ਟਾਂ ਅਤੇ ਸੂਫੀ-ਫਕੀਰਾਂ ਦੀ ਬਾਣੀ ਸ਼ਾਮਿਲ ਕਰਕੇ ਸਰਵ-ਸਾਂਝੀ ਗੁਰਬਾਣੀ ਦਾ ਰੂਪ ਬਖਸ਼ਿਆ ਹੈ

 ਉਦਾਹਰਣ :- ਕਬੀਰ,ਨਾਮਦੇਵ,ਰਵਿਦਾਸ,ਰਾਏਬਲਵੰਤ-ਸ੍ਤਾ,ਬੇਣੀ,ਭੀਖਣ,ਧੰਨਾ,ਫਰੀਦ,ਜੈਦੇਵ,ਮਰਦਾਨਾ, ਪਰਮਾਨੰਦ, ਪੀਪਾ, ਰਾਮਾਨੰਦ,ਸਧਨਾ, ਸੈਨ, ਸੁੰਦਰ, ਸੂਰਦਾਸ, ਤ੍ਰਿਲੋਚਨ ਆਦਿ

 ਸਮੁਚੀ ਬਾਣੀ ਕਾਵਿ-ਰੂਪ ਵਿੱਚ ਹੈ ਅਤੇ ਕਾਵਿ ਮਾਪਦੰਡਾਂ ਨੂੰ ਬਖੂਬੀ ਨਿਭਾਕੇ ਹਰ ਸੰਭਵ ਜਗਾਹ ਤੇ ਕਾਵਿ-ਰੂਪ ਦੇ ਛੰਦਾਂ ਅਤੇ ਗਣ-ਰੂਪਾਂ ਦਾ ਉਲੇਖ ਦਿੱਤਾ ਗਿਆ ਹੈ ਕਾਵਿ-ਰੂਪ ਦਾ ਅਨੋਖਾ ਕਮਾਲ ਹੈ ਇਹ ਸੱਚੀ ਬਾਣੀ

 ਉਦਾਹਰਣ :-ਸਵੈਯੇ, ਚਉਪਦੇ, ਸਲੋਕ, ਦੋਹਿਰਾ, ਵਾਰ, ਅਸ਼ਟਪਦੀ ਆਦਿ

  ਸਮੁੱਚੀ  ਬਾਣੀ ਨੂੰ ਰਾਗਾਂ ਦੇ ਆਧਾਰ ਤੇ ਇੱਕ੍ਤੀ ਰਾਗਾਂ ਵਿੱਚ ਵੰਡਆ ਗਿਆ ਹੈ

 ੧) ਸਿਰੀ ਰਾਗ (੨) ਮਾਝ (੩) ਗਉੜੀ (੪) ਆਸਾ (੫) ਗੁਜਰੀ (੬) ਦੇਵਗੰਧਾਰੀ (੭) ਬਿਹਾਗੜਾ (੮) ਵਡਹੰਸ (੯) ਸੋਰਠ (੧੦) ਧਨਾਸਰੀ (੧੧) ਜੈਤਸਰੀ (੧੨) ਟੋਡੀ (੧੩) ਬੇਰਾੜੀ (੧੪) ਤਿਲੰਗ (੧੫) ਸੂਹੀ (੧੬) ਬਿਲਾਵਲ (੧੭) ਗੌਂਡ (੧੮) ਰਾਮਕਲੀ (੧੯) ਨਟ (੨੦) ਮਾਲੀਗੌੜਾ (੨੧) ਮਾਰੂ (੨੨) ਤੁਖਾਰੀ (੨੩) ਕੇਦਾਰਾ (੨੪) ਭੈਰੋ (੨੫) ਬਸੰਤ (੨੬) ਸਾਰੰਗ (੨੭) ਮਲਾਰ (੨੮) ਕਾਨੜ੍ਹਾ (੨੯) ਕਲਿਆਣ (੩੦) ਪ੍ਰਭਾਤੀ (੩੧) ਜੈਜੈਵੰਤੀ

