UPKAAR
WEBSITE BY SHRI GURU RAVIDAS WELFARE SOCIETY

                                       Shri Guru Ravidas Welfare Society

HOME PAGE

ਸੋਹੰ

ਸੋਹੰ

 

 

ਸਮਾਜ ਦੇ ਮਾਰਗ ਦਰਸ਼ਕ - ਸੰਤ ਮਹਾਂਪੁਰਸ਼

ਐਸ ਐਲ ਵਿਰਦੀ ਐਡਵੋਕੇਟ

ਸੰਤ ਤੁਕੜੋ ਜੀ

ਸੰਤ ਤੁਕੜੋ ਜੀ ਨੇ ਬਹੁਜਨ ਮੂਲ ਨਿਵਾਸੀਆਂ ਨੂੰ ਬ੍ਰਾਹਮਣਵਾਦੀ ਸ਼ੋਸ਼ਤ ਚੱਕਰ ਵਿੱਚੋਂ ਮੁਕਤ ਕਰਨ ਲਈ ਜੀਵਨ ਭਰ ਸੰਘਰਸ਼ ਕੀਤਾ। ਉਹਨਾਂ ਦਲਿਤਾਂ ਦੇ ਮਾਰਗ ਦਰਸ਼ਣ ਲਈ ਗ੍ਰਾਮ ਗੀਤਾ ਲਿਖੀ। ਇਸ ਵਿੱਚ ਸੰਤ ਤੁਕੜੋ ਜੀ ਕਹਿੰਦੇ ਹਨ ਕਿ ਮਜ਼ਦੂਰ ਆਪਣੀ ਮੇਹਨਤ ਨਾਲ ਇਹਨਾਂ ਮਹੱਲਾਂ ਦਾ ਨਿਰਮਾਣ ਕਰਦਾ ਹੈ ਪ੍ਰੰਤੂ ਉਸ ਨੂੰ ਝੌਂਪੜੀ ਤੱਕ ਨਸੀਬ ਨਹੀਂ ਹੁੰਦੀ। ਮੇਹਨਤ ਕਸ਼ ਜੰਤਾ ਅਜ਼ਾਦੀ ਅੰਦੋਲਨਾਂ ਵਿੱਚ ਕੁਰਬਾਨੀਆਂ ਕਰ ਰਹੀ ਹੈ ਪ੍ਰੰਤੂ ਮਜ਼ਾ ਦੂਜੇ ਲੋਕ ਮਾਰੀ ਜਾ ਰਹੇ ਹਨ। ਇਹਨਾਂ ਭੋਲੇ ਭਾਲੇ ਮਜ਼ਦੂਰਾਂ ਨੂੰ ਜਾਗਰਤ ਕਰਨ ਲਈ ਹੀ ਮੈਂ ਗ੍ਰਾਮ ਗੀਤਾ ਲਿਖੀ ਹੈ। 
ਸੰਤ ਤੁਕੜੋ ਜੀ ਨੇ ਕਿਹਾ ਕਿ ਇਹ ਸਾਰੀ ਸੰਪਤੀ ਦਾ ਸਿਰਜਣਹਾਰਾ ਮਜ਼ਦੂਰ ਹੀ ਹੈ। ਇਹ ਮਜ਼ਦੂਰ ਹੀ ਮਿੱਟੀ ਪੱਥਰ ਉਠਾ ਕੇ ਲਿਆਏ, ਨੀਹਾਂ ਪੁੱਟੀਆਂ, ਦੀਵਾਰਾਂ ਚਿਣੀਆਂ ਤੱਦ ਹੀ ਤਾਂ ਜਾ ਕੇ ਇਹ ਮਹਿਲ ਮੁਨਾਰੇ ਬਣੇ। ਜੰਗਲ ਵਿੱਚ ਲੱਕੜ ਪਈ ਹੈ ਉਸ ਦਾ ਕੋਈ ਮੁੱਲ ਨਹੀਂ ਜਦ ਤੱਕ ਮਜ਼ਦੂਰ ਉਸ ਨੂੰ ਉਪਯੋਗ ਵਿੱਚ ਨਹੀਂ ਲਿਆਉਂਦਾ। 
ਮੇਹਨਤ ਨਾਲ ਹੀ ਮੁਲ ਤੇ ਮੁਨਾਫਾ ਪੈਦਾ ਹੁੰਦਾ ਹੈ। ਇੱਕ ਮੇਹਨਤ ਕਰੇ, ਦੂਸਰਾ ਬਿਨ ਮੇਹਨਤ ਹੀ ਖਾਏ, ਅਰਾਮ ਕਰੇ, ਇਹ ਰਾਸ਼ਟਰ ਹਿਤ ਵਿੱਚ ਹਰਾਮ ਹੈ। ਜ਼ਮੀਨ ਹਲ ਵਾਹਕ ਦੀ ਹੋਣੀ ਚਾਹੀਦੀ ਹੈ। ਜਨਤਾ ਦੇ ਸ਼ੋਸ਼ਣ ਨੂੰ ਬੰਦ ਨਾ ਕੀਤਾ ਗਿਆ ਤਾਂ ਜਨਤਾ ਦੇ ਗੁਸੇ ਨਾਲ ਸਭ ਕੁਝ ਭਸਮ ਹੋ ਜਾਵੇਗਾ। ਹਾਹਾਕਾਰ ਮਚ ਜਾਵੇਗੀ।
ਤੁਕੜੋ ਜੀ ਮਹਾਰਾਜ ਕਹਿੰਦੇ ਹਨ ਕਿ ਬਹੁਜਨ ਜਨਤਾ ਦੇ ਸੁੱਖ ਸੁਵਿਧਾ ਲਈ ਕੰਮ ਕਰਨਾ ਹੀ ਸਭ ਤੋਂ ਉੱਤਮ ਹੈ। ਬਹੁਜਨਾਂ ਦਾ ਹਿੱਤ ਅਤੇ ਸੁੱਖ ਹੀ ਧਰਮ ਹੈ। (ਗ੍ਰਾਮਗੀਤਾ, ਸਫਾ 8, 11) ਉਹਨਾਂ ਬ੍ਰਾਹਮਣਵਾਦ ਦੇ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕੀਤਾ। ਉਹਨਾਂ ਕਿਹਾ ਕਿ ਕਰਜਾ ਚੁੱਕ ਕੇ ਵਿਆਜ ਭਰਨਾ, ਫਿਰ ਸਾਰੀ ਉਮਰ ਵਿਆਜ ਭਰਦੇ ਰਹਿਣਾ ਤੇ ਕੰਗਾਲ ਹੋ ਜਾਣਾ ਕਿਸ ਭਗਵਾਨ ਨੇ ਕਿਹਾ ਹੈ? ਚਾਹੇ ਕਿੰਨੀ ਵੀ ਪ੍ਰੇਸ਼ਾਨੀ ਕਿਉਂ ਨਾ ਹੋਵੇ ਬ੍ਰਾਹਮਣਾਂ ਦੇ ਮਾਹੂਰਤ ਵਾਲੇ ਦਿਨ ਸ਼ਾਦੀ ਨਹੀਂ ਕਰਨੀ ਚਾਹੀਦੀ। ਸਾਫ ਦਿਨ ਦੇਖ ਕੇ ਸ਼ਾਦੀ ਕਰਨਾ ਹੀ ਅੱਛਾ ਮਹੂਰਤ ਹੈ।
