UPKAAR
WEBSITE BY SHRI GURU RAVIDAS WELFARE SOCIETY

                                       Shri Guru Ravidas Welfare Society

HOME PAGE

ਸੋਹੰ

ਸੋਹੰ

 

 

ਗੁਰੂ ਰਵਿਦਾਸ ਜੀ ਦੇ ਜਨਮ ਦਿਨ 'ਤੇ ਕੱਢੀਆਂ ਜਾ ਰਹੀਆਂ ਸ਼ੋਭਾ ਯਾਤਰਾਵਾਂ ਨੂੰ ਬੇਗ਼ਮਪੁਰਾ ਸਵੈਰਾਜ ਵੱਲ੍ਹ ਸੇਧਤ ਕਰਨ ਦੀ ਲੋੜ

 
ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਨ 'ਤੇ ਹਰ ਸਾਲ ਸ਼ੋਭਾ ਯਾਤਰਾਵਾਂ ਸੰਸਾਰ ਪੱਧਰ ਉੱਤੇ ਕੱਢੀਆਂ ਜਾਂਦੀਆਂ ਹਨ। ਪੰਜਾਬ ਦੇ ਸ਼ਹਿਰਾਂ ਜਲੰਧਰ, ਫਗਵਾੜਾ, ਫਿਲੌਰ, ਨਵਾਂ ਸ਼ਹਿਰ, ਨਕੋਦਰ, ਨੂਰਮਹਿਲ, ਬੰਗਾ ਅਤੇ ਲੁਧਿਆਣਾ ਦੀਆਂ ਯਾਤਰਾਵਾਂ ਲਾ-ਮਿਸਾਲ ਹੁੰਦੀਆਂ ਹਨ। ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਹਨਾਂ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਦੇ ਹਨ। ਇਹ ਸ਼ਕਤੀ ਪ੍ਰਦਰਸ਼ਨ ਪੰਜਾਬ ਦੇ ਦਲਿਤਾਂ ਵਿੱਚ ਆਈ ਜਾਗਰੁਕਤਾ ਦੀ ਸ਼ਾਹਦੀ ਭਰਦੇ ਹਨ। ਇੰਨਾ ਹੀ ਨਹੀਂ, ਇਹਨਾਂ ਯਾਤਰਾਵਾਂ ਨੂੰ ਵੇਖਕੇ ਪਰਿਵਰਤਨ ਦੀ ਆਸ ਵੀ ਪੈਦਾ ਹੁੰਦੀ ਹੈ ਕਿਉਂਕਿ ਨਹੀਂ ਤਾਂ, ਬਾਬਾ ਸਾਹਿਬ ਡਾ. ਅੰਬੇਡਕਰ ਦੇ ਪੂਨਾ ਪੈਕਟ ਤੋਂ ਪਹਿਲਾਂ, ਜੇਕਰ ਇਕ ਜਿਮੀਂਦਾਰ ਦਲਿਤ ਬਸਤੀ ਵਿੱਚ ਆ ਕੇ ਮੱਘਾ ਮਾਰ ਦਿੰਦਾ ਸੀ ਤਾਂ ਸਮੁੱਚੀ ਬਸਤੀ ਦੇ ਲੋਕ ਨੀਵੀਆਂ ਪਾ ਅੰਦਰੀ ਵੜ ਜਾਂਦੇ ਸਨ। ਪ੍ਰੰਤੂ ਅੱਜ ਉਹੀ ਲੋਕ ਬਾਬਾ ਸਾਹਿਬ ਦੇ ਸੰਘਰਸ਼ ਸਦਕਾ ਮਿਲੇ ਅਧਿਕਾਰਾਂ ਕਾਰਨ ਉਹਨਾਂ ਹੀ ਬਸਤੀਆਂ ਵਿੱਚੋਂ ਨਿਕਲ ਕੇ, ਉਹਨਾਂ ਸ਼ਹਿਰਾਂ ਅਤੇ ਸੜਕਾਂ ਉੱਤੇ ਸ਼ਕਤੀ ਪਰਦਰਸ਼ਨ ਕਰਦੇ ਹਨ ਜਿਹਨਾਂ ਉੱਤੇ 75 ਸਾਲ ਪਹਿਲਾਂ ਉਹਨਾਂ ਦੇ ਚੱਲਣ ਦੀ ਮਨਾਹੀ ਸੀ। ਅੱਜ ਉਹੀ ਲੋਕ ਥਾਂ-ਥਾਂ ਲੰਗਰ ਲਾਉਂਦੇ ਹਨ ਜਿਹਨਾਂ ਨੂੰ ਪਹਿਲਾਂ ਅਖੌਤੀ ਸਵਰਨਾਂ ਵਲ੍ਹੋਂ ਗੰਦਗੀਆਂ ਖਾਣ ਲਈ ਮਜ਼ਬੂਰ ਕੀਤਾ ਜਾਂਦਾ ਸੀ। ਅੱਜ ਉਹਨਾਂ ਲੋਕਾਂ ਦੇ ਆਲੀਸ਼ਾਨ ਗੁਰਦੁਆਰੇ ਅਤੇ ਡੇਰੇ ਬਣਾ ਲਏ ਹਨ ਜਿਹਨਾਂ ਦੇ ਨਾਮ 'ਤੇ ਬਾਬਾ ਸਾਹਿਬ ਤੋਂ ਪਹਿਲਾਂ ਇੱਕ ਇੰਚ ਵੀ ਜ਼ਮੀਨ ਨਹੀਂ ਹੋ ਸਕਦੀ ਸੀ ਤੇ ਉਹ ਜਿਮੀਂਦਾਰਾਂ ਦੇ ਰਿੱਜਤਨਾਮੇ ਵਸਦੇ ਸਨ ਅਤੇ ਜਿਮੀਂਦਾਰ ਇਸ ਦੇ ਬਦਲੇ ਵਿੱਚ ਉਹਨਾਂ ਤੋਂ ਬੇਗਾਰ ਲੈਂਦੇ ਸੀ। ਪ੍ਰੰਤੂ ਅੱਜ ਬਾਬਾ ਸਾਹਿਬ ਦੇ ਸੰਘਰਸ਼ ਕਰਕੇ ਉਹੀ ਬੇਗਾਰੀ, ਸਰਪੰਚ, ਐਮ. ਐਲ. ਏ, ਮਨਿਸਟਰ ਅਤੇ ਅਫਸਰ ਬਣ ਕੇ ਆਪਣੇ ਹੁਕਮ ਚਲਾਉਂਦੇ ਹਨ। 
 ਚਲੋ ਛੱਡੋ! ਬਾਬਾ ਸਾਹਿਬ ਦੀਆਂ ਤਾਂ ਪ੍ਰਾਪਤੀਆਂ ਹੀ ਇੰਨੀਆਂ ਹਨ ਕਿ ਉਹਨਾਂ ਨੂੰ ਲਿਖਣ ਲਈ ਪੇਪਰ ਮੁੱਕ ਜਾਂਦੇ ਹਨ, ਪੈੱਨ ਸੁੱਕ ਜਾਂਦੇ ਹਨ, ਹੱਥ ਥੱਕ ਜਾਂਦੇ ਹਨ, ਸਰੀਰ ਹਾਰ ਕੇ ਜਵਾਬ ਦੇ ਜਾਂਦਾ ਹੈ ਪਰ ਵੀਹਵੀਂ ਸਦੀ ਦੇ ਮਹਾਂਮਾਨਵ ਬਾਬਾ ਸਾਹਿਬ ਅੰਬੇਡਕਰ ਦੀ ਪੂਰੀ ਸਿਫਤ ਲਿਖੀ ਨਹੀਂ ਜਾ ਸਕਦੀ। ਕਿਉਂਕਿ ਬਾਬਾ ਸਾਹਿਬ ਨੇ ਉਹ ਕਰਕੇ ਵਿਖਾ ਦਿੱਤਾ, ਜੋ ਇਸ ਦੇਸ਼ ਵਿੱਚ, ਇਸ ਧਰਤੀ 'ਤੇ ਅਤੇ ਇਸ ਜਿੰਦਗੀ ਵਿੱਚ 33 ਕਰੋੜ ਦੇਵੀ ਦੇਵਤੇ, ਗੁਰੂ ਪੀਰ, ਪੈਗੰਬਰ, ਔਲੀਏ, ਸਾਧ, ਸੰਤ, ਮਹੰਤ ਨਹੀਂ ਕਰ ਸਕੇ। ਕਿਉਂਕਿ ਬਾਬਾ ਸਾਹਿਬ ਤੋਂ ਪਹਿਲਾਂ ਇਸ ਦੇਸ਼ ਦਾ ਬਹੁਜਨ ਦਲਿਤ, ਅਛੂਤ, ਨੀਚ ਤੇ ਗੁਲਾਮ ਪੈਦਾ ਹੁੰਦਾ, ਅਛੂਤ, ਨੀਚ ਤੇ ਗੁਲਾਮ ਵੱਡਾ ਹੁੰਦਾ ਅਤੇ ਅਛੂਤ, ਨੀਚ ਤੇ ਗੁਲਾਮ ਹੀ ਮਰ ਜਾਂਦਾ ਰਿਹਾ। ਘਾਈ ਦਾ ਪੁੱਤ ਘਾਹ ਹੀ ਖੋਤਦਾ ਰਿਹਾ। ਪ੍ਰੰਤੂ ਅੱਜ ਬਾਬਾ ਸਾਹਿਬ ਦੇ ਸੰਘਰਸ਼ ਸਦਕਾ ਘਾਈ ਦਾ ਪੁੱਤ ਘਾਹ ਨਹੀਂ ਖੋਤ ਰਿਹਾ, ਬਲਕਿ ਉਹ ਡਾਕਟਰ, ਵਕੀਲ, ਇੰਜੀਨੀਅਰ, ਪੁਲਿਸ ਕਪਤਾਨ ਅਤੇ ਜੱਜ ਵੀ ਬਣ ਰਿਹਾ ਹੈ।

