UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਹਰਿ

ਹਰਿ

 

ਗੁੱਸਾ ਅਤੇ ਉਸਤੇ ਕਾਬੂ ਪਾਉਣਾ

 

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥

 ਦੇਹੀ ਰੋਗੁ ਲਗਈ ਪਲੈ ਸਭੁ ਕਿਛੁ ਪਾਇ

ੳਪ੍ਰੋਕਤ ਬਾਣੀ ਦੀਆਂ ਸਤਰਾਂ ਵਿੱਚ ਇਨਸਾਨ ਨੂੰ ਗੁੱਸਾ ਕਰਨ ਤੋਂ ਵਰਜਦਿਆਂ ਹੋਇਆਂ, ਬੁਰੇ ਦਾ ਵੀ ਭਲਾ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ । ਬਾਣੀ ਅਨੁਸਾਰ ਦੇਹੀ ਨੂੰ ਅਰੋਗ ਰੱਖਣ ਅਤੇ ਜੀਵਨ ਵਿੱਚ ਸੱਭ ਕੁੱਝ ਹਾਸਿਲ ਕਰਨ ਦਾ ਉਪਾਅ ਵੀ ਗੁੱਸਾ ਤਿਆਗਣਾ ਹੀ ਹੈ ।

ਆਉ ਵਿਚਾਰ ਕਰੀਏ ਕਿ ਇਹ ਗੁੱਸਾ ਅਸਲ ਵਿੱਚ ਹੈ ਕੀ ਅਤੇ ਇਸਤੇ  ਕਾਬੂ ਕਿਵੇਂ ਪਾਇਆ ਜਾਵੇ ।

ਜੀਵਨ ਨੂੰ  ਬੇਕਾਰ ਅਤੇ ਖੀਣਾ ਕਰਨ ਲਈ ਤਿੰਨ ਚੀਜਾਂ ਦੀ ਖਾਸ ਭੂਮਿਕਾ ਹੁੰਦੀ ਹੈ, ਨਸ਼ਾਖੋਰੀ, ਹੰਕਾਰ ਅਤੇ ਗੁੱਸਾ

ਗੁੱਸਾ Anger  ਇੰਗਲਿਸ ਵਿੱਚ Danger ਨਾਲੋਂ ਸਿਰਫ ਇੱਕ ਅੱਖਰ ਘੱਟ ਹੁੰਦਾ ਹੈ । ਗੁੱਸਾ, ਕਿਸੇ ਦੇ ਤੁਹਾਡੀਆਂ ਆਸਾ ਤੇ ਪੂਰੇ ਨਾ ਉਤਰਨ ਕਰਕੇ ਪੈਦਾ ਹੋਏ ਅਣਸੁਖਾਂਵੇਪਨ, ਚਿਲ੍ਹਾਣਾ, ਰਕਤ ਤਾਪ ਵਧਣਾ, ਗਾਲ੍ਹੀ ਗਲੋਚ, ਅਤੇ ਮਾਰ-ਪਿਟਾਈ ਤੱਕ ਉਤਰਨ ਵਾਲੀ ਪ੍ਰਤੀਕਿਰਿਆ ਨੂੰ ਕਿਹਾ ਜਾਂਦਾ ਹੈ ਗੁੱਸੇ ਵਿੱਚ ਪਹਿਲਾਂ ਤੁਸੀ ਖੁਦ ਅਸ਼ਾਂਤ ਹੋਕੇ ਦਿਮਾਗ਼ੀ ਤੌਰ ਤੇ ਉਖੜਦੇ ਹੋ ਅਤੇ ਨਾਲ ਨਾਲ ਇਹੀ ਅਸਰ ਦੂਸਰਿਆਂ ਤੇ ਵੀ ਕਰ ਦੇਂਦੇ ਹੋ ।