ਸੰਤ ਤੁਕੜੋ ਜੀ ਨੇ ਬ੍ਰਾਹਮਣਾਂ ਵਲੋਂ ਘੜਤ ਮੌਤ ਸਬੰਧੀ ਭੈੜੀਆਂ ਰਸਮਾਂ ਦਾ ਭਾਂਡਾ ਭੰਨਦਿਆਂ ਕਿਹਾ ਕਿ ਮ੍ਰਿਤਕ ਵਿਅਕਤੀ ਦੇ ਕਿਰਿਆ ਕਰਨ ਲਈ ਘਰ ਬਾਰ ਗਹਿਣੇ ਕਰਨਾ ਕੋਈ ਅਕਲ ਮੰਦੀ ਨਹੀਂ ਹੈ। ਭਾਵੇਂ ਅਜਿਹਾ ਕਰਨਾ ਬ੍ਰਾਹਮਣਾਂ ਦੇ ਸ਼ਾਸ਼ਤਰਾਂ ਵਿੱਚ ਲਿਖਿਆ ਹੈ। ਬਹੁਜਨ ਦਲਿਤਾਂ ਦਾ ਘਰ ਬਾਰ ਕਿੱਦਾਂ ਚਲਦਾ ਹੈ ਇਹ ਗੱਲ ਬ੍ਰਾਹਮਣਾਂ ਦੇ ਗ੍ਰੰਥਾਂ ਨੂੰ ਪਤਾ ਨਹੀਂ ਹੈ। ਜੋ ਆਪਣੇ ਮਾਤਾ ਪਿਤਾ ਨੂੰ ਜਿੰਦੇ ਹੀ ਢੰਗ ਨਾਲ ਰੋਟੀ ਨਹੀਂ ਦੇ ਸਕਦਾ ਬ੍ਰਾਹਮਣਾਂ ਦੇ ਅਡੰਬਰ ਕਾਰਨ ਉਸ ਨੂੰ ਭੋਗ ਪੁਆਉਂਣੇ ਪੈਂਦੇ ਹਨ। ਤੀਰਥਾਂ ਤੇ ਅਸਤ ਲੈ ਕੇ ਜਾਣਾ ਪੈਂਦਾ ਹੈ। ਲੋਕ ਲੱਜਿਆ ਦੇ ਨਾਮ ਤੇ ਸਾਨੂੰ ਧੰਨ ਲੁਟਾਉਣ ਦੀ ਮੂਰਖਤਾ ਨਹੀਂ ਕਰਨੀ ਚਾਹੀਦੀ। ਕਿਉਂਕਿ ਇਸ ਨਾਲ ਪੰਡੇ ਪੁਜਾਰੀਆਂ ਦਾ ਹੀ ਫਾਇਦਾ ਹੁੰਦਾ ਹੈ। ਇਸ ਲਈ ਬਹੁਜਨਾਂ ਨੂੰ ਹਸਪਤਾਲ ਨੂੰ ਦਾਨ ਦੇਣਾ ਚਾਹੀਦਾ ਹੈ ਤਾਂ ਜੋ ਕਿ ਦਵਾਈ ਦਾਰੂ ਨਾਲ ਬਾਕੀਆਂ ਦੀ ਜਾਨ ਬਚਾਈ ਜਾ ਸਕੇ।
ਤੁਕੜੋ ਜੀ ਮਹਾਰਾਜ ਨੇ ਦੱਸਿਆ ਕਿ ਪੰਡੇ ਪੁਜਾਰੀਆਂ ਨੇ ਹੀ ਲੋਕਾਂ ਵਿੱਚ ਭੇਦ ਭਾਵ ਫੈਲਾਇਆ ਹੈ। ਉਹਨਾਂ ਨੇ ਸ਼ਾਸ਼ਤਰਾਂ ਨੂੰ ਅਧਾਰ ਬਣਾਕੇ ਸਮਾਜ ਨੂੰ ਪਤਨ ਤੇ ਪਹੁੰਚਾਇਆ ਹੈ। ਆਪ ਇਹ ਜੂਆ ਖੇਡਦੇ ਹਨ, ਮੰਦਰਾਂ 'ਚ ਵੇਸ਼ਵਾਵਾਂ ਦੇ ਨਾਚ ਕਰਵਾਉਂਦੇ ਹਨ। ਇੱਥੇ ਤਰਾਂ ਤਰਾਂ ਦੇ ਧੰਦੇ ਚਲਦੇ ਹਨ ਪਰ ਸੱਜਨ ਪੁਰਸ਼ਾਂ ਦੀ ਇਹਨਾਂ ਦਾ ਵਿਰੋਧ ਕਰਨ ਦੀ ਹਿੰਮਤ ਹੀ ਨਹੀਂ ਪੈਂਦੀ।
ਸੰਤ ਤੁਕੜੋ ਜੀ ਨੇ ਕਿਹਾ ਕਿ ਜਿਹੜੇ ਸ਼ਾਸ਼ਤਰ ਇਹ ਕਹਿੰਦੇ ਹਨ ਕਿ ਸਾਰੇ ਸੁੱਖ ਪੁਰਸ਼ਾਂ ਲਈ ਅਤੇ ਦੁੱਖ ਔਰਤਾਂ ਲਈ ਹਨ, ਅਜਿਹੇ ਸ਼ਾਸ਼ਤਰਾਂ ਨੂੰ ਪਰੇ ਸੁੱਟ ਦੇਣਾ ਚਾਹੀਦਾ ਹੈ। ਜੋ ਵੀ ਗਲਤ ਰੀਤੀ ਰਿਵਾਜ ਹਨ ਉਹਨਾਂ ਨੂੰ ਬਹੁਜਨਾਂ ਨੂੰ ਜਲਦੀ ਤੋਂ ਜਲਦੀ ਤਿਆਗ ਦੇਣਾ ਚਾਹੀਦਾ ਹੈ ਅਤੇ ਬਹੁਜਨ ਹਿੱਤ ਅਤੇ ਸੁੱਖ ਲਈ ਨਵੇਂ ਨਿਯਮ ਬਣਾਉਣੇਂ ਚਾਹੀਦੇ ਹਨ। 1, 2 
1.
ਗ੍ਰਾਮ ਗੀਤ, ਸਫਾ 156,157,159, 201-206, 222,29,32, 193
2.
ਮਨੂੰਵਿਯੂਹ ਵਿਧੀਵੰਧ-2, ਸਫਾ 25-28


