UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਹਰਿ

ਹਰਿ

 

          

ਭਗਤੁ ਸਤਿਗੁਰੂ ਸ਼੍ਰੀ ਧੰਨਾ ਜੀ

 

ਭਗਤ ਧੰਨਾ ਜੀ  ਪਰਮ ਸੰਤ ਸਤਿਗੁਰੂ ਪ੍ਰਮਾਤਮਾ ਦੇ ਸੱਚੇ ਪ੍ਰੀਤਵਾਨ ਅਤੇ ਸਹਜ ਅਵਸਥਾ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਦੀ ਮਿਸਾਲ ਸਨ । ਸ਼੍ਰੀ ਧੰਨਾ ਜੀ ਰਾਜਸਥਾਨ ਦੇ ਟੌਂਕ ਜ਼ਿਲੇ ਦੇ ਪਿੰਡ ਧੂਆਂ ਕਲਾਂ ਵਿੱਚ ਸੰਨ 1415 ਵਿੱਚ ਪੈਦਾ ਹੋਏ । ਇਹ ਪਿੰਡ ਦਿਓਲੀ ਸ਼ਹਿਰ ਦੇ ਨਜ਼ਦੀਕ ਹੈ ।

ਸ਼੍ਰੀ ਧੰਨਾ ਜੀ ਸ਼ੁਰੂ ਤੋਂ ਹੀ ਪ੍ਰਮਾਤਮਾ ਪ੍ਰਤੀ ਬਹੁਤ ਸ਼ਰਧਾ ਰੱਖਦੇ ਸਨ । ਬਹੁਤ ਸਾਰੇ ਲੇਖਕਾਂ ਨੇ ਉਹਨਾਂ ਬਾਰੇ ਬਹੁਤ ਸਾਰੇ ਚਮਤਕਾਰੀ ਕਿੱਸੇ ਕਹਾਣੀਆਂ ਵੀ ਲਿਖੇ ਹਨ ਪਰ ਗੁਰਮੱਤ ਅਤੇ ਤਰਕ ਦੇ ਆਧਾਰ ਤੇ ਉਹਨਾਂ ਕਹਾਣੀਆਂ ਨੂੰ ਬ੍ਰਾਹਮਣਵਾਦੀ ਪਸਾਰਾ ਹੀ ਕਿਹਾ ਜਾ ਸਕਦਾ ਹੈ । ਸ਼੍ਰੀ ਧੰਨਾ ਜੀ ਬਾਰੇ ਇਹ ਗੱਲ ਆਮ ਪ੍ਰਚੱਲਤ ਹੈ ਕਿ ਧੰਨਾ ਜੀ ਨੇ ਪੱਥਰ ਚੋਂ ਰੱਬ ਪਾ ਲਿਆ ਸੀ । ਕੁਝ ਇਤਹਾਸਕਾਰ ਤਾਂ ਭਗਤ ਧੰਨਾ ਜੀ ਨੂੰ ਵੀ ਰਾਮਾਨੰਦ ਜੀ ਦਾ ਚੇਲਾ ਹੀ ਲਿਖੀ ਜਾਂਦੇ ਹਨ । ਸ਼ਾਇਦ ਕਿੱਸੇ ਲਿਖਣ ਵਾਲਿਆਂ ਨੇ ਬ੍ਰਹਮਵਾਦ ਦੇ ਪ੍ਰਭਾਵ ਹੇਠ ਹੀ ਭਗਤੀ ਲਹਿਰ ਦੇ ਤਕਰੀਬਨ ਸਾਰੇ ਹੀ ਮਹਾਂਪੁਰਸ਼ਾਂ ਨੂੰ ਰਾਮਾਨੰਦ ਜੀ ਦੇ ਨਾਲ ਜੋੜ ਦਿੱਤਾ ਜਾਪਦਾ ਹੈ ।

ਕਿਹਾ ਜਾਂਦਾ ਹੈ ਕਿ ਇਕ ਦਿਨ ਧੰਨਾ ਜੀ ਨੇ ਇਕ ਬ੍ਰਾਹਮਣ ਨੂੰ ਠਾਕੁਰ ਪੂਜਾ ਕਰਦੇ ਦੇਖਕੇ ਪੁੱਛਿਆ ਕਿ ਕੀ ਕਰ ਰਹੇ ਹੋ ਤਾਂ  ਉਸ ਪੰਡਤ ਨੇ ਪੱਥਰ ( ਠਾਕੁਰ) ਵਲ ਇਸ਼ਾਰਾ ਕਰਕੇ ਕਿਹਾ ਕਿ ਠਾਕੁਰ ਪੂਜਾ ਕਰ ਰਿਹਾ ਹਾਂ । ਸ਼੍ਰੀ ਧੰਨਾ ਜੀ ਨੇ ਕਿਹਾ ਕਿ ਪੰਡਤ ਜੀ ਅਗਰ ਇਹ ਪੱਥਰ ( ਠਾਕੁਰ )  ਹੀ ਰੱਬ ਹੈ ਤਾਂ ਇਹ ਇਕ ਰੱਬ ( ਠਾਕੁਰ ) ਮੈਨੂੰ ਵੀ ਦੇ ਦਿਉ ਮੈਂ ਵੀ ਇਸਦੀ ਪੂਜਾ ਕਰਾਂਗਾ। ਇਹ ਸੁਣਕੇ ਪੰਡਤ ਨੇ ਇਕ ਪੱਥਰ ਚੁੱਕ ਕੇ ਸ਼੍ਰੀ ਧੰਨਾਂ ਜੀ ਨੂੰ ਦੇ ਦਿੱਤਾ । ਪੰਡਤ ਨੇ ਤਾਂ ਬੇਸ਼ੱਕ ਉਹ ਪੱਥਰ ਸ਼੍ਰੀ ਧੰਨਾ ਜੀ ਨੂੰ ਮਜ਼ਾਕ ਵਿੱਚ ਜਾਂ ਇਹ ਕਹਿ ਲਓ ਕਿ ਮਗਰੋਂ ਲਾਹੁਣ ਲਈ ਦਿੱਤਾ ਸੀ ਪਰ ਧੰਨਾ ਜੀ ਜੋ ਕਿ ਬਹੁਤ ਹੀ ਭੋਲੇ ਸੁਭਾਅ ਵਾਲੇ ਅਤੇ ਗੁਰਮੁਖ ਇਨਸਾਨ ਸਨ ਉਹ ਇਸ ਪੱਥਰ ਨੂੰ ਆਪਣੇ ਘਰ ਲੈ ਗਏ । ਅਸਲ ਵਿੱਚ ਧੰਨਾ ਜੀ ਤਾਂ ਪਹਿਲਾਂ ਹੀ ਰੱਬ ਦੇ ਭਗਤ ਸਨ ਅਤੇ ਰੱਬ ਬਾਰੇ ਸੱਭ ਕੁੱਝ ਜਾਂਣਦੇ ਵੀ ਸਨ ਪਰ ਦੁਨੀਆਂ ਦੇ ਮਨਾਂ ਵਿੱਚੋਂ ਮੂਰਤੀ ਪੂਜਾ, ਪੱਥਰ ਪੂਜਾ ਅਤੇ ਕਰਮ-ਕਾਂਡਾਂ ਨੂੰ ਮਿਟਾਉਣ ਲਈ ਇਹ ਉਹਨਾਂ ਦਾ ਇਕ ਚੋਜ਼ ਸੀ ।