 ਲਿਖਣਾ ਸ਼ੁਰੂ ਕੀਤਾ ਸੀ ਸ਼ੋਭਾ ਯਾਤਰਾਵਾਂ ਬਾਰੇ। ਸੱਚ ਤਾਂ ਇਹ ਹੈ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੀ ਸ਼ੋਭਾ ਯਾਤਰਾ ਦੀ ਸ਼ੁਰੂਆਤ ਵੀ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਪਹਿਲੀ ਵਾਰ ਦਿੱਲੀ ਵਿੱਚ ਕੀਤੀ। ਉਹਨਾਂ ਸ਼ੁਰੂ ਕਿਉਂ ਕੀਤੀ? ਕਿਉਂਕਿ ਉਸ ਵਕਤ ਆਪਣੇ ਅਧਿਕਾਰਾਂ ਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਰਾਹ ਸ਼ਕਤੀ ਪ੍ਰਦਰਸ਼ਨ ਸੀ। ਇਸ ਲਈ ਦਲਿਤ ਲੋਕਾਂ ਦੀ ਸ਼ਕਤੀ ਦਾ ਵੀ ਇਹਿਸਾਸ ਹੋਵੇ ਇਸ ਲਈ ਉਹਨਾਂ ਨੇ ਇਹ ਕੀਤਾ।  

 ਅਸੀਂ ਹਰ ਸਾਲ ਲਾਮਿਸਾਲ ਸ਼ੋਭਾ ਯਾਤਰਾਵਾਂ ਕੱਢਦੇ ਹਾਂ। ਪ੍ਰੰਤੂ ਕਦੇ ਕੋਈ ਦਲਿਤਾਂ ਨੂੰ ਪ੍ਰਾਪਤੀ ਨਹੀਂ ਹੋਈ? ਜਦ ਕਿ ਦੂਜੇ ਸਮਾਜ ਵਿੱਚ ਜਦ ਕੋਈ ਸ਼ੋਭਾ ਯਾਤਰਾ ਨਿਕਲਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੇ ਮਹਾਂਪੁਰਸ਼ਾਂ ਦੇ ਨਾਵਾਂ ਉੱਤੇ ਯੂਨੀਵਰਸਿਟੀਆਂ ਬਣ ਜਾਂਦੀਆਂ ਹਨ। ਦਰਜਨਾਂ ਕਾਲਜ ਬਣ ਜਾਂਦੇ ਹਨ। ਵੱਡੇ ਮਾਰਗਾਂ ਦੇ ਨਾਮ ਉਹਨਾਂ ਦੇ ਮਹਾਂਪੁਰਸ਼ਾਂ ਦੇ ਨਾਵਾਂ 'ਤੇ ਹੋ ਜਾਂਦੇ ਹਨ। ਵੱਡੇ ਸਮਾਰਕ ਉਸਰ ਜਾਂਦੇ ਹਨ। ਸੈਕੜੇ ਲਾਇਬਰੇਰੀਆ ਬਣ ਜਾਂਦੀਆਂ ਹਨ। ਵੱਡੀਆਂ-ਵੱਡੀਆਂ ਯਾਦਗਾਰਾਂ ਉਸਰ ਜਾਂਦੀਆਂ ਹਨ। ਦਲਿਤਾਂ ਦੇ ਸਮਾਰਕ ਤਾਂ ਕੀ ਉਸਰਨੇ ਸਗੋਂ ਸੰਤੋਖ ਗੜ ਦੇ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਮੰਦਿਰ ਢਾਹ ਦਿੱਤੇ ਜਾਂਦੇ ਹਨ । ਅਜਿਹਾ ਕਿਉਂ ਹੈ? ਕਿਉਂਕਿ ਦੂਜਿਆ ਦੀਆਂ ਸ਼ੋਭਾ ਯਾਤਰਾਵਾਂ ਅਤੇ ਮਾਰਚ ਕਿਸੇ ਨਿਸ਼ਾਨੇ ਨੂੰ ਲੈ ਕੇ ਨਿਕਲਦੇ ਹਨ। ਪ੍ਰੰਤੂ ਅਸੀਂ ਸ਼ੋਭਾ ਯਾਤਰਾਵਾਂ ਨੂੰ ਮਨਪ੍ਰਚਾਵੇ ਦਾ ਸਾਧਨ ਬਣਾ ਲਿਆ ਹੈ। ਸ਼ਰਧਾ ਘੱਟ, ਸ਼ਰਾਬਾਂ ਪੀ ਸ਼ੋਰ ਜਿਆਦਾ ਪਾਉਂਦੇ ਹਾ। ਫਿਰ ਸ਼ੋਭਾ ਯਾਤਰਾਵਾਂ ਤੋਂ ਬਾਅਦ ਸਾਲ ਭਰ ਲਈ ਘੂਕ ਸੌਂ ਜਾਂਦੇ ਹਾਂ। ਸੁੱਤਿਆਂ ਨੂੰ ਕੋਈ ਵਰਾਂਉਂਦਾ ਨਹੀਂ, ਜਾਗਦਿਆਂ ਦਾ ਹੀ ਜੱਗ ਯੱਸ ਗਾਉਂਦਾ ਹੈ।