ਸੰਤ ਗਾਡਗੇਬਾਬਾ ਜੀ
ਮਹਾਂਰਾਸ਼ਟਰ ਦੇ ਧੋਬੀ ਸਮਾਜ ਵਿੱਚ ਪੈਦਾ ਹੋਏ ਸੰਤ ਗਾਡਗੇਬਾਬਾ ਨੇ ਬਹੁਜਨ ਦਲਿਤ ਸਮਾਜ ਨੂੰ ਅੰਧਵਿਸ਼ਵਾਸ਼ ਵਿੱਚੋਂ ਕੱਢਕੇ ਮਨੁੱਖੀ ਧਰਮ ਦੇ ਰਾਹ ਪਾਇਆ। ਉਹਨਾਂ ਨੇ ਬਾਰ ਬਾਰ ਦਲਿਤਾਂ ਨੂੰ ਸਮਝਾਇਆ ਕਿ ਉਹ ਬੱਚਿਆਂ ਦੇ ਜਨਮ ਤੇ ਕਰਜੇ ਲੈ ਕੇ ਸ਼ਰਾਬ, ਮੀਟ ਨਾ ਖਾਣ, ਕਰਜੇ ਲੈ ਕੇ ਕੋਈ ਵੀ ਜਨਮ, ਵਿਆਹ, ਮੌਤ ਤੇ ਕਰਮ ਕਾਂਡ ਨਾ ਕਰਨ। ਤੀਰਥ ਅਸਥਾਨਾਂ ਦੀ ਯਾਤਰਾ ਨਾਂ ਕਰਨ। ਵਿਆਹ ਬਿਨਾਂ ਦਾਜ ਦਹੇਜ ਦੇ ਕਰਨ। ਉਹਨਾਂ ਆਪਣੇ ਲੜਕੇ ਦੀ ਸ਼ਾਦੀ ਪੁਰਾਣੇ ਕੱਪੜਿਆਂ ਵਿੱਚ ਕਰਕੇ ਸਾਦੀ ਸ਼ਾਦੀ ਦੀ ਰੀਤ ਪਾਈ। ਉਹਨਾਂ ਦਾ ਕਹਿਣਾ ਸੀ ਕਿ ਪੁਰਾਣੇ ਰੀਤੀ ਰਿਵਾਜ਼ ਅਤੇ ਅਡੰਬਰ ਸਭ ਬ੍ਰਾਹਮਣਾਂ ਦਾ ਹੀ ਫਾਇਦਾ ਕਰਦੇ ਹਨ। 
ਗਾਡਗੇਬਾਬਾ ਨੇ ਮੂਰਤੀ ਪੂਜਾ ਅਤੇ ਅੰਧਵਿਸ਼ਵਾਸ਼ ਦੀਆਂ ਧੱਜੀਆਂ ਉਡਾਈਆਂ। ਉਹਨਾਂ ਬ੍ਰਾਹਮਣਾਂ ਨੂੰ ਲਲਕਾਰ ਕੇ ਕਿਹਾ ਕਿ ਤੁਸੀਂ ਸਮੁੰਦਰ ਕਿਨਾਰੇ ਸਤਿਆ ਨਰਾਇਣ ਦੀ ਪੂਜਾ ਕਰਕੇ ਸਮੁੰਦਰ ਵਿੱਚ ਡੁੱਬੇ ਕਰੋੜਾ ਰੁਪਿਆਂ ਦੇ ਜਹਾਜ਼ ਬਾਹਰ ਕੱਢ ਕੇ ਵਿਖਾਓ ਫਿਰ ਬੇਸ਼ੱਕ ਢਾਈ ਰੁਪਏ ਬਦਲੇ ਢਾਈ ਲੱਖ ਰੁਪਏ ਫੀਸ ਲੈ ਲਿਓ। 
ਉਹ ਕਿਹਾ ਕਰਦੇ ਸਨ ਕੀ ਮੰਦਰ ਦਾ ਭਗਵਾਨ ਖੁਦ ਨਹਾ ਸਕਦਾ ਹੈ? ਧੋਤੀ ਪਹਿਣ ਸਕਦਾ ਹੈ? ਉਸਦੇ ਚੜ੍ਹਾਵੇ ਨੂੰ ਜਦ ਕੁੱਤੇ ਖਾਂਦੇ ਹਨ ਤਾਂ ਉਹ ਕੁਤਿਆਂ ਨੂੰ ਭਜਾ ਸਕਦਾ ਹੈ? ਕੀ ਉਹ ਆਪਣੇ ਮੰਦਰ ਵਿੱਚ ਰੌਸ਼ਨੀ ਕਰ ਸਕਦਾ ਹੈ? ਦੀਵਾ ਜਗਾਉਣ ਨਾਲ ਹੀ ਮੰਦਰ ਵਿੱਚ ਮੂਰਤੀ ਨਜ਼ਰ ਆਵੇਗੀ। ਹੁਣ ਦੱਸੋ, ਮੂਰਤੀ ਵੱਡੀ ਜਾਂ ਮੂਰਤੀ ਦਿਖਾਉਣ ਵਾਲਾ ਦੀਵਾ?
ਗਾਡਗੇਬਾਬਾ ਹੱਥੀ ਕੰਮ ਕਾਰ ਨੂੰ ਮਹੱਤਤਾ ਦਿੰਦੇ ਸਨ। ਉਹ ਖੁਦ ਹੱਥੀਂ ਕੰਮ ਕਰਦੇ ਸਨ। ਆਪਣੀ ਕਮਾਈ ਕਰਕੇ ਰੋਟੀ ਖਾਂਦੇ ਸਨ। ਉਹ ਜਾਤੀ ਪ੍ਰਥਾ ਦੇ ਸਖਤ ਵਿਰੁੱਧ ਸਨ। ਜਿਹਨਾਂ ਸਮੂਹਿਕ ਭੋਜਨਾਂ ਵਿੱਚ ਦਲਿਤਾਂ ਨੂੰ ਸਾਥ ਸਾਥ ਭੋਜਨ ਨਹੀਂ ਖੁਆਇਆ ਜਾਂਦਾ ਸੀ ਉਹਨਾਂ ਦਾ ਉਹ ਬਾਈਕਾਟ ਕਰਦੇ ਸਨ। 
ਗਾਡਗੇਬਾਬਾ ਜੀ ਬਹੁਜਨਾਂ ਨੂੰ ਹਲੂਣਦਿਆਂ ਕਿਹਾ ਕਰਦੇ ਸਨ ਕਿ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੀ ਬੁੱਧੀ ਅਤੇ ਵਿਵੇਕ ਨੂੰ ਇਸਤੇਮਾਲ ਕਰੋ। ਆਪਣੇ ਬੱਚਿਆਂ ਨੂੰ ਪੜਾਓ। ਪੈਸਾ ਨਹੀਂ ਵੀ ਤਾਂ ਘਰ ਦੇ ਭਾਂਡੇ ਵੇਚ ਕੇ ਪੜਾਓ। ਰੋਟੀ ਹੱਥ ਤੇ ਰੱਖ ਕੇ ਖਾ ਲਿਓ। ਬੱਚੇ ਜਰੂਰ ਪੜਾਓ ਕਿਉਂਕਿ ਤੁਹਾਡੇ ਦੁੱਖਾਂ ਨੂੰ ਦੂਰ ਕਰਨ ਦਾ ਇੱਕ ਮਾਤਰ ਰਾਹ ਵਿੱਦਿਆ ਹੀ ਹੈ। 1 
1.
ਸ਼ੋਸ਼ਿਤ ਸਮਾਜ ਜਾਗਰੂਤਾ ਸੁਹਿਮ, ਮਨੂੰ ਵਿਯੂਹ ਵਿਧੀਵੰਸ-2, ਸਫਾ 24
ਗਾਡਗੇਬਾਬਾ ਨੇ ਗਰੀਬਾ ਦੇ ਉਥਾਨ ਲਈ ਸਿੱਖਆ ਸੰਸਥਾਵਾਂ ਸਥਾਪਤ ਕੀਤੀਆਂ, ਆਮ ਜਨਤਾ ਦੇ ਅਰਾਮ ਲਈ ਧਰਮਸ਼ਾਲਾਵਾਂ ਬਣਾਈਆਂ। ਚੰਦੇ ਦੇ ਰੂਪ ਵਿੱਚ ਇਕੱਠੇ ਹੋਏ ਧਨ ਵਿੱਚੋਂ ਉਹਨਾਂ ਕਦੇ ਆਪਣੇ ਖੁਦ ਲਈ ਇੱਕ ਵੀ ਪੈਸਾ ਖਰਚ ਨਾ ਕੀਤਾ। ਠੀਕਰੇ ਵਿੱਚ ਦਿੱਤੀਆਂ ਹੋਈਆਂ ਸੁੱਕੀਆਂ ਰੋਟੀਆਂ ਤੇ ਹੀ ਹਮੇਸ਼ਾਂ ਉਹਨਾਂ ਗੁਜਾਰਾ ਕੀਤਾ। ਜਦ ਕਿ ਕੰਮ ਤੇ ਲਾਏ ਮਜਦੂਰਾਂ ਨੂੰ ਉਹਨਾਂ ਹਮੇਸ਼ਾਂ ਪੇਟ ਭਰ ਖਾਣਾ ਦਿੱਤਾ ਸੰਤ ਤੁਕੜੋ ਜੀ ਮਹਾਂਰਾਜ ਗਾਡਗੇਬਾਬਾ ਜੀ ਨੂੰ ਪਿਤਾ ਸਮਾਨ ਮੰਨਦੇ ਸਨ। 2 2. ਮਨੂੰ ਵਿਯੂਹ ਵਿਧੀਵੰਸ-1, ਸਫਾ 68