ਸ਼੍ਰੀ ਧੰਨਾ ਜੀ ਨੇ ਪੰਡਤ ਦੇ ਦੱਸੇ ਅਨੁਸਾਰ ਉਸ ਪੱਥਰ ਦੀ ਪੂਜਾ ਸ਼ੁਰੂ ਕਰ ਦਿੱਤੀ ।ਸੱਭ ਕੁੱਝ ਤੋਂ ਜਾਣੀ ਜਾਣ ਹੁੰਦੇ ਹੋਏ ਉਹ ਸਿਮਰਨ ਤਾਂ ਉਸ ਰੱਬ ਦਾ ਹੀ ਕਰਦੇ ਸਨ ਅਤੇ ਉਸਨੂੰ ਹੀ ਪੁਕਾਰ ਰਹੇ ਸਨ । ਲੋਕਾਂ ਦੇ ਭਰਮ ਦੂਰ ਕਰਨ ਲਈ ਉਹ ਰੱਬ ਅੱਗੇ ਬੇਨਤੀ ਕਰ ਰਹੇ ਸਨ ਕਿ ਹੇ ਪ੍ਰਮਾਤਮਤਾ ਭਗਤਾਂ ਦੀ ਲਾਜ ਰੱਖਣ ਲਈ ਅਤੇ ਲੋਕਾਂ ਨੂੰ ਵਹਿਮਾਂ ਭਰਮ ਚੋਂ ਕੱਢਣ ਲਈ ਤੂੰ ਇਸ ਪੱਥਰ ਵਿੱਚੋਂ ਪ੍ਰਗਟ ਹੋਕੇ ਮੇਰੇ ਵਲੋਂ ਅਰਪਿਤ ਭੋਜਨ ਨੂੰ ਭੋਗ ਲਗਾ । ਕਿਹਾ ਜਾਂਦਾ ਹੈ ਕਿ ਪ੍ਰਮਾਤਮਾ ਨੇ ਉਸ ਪੱਥਰ ਵਿੱਚੋਂ ਪ੍ਰਗਟ ਹੋਕੇ ਧੰਨਾ ਜੀ ਨੂੰ ਦਰਸ਼ਣ ਦਿੱਤੇ ਅਤੇ ਉਹਨਾਂ ਵਲੋਂ ਪਰੋਸਿਆਂ ਭੋਜਨ ਛਕਿਆ ਸੀ ।

ਹੁਣ ਇਥੇ ਸਮਝਣ ਵਾਲੀ ਗੱਲ ਇਹ ਹੈ ਕਿ ਨਾ ਤਾਂ ਉਹ ਪੱਥਰ ਹੀ  ਰੱਬ ਸੀ ਅਤੇ ਨਾ ਹੀ ਸ਼੍ਰੀ ਧੰਨਾ ਜੀ ਨੇ ਪੱਥਰ ਦੀ ਪੂਜਾ ਕੀਤੀ ਸੀ । ਉਹਨਾਂ ਨੇ ਸਿਮਰਨ ਅਤੇ ਯਾਦ ਤਾਂ ਉਸ ਪ੍ਰਮਾਤਮਾ ਨੂੰ ਹੀ ਕੀਤਾ ਸੀ । ਹਾਂ ਉਹਨਾਂ ਨੇ ਇਹ ਸਿੱਧ ਕਰ ਕੇ ਦਿਖਾਇਆ ਕਿ ਪਰਮਾਤਮਾ ਸਰਬ ਵਿਆਪੀ ਹੈ । ਅਗਰ ਸੱਚੇ ਹਿਰਦੇ ਨਾਲ, ਸਹਿਜ ਦੇ ਨਾਲ, ਇਕ ਮਨ ਹੋਕੇ ਅਤੇ ਸੱਚੇ ਪਿਆਰ ਨਾਲ ਉਸਨੂੰ ਯਾਦ ਕੀਤਾ ਜਾਵੇ ਤਾਂ ਉਹ ਹਰ ਕਣ-ਕਣ ਵਿੱਚ, ਹਰ ਇਕ ਵਸਤੂ ਵਿੱਚ, ਹਰ ਇਕ ਇਨਸਾਨ ਵਿੱਚ ਅਤੇ ਹਰ ਇਕ ਜੀਵ ਵਿੱਚ ਹੀ ਨਜ਼ਰ ਆ ਸਕਦਾ ਹੈ, ਦਰਸ਼ਣ ਦੇ ਸਕਦਾ ਹੈ ਤੇ ਪ੍ਰਗਟ ਹੋ ਸਕਦਾ ਹੈ । ਰੱਬ ਪੱਥਰ ਵਿੱਚ ਨਹੀ ਬਲਕਿ ਸ਼੍ਰੀ ਧੰਨਾ ਜੀ ਦੀ ਨਿਸ਼ਕਾਮ ਸੇਵਾ ਚੋਂ ਪ੍ਰਗਟ ਹੁੰਦਾ ਹੈ । ਰੱਬ ਕਰਮ-ਕਾਂਡਾਂ ਨਾਲ ਨਹੀ ਰੱਬ ਤਾਂ ਇਕ ਸਹਜ- ਸੁਭਾਉ ਉਪਜੇ ਪਿਆਰ ਵਿੱਚੋਂ ਪ੍ਰਗਟ ਹੁੰਦਾ ਹੈ ।ਰੱਬ ਦੀ ਪ੍ਰਾਪਤੀ ਲਈ ਕਿਸੇ ਵਿਸ਼ੇਸ਼ ਮੂਰਤੀ,ਮੰਤਰ ਜਾਂ ਪਹਿਰਾਵੇ ਦੀ ਲੋੜ ਨਹੀ ਹੁੰਦੀ । ਰੱਬ  ਪੱਥਰਾਂ, ਮੂਰਤੀਆਂ ਅਤੇ ਕਰਮ-ਕਾਂਡਾਂ ਵਿੱਚ ਨਹੀ ਵੱਸਦਾ ।