 ਦਲਿਤਾਂ ਦਾ ਯੱਸ ਕਿਉਂ ਨਹੀਂ ਗਾਇਆ ਜਾਂਦਾ? ਜਿਹਨਾਂ ਕੌਮਾਂ ਦਾ ਕੋਈ ਇਤਿਹਾਸ, ਨੀਤੀ, ਸੱਭਿਅਤਾ, ਧਰਮ ਅਤੇ ਸੰਗਠਨ ਨਹੀਂ ਹੁੰਦਾ ਉਹਨਾਂ ਦਾ ਕੋਈ ਸਨਮਾਨ ਨਹੀਂ ਕਰਦਾ। ਦੂਜੇ ਸਮਾਜਾ ਦਾ ਫਲਸਫਾ (ਨੀਤੀ) ਹੈ, ਫਿਰ ਧਰਮ ਹੈ, ਫਿਰ ਸੰਗਠਨ ਅਤੇ ਫਿਰ ਆਗੂ ਹੈ। ਪ੍ਰੰਤੂ ਪਹਿਲਾਂ ਤਾਂ ਦਲਿਤਾਂ ਦੀ ਕੋਈ ਇਕ ਨੀਤੀ (ਫਲਸਫਾ) ਨਹੀਂ। ਫਿਰ ਕੋਈ ਇੱਕ ਧਰਮ ਨਹੀਂ। ਹਾਂ! ਸੰਗਠਨ ਸੈਂਕੜੇ ਹਨ। ਆਗੂਆਂ ਦਾ ਤਾਂ ਕੋਈ ਅੱਗਾ ਪਿੱਛਾ ਦੱਸਿਆ ਹੀ ਨਹੀਂ ਜਾ ਸਕਦਾ ਕਿ ਕਿੰਨੇ ਹਨ। ਅਸੀਂ ਦੂਜਿਆਂ ਦੀ ਨਕਲ ਕਰਦੇ ਹਾਂ। ਦੂਜੇ ਸਮਾਜਾਂ ਦੀਆਂ ਸ਼ੋਭਾ ਯਾਤਰਾਵਾਂ ਦੇ ਅੱਗੇ ਸਿਰਫ ਉਹਨਾਂ ਦਾ ਫਲਸਫਾ, ਫਿਰ ਉਹਨਾਂ ਦੇ ਧਰਮ ਨਾਲ ਸੰਬੰਧਿਤ ਪ੍ਰਭਾਵ ਪਾਉਂਦੀਆਂ ਝਾਕੀਆਂ ਅਤੇ ਫਿਰ ਸੰਗਠਨ ਹੁੰਦਾ ਹੈ। ਆਗੂ ਦਾ ਨਾਮ ਨਹੀਂ ਹੋ ਸਕਦਾ। ਸਾਡਾ ਇੱਕ ਫਲਸਫਾ, ਧਰਮ, ਸੰਗਠਨ ਤਾਂ ਹੈ ਨਹੀਂ, ਜਿਸ ਦੇ ਜੋ ਮਨ ਜੋ ਆਉਂਦਾ ਹੈ ਉਹ ਉਹੀ ਝਾਕੀ ਲੈ ਕੇ ਤੁਰ ਪੈਂਦਾ ਹੈ। ਗੁਰੂ ਦੀ ਫੋਟੋ, ਸੰਗਠਨ ਦਾ ਨਾਮ ਛੋਟਾ ਪ੍ਰੰਤੂ ਆਗੂ ਦਾ ਨਾਮ ਵੱਡਾ ਹੁੰਦਾ ਹੈ। ਬਹੁਤੇ ਇਸ਼ਤਿਹਾਰਾਂ ਉੱਤੇ ਤਾਂ ਲੀਡਰਾਂ ਦੇ ਹੀ ਫੋਟੋ ਹੁੰਦੇ ਹਨ, ਗੁਰੂ ਜੀ ਦਾ ਫੋਟੋ ਤਕ ਨਹੀ ਹੁੰਦਾ? ਜੇ ਹੋਵੇ ਵੀ ਤਾਂ ਐਵੇ ਛੋਟਾ ਜਿਹਾ ਹੁੰਦਾ ਹੈ।