ਸ਼ਹੀਦ ਮਹਾਵੀਰੀ ਦੇਵੀ (ਭੰਗੀ)
ਸ਼ਹੀਦ ਮਹਾਂਵੀਰੀ ਦੇਵੀ ਪਿੰਡ ਮੁੰਡਭਰ ਭਾਜੂ, ਤਹਿਸੀਲ ਕੈਰੋਨਾ, ਜਿਲਾ ਮੁਜੱਫਰ ਨਗਰ ਦੀ ਰਹਿਣ ਵਾਲੀ ਸੀ। ਸ਼ਹੀਦ ਮਹਾਵੀਰੀ ਦੇਵੀ ਬੇਸ਼ਕ ਅਨਪੜ ਸੀ ਫਿਰ ਵੀ ਉਸ ਦੀ ਬੁੱਧੀ ਵਿਲੱਖਣ ਸੀ। ਮਹਾਂਵੀਰੀ ਬਚਪਨ ਤੋਂ ਹੀ ਨਿਡਰ, ਸਾਹਸੀ ਅਤੇ ਸ਼ਕਤੀਸ਼ਾਲੀ ਹੋਣ ਕਰਕੇ ਤੇਜ ਸੁਭਾਅ ਦੀ ਸੀ।
ਮਹਾਵੀਰੀ ਦੇਵੀ ਨੇ ਆਪਣੇ ਸਮਾਜ ਦੀਆਂ ਔਰਤਾਂ ਦਾ ਇੱਕ ਸੰਗਠਨ ਬਣਾਇਆ ਜਿਸ ਦਾ ਉਦੇਸ਼ ਸੀ ਅਪਮਾਨਤ ਕਿਤਿਆ ਵਿੱਚ ਲੱਗੀਆਂ ਔਰਤਾਂ ਤੇ ਬੱਚਿਆਂ ਨੂੰ ਗੰਦੇ ਕੰਮਾਂ ਤੋਂ ਹਟਾ ਕੇ ਇੱਜਤ ਨਾਲ ਜੀਣਾ ਸਿਖਾਉਣਾ ਸੀ।
ਅੰਗਰੇਜਾਂ ਨੇ ਜਦ ਮੁਜੱਫਰ ਨਗਰ ਨੂੰ ਆਪਣੇ ਅਧਿਕਾਰ ਵਿੱਚ ਲੈਣ ਲਈ ਹਮਲਾ ਕੀਤਾ ਤਦ ਇਨਾਂ ਸਵੈਅਭਿਮਾਨੀ ਔਰਤਾਂ ਨੇ ਆਪਣੀ ਮਾਤਰ ਭੂਮੀ ਦੀ ਰੱਖਿਆ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਸ਼ਹੀਦ ਮਹਾਵੀਰੀ ਦੇਵੀ ਤੇ 22 ਔਰਤਾਂ ਦੀ ਟੋਲੀ ਜਿਨਾਂ ਦੇ ਹੱਥ ਵੱਚ ਗੰਡਾਸੇ ਤੇ ਟਕੂਏ ਸਨ, ਅੰਗਰੇਜਾਂ ਦੀ ਸੈਨਾ ਨਾਲ ਜਾ ਭਿੜੀ। ਘਮਸਾਨ ਯੁੱਧ ਹੋਣ ਲੱਗਾ। ਅਨੇਕਾਂ ਅੰਗਰੇਜ਼ ਮਹਾਂਵੀਰੀ ਦੇਵੀ ਦੇ ਹੱਥੋਂ ਮਾਰੇ ਗਏ। ਅੰਗਰੇਜਾਂ ਨੂੰ ਇਹ ਉਮੀਦ ਨਹੀਂ ਸੀ ਕਿ ਪਿੰਡ ਦੀਆਂ ਔਰਤਾਂ ਉਹਨਾਂ ਤੇ ਹਮਲਾ ਕਰਨਗੀਆਂ?
ਮਹਾਵੀਰੀ ਦੇਵੀ ਅੰਗਰੇਜ਼ਾਂ ਨਾਲ ਘਮਸਾਨ ਯੁੱਧ ਕਰਦੀ ਹੋਈ ਮਾਤ ਭੂਮੀ ਦੀ ਰੱਖਿਆ ਲਈ ਸ਼ਹੀਦ ਹੋਈ ਅਤੇ ਉਸ ਦੇ ਸਾਥ ਹੀ 22 ਔਰਤਾਂ ਵੀ ਸ਼ਹੀਦ ਹੋਈਆ। ਦੇਸ਼ ਪ੍ਰਤੀ ਉਨਾਂ ਦਾ ਤਿਆਗ ਤੇ ਬਲਿਦਾਨ ਸਦਾ ਪ੍ਰੇਰਣਾ ਦਿੰਦਾ ਰਹੇਗਾ। 1, 2
1.
ਸਤੰਤਰਤਾ ਸੰਗਰਾਮ ਦੇ ਇਤਿਹਾਸਕ ਤੱਥ ਵਿਚੋਂ ਸੰਖੇਪ ਸਫਾ 22,23
2.
ਡੀ. ਸੀ. ਡੀਨਕਰ, ਸਵਤੰਤਰਤਾ ਸੰਗਰਾਮ ਮੇਂ ਅਛੂਤੋਂ ਕਾ ਯੋਗਦਾਨ, ਸਫਾ 22-24