 ਗੁਰਬਾਣੀ ਵਿੱਚ ਕੀਰਤਨ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ ਕੀਰਤਨ ਦੀ ਅਹਿਮੀਅਤ, ਵਿਸ਼ੇਸ਼ਤਾਵਾਂ, ਅਣਮੁੱਲੇ-ਲਾਭ ਅਤੇ ਸਹੀ ਵਿਧੀਆਂ ਦਾ ਵਰਨਣ ਅਨੇਕ ਬਾਰ ਆਉਂਦਾ ਹੈ ਜਿਵੇਂ ਕਿ :

  ਮਹਾ ਪਤਿਤ ਤੇ ਹੋਤ ਪੁਨੀਤਾ ਹਰਿ ਕੀਰਤਨ ਗੁਨ ਗਾਵਉ .. (ਗੁਰੂ ਅਰਜਨਦੇਵ)

  ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ .. (ਗੁਰੂ ਅਰਜਨਦੇਵ)

  ਹਰਿ ਕੀਰਤਨ ਮਹਿ ਉਤਮ ਧੁਨਾ .. (ਗੁਰੂ ਅਰਜਨਦੇਵ)

  ਮਹਾ ਅਨੰਦ ਕੀਰਤਨ ਹਰਿ ਸੁਨੀਆ .. (ਗੁਰੂ ਅਰਜਨਦੇਵ)

  ਰਾਮ ਨਾਮ ਕੀਰਤਨ ਰਤਨ ਵਥੁ ਹਰਿ ਸਾਧੂ ਪਾਸਿ ਰਖੀਜੈ .. (ਗੁਰੂ ਰਾਮਦਾਸ)

  ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ .. (ਕਬੀਰ )

 ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਰਾਗਾਂ ਅਨੁਸਾਰ ਬਾਣੀ ਦੀ ਵੰਡ ਇਹ ਦਰਸਾਂਦੀ ਹੈ ਕਿ ਬਾਣੀ ਵਿੱਚ ਹਰਿ-ਨਾਮ ਦਾ ਸਿਮਰਨ ਗਾ ਕੇ ਕਰਨ ਵਾਸਤੇ ਜੋਰ ਦਿੱਤਾ ਹੈ ਇਹ ਰਾਗ ਕੀ ਹਨ ? ਰਾਗਾਂ ਬਾਰੇ ਵਿਚਾਰ ਕਰਨ ਤੇ ਪਤਾ ਚੱਲਦਾ ਹੈ ਕਿ ਰਾਗ ਗਉਣ-ਪੱਧਤੀਅਂ ਹਨ ਰਾਗਾਂ ਦਾਂ ਸਬੰਧ ਸੰਗੀਤ ਵਿਦਿਆ, ਸੁਰ ਅਤੇ ਅਵਾਜ਼ ਨਾਲ ਹੁੰਦਾ ਹੈ ਫਿਰ ਰਾਗਾਂ ਦਾ ਕਾਵਿ-ਰੂਪ ਬਾਣੀ ਨਾਲ ਕੀ ਸਬੰਧ ਹੋਇਆ ? ਆਉ ਵਿਚਾਰ ਕਰੀਏ

 ਰਾਗਾਂ ਦੀ ਵੰਡ ਹੇਠ ਲਿਖੇ ਅਧਾਰਾਂ ਤੇ ਕੀਤੀ ਜਾ ਸਕਦੀ ਹੈ

 ੧        ਥਾਟਾਂ ਅਨੁਸਾਰ ਵੰਡ

 ੨       ਗਉਣ ਸਮੇ ਅਨੁਸਾਰ ਵੰਡ

 ੩       ਲਿੰਗ-ਵਾਚਿ ਵੰਡ (ਰਾਗਰਾਗਣੀਆਂ)

 ੪        ਸਵਰ-ਸ਼ੁੱਧਤਾ ਅਨੁਸਾਰ ਵੰਡ (ਸ਼ੁੱਧ, ਛਾਇਆਲਿੰਗਤ ਅਤੇ ਸੰਕੀਰਣ )

 ੫       ਸਵਰ-ਗਣਨਾ ਅਨੁਸਾਰ ਵੰਡ (ਔਡਵ, ਸ਼ਾਡਵ ਅਤੇ ਸੰਪੂਰਣ )