 ਦੂਜੇ ਸਮਾਜ ਦੀਆਂ ਸ਼ੋਭਾ ਯਾਤਰਾਵਾਂ ਆਪਣੇ ਫਲਸਫੇ ਅਤੇ ਧਰਮ ਦਾ ਸੰਦੇਸ਼ ਦਿੰਦੀਆਂ ਹਨ। ਸੰਗਤਾਂ ਚੱਲਦੇ ਵਕਤ ਸ਼ਾਂਤ ਜਾਂ ਫਿਰ ਆਪਣੀ ਵਿਚਾਰਧਾਰਾ ਦੇ ਸ਼ਬਦਾਂ ਦਾ ਉਚਾਰਨ ਕਰਦੀਆਂ ਹਨ। ਪਰ ਦਲਿਤਾਂ ਦੀਆਂ ਸ਼ੋਭਾ ਯਾਤਰਾਵਾਂ 'ਚ  ਸ਼ੋਰ-ਸ਼ਰਾਬਾ ਹੁੰਦਾ ਹੈ। ਕੋਈ ਕਿਸੇ ਨੂੰ ਕਿਸੇ ਦੀ ਗੱਲ ਸੁਣਾਈ ਨਹੀਂ ਦਿੰਦੀ। ਦੂਜੇ ਸਮਾਜ ਦੀਆਂ ਸ਼ੋਭਾ ਯਾਤਰਾਵਾਂ ਵਿੱਚ ਭੰਗੜੇ ਨਹੀਂ ਪੈ ਸਕਦੇ। ਪਰ ਸਾਡੇ ਸ਼ੋਭਾ ਯਾਤਰਾਵਾਂ 'ਚ ਭੰਗੜਿਆਂ ਦਾ ਹੜ੍ਹ ਆਇਆ ਹੁੰਦਾ ਹੈ। ਭੰਗੜਿਆਂ ਨੇ ਸ਼ੋਭਾ ਯਾਤਰਾ ਦੀ ਸ਼ੋਭਾ ਤਾਂ ਕੀ ਵਧਾਉਣੀ, ਉਹ ਤਾਂ ਸਗੋਂ ਇੱਕਸਾਰ ਚਲ ਰਹੀ ਸ਼ੋਭਾ ਯਾਤਰਾ ਨੂੰ ਥਾਂ-ਥਾਂ 'ਤੇ ਅਖਾੜੇ ਲਾ ਕੇ ਭੰਗ ਕਰ ਦਿੰਦੇ ਹਨ। ਜਿਸ ਕਾਰਨ ਸ਼ੋਭਾ ਯਾਤਰਾ ਟੋਲੀਆਂ ਵਿੱਚ ਨਿਖੜ ਜਾਂਦੀ ਹੈ। ਇੰਨਾ ਹੀ ਨਹੀਂ ਅਗਿਆਨਤਾ ਬੱਸ ਭੰਗੜਿਆਂ ਵਿੱਚ ਜਿਹਨਾਂ ਲੋਕਾਂ ਦੇ ਗੀਤ ਗਾਏ ਜਾਂਦੇ ਹਨ ਉਹ ਲੋਕ ਹੀ ਬਰਾਬਰ ਅਧਿਕਾਰਾਂ ਦੀ ਮੰਗ ਕਰਨ 'ਤੇ ਦਲਿਤਾਂ ਦਾ ਸਮਾਜਿਕ ਬਾਈਕਾਟ ਕਰਦੇ ਹਨ। ਫਿਰ ਨਸ਼ੇ ਕਰਕੇ 4-5 ਨੌਜਵਾਨ, ਮੋਟਰ ਸਾਈਕਲਾਂ, ਸਕੂਟਰਾਂ ਉੱਤੇ ਖੜਕੇ ਮੱਘੇ ਤੇ ਚਾਂਘਰਾਂ ਮਾਰਦੇ ਹਨ, ਪਟਾਕੇ ਚਲਾਉਂਦੇ ਹਨ। ਇਹ ਸਭ ਗੁਰੂ ਦੀ ਸ਼ੋਭਾ ਨਹੀਂ ਵਧਾਉਂਦੇ, ਬਲਕਿ ਸਾਡੇ ਅਜੇ ਵੀ ਸਭਿਅਕ ਹੋਣ 'ਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਹਨ।

 ਸ਼ੋਭਾ ਯਾਤਰਾਵਾਂ ਕੱਢਣਾ ਕੋਈ ਮਾੜੀ ਗੱਲ ਨਹੀਂ, ਪ੍ਰੰਤੂ ਇਸ ਨਾਲ ਸਮਾਜ ਦੀ ਸ਼ੋਭਾ ਵਧਣੀ ਵੀ ਚਾਹੀਦੀ ਹੈ। ਸ਼ੋਭਾ ਤਦ ਹੀ ਵਧ ਸਕਦੀ ਹੈ, ਜੇਕਰ ਸਮਾਜ ਤਰੱਕੀ ਵੱਲ੍ਹ ਜਾਵੇ। ਸਮਾਜ ਤਦ ਹੀ ਤਰੱਕੀ ਵੱਲ੍ਹ ਵਧੇਗਾ ਜੇ ਸਮਾਜ ਵਿੱਚ ਸਦਾਚਾਰ ਆਵੇ। ਸਦਾਚਾਰ ਸਮਾਜ ਵਿੱਚ ਤਾਂ ਹੀ ਆਵੇਗਾ ਜੇਕਰ ਵਿੱਦਿਆ ਅਤੇ ਗਿਆਨ ਦਾ ਪ੍ਰਕਾਸ਼ ਹੋਵੇ। ਵਿੱਦਿਆ ਅਤੇ ਗਿਆਨ ਦਾ ਪ੍ਰਕਾਸ਼ ਤਦ ਹੀ ਵਧੇਗਾ ਜੇਕਰ ਇਹਨਾਂ ਪ੍ਰਤੀ ਉਪਰਾਲੇ ਕੀਤੇ ਜਾਣ, ਕੋਈ ਸੇਧ ਦੇਵੇ। ਸੇਧ ਕੋਈ ਦਿੰਦਾ ਨਹੀ, ਇਸ ਲਈ ਸਾਡੀਆਂ ਸ਼ੋਭਾ ਯਾਤਰਾਵਾਂ ਕੋਈ ਸਿੱਟੇ ਨਹੀ ਕੱਢਦੀਆ। ਜਦ ਕੋਈ ਨੀਤੀ ਨਹੀਂ, ਫਲਸਫਾ ਨਹੀਂ, ਧਰਮ ਨਹੀਂ, ਇਤਿਹਾਸ ਨਹੀਂ, ਸਾਂਝਾ ਸੰਗਠਨ ਨਹੀਂ, ਫਿਰ ਸੇਧ ਕਿੱਥੋਂ ਆਵੇ? ਇਹ ਇੱਕ ਪ੍ਰਸ਼ਨ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਹੈ।