ਸਵਾਮੀ ਅਛੂਤਾ ਨੰਦ 
ਸਵਾਮੀ ਅਛੂਤਾ ਨੰਦ ਦਾ ਜਨਮ ਉੱਤਰਪ੍ਰਦੇਸ਼ ਦੇ ਜਿਲੇ ਫਰੂਖਾਬਾਦ ਦੇ ਛਿਬੌਰਾ ਭਓ ਵਿੱਚ 20 ਜੁਲਾਈ 1876 ਨੂੰ ਦਲਿਤ ਵਰਗ ਦੀ ਚਮਾਰ ਜਾਤੀ ਵਿੱਚ ਹੋਇਆ। ਪਿੰਡ ਵਿੱਚ ਸਵਰਨ ਜਾਤੀਆਂ ਵੱਲੋਂ ਢਾਹੇ ਜਾਂਦੇ ਜ਼ੁਲਮਾਂ ਤੋਂ ਤੰਗ ਆ ਕੇ ਸਾਰਾ ਪਰਵਾਰ ਪਿੰਡ ਛੱਡ ਕੇ, ਅਛੂਤਾ ਨੰਦ ਦੇ ਨਾਨਕੀ ਸਿਰਸਾ ਗੰਜ ਚਲਾ ਗਿਆ ਜੋ ਮੈਨਪੁਰੀ ਜ਼ਿਲੇ ਵਿੱਚ ਸੀ। ਜਿੱਥੇ ਰਹੰਦਿਆਂ ਉਹਨਾਂ ਦੀ ਸ਼ਾਦੀ ਦੁਰਗਾਵਤੀ ਨਾਲ ਹੋਈ। ਏਥੇ ਵੀ ਉਹਨਾਂ ਨੂੰ ਸਵਰਨਾਂ ਦੇ ਜ਼ੁਲਮ ਸਹਿਣੇ ਪਏ ਤੇ ਉਹ ਨਾਨਕਾ ਪਿੰਡ ਛੱਡਕੇ, ਉਮਰੀ ਪੀੜ ਸਰਾਂ ਚਲੇ ਗਏ। ਪਰ ਜੁਲਮ, ਜ਼ਿਆਦਤੀਆਂ ਤੇ ਅਪਮਾਨ ਨੇ ਉਹਨਾਂ ਦਾ ਪਿੱਛਾ ਨਾ ਛੱਡਿਆ। ਗੈਰ ਇਨਸਾਨੀ ਵਰਤਾਰੇ ਨੇ ਆਪ ਨੂੰ ਪੂਰੀ ਤਰਾਂ ਜਖਮੀ ਕਰ ਦਿੱਤਾ ਸੀ। ਉਹਨਾਂ ਨੂੰ ਵਾਰ-ਵਾਰ ਬੇਇੱਜ਼ਤ ਹੋਣਾ ਪਿਆ। ਨਤੀਜੇ ਵਜੋਂ ਉਹਨਾਂ ਨੇ, ਅਪਮਾਨ ਅਤੇ ਜ਼ੁਲਮ ਵਿਰੁੱਧ ਸਵੈਮਾਨ ਲਈ ਸੰਘਰਸ਼ ਕਰਨ ਦਾ ਪ੍ਰਣ ਕਰ ਲਿਆ।
ਸਵਾਮੀ ਅਛੂਤਾ ਨੰਦ ਜੀ ਨੇ ਉੱਤਰ ਪ੍ਰਦੇਸ਼ ਦੇ ਦਲਿਤਾਂ ਨੂੰ ਇਕੱਠੇ ਕਰਕੇ ਬਗਾਵਤ ਕੀਤੀ ਅਤੇ ਕਿਹਾ ਕਿ ਉਚ ਜਾਤੀਆਂ ਵਿਦੇਸ਼ੀ ਹਨ। ਅਸੀਂ ਮੂਲਵਾਸੀ ਇਸ ਦੇਸ਼ ਦੇ ਮਾਲਕ ਹਾਂ। ਸਾਡਾ ਰਾਜ ਖੋਹ ਕੇ ਸਾਨੂੰ ਜਬਰੀ ਗੁਲਾਮ ਬਣਾਇਆ ਗਿਆ ਹੈ। ਸਾਡੀ ਸੱਭਿਅਤਾ ਵਿੱਚ ਕੋਈ ਉੱਚਾ ਨੀਵਾਂ ਨਹੀਂ ਸੀ। ਸਾਡਾ ਰਾਜ ਸਾਨੂੰ ਵਾਪਸ ਮਿਲਣਾ ਚਾਹੀਦਾ ਹੈ।
1905
ਵਿੱਚ ਉਹ ਦਿੱਲੀ ਆ ਗਏ। ਕਰੋਲ ਬਾਗ ਦੇ ਸਾਥੀਆਂ ਨਾਲ ਮਿਲਕੇ ਸਵਾਮੀ ਨੇ ਅਛੂਤ ਅੰਦੋਲਨ ਸ਼ੁਰੂ ਕਰ ਦਿੱਤਾ। ਸਵਾਮੀ ਜੀ ਨੂੰ ਉਸ ਸਮੇਂ ਸੱਤ ਭਾਸ਼ਾਵਾਂ ਆਉਂਦੀਆਂ ਸਨ। ਦਲਿਤਾਂ ਨੂੰ ਜਗਾਉਣ ਲਈ ਆਪਣੇ ਕਰੀਬੀ ਸਹਿਯੋਗੀਆਂ ਨਾਲ ਮਿਲਕੇ ਉਹਨਾਂ ਨੇ ਅੰਤਰ ਭਾਰਤੀ ਅਛੂਤ ਮਹਾਰ ਸਮਾਜ ਸਭਾ ਦੀ ਸਥਾਪਨਾ ਕੀਤੀ। ਮਹਾਰ ਬਾਬਾ ਸਾਹਿਬ ਦੀ ਜਾਤੀ ਹੈ। ਮਹਾਂਰਾਸ਼ਟਰ ਵਿੱਚ ਗੰਦਗੀ ਤੇ ਪਸ਼ੂ ਢੋਣ ਵਾਲੇ ਲੋਕਾਂ ਨੂੰ ਮਹਾਰ ਕਿਹਾ ਜਾਂਦਾ ਹੈ। ਪ੍ਰੰਤੂ ਇਤਿਹਾਸਕ ਕੌਰ ਤੇ ਇਹ ਮਹਾਰ, ਮਹਾਂਰਾਸ਼ਟਰ ਦੇ ਸ਼ਹਿਨਸ਼ਾਹ ਰਹੇ ਹਨ ਜਿਸ ਤੋਂ ਮਹਾਰ ਰਾਸ਼ਟਰ ਦਾ ਛੋਟਾ ਨਾਂ ਮਹਾਂਰਾਸ਼ਟਰ ਬਣ ਗਿਆ। ਸਵਾਮੀ ਜੀ ਚਮਾਰ ਜਾਤੀ 'ਚ ਪੈਦਾ ਹੋਏ। ਇਸ ਕਰਕੇ ਹੀ ਉਹਨਾਂ ਨੇ ਆਪਣੇ ਸੰਘਰਸ਼ ਨੂੰ ਵਿਸ਼ਾਲ ਬਣਾਉਣ ਲਈ ਅਛੂਤ ਤੇ ਮਹਾਰ ਅੰਦੋਲਨ ਦਾ ਨਾਂ ਦਿੱਤਾ।