  ਉਪਰੋਕਤ ਸਾਰੀਆਂ ਵੰਡਾਂ ਅਨੁਸਾਰ ਰਾਗਾਂ ਦਾ ਸਬੰਧ ਗਉਣ ਸ਼ੈਲੀ (ਸੰਗੀਤ ਵਿਦਿਆ) ਨਾਲ ਹੀ ਸਿੱਧ ਹੁੰਦਾ ਹੈ ਪਰ ਗੁਰਬਾਣੀ ਦੇ ਕਾਵਿ-ਰੂਪ ਦੀ ਰਾਗਾਂ ਅਨੁਸਾਰ ਵੰਡ ਇਸਦਾ ਇਕ ਹੋਰ ਆਧਾਰ ਵੀ ਦਰਸਾਉਂਦੀ ਹੈ ਅਤੇ ਉਹ ਆਧਾਰ ਰਸਹੀ ਹੋ ਸਕਦਾ ਹੈ ਬਹੁਤ ਸਾਰੇ ਸੰਗੀਤ ਵਿਦਵਾਨ ਰਾਗਾਂ ਦੀ ਰਸ ਦੇ ਅਧਾਰ ਤੇ ਵੰਡ ਨੂੰ ਨਹੀ ਮੰਨਦੇ, ਪੰਡਿਤ ਵਿਸ਼ਨੂੰ ਨਰਾਇਣ ਭਾਤਖੰਡੇ ਵੀ ਰਾਗਾਂ ਦੀ ਰਸ-ਆਧਾਰ ਵੰਡ ਨੂੰ ਸਿੱਧੇ ਤਾਂ ਨਹੀ ਮੰਨਦੇ ਪਰ ਫਿਰ ਵੀ ਆਪਣੇ ਗ੍ਰੰਥ ਸੰਗੀਤ-ਸ਼ਾਸਤਰ ਵਿੱਚ ਲਿਖਦੇ ਹਨ ਕਿ ਮਾਲਸ੍ਰੀ, ਕਾਮੋਦ, ਕੇਦਾਰ ਅਤੇ ਹਮੀਰ ਰਾਗਾਂ ਤੋਂ ਸ਼ਾਂਤਿ-ਰਸ ਜਾਂ ਕਰੁਣਾ-ਰਸ ਉਤਪਨ ਕਰਨ ਦੀ ਕੋਸ਼ਿਸ਼ ਉਹਨਾ ਰਾਗਾਂ ਦੀ ਪ੍ਰਾਕ੍ਰਿਤੀ ਦੇ ਅਨੁਰੂਪ ਨਹੀ ਹੋ ਸਕਦੀ ਅਤੇ ਇਸੇ ਤਰਾਂ ਹੀ ਸ੍ਰੀ, ਭੇਰਵ, ਤੋੜੀ ਅਤੇ ਪੀਲੂ ਵਿੱਚ ਰੌਦਰ ਜਾਂ ਵੀਰ ਰਸ ਪੈਦਾ ਕਰਨਾ ਸੰਭਵ ਨਹੀ ਹੁੰਦਾ ਹਰੇਕ ਰਾਗ ਸਰੋਤਿਆਂ ਦੇ ਮਨਾਂ ਉਪਰ ਇਕ ਵਿਸ਼ੇਸ਼ ਭਾਵ ਪੈਦਾ ਕਰਦਾ ਹੈ

 ਭਾਤਖੰਡੇ ਅਨੁਸਾਰ ਰਾਗ ਇਕ ਖੂਬਸੂਰਤ ਫੁ੍ਲ ਦੀ ਤਰਾਂ ਹੁੰਦਾ ਹੈ ਜੋ ਸੁਨਣ ਵਾਲਿਆਂ ਦੇ ਮਨ ਨੂੰ ਇਕ ਸ਼ਾਂਤੀ,ਉਤੇਜਨਾ ਜਾਂ ਇਕਾਗਰਤਾ ਬਖਸ਼ਦਾ ਹੈਇਸ ਕਿਰਿਆ ਨੁੰ ਅਸੀਂ ਨਾਦ-ਮੋਹ ਕਹਿੰਦੇ ਹਾਂ ਭਾਤਖੰਡੇ ਜੀ ਦੇ ਉਪਰੋਕਤ ਕਥਨ ਵੀ ਇਸ ਤੱਥ ਦੀ ਪੁਸ਼ਟੀ ਕਰਦੇ ਹਨ ਕਿ ਰਾਗਾਂ ਨੁੰ ਰਸ ਆਧਾਰ ਤੇ ਵੰਡਿਆ ਜਾ ਸਕਦਾ ਹੈ