 ਸੰਸਾਰ ਪੱਧਰ 'ਤੇ ਇਨਕਲਾਬਾਂ ਦਾ ਪਿਛੋਕੜ ਵਾਚਦਿਆਂ ਇਹ ਗੱਲ ਸਪੱਸ਼ਟ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਇਨਕਲਾਬਾਂ ਦਾ ਅਧਾਰ ਤਿਆਰ ਕਰਨ ਵਿੱਚ ਬੁੱਧੀਜੀਵੀ ਮਹਾਂਪੁਰਸ਼ਾਂ ਦਾ ਮਹੱਤਵਪੂਰਨ ਯੋਗਦਾਨ ਹੈ। ਚੱਕਰਵਰਤੀ ਅਸ਼ੋਕ ਦੇ ਧੱਮ ਇਨਕਲਾਬ ਦਾ ਅਧਾਰ ਮਹਾਂਪੁਰਸ਼ ਬੁੱਧ ਹੀ ਸਨ। ਸੰਸਾਰ ਜਿੱਤਣ ਨੂੰ ਨਿਕਲੇ ਮਹਾਨ ਸਕੰਦਰ ਦੇ ਇਨਕਲਾਬ ਦਾ ਮੂੰਹ ਮੋੜਨ ਵਾਲੇ ਦਲਿਤ ਸੰਤ ਇਹ ਹੀ ਸਨ। ਦੁਨੀਆਂ ਉਪਰ ਅੰਗ੍ਰੇਜ਼ੀ ਇਨਕਲਾਬ ਦਾ ਅਧਾਰ ਵੀ ਸੰਤ ਜੀਸਸ ਹੀ ਸਨ। ਅਰਬ ਦੇਸ਼ਾਂ ਵਿੱਚ ਇਸਲਾਮਿਕ ਇਨਕਲਾਬ ਦਾ ਅਧਾਰ ਵੀ ਮੁਹੱਮਦ ਸਾਹਿਬ ਹੀ ਸਨ। ਸਿੱਖ ਇਨਕਲਾਬ ਦਾ ਅਧਾਰ ਵੀ ਗੁਰੂ ਨਾਨਕ ਦੇਵ ਜੀ ਹੀ ਸਨ। ਸ਼ਿਵਾ ਜੀ ਦੇ ਇਨਕਲਾਬ ਦਾ ਅਧਾਰ ਵੀ ਮਹਾਂਰਾਸ਼ਟਰ ਦੇ ਬੁੱਧੀਜੀਵੀ ਮਹਾਂਪੁਰਸ਼ ਹੀ ਸਨ। ਫਰਾਂਸ ਦੇ ਇਨਕਲਾਬ ਦਾ ਅਧਾਰ ਵੀ ਰੂਸੋ ਅਤੇ ਵਾਲਟੇਅਰ ਸੰਤ ਹੀ ਹਨ। ਸੰਸਾਰ ਪੱਧਰ ਉੱਤੇ ਵਿਦਿਆ ਦੇ ਫੈਲਾਅ ਵਿਚ ਬੁੱਧੀਜੀਵੀ ਮਹਾਂਪੁਰਸ਼ਾਂ ਦਾ ਮਹੱਤਵਪੂਰਨ ਯੋਗਦਾਨ ਹੈ। 

 ਇਸ ਲਈ ਬੁੱਧੀਜੀਵੀ ਅਤੇ ਸੰਤ ਮਹਾਂਪੁਰਸ਼ਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਕੋਈ ਸਾਂਝਾ ਸੰਗਠਨ ਬਣਾਉਂਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸ਼ੋਭਾ ਯਾਤਰਾਵਾਂ ਸੰਬੰਧੀ ਕੋਈ ਜਾਬਤਾ ਜਾਰੀ ਹੋਣਾ ਚਾਹੀਦਾ ਹੈ। ਭੰਗੜੇ ਜਗੀਰਦਾਰਾਂ ਦਾ ਸ਼ੌਂਕ ਹਨ ਸ਼ੋਭਾ ਯਾਤਰਾਵਾਂ ਵਿੱਚ ਇਹਨਾਂ 'ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਪਟਾਕੇ ਬੰਦ ਹੋਣੇ ਚਾਹੀਦੇ ਹਨ, ਇਹ ਵਾਤਾਵਰਨ ਖਰਾਬ ਕਰਦੇ ਹਨ। ਸ਼ੋਭਾ ਯਾਤਰਾ ਵਿੱਚ ਪਾਰਦਰਸ਼ਤਾ ਲਿਆਉਣੀ ਚਾਹੀਦੀ ਹੈ। ਆਵਾਜਾਈ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਕਿ ਕਿਸੇ ਬਿਮਾਰ, ਬੁੱਢੇ ਤੇ ਲੋੜ ਬੰਦ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ?
 ਅੰਤ! ਜੇਕਰ ਇਹ ਸ਼ੋਭਾ ਯਾਤਰਾਵਾਂ ਗੁਰੂ ਰਵਿਦਾਸ ਜੀ ਦੇ ਬੇਗ਼ਮਪੁਰਾ (ਐਸਾ ਚਾਹੁੰ ਰਾਜ) ਬਾਵ ਪੈਦਾਵਾਰ ਦੇ ਸਾਧਨਾਂ ਦੀ ਸਮਾਨ ਵੰਡ,  ਸਭ ਲਈ ਰੋਟੀ ਕੱਪੜਾ ਮਕਾਨ ਤੇ ਬਰਾਬਰ ਸਨਮਾਨ ਦੀ ਸਥਾਪਨਾ ਲਈ ਅਧਿਕਾਰ ਯਾਤਰਾਵਾਂ ਵਿੱਚ ਬਦਲ ਜਾਣ, ਤਾਂ ਗੁਰੂ ਰਵਿਦਾਸ ਜੀ ਦਾ ਬੇਗ਼ਮਪੁਰਾ-ਇਸੇ ਸੰਸਾਰ ਵਿੱਚ, ਇਸੇ ਧਰਤੀ ਉੱਤੇ, ਇਸੇ ਜੀਵਨ ਵਿੱਚ ਵਸਾਇਆ ਜਾ ਸਕਦਾ ਹੈ। ਜਿਸ ਦੀ ਅੱਜ ਅਤਿ ਜਰੂਰਤ ਹੈ। ਕਿਉਕਿ-