ਸਵਾਮੀ ਜੀ ਸਵਰਨਾਂ ਵੱਲੋਂ ਚਲ ਰਹੀ ਆਰੀਆ ਸਮਾਜੀ ਲਹਿਰ ਵਿੱਚ ਰਹਿ ਕੇ ਸੱਤ ਸਾਲ ਤੱਕ ਪ੍ਰਚਾਰ ਕਰਦੇ ਰਹੇ। ਦਿੱਲੀ ਵਿੱਚ ਕਈ ਮਿਸ਼ਨਰੀ ਸਕੂਲਾਂ ਦੀ ਸਥਾਪਨਾ ਕੀਤੀ। ਅਛੂਤਾਂ ਨੂੰ ਵਿੱਦਿਆ ਦਿੱਤੀ। ਪ੍ਰਤੂ ਅਛੂਤਾ ਨੰਦ ਜੀ ਨੂੰ ਆਰੀਆ ਸਮਾਜ ਲਹਿਰ ਵਿੱਚ ਰਹਿ ਕੇ ਕੰਮ ਕਰਨ ਤੇ ਬਹੁਤ ਪਛਤਾਵਾ ਹੋਇਆ। ਉਹਨਾਂ ਨੇ ਵੇਖਿਆ ਕਿ ਦਲਿਤ ਦੁਖੀ ਅਤੇ ਅਣਭੋਲ ਨਾਗਰਿਕਾਂ ਤੋਂ ਧਨ ਇਕੱਠਾ ਕਰਕੇ ਜੋ ਸਕੂਲ ਸਿਰਸਾ ਗੰਜ ਵਿੱਚ ਬਣਾਇਆ ਗਿਆ ਸੀ, ਉਸ ਦਾ ਉਦਘਾਟਨ ਕਰਨ ਸਮੇਂ, ਸਵਰਨ ਬੱਚਿਆਂ ਨੂੰ ਉੱਚੇ ਫਰਸ਼ ਤੇ ਅਤੇ ਦਲਿਤ ਬੱਚਿਆਂ ਨੂੰ ਥੱਲੇ ਮਿੱਟੀ ਤੇ ਬਿਠਾਇਆ ਗਿਆ ਸੀ। ਇਸ ਤੇ ਉਹਨਾਂ ਨੇ ਆਰੀਆ ਸਮਾਜੀਆਂ ਤੋਂ ਕਿਨਾਰਾ ਕਰ ਲਿਆ।
ਉਹਨਾਂ ਆਪਣੇ ਵਿਚਾਰਾਂ ਦੇ ਫੈਲਾਅ ਲਈ ਅਛੂਤ ਪੱਤਿਰਕਾ ਕੱਢੀ। ਸਵਾਮੀ ਜੀ ਨੇ ਸਮਾਜਿਕ ਅਤੇ ਰਾਜਨੀਤਿਕ ਜਾਗਰਤੀ ਪੈਦਾ ਕਰਨ ਲਈ 1922 ਈ. ਵਿੱਚ ਆਦਿ ਹਿੰਦੂ ਅੰਦੋਲਨ ਸ਼ੁਰੂ ਕੀਤਾ। ਉਹਨਾਂ ਕਿਹਾ ਕਿ ਸਾਰੇ ਅਛੂਤ ਜੋ ਸਵਰਨਾਂ ਦੀ ਗੁਲਾਮੀਂ ਵਿੱਚ ਹਨ, ਉਹ ਨਰਕ ਦਾ ਜੀਵਨ ਬਤੀਤ ਕਰ ਰਹੇ ਹਨ। ਉਹ ਇਸ ਦੇਸ਼ ਦੇ ਮੂਲ ਨਿਵਾਸੀ ਹਨ। ਫਿਰ ਵੀ  ਉਹ ਅਧਿਕਾਰਾਂ ਤੋਂ ਵੰਚਿਤ ਹਨ। ਆਰੀਆ ਲੋਕਾਂ ਨੇ ਸਾਡੇ ਜੀਵਨ ਵਿੱਚ ਵਰਣ ਵਿਵਸਥਾ ਜਿਹਾ ਜਿਹਰ ਘੋਲ ਦਿੱਤਾ ਹੈ। ਵਰਣ ਵਿਵਸਥਾ ਨੇ ਸਾਨੂੰ ਮੂਲ ਨਿਵਾਸੀਆਂ ਤੋਂ ਸ਼ੂਦਰ ਬਣਾ ਦਿੱਤਾ ਹੈ। ਸਵਰਣ ਜਾਤੀਆਂ ਸੁੱਖ, ਚੈਨ, ਅਨੰਦ ਭੋਗਦੀਆਂ ਹਨ ਅਤੇ ਸਾਡੀਆਂ ਦਾਤਾ ਬਣ ਗਈਆਂ ਹਨ। ਇਸ ਲਈ ਅਛੂਤ ਪ੍ਰਾਣੀਓ ਤੁਹਾਨੂੰ ਜਲਦੀ ਜਾਗਰਿਤ ਹੋ ਕੇ ਆਪਣਾ ਇਹ ਜਮਾਨਾ ਬਦਲਣਾ ਹੋਵੇਗਾ। 