 ਭਾਈ ਕਾਹਨਸਿੰਘ ਨਾਭਾ ਜੀ ਮਹਾਨ-ਕੋਸ਼ ਵਿੱਚ ਲਿਖਦੇ ਹਨ ਕਿ ਮਾਰੂ ਰਾਗ ਯੁੱਧ ਅਤੇ ਚਲਾਣੇ ਦੇ ਸਮੇਂ ਤੇ ਖਾਸ ਕਰਕੇ ਗਾਇਆ ਜਾਂਦਾ ਹੈ ਭਾਈ ਸਾਹਿਬ ਦਾ ਇਹ ਕਥਨ ਵੀ ਰਾਗਾਂ ਦੀ ਰਸ-ਅਨੁਸਾਰ ਵੰਡ ਦੀ ਗਵਾਹੀ ਦੇਂਦਾ ਹੈ

 ਹੋਰ ਤਾਂ ਹੋਰ ਸ੍ਰੀ ਗੁਰੂ ਅਮਰਦਾਸ ਜੀ ਦਾ ਇਹ ਸਲੋਕ

 ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ ..  ਵੀ ਰਾਗਾਂ ਦੀ ਰਸ ਅਨੁਸਾਰ ਵੰਡ ਦਾ ਪਰਮਾਣ ਹੈ

 ਮੁੱਕਦੀ ਗੱਲ ਇਹ ਕਿ ਗੁਰੂ ਸਾਹਿਬਾਨ ਨੇ ਰਾਗਾਂ ਅਨੁਸਾਰ ਬਾਣੀ ਦੀ ਵੰਡ ਜਰੂਰ ਕਿਸੇ ਖਾਸ ਮੰਤਵ-ਹਿਤ ਹੀ ਕੀਤੀ ਹੈ ਅਗਰ ਬਾਣੀ ਦਾ ਗਾਇਨ ਦਰਸਾਏ ਗਏ ਰਾਗਾਂ ਅਨੁਸਾਰ ਕੀਤਾ ਜਾਵੇ ਤਾਂ ਸ੍ਰਵਣ ਕਰਨ ਵਾਲਿਆਂ ਦੇ ਹਿਰਦੇ ਵਿੱਚ ਬਾਣੀ ਦਾ ਅਸਰ ਹਰ ਰਾਗ-ਵਿਸ਼ੇਸ਼ ਅਨੁਸਾਰ ਰਸ (ਰੌਦਰ, ਸਾਂਤਿ, ਕਰੁਣਾ, ਵੀਰ, ਸ਼ਿਗਾਰ, ਹਾਸਯ, ਬੀਭਤਸ, ਭਯਾਨਕ, ਅਤੇ ਅਦਭੁਤ ) ਉਤਪਨ ਕਰੇਗਾ ਅਤੇ ਸ੍ਰੋਤਿਆਂ ਦੇ ਮਨ ਉਸ ਹੀ ਰਸ ਵਿੱਚ ਰਚ ਜਾਣਗੇ ਜਿਸ ਰਸ ਨੂੰ ਮੁਖ ਰ੍ਖਕੇ ਬਾਣੀ ਦੀ ਰਾਗ-ਅਨੁਸਾਰ ਵੰਡ ਕੀਤੀ ਗਈ ਹੈ ਸ੍ਰੋਤਿਆਂ ਦੇ ਦਿਲੀਂ ਬਾਣੀ ਦਾ ਬਿਲਕੁਲ ਵੈਸਾ ਹੀ ਅਸਰ ਹੋਵੇਗਾ ਜੈਸਾ ਕਿ ਗੁਰੂ ਜੀ ਸਾਹਿਬਾਨ ਨੇ ਬਾਣੀ ਰਚਣ ਵੇਲੇ ਸੋਚਿਆ ਸੀ ਅਤੇ ਤਦ ਹੀ ਬਾਣੀ ਗਾਉਣ ਦਾ ਅਸਲ ਮੰਤਵ ਪੂਰਾ ਹੂੰਦਾ ਹੈ

 ਹੁਣ ਸਵਾਲ ਉਠਦਾ ਹੈ ਕਿ ਅਸੀਂ ਸ਼ਬਦ ਗਾਇਣ ਕਿਉਂ ਕਰਦੇ ਹਾਂ?