 ਦੇਸ਼ ਦੀ ਮਜੂਦਾ ਸਥਿਤੀ ਰੌਂਗਟੇ ਖੜੇ ਕਰਨ ਵਾਲੀ ਹੈ। ਯੂਨਾਈਟਿਡ ਨੈਸ਼ਨਲ ਦੁਆਰਾ 2011 'ਚ ਕੀਤੇ ਗਏ ਸਰਵੇਖਣ ਅਨੁਸਾਰ ਭਾਰਤ ਦਾ ਸੰਸਾਰ 'ਚ ਮਨੁੱਖੀ ਵਿਕਾਸ ਦੇ ਪੱਖੇਂ 187 ਦੇਸ਼ਾਂ ਵਿੱਚੋਂ 134 ਵਾ, ਕਾਨੂੰਨ ਰਾਜ ਸੂਚਕ ਅੰਕ 2012 ਦੀ ਰਿਪੋਰਟ ਅਨੁਸਾਰ ਅਮਨ ਕਾਨੂੰਨ ਦੀ ਸਥਿਤੀ ' 97 ਦੇਸ਼ਾ ਵਿਚੋਂ 83ਵਾ, ਭ੍ਰਿਸ਼ਟਾਚਾਰ ਵਿਚ 79ਵਾ ਅਤੇ ਨਿਆ ਪ੍ਰਣਾਲੀ ਵਿਚ 78ਵਾ ਸਥਾਨ ਹੈ। ਦੇਸ਼ ਦੇ 76 ਕਰੋੜ ਤੋਂ ਵੱਧ ਲੋਕਾਂ ਦੀ ਰੋਜ਼ਾਨਾਂ ਕਮਾਈ 20 ਰੁਪਏ ਤੋਂ ਵੀ ਘੱਟ ਹੈ। ਦੇਸ਼ ਦੀ 52 ਫੀਸਦੀ ਆਬਾਦੀ ਦੀ ਪ੍ਰਤੀ ਜੀ ਆਮਦਨ 10 ਰੁਪਏ ਰੋਜ਼ਾਨਾਂ ਤੋਂ ਘੱਟ ਹੈ। ਮਾਫੀਆ ਗਰੋਹਾਂ ਰਾਹੀਂ ਪੂੰਜੀਪਤੀ, ਸਨਅਤਕਾਰ, ਵਪਾਰੀ, ਲੀਡਰ, ਸਾਧ, ਬਾਬੇ ਅਤੇ ਉੱਚ ਅਫਸਰ ਦੇਸ਼ ਦੀ ਧੰਨ ਦੌਲਤ ਹੜੱਪ ਕਰੀ ਜਾ ਰਹੇ ਹਨ। ਦੇਸ਼ ਦੀ 80 ਪ੍ਰਤੀਸ਼ਤ ਸੰਪਤੀ ਇਹਨਾਂ ਲੋਟੂਆਂ ਪਾਸ ਹੈ। ਦੇਸ਼ ਦੇ 20 ਫੀਸਦੀ ਲੋਕ, ਦੇਸ਼ ਦੀ 80 ਫੀਸਦੀ ਧੰਨ-ਦੌਲਤ ਤੇ ਸੁੱਖ-ਸਵਿਧਾ ਦਾ ਮਜ਼ਾ ਲੈ ਰਹੇ ਹਨ ਅਤੇ 80 ਫੀਸਦੀ ਲੋਕ 20 ਫੀਸਦੀ ਦੌਲਤ ਨਾਲ ਦਿਨ ਕਟੀ ਕਰ ਰਹੀ ਹੈ। 2011-12 ਦੇ ਆਰਥਿਕ ਸਰਵੇਖਣ ਅਨੁਸਾਰ ਭਾਰਤ ਦੀ ਅੱਧੀ ਤੋਂ ਵੱਧ ਵਸੋਂ ਕੇਵਲ 13.9 ਫ਼ੀਸਦੀ ਕੌਮੀ ਆਮਦਨ ਨਾਲ ਗੁਜ਼ਾਰਾ ਕਰ ਰਹੀ ਹੈ। 