ਗੁੱਸੇ ਦੀ ਸਥਿੱਤੀ ਵਿੱਚ ਆਦਮੀ ਦੀ ਜੀਭ ਉਸਦੇ ਦਿਮਾਗ ਨਾਲੋਂ ਬਹੁਤ ਜਿਆਦਾ ਚੱਲਦੀ ਹੈ । ਜੀਭ ਇੱਕ ਅਜਿਹੀ ਇੰਦਰੀ ਹੈ ਜੋ ਦੋ ਦੋ ਕੰਮ ਕਰਦੀ ਹੈ ਇਹ ਸੁਆਦ ਚੱਖਣ ਦੇ ਨਾਲ ਨਾਲ ਬੋਲਣ ਦਾ ਕੰਮ ਵੀ ਕਰਦੀ ਹੈ ਇਸਦੀ ਬੇਲਗ਼ਾਮ  ਵਰਤੋਂ ਹੀ ਗੁੱਸੇ ਦਾ ਕਾਰਣ ਬਣਦੀ ਹੈ  । ਇਸ ਕਰਕੇ ਗੁੱਸੇ ਨੂੰ ਜਨੂੰਨ ਜਾਂ ਪਾਗਲਪਨ ਦਾ ਛੋਟਾ ਭਰਾ ਕਿਹਾ ਜਾ ਸਕਦਾ ਹੈ । ਗੁੱਸਾ ਏਕਤਾ, ਸ਼ਾਂਤੀ, ਸੁਮੇਲ ਅਤੇ ਅਪਣੇਪਨ ਨੂੰ ਤਬਾਹ ਕਰ ਦੇਂਦਾ ਹੈ । ਗੁੱਸਾ ਹੀ ਦੁਰਘਟਨਾਵਾਂ ਦਾ ਰੂਪ ਧਾਰਨ ਕਰਦਾ ਹੈ ।

ਜੀਵਨ ਵਿੱਚ 90/10 ਦਾ ਫਾਰਮੂਲਾ ਬਹੁਤ ਅਹਿਮੀਅਤ ਰੱਖਦਾ ਹੈ । ਜੀਵਨ ਵਿੱਚ ਕੇਵਲ 10 ਪ੍ਰਤੀਸ਼ਤ ਘਟਨਾਵਾਂ ਤੁਹਾਡੇ ਕੰਟਰੋਲ ਤੋਂ ਬਾਹਰ ਹੁੰਦੀਆਂ ਹਨ 90 ਪ੍ਰਤੀਸ਼ਤ ਘਟਨਾਵਾਂ ਤੁਹਾਡੇ ਆਪਣੇ ਪਤੀਕਰਮਾਂ ਦਾ ਨਤੀਜਾ ਹੁੰਦੀਆ ਹਨ ਜਿਹੜੇ ਪ੍ਰਤੀਕਰਮ ਗੁੱਸੇ ਦੇ ਪ੍ਰਭਾਵ ਹੇਠ ਕੀਤੇ ਗਏ ਹੁੰਦੇ ਹਨ ਗੁੱਸਾ ਅਲਸਰ, ਇੰਸੋਮੀਆ, ਦਿੱਲ ਦੀਆਂ ਬੀਮਾਰੀਆਂ ਅਤੇ ਬਲੱਡ ਪ੍ਰੈਸ਼ਰ ਅਦਿ ਬੀਮਾਰੀਆਂ ਪੈਦਾ ਕਰਦਾ ਹੈ ।

ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਅਸੀ ਉਹਨਾਂ ਗੱਲਾਂ ਦਾ ਗੁੱਸਾ ਕਰਕੇ ਕਿਉ ਬੈਠੇ ਰਹਿੰਦੇ ਹਾਂ, ਜਿਹਨਾਂ ਨੇ ਸਾਡੇ ਗੁੱਸਾ ਕਰਨ ਨਾਲ 1 % ਵੀ ਸੁਧਰਨਾ ਨਹੀ ਹੁੰਦਾ ਅਗਰ ਦੇਖਿਆ ਜਾਵੇ ਤਾਂ ਅਸੀ ਗੁੱਸੇ ਦਾ ਇਜ਼ਹਾਰ ਕਰਕੇ ਕਿਸੇ ਆਦਮੀ ਜਾਂ ਹਾਲਾਤ ਵਿੱਚ ਕੋਈ ਵੀ ਤਬਦੀਲੀ ਨਹੀ ਲਿਆ ਸਕਦੇ ਕਿੱਡੀ ਹਾਸੋਹੀਣੀ ਗੱਲ ਹੈ ਕਿ ਅਸੀ ਕਿਸੇ ਅਪਣੇ ਨਾਲ ਉਸੇ ਗੱਲ ਤੇ ਬਾਰ ਬਾਰ ਗੁੱਸੇ ਹੁੰਦੇ ਰਹਿੰਦੇ ਹਾਂ ਪਰ ਉਹ ਹੀ ਗਲਤੀ ਅਗਰ ਕੋਈ ਬਿਗ਼ਾਨਾ ਕਰਦਾ ਹੈ ਤਾਂ ਸਾਨੂੰ ਗੁੱਸਾ ਨਹੀ ਆਉਦਾ ।

 ਗੁੱਸੇ ਤੇ ਕਾਬੂ ਪਾਉਣ ਲਈ ਹੇਠ ਲਿਖੀਆਂ ਗੱਲਾਂ ਵਲ ਖਾਸ ਧਿਆਨ ਦੇਣ ਦੀ ਜਰੂਰਤ ਹੁੰਦੀ ਹੈ ।

ਜੀਵਨ ਵਿੱਚ 90/10 ਦਾ ਫਾਰਮੂਲਾ ਸਦਾ ਯਾਦ ਰੱਖੋ । ਹਮੇਸ਼ਾ ਖੁਸ਼ ਰਹਿਣ ਦੀ ਆਦਤ ਪਾਉ ਹਸਮੁੱਖ ਸੁਭਾਅ ਵਾਲਿਆ ਨੂੰ ਗੁੱਸਾ ਵੀ ਦੇਰੀ ਨਾਲ ਆਂਉਦਾ ਹੈ ।

ਹਮੇਸ਼ਾਂ ਯਾਦ ਰੱਖੋ ਕਿ ਦੂਸਰਿਆਂ ਦਾ ਇਹ ਜਨਮ ਸਿੱਧ ਅਧਿਕਾਰ ਹੈ ਕਿ ਉਹ ਤੁਹਾਡੇ ਵਿਚਾਰਾਂ ਨਾਲ ਸਹਿਮਤੀ ਨਾ ਵੀ ਰੱਖਦੇ ਹੋਣ । ਦੂਸਰਿਆਂ ਤੇ ਆਸਾਂ ਲਗਾ ਕੇ ਰੱਖਣੀਆਂ ਨਹੀ ਚਾਹੀਦੀਆਂ ਜਿਸ ਆਦਮੀ ਤੇ ਵੀ ਤੁਹਾਨੂੰ ਗੁੱਸਾ ਆਵੇ ਉਸਦੀਆਂ ਚੰਗਿਆਈਆਂ ਬਾਰੇ ਬਾਰ ਬਾਰ ਸੋਚਦੇ ਰਹੋ । ਜਿਸਤੇ ਵੀ ਤੁਹਾਨੂੰ ਗੁੱਸਾ ਹੋਵੇ ਜਿੰਨੀ ਜਲਦੀ ਹੋ ਸਕੇ ਉਸ ਨਾਲ ਗੱਲ ਬਾਤ ਕਰਨ ਦੀ ਕੋਸ਼ਿਸ਼ ਕਰੋ । ਜਲਦੀ ਤੋਂ ਜਲਦੀ ਗੁੱਸੇ ਦੇ ਲਾਭ ਅਤੇ ਹਾਨੀਆਂ ਨੂੰ ਵਿਚਾਰੋ । ਆਪਣੇ ਆਪ ਨੂੰ ਉਸ ਸਖਸ ਦੀ ਜਗਾਹ ਰੱਖਕੇ ਸੋਚੋ ਜਿਸ ਨਾਲ ਤੁਸੀ ਗੁੱਸੇ ਹੋ । ਗੁੱਸੇ ਦੀ ਹਾਲਤ ਵਿੱਚ ਵੀ ਆਪਣੀਆ ਜਰੂਰੀ ਰੋਜ਼ਾਨਾ ਕਿਰਿਆਵਾਂ ਅਤੇ ਮੂਲ ਸਰੀਰਕ ਜਰੂਰਤਾਂ ਨੂੰ ਜਰੂਰ ਪੂਰਾ ਕਰੋ

ਹੱਸਮੁਖ ਰਹਿਣ ਦੀ ਕੋਸ਼ਿਸ਼ ਕਰੋ ਕਿਉਕਿ ਹੱਸਮੁੱਖਤਾ ਉਮਰ ਵਧਾਂਉਦੀ ਹੈ ਗੁੱਸੇ ਵੇਲੇ ਸਰੀਰ ਦੇ ਪੱਠੇ ਆਕੜ ਜਾਂਦੇ ਹਨ ਅਤੇ ਖੁਸ਼ੀ ਵੇਲੇ ਸਰੀਰ ਦੇ ਪੱਠੇ ਆਰਾਮ-ਦੇਹ ਅਤੇ ਸੁਖਾਲੇ ਹੋ ਜਾਂਦੇ ਹਨ ।

ਗੁੱਸੇ ਤੋਂ ਬਚਣਾ ਬਹੁਤ ਜਰੂਰੀ ਹੈ ਪਰ ਗੁੱਸਾ ਆ ਜਾਣ ਦੀ ਸੂਰਤ ਵਿੱਚ ਗੁੱਸੇ ਨੂੰ ਅੰਦਰੋ ਅੰਦਰ ਦਬਾਉਣਾ ਹੋਰ ਵੀ ਜਿਅਦਾ ਖਤਰਨਾਕ ਹੁੰਦਾ ਹੈ । ਇਸ ਨਾਲ ਸਰੀਰ ਦੇ ਕਈ ਅੰਦਰੂਨੀ ਅੰਗਾਂ ਵਿੱਚ ਨੁਕਸ ਪੈਣ ਦਾ ਡਰ ਰਹਿੰਦਾ ਹੈ ।

ਗੁੱਸੇ ਦੀ ਹਾਲਤ ਵਿੱਚ ਹੌਲੀ ਹੌਲੀ ਘੁੱਟ ਭਰਕੇ ਪਾਣੀ ਪੀਣਾ ਲਾਹੇਵੰਦ ਹੁੰਦਾ ਹੈ । ਜਿਸ ਜਗਾਹ ਜਾਂ ਹਾਲਾਤ ਕਰਕੇ ਗੁੱਸਾ ਆਇਆ ਹੋਵੇ ਉਥੋਂ ਜਲਦੀ ਪਰੇ ਚਲੇ ਜਾਣਾ ਚਾਹੀਦਾ ਹੈ ।

ਸੱਭ ਤੋਂ ਜਰੂਰੀ ਗੱਲ ਤਾਂ ਇਹ ਹੈ ਕਿ ਗੁੱਸੇ ਵੇਲੇ ਇਹ ਜਰੂਰ ਯਾਦ ਕਰੋ ਕਿ ਤੁਹਾਡੀ ਸਿਹਤ ਅਤੇ ਤੰਦਰੁਸਤੀ ਤੋਂ ਜਿਆਦਾ ਹੋਰ ਕੁੱਝ ਵੀ ਵੱਧ ਮਹੱਤਵਪੂਰਨ ਨਹੀ ਹੁੰਦਾ । ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਜਾਨ ਹੈ ਤਾਂ ਜਹਾਨ ਹੈ

ਮੁੱਕਦੀ ਗੱਲ ਤਾਂ ਇਹ ਹੀ ਹੈ ਕਿ ਇੱਕ ਗੁਰਮੁੱਖ ਇਨਸਾਨ ਵਾਸਤੇ ਤਾਂ ਬਾਣੀ ਦਾ ਇਹ ਹੁਕਮ ਹੀ ਉਸਦੇ ਜੀਵਨ ਨੂੰ ਸੁਖੀ, ਸ਼ਾਂਤਮਈ, ਖੁਸ਼ਹਾਲ ਅਤੇ ਤੰਦਰੁਸਤ ਰੱਖ ਸਕਦਾ ਹੈ ਕਿ :-

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥

 ਦੇਹੀ ਰੋਗੁ ਲਗਈ ਪਲੈ ਸਭੁ ਕਿਛੁ ਪਾਇ

 

ਰੂਪ ਸਿੱਧੂ  Roop Sidhu U.A.E

 

   

ਰੂਪ ਸਿੱਧੂ ਦੇ ਸਾਰੇ ਲੇਖ ਪੜਨ ਲਈ ਕਲਿਕ ਕਰੋ