 ਸ਼ਬਦ ਗਾਇਣ ਜਾਂ ਗੁਰਬਾਣੀ -ਕੀਰਤਨ ਦਾ ਮੁਖ ਮਕਸਦ ਤਾਂ ਪ੍ਰਭੂ ਦਾ ਸਿਮਰਨ ਜਾਂ ਹਰਿ ਭਗਤੀ ਹੀ ਸਮਝਿਆ ਜਾਂਦਾ ਹੈ ਪਰ ਅਸਲ ਵਿੱਚ ਸ਼ਬਦ-ਗਾਇਣ ਦਾ ਮੁ੍ਨਖ ਉਦੇਸ਼ ਪ੍ਰਭੂ ਸਿਮਰਨ ਦਾ ਪਰਚਾਰ, ਸ੍ਰੋਤਿਆਂ ਦੇ ਦਿਲਾਂ ਨੂੰ ਇਕਾਗਰਤਾ ਬਖਸ਼ਣਾ, ਮਨਮੁਖਾਂ ਨੂੰ ਗੁਰਮੁਖ ਕਰਨਾ ਅਤੇ ਗੁਰਬਾਣੀ ਗਿਆਨ ਨੂੰ ਹਰ ਦਿੱਲ ਤਕ ਪਹੁੰਚਾਉਣਾ ਹੈ

 ਸਿਮਰਨ ਵਾਸਤੇ ਰਾਗਾਂ ਵਿੱਚ ਗਾਉਣਾ ਜਰੂਰੀ ਨਹੀ ਕਿੳਕਿ ਜਦ ਮਨ ਗੁਰਬਾਣੀ ਦੇ ਅਸਰ ਨਾਲ ਨਾਮੁ ਵਿੱਚ ਰੰਗਿਆ ਜਾਂਦਾ ਹੈ ਤਾਂ ਉਹ ਜੀਵ ਇਕ ਖਿਨ-ਪਲ ਵੀ ਰਾਗ ਵਗੈਰਾ ਵਿੱਚ ਗਵਾਉਣਾ ਨਹੀ ਚਾਹੁੰਦਾ ਜਿਵੇਂ ਕਿ ਬਾਣੀ ਵਿੱਚ ਦਰਜ ਹੈ ਕਿ:-

 ਕਬ ਕੋਊ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੈ ..

 ਮੇਲਤ ਚੁਨਤ ਖਿਨੁ ਪਲੁ ਚਸਾ ਲਾਗੈ ਤਬ ਲਗੁ ਮੇਰਾ ਮਨੁ ਰਾਮ ਗੁਨ ਗਾਵੈ ..

 ਇਕਿ ਗਾਵਹਿ ਰਾਗ ਪਰੀਆ, ਰਾਗਿ ਨ ਭੀਜਈ ..

 ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ ..