ਦੂਜੇ ਪਾਸੇ 2009 ਦੀਆਂ ਚੋਣਾਂ ਤੋਂ ਬਾਅਦ ਨੈਸ਼ਨਲ ਇਲੈਕਸ਼ਨ ਵਾਚ ਦੁਆਰਾ ਸਾਹਮਣੇ ਲਿਆਂਦੀਆਂ ਸੂਚਨਾਵਾਂ ਅਨੁਸਾਰ 543 ਲੋਕ ਸਭਾ ਦੇ ਮੈਂਬਰਾਂ 'ਚੋਂ 60 ਫੀਸਦੀ ਕਰੋੜਪਤੀ ਹਨ। ਸਿਰਫ ਪੰਜ ਸਾਲਾ ' 304 ਸੰਸਦ ਮੈਂਬਰਾਂ, ਜਿਨ੍ਹਾ ਨੇ 2009 'ਚ ਮੁੜ ਚੋਣ ਲੜੀ, ਦੀ ਜ਼ਾਇਦਾਦ 300 ਫੀਸਦੀ ਵੱਧ ਗਈ, ਜੋ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋ ਕੀਤੀ। ਇਹਨਾਂ ਵਿੱਚੋਂ ਵੀ ਕੇਂਦਰੀ ਮੰਤਰੀ-ਮੰਡਲ ਦੇ 64 ਮੈਂਬਰਾਂ ਦੀ ਦੌਲਤ 5 ਅਰਬ ਰੁਪਏ ਤੋਂ ਵੱਧ ਹੈ। ਪੰਜਾਬ ਇਲੈਕਸ਼ਨ ਵਾਚ (ਪੀ.ਈ.ਡਬਲਿਉੂ) ਵੱਲੋਂ ਤਿਆਰ ਕੀਤੀ ਰਿਪੋਰਟ ਅਨੁਸਾਰ ਪੰਜਾਬ ਵਿਧਾਨ ਸਭਾ 2012 ਦੀਆਂ ਚੋਣਾਂ ਵਿਚੋਂ ਜਿੱਤੇ 86 ਫੀਸਦੀ ਜਾਣੀ 101 ਵਿਧਾਇਕ ਕਰੋੜਪਤੀ ਹਨ। ਦੁਨੀਆਂ ਦੇ 150 ਖਰਬਪਤੀਆਂ ਵਿਚੋਂ ਸਭ ਤੋਂ ਜ਼ਿਆਦਾ 56 ਖਰਬਪਤੀ ਭਾਰਤ ਵਿਚ ਹਨ, ਜਿਨ੍ਹਾਂ ਦੀ ਕੁੱਲ ਜ਼ਾਇਦਾਦ 334.6 ਅਰਬ ਡਾਲਰ ਹੈ, ਜੋ ਭਾਰਤ ਦੇ ਕੁਲ ਘਰੇਲੂ ਉਤਪਾਦਨ ਦਾ 33.5 ਫ਼ੀਸਦੀ ਬਣਦਾ ਹੈ। ਇਹ ਤਾਂ ਸਿਰਫ਼ ਝਲਕੀਆਂ ਹਨ, ਜਿਹੜੀਆਂ ਚੋਣਾਂ ਸਮੇਂ ਬਿਆਨ ਹਲਫ਼ੀਆ ਦੇਣ ਕਾਰਨ ਮਜ਼ਬੂਰਨ ਸਾਹਮਣੇ ਲਿਆਉਂਣੀਆ ਪਈਆ, ਅਸਲ ਸੱਚ ਤਾਂ ਇਕ ਲੱਖ ਕਰੋੜ ਰੁਪਏ ਦਾ ਕਾਲਾ ਧੰਨ ਸਾਹਮਣੇ ਆਉਂਣ 'ਤੇ ਪਤਾ ਲੱਗੂ? 15ਵੀਂ ਲੋਕ ਸਭਾ 'ਚ ਆਏ ਅਪਰਾਧੀ ਸੋਚ ਵਾਲੇ 150 ਮੈਂਬਰਾਂ ਦੇ ਖ਼ਲਾਸੇ ਫ਼ਿਰ ਖੋਲ੍ਹਾਂਗੇ।
ਤੀਜਾ ਹਿੱਸਾ ਲੋਕ ਅੱਧ ਭੁੱਖੇ ਸੌਂਦੇ ਹਨ 
 ਰਾਸ਼ਟਰ ਸੰਘ ਦੀ ਤਾਜਾ ਰਿਪੋਰਟ ਅਨੁਸਾਰ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਭੁੱਖੇ ਲੋਕ ਭਾਰਤ ਵਿੱਚ ਰਹਿੰਦੇ ਹਨ। ਸੱਯੁਕਤ ਰਾਸ਼ਟਰ ਦੇ ਮਾਹਰ ਜੀਨ ਜਿਏਗਲੇਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੂਰੀ ਦੁਨੀਆਂ ਵਿਚ ਇਸ ਸਮੇ 85 ਕਰੋੜ 20 ਲੱਖ ਵਿਅਕਤੀ ਭੁੱਖਮਰੀ ਦਾ ਸ਼ਿਕਾਰ ਹਨ। ਇਹਨਾਂ 'ਚੋਂ ਭਾਰਤ 'ਚ ਸਭ ਤੋਂ ਜਿਆਦਾ 21 ਕਰੋੜ 80 ਲੱਖ ਲੋਕ ਭੁੱਖਮਰੀ ਦਾ ਸ਼ਿਕਾਰ ਹਨ ਤੇ 40 ਕਰੋੜ ਤੋਂ ਵੱਧ ਲੋਕ ਅੱਧ ਭੁੱਖੇ ਸੌਣ ਲਈ