ਉਪਰੋਕਤ ਦੀ ਪੂਰਤੀ ਲਈ ਉਹਨਾਂ 1923 ਵਿੱਚ ਆਲ ਇੰਡੀਆ ਆਦਿ ਹਿੰਦੂ ਮਹਾਂਸਭਾ ਦੀ ਸਥਾਪਨਾ ਕੀਤੀ। ਮਾਸਿਕ ਪੱਤਰ ਚਾਲੂ ਕੀਤਾ। 1928 ਵਿੱਚ ਉਹਨਾਂ ਦੀ ਬੰਬਈ ਵਿੱਚ ਡਾ. ਅੰਬੇਡਕਰ ਨਾਲ ਮਿਲਣੀ ਹੋਈ। ਦੋਹਾਂ ਨੇ ਮਿਲ ਕੇ ਅਛੂਤਾਂ ਦੇ ਅਜ਼ਾਦੀ ਸੰਗਰਾਮ ਨੂੰ ਅੱਗੇ ਵਧਾਉਣ ਦਾ ਫੈਂਸਲਾ ਕੀਤਾ। ਸਵਾਮੀ ਜੀ ਨੇ ਸਾਇਮਨ ਕਮਿਸ਼ਨ ਅੱਗੇ ਗਵਾਹੀ ਦਿੱਤੀ। 1932 ਦੇ ਪੂਨਾ ਪੈਕਟ ਦੇ ਸਮਝੌਤੇ ਵਿੱਚ ਸਵਾਮੀ ਜੀ ਨੇ ਡਾ. ਅੰਬੇਡਕਰ ਨਾਲ ਦਸਖਤ ਕੀਤੇ। ਦੋਹਾਂ ਮਹਾਂਪੁਰਸ਼ਾਂ ਦੇ ਸੁਮੇਲ ਤੋਂ ਸਵਰਨ ਹੋਰ ਵੀ ਘਬਰਾ ਗਏ। ਸਿੱਟੇ ਵਜੋ ਗਾਂਧੀ ਜੀ ਦੇ ਪੁੱਤਰ ਨੇ ਸਵਾਮੀ ਜੀ ਨੂੰ ਇੱਕ ਘਰ ਵਿੱਚ ਮਿਲਣ ਲਈ ਬੁਲਾਵਾ ਭੇਜਿਆ ਤੇ ਕਿਹਾ ਕਿ ਉਹ ਅਛੂਤ ਅੰਦੋਲਨ ਬੰਦ ਕਰ ਦੇਣ। ਕਾਂਗਰਸ ਦਾ ਵਿਰੋਧ ਠੀਕ ਨਹੀਂ। ਇਸ ਕੰਮ ਲਈ ਉਹਨਾਂ ਨੇ ਸਵਾਮੀ ਜੀ ਨੂੰ ਕਈ ਲਾਲਚ ਵੀ ਦਿਖਾਏ। 
ਸਵਾਮੀ ਜੀ ਕਰੋਧ ਨਾਲ ਉੱਠੇ ਅਤੇ ਜੇਬ ਵਿੱਚੋਂ ਇੱਕ ਰੋਟੀ ਦਾ ਟੁਕੜਾ ਕੱਢਿਆ ਤੇ ਕਿਹਾ, '' ਅਛੂਤਾਂ ਦੇ ਖੂਨ ਪਸੀਨੇ ਨਾਲ ਕਮਾਏ ਆਟੇ ਦੀ ਰੋਟੀ ਦਾ ਟੁਕੜਾ ਹੀ ਉਸ ਲਈ ਛੱਤੀ ਪ੍ਰਕਾਰ ਦੇ ਭੋਜਨਾਂ ਦੇ ਬਰਾਬਰ ਹੈ। ਮੈਂ ਇਸੇ ਵਿੱਚ ਹੀ ਖੁਸ਼ ਹਾਂ।'' ਇਹ ਸੁਣ ਕੇ ਗਾਂਧੀ ਪੁੱਤਰ ਚੌਂਕ ਗਿਆ ਤੇ ਉਸ ਨੇ ਬਾਅਦ ਵਿੱਚ 'ਜੁੱਤਾ ਨੰਦ' ਨਾਂ ਦੀ ਕਿਤਾਬ ਛਪਾ ਕੇ ਲੋਕਾਂ ਵਿੱਚ ਵੰਡ ਕੇ ਸਵਾਮੀ ਜੀ ਦਾ ਵਿਰੋਧ ਸ਼ੁਰੂ ਕਰ ਦਿੱਤਾ। 1933 ਵਿੱਚ ਸਵਾਮੀ ਜੀ ਦੀ ਮੌਤ ਹੋ ਗਈ। 1
1.
ਡੀ. ਸੀ. ਡੀਨਕਰ, ਸੁਤੰਤਰਤਾ ਸੰਗਰਾਮ 'ਚ ਅਛੂਤਾਂ ਦਾ ਯੋਗਦਾਨ, ਸਫਾ 87 ਤੋਂ 90
ਦਲਿਤਾਂ ਨੇ ਸਵਾਮੀ ਜੀ ਦਾ ਤਨ, ਮਨ ਤੇ ਧਨ ਨਾਲ ਸਾਥ ਦਿੱਤਾ। ਉਹਨਾਂ ਦਾ ਉਪਦੇਸ਼ ਸੀ ਕਿ ਜੇ ਤੁਸੀਂ ਜਿੰਦਗੀ ਵਿੱਚ ਵਡਿਆਈ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਦੀਨ ਦੁਖੀ ਤੇ ਮਜ਼ਲੂਮਾਂ ਦੀ ਸੇਵਾ ਕਰੋ। ਅਛੂਤ ਨਾਗਰਿਕਾਂ ਦਾ ਫਰਜ਼²ਹੈ ਕਿ ਉਹ ਸਾਰੇ ਸੰਗਠਤ ਹੋ ਕੇ ਸਵਰਨਾਂ ਦੇ ਅਨਿਆਂ, ਅੱਤਿਆਚਾਰ ਅਤੇ ਸਮਾਜਿਕ ਕੁਰੀਤੀਆਂ ਦਾ ਡੱਟ ਕੇ ਮੁਕਾਬਲਾ ਕਰਨ ਤਾਂ ਹੀ ਉਹਨਾਂ ਦਾ ਸਨਮਾਨ ਕਾਇਣ ਤੇ ਸੁਰੱਖਿੱਤ ਰਹਿ ਸਕਦਾ ਹੈ।