  ਇਨਾਂ ਗੁਰਵਾਕਾਂ ਤੋਂ ਸਾਫ ਪਤਾ ਚ੍ਲਦਾ ਹੈ ਕਿ ਰਾਗਾਂ ਦਾ ਪ੍ਰਭੂ ਸਿਮਰਨ ਕਿਰਿਆ ਨਾਲ ਤਾਂ ਕੋਈ ਸਿੱਧਾ ਸਬੰਧ ਨਹੀ ਹੈ  ਗੁਰੂ ਸਾਹਿਬਾਨ ਨੇ ਬਾਣੀ ਦੀ ਵੰਡ ਰਾਗਾਂ ਅਨੁਸਾਰ ਇਸ ਲਈ ਕੀਤੀ ਹੈ ਤਾਂ ਕਿ ਬਾਣੀ ਗਾਉਣ ਅਤੇ ਸ੍ਰ੍ਰਵਣ ਕਰਨ ਵਾਲਿਆਂ ਦੇ ਦਿਲਾਂ ਵਿੱਚ  ਰਾਗ-ਧੁਨਾ ਅਨੁਸਾਰ ਉਹ ਭਾਵਨਾਵਾਂ ਉਤਪਨ ਹੋਣ ਜਿੰਨਾਂ ਨੂੰ ਮੁੱਖ ਰੱਖਕੇ ਬਾਣੀ ਦੀ ਰਚਨਾ ਕੀਤੀ ਗਈ ਹੈ ਜਾਂ ਇੰਜ ਕਹਿ ਲਵੋ ਕਿ ਸਹੀ ਰਾਗ-ਧੁਨਾ ਸੁਣਕੇ ਸ੍ਰਵਣ ਕਰਨ ਵਾਲਿਆਂ ਦੇ ਮਨਾਂ ਵਿੱਚ ਅਜਿਹੇ ਭਾਵ ਉਤਪਨ ਹੋਣਗੇ ਕਿ ਗਾਏ ਜਾ ਰਹੇ ਸ਼ਬਦ ਦਾ ਭਾਵ-ਅਰਥ (ਸਿੱਟਾ) ਬੜੀ ਅਸਾਨੀ ਨਾਲ ਉਹਨਾਂ ਦੇ ਦਿਲਾਂ ਵਿੱਚ ਵਸ ਜਾਏਗਾ ਗੁਰਬਾਣੀ ਵਿੱਚ ਰਾਗਾਂ ਦੇ ਮਹੱਤਵ ਤੇ ਚਾਨਣਾ ਪਾ ਰਹੇ ਗੁਰਵਾਕ ਹੇਠ ਦਿੱਤੇ ਹਨ :-

 ਰਾਗ ਰਤਨ ਪਰੀਆ ਪਰਵਾਰ .. ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ .. (ਆਸਾ ਮਹਲਾ ੧)

 ਕਥਾ ਕੀਰਤਨੁ ਰਾਗ ਨਾਦ ਧੁਨਿ, ਇਹੁ ਬਨਿਉ ਸੁਆਉ ..(ਬਿਲਾਵਲੁ ਮਹਲਾ ੫)

 ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ .. (ਬਿਲਾਵਲੁ ਮਹਲਾ ੫)

 ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ .. (ਸਲੋਕੁ ਮਹਲਾ ੫)

 ਭਾਈ ਗੁਰਦਾਸ ਜੀ ਲਿਖਦੇ ਹਨ :-

 ਰਾਗਨਾਦ ਸੰਬਾਦ ਰਖ ਭਾਖਿਆ ਭਾਉ ਸੁਭਾਉ ਅਲਾਏ ..

 ਰਾਗ ਨਾਦ ਵਿਸਮਾਦ ਹੋਇ ਗੁਣ ਗਹਿਰ ਗੰਭੀਰਾ ..

 ਉਪ੍ਰੋਕਤ ਕਥਨਾ ਤੋਂ ਇਹ ਸ਼ਪਸ਼ਟ ਹੋ ਜਾਂਦਾ ਹੈ ਕਿ ਬਾਣੀ ਦੀ ਰਾਗਾਂ ਅਨੁਸਾਰ ਵੰਡ ਇਸ ਮੰਤਵ ਨਾਲ ਹੀ ਕੀਤੀ ਗਈ ਹੈ ਕਿ ਬਾਣੀ ਨੂੰ ਇਹਨਾ ਰਾਗਾਂ ਦੇ ਅਧਾਰ ਤੇ ਹੀ ਗਾਇਆ ਜਾਵੈ ਤਦ ਹੀ ਸ੍ਰੋਤਿਆਂ ਦੇ ਦਿਲਾਂ ਵਿੱਚ ਉਹ ਰਸ ਉਤਪਨ ਹੋਣੇ ਸੰਭਵ ਹਨ ਜਿਹੜੇ ਰਸਾਂ ਨੂੰ ਮੁੱਖ ਰੱਖਕੇ ਬਾਣੀ ਰਚੀ ਗਈ ਹੈ ਅਤੇ ਤਦ ਹੀ ਸਰੋਤੇ ਉਸ ਰਸ ਵਿਸ਼ੇਸ਼ ਵਿੱਚ ਰੰਗੇ ਜਾਣਗੇ ਭਾਵ ਜਿਸ ਵੀ ਰਾਗ ਵਿਸ਼ੇਸ਼ ਹੇਠ ਕੋਈ ਸਬਦ ਲਿਖਿਆ ਹੋਇਆ ਹੈ ਸਾਨੂੰ ਉਹ ਸ਼ਬਦ ਉਸੇ ਹੀ ਰਾਗ ਵਿੱਚ ਗਾਉਣਾ ਚਾਹੀਦਾ ਹੈ

 ਕੁਝ ਕੁ ਕੀਰਤਨ ਕਰਨ ਵਾਲੇ ਗਿਆਨੀ ਪੁਰਖ ਅੱਜ ਵੀ ਇਸ ਪੱਖ ਨੂੰ ਫਰਜ ਸਮਝ ਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਦੱਸੀ ਰਾਗ-ਵੰਡ ਅਨੁਸਾਰ ਹੀ ਕੀਰਤਨ ਕਰਦੇ ਹਨ ਪਰ ਅਜਕਲ ਬਹੁਤੇ ਕੀਰਤਨ ਕਰਨ ਵਾਲੇ ਇਸ ਅਹਿਮ ਵਿਸ਼ੇ ਨੂੰ ਬਿਲਕੁਲ ਹੀ ਵਿਸਰੀ ਬੈਠੇ ਹਨ ਉਹ ਸ੍ਰੀ, ਭੈਰਵ ਅਤੇ ਤੋੜੀ ਹੇਠ ਲਿਖੇ ਸ਼ਬਦਾਂ ਨੂੰ ਕਾਮੋਦ, ਕੇਦਾਰ ਅਤੇ ਹਮੀਰ ਆਦਿ ਰਾਗਾਂ ਵਿੱਚ ਵੀ  ਗਾਉਦੇ ਹਨ ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਭੈਰਵ ਰਾਗ ਵਿੱਚ ਲਿਖੇ ਸ਼ਬਦ ਨੂੰ ਹਮੀਰ ਰਾਗ ਵਿੱਚ ਗਾਉਣਾ ਵੀ ਠੀਕ ਹੈ ਤਾਂ ਫਿਰ ਗੁਰੂ ਸਾਹਿਬਾਨ ਨੇ ਉਸ ਸ਼ਬਦ ਨੂੰ ਖਾਸ ਕਰਕੇ ਭੈਰਵ ਰਾਗ ਵਿੱਚ ਕਿਊ ਲਿਖਿਆ ? ਅਸੀ ਗੁਰੂ ਸਾਹਿਬਾਨ ਦੇ ਲਿਖੇ ਮੁਤਾਬਿਕ ਚੱਲਣ ਤੋਂ ਪਿੱਛੇ ਕਿਉਂ ਹਟਦੇ ਹਾਂ?

 ਕੁਝ ਰਾਂਗੀ ਤਾਂ ਸ਼ਬਦ ਗਾਉਣ ਵੇਲੇ ਆਧੁਨਿਕ ਫਿਲਮੀ ਜਾਂ ਪੰਜਾਬੀ ਧੁਨਾਂ (ਤਰਜ਼ਾਂ) ਦਾ ਪ੍ਰਯੋਗ ਕਰਨੋਂ ਵੀ ਗੁਰੇਜ਼ ਨਹੀ ਕਰਦੇਇਸ ਤਰਾਂ ਦੀਆਂ ਧੁਨਾਂ ਸ੍ਰੋਤਿਆਂ ਦੇ ਦਿਲਾਂ ਵਿੱਚ ਕਿਹੋ ਜਿਹੇ ਰਸ ਭਾਵ ਉਤਪਨ ਕਰਦੀਆਂ ਹੋਣਗੀਆਂ ? ਕਾਸ਼ ਇਹ ਸਮਝ ਸਕਣ ਕਿ ਕੀਰਤਨ ਕੋਈ ਪੇਂਡੂ ਸੰਗੀਤਅਖਾੜਾ ਨਹੀ ਹੈ, ਕੀਰਤਨ ਗਾ ਵਜਾ ਕੇ ਧਨ ਇਕੱਤਰ ਕਰਨਾ ਨਹੀ ਹੈ, ਕੀਰਤਨ ਨੱਚਣ ਟੱਪਣ ਵਾਸਤੇ ਵਜਾਇਆ ਜਾਣ ਵਾਲਾ ਸੰਗੀਤ ਨਹੀ ਹੈ ਕੀਰਤਨ ਇਲਾਹੀ ਬਾਣੀ ਦਾ ਅਲਾਪ ਹੈ, ਕੀਰਤਨ ਇਕਾਗ੍ਰਤਾ ਪ੍ਰਦਾਨ ਕਰਣ ਵਾਲਾ ਅਨਹਦ ਨਾਦ ਹੈ, ਕੀਰਤਨ ਸਬਦੁ-ਨਾਮੁ ਨਾਲੋਂ ਵਿੱਛੜ ਚੁੱਕੀਅਂ  ਰੂਹਾਂ ਨੂੰ ਮੁੜ ਨਾਮੁ ਸੰਗਿ ਜੋੜਨ ਦੀ ਵਿਧੀ ਹੈ, ਕੀਰਤਨ ਰੂਹਾਨੀ ਮੰਜ਼ਿਲ ਤੱਕ ਜਾਣ ਲਈ ਸੱਭ ਤੋਂ ਸਰਲ ਰਸਤਾ ਹੈ ਅਤੇ ਕੀਰਤਨ ਸਿਖ-ਮੱਤ ਦਾ ਇਕ ਅਣਮੁ੍ਨਲਾ ਅਤੇ ਅਹਿਮ ਹਿੱਸਾ ਹੈ.ਜੇਕਰ ਅਸੀ ਗੁਰੂ ਸਾਹਿਬਾਨ ਵਲੋਂ ਨਿਸ਼ਚਤ ਕੀਤੇ ਨਿਯਮਾਂ ਅਤੇ ਰਾਗਾਂ ਅਨੁਸਾਰ ਹੀ ਬਾਣੀ ਗਾਈਏ ਤਾਂ ਹੋ ਸਕਦਾ ਹੈ ਕਿ ਇਸ ਕੀਰਤਨ ਦਾ ਅਸਰ ਏਨਾਂ ਮਹਾਨ ਹੋਵੇ ਕਿ ਸਰਬੱਤ ਦਾ ਭਲਾ ਹੋ ਸਕੇ .

 ਆਉ ਅਸੀ ਸਾਰੇ ਰਲਕੇ ਇਸ ਵਿਸ਼ੇ ਵਲ ਧਿਆਨ ਦੇਈਏ, ਬਾਣੀ ਵਿੱਚ ਰਾਗਾਂ ਦੇ ਮਹੱਤਵ ਅਤੇ ਸਹੀ ਪ੍ਰਯੋਗ ਦਾ ਪਰਚਾਰ ਕਰੀਏ ਕਿੳਕਿ ਸਹੀ ਪਰਚਾਰ ਹੀ ਕੁਰੀਤੀਆਂ ਦੇ ਖੰਡਣ ਦਾ ਅਸਲੀ ਤਰੀਕਾ ਹੁੰਦਾ ਹੈ

 “ਅਕਾਲ ਪੁਰਖ ਸੱਚੇ ਪਾਤਿਸ਼ਾਹ ਅਜੋਕੇ ਰਾਗੀਆਂ ਦੇ ਆਪ ਅੰਗ-ਸੰਗ ਸਹਾਈ ਹੋਣ ਅਤੇ ਉਹਨਾ ਨੂੰ ਗੁਰਮੱਤ ਅਨੁਸਾਰ ਸਹੀ ਕੀਰਤਨ ਕਰਨ ਦਾ ਬਲ ਬਖਸ਼ਣ

 ਰੂਪ ਸਿੱਧੂ

 ਯੂ ਏ ਈ

 

   

ਰੂਪ ਸਿੱਧੂ ਦੇ ਸਾਰੇ ਲੇਖ ਪੜ੍ਹਨ ਲਈ ਕਲਿਕ ਕਰ