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਿਗਰੂ ਅਰਜਣ ਦੇਵ ਜੀ ਮਹਾਰਾਜ ਦਾ ਸ਼ਬਦ ਹੈ :

ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥

ਉਪ੍ਰੋਕਤ ਸ਼ਬਦ ਤੋਂ ਵੀ ਇਹ ਸਾਫ ਪਤਾ ਚੱਲਦਾ ਹੈ ਕਿ ਸ਼੍ਰੀ ਧੰਨਾ ਜੀ ਨੂੰ ਸਹਿਜ ਸਿਮਰਨ ਰਾਹੀ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਸੀ ।ਇਸ ਸ਼ਬਦ ਵਿੱਚ ਸਤਿਗੁਰਾਂ ਨੇ ਸਰਵ ਸਤਿਗੁਰੂਆਂ ਨਾਮਏਵ ਜੀ, ਰਵਿਦਾਸ ਜੀ . ਕਬੀਰ ਜੀ ਅਤੇ ਸੈਣ ਜੀ ਦੀ ਉਪਮਾ ਵੀ ਕੀਤੀ ਹੈ ਅਤੇ ਇਹ ਸ਼ਬਦ ਇਸ ਗੱਲ ਦੀ ਹਾਮੀ ਵੀ ਭਰਦਾ ਹੈ ਕਿ ੳਪ੍ਰੋਕਤ ਮਹਾਂਪੁਰਸ਼ਾਂ ਨੇ ਉਸ ਪਾਰਬ੍ਰਹਮ ਹਰਿ ਦੇ ਦਰਸ਼ਣ ਵੀ ਕੀਤੇ ਸਨ ।

 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼੍ਰੀ ਧੰਨਾ ਜੀ ਦੀ ਬਾਣੀ ਦੇ ਦੋ ਸ਼ਬਦ ਦਰਜ ਹਨ ।ਇੱਥੇ ਇਹ ਵਰਨਣਯੋਗ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਰਫ ਉਹਨਾਂ ਹੀ ਮਹਾਂਪੁਰਸ਼ਾਂ ਦੀ ਬਾਣੀ ਦਰਜ ਕੀਤੀ ਗਈ ਸੀ ਜਿਹਨਾਂ ਦੀ ਵਿਚਾਰਧਾਰਾ ਗੁਰਬਾਣੀ ਦੇ ਆਸ਼ੇ ਦੇ ਅਨੁਕੂਲ ਸੀ । ਜਿਹਨਾਂ ਦੀ ਬਾਣੀ ਕਰਮ-ਕਾਂਡਾਂ, ਬੁਤ-ਪੂਜਾ, ਖਟ-ਕਰਮ ਅਤੇ ਹੋਰ ਫਜੂਲ ਬ੍ਰਾਹਮਣਵਾਦੀ ਕਿਰਿਆਵਾਂ ਦੇ ਖਿਲਾਫ ਸੀ ।ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਧੰਨਾ ਜਿ ਦੀ ਬਾਣੀ ਹੋਣਾ ਵੀ ਇਹ ਸਾਬਿਤ ਕਰਦਾ ਹੈ ਕਿ ਉਹ ਪੱਥਰ ਪੂਜਾ, ਬੁਤ-ਪੂਜਾ ਅਤੇ ਫਜ਼ੂਲ ਕਰਮ-ਕਾਂਡ ਕਰਨ ਵਿੱਚ ਵਿਸ਼ਵਾਸ਼ ਨਹੀ ਕਰਦੇ ਸਨ । ਹਨਾਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਹੇਠ ਦਿੱਤੀ ਗਈ ਹੈ :-

ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥ ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥੧॥ ਰਹਾਉ ॥ ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥ ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥੧॥ ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥ ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥੨॥ ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥ ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥

ਧੰਨਾ ॥ ਗੋਪਾਲ ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ ਪਨ੍ਹ੍ਹੀਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥੧॥ ਗਊ ਭੈਸ ਮਗਉ ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥੪॥

ਸ਼੍ਰੀ ਧੰਨਾ ਜੀ ਦੀ ਬਾਣੀ ਤੋਂ ਸਾਫ ਪਤਾ ਚੱਲਦਾ ਹੈ ਕਿ ਧੰਨਾ ਜੀ ਕਰਮ-ਕਾਂਡਾਂ ਦੇ ਖਿਲਾਫ ਸਨ , ਸਹਜ ਅਵਸਥਾ ਵਿੱਚ ਉਸ ਪ੍ਰਭੂ ਨਾਲ ਜੁੜਨ ਦੀ ਗੱਲ ਕਰਦੇ ਸਨ। ਉਹਨਾਂ ਦੇ ਆਰਤੇ ਵਾਲੇ ਸ਼ਬਦ ਤੋਂ ਸਾਫ ਜ਼ਾਹਰ ਹੈ ਕਿ ਉਹ ਪ੍ਰਭੂ ਭਗਤੀ ਸਮੇਂ ਬਹੁਤ ਹੀ ਸਹਿਜ ਅਵਸਥਾ, ਬਹੁਤ ਹੀ ਭੋਲੇ ਭਾਲੇ ਅਤੇ ਬਾਲੜੇ ਜੁਹੇ ਸਹਜ ਸੁਭਾਅ ਵਿੱਚ ਹੀ ਰਹਿੰਦੇ ਸਨ । 

ਸ਼੍ਰੀ ਧੰਨਾ ਜੀ ਨੇ ਕਰਮ-ਕਾਂਡਾ ਦੇ ਖਿਲਾਫ, ਮੂਰਤੀ ਪੂਜਾ ਦੇ ਵਿਰੁੱਧ ਅਤੇ ਬ੍ਰਾਹਮਣਵਾਦ ਦੇ ਅਸੂਲਾਂ ਦੇ ਉਲਟ ਅਵਾਜ਼ ਉਠਾਈ ਹੈ । ਆਉ ਅੱਜ ਸ਼੍ਰੀ ਧੰਨਾ ਜੀ ਦੇ ਜਨਮ ਦਿਨ ਤੇ ਅਸੀਂ ਵੀ ਇਹ ਪ੍ਰਣ ਕਰੀਏ ਕਿ ਵਹਿਮਾਂ ਭਰਮਾਂ, ਕਰਮ-ਕਾਂਡਾਂ ਅਤੇ ਮੂਰਤੀ ਪੂਜਾ ਇਤਿਆਦਿ ਪਾਖੰਡਾਂ ਨੂੰ ਛੱਡਕੇ, ਸਿਰਫ ਤੇ ਸਿਰਫ ਓਸ ਸੱਚੇ ਪ੍ਰਮਾਤਮਾ ਦਾ ਹੀ ਓਟ ਆਸਰਾ ਲੈਣਾ ਹੈ ਅਤੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਜੀਣਾ ਹੈ ।

 

   

ਰੂਪ ਸਿੱਧੂ ਦੇ ਸਾਰੇ ਲੇਖ ਪੜਨ ਲਈ ਕਲਿਕ ਕਰੋ