ਸਵਾਮੀ ਮੁਥੀਕੁਟੀ ਸ਼ੁਨਾਰ 
ਮਦਰਾਸ ਪ੍ਰੈਜੀਡੈਂਟੀ ਦੇ ਸ਼ੁਨਾਰ ਦਲਿਤ ਜਾਤੀ ਦੇ ਲੋਕਾਂ ਨੇ ਸਵਾਮੀ ਮੁਥੀਕੁਟੀ ਦੀ ਰਹਿਨੁਮਾਈ ਹੇਠ ਆਪਣੇ ਆਪ ਨੂੰ ਜਥੇਬੰਦ ਕਰਕੇ ਗੈਰਬ੍ਰਾਹਮਣੀ ਧਰਮ 'ਅਈਯਾ ਬਜਹੀ' ਚਲਾਇਆ। ਉਸ ਸਮੇਂ ਦਲਿਤ ਪੱਗੜੀ ਨਹੀਂ ਬੰਨ ਸਕਦੇ ਸਨ। ਉਹਨਾਂ ਇਸ ਦੇ ਵਿਰੁੱਧ ਅੰਦੋਲਨ ਕੀਤਾ ਅਤੇ ਪੱਗੜੀ ਬੰਨਣੀ ਸ਼ੁਰੂ ਕੀਤੀ। ਉਹਨਾਂ ਦੀਆਂ ਔਰਤਾਂ ਬ੍ਰਹਮਣ ਉੱਚ ਜਾਤੀ ਔਰਤਾਂ ਵਾਂਗ ਬਲਾਉਜ਼ ਪਹਿਨ ਕੇ ਛਾਤੀ ਨਹੀਂ ਢੱਕ ਸਕਦੀਆਂ ਸਨ। ਸਵਾਮੀ ਜੀ ਦੀ ਰਹਿਨੁਮਾਈ ਵਿੱਚ ਸ਼ੁਨਾਰਾ ਨੇ ਇਸ ਜਿਆਦਤੀ ਦੇ ਵਿਰੁੱਧ ਅੰਦੋਲਨ ਕੀਤਾ ਅਤੇ ਸ਼ੁਨਾਰ ਔਰਤਾਂ ਨੇ ਵੀ ਬਲਾਉਜ਼ ਪਹਿਨਣ ਦਾ ਅਧਿਕਾਰ ਪ੍ਰਾਪਤ ਕੀਤਾ। 1
1.
ਮਨੂੰਵਿਜੂਹ ਵਿਧੀ ਵੰਸ 1, ਸਫਾ 54

ਡਾ. ਸੰਤੋਖ ਲਾਲ ਵਿਰਦੀ ਐਡਵੋਕੇਟ,
ਜੀ. ਟੀ. ਰੋਡ, ਚਾਚੋਕੀ ਚੌਂਕ,  ਫਗਵਾੜਾ, ਪੰਜਾਬ।
ਫੋਨ: 01824- 265887, 98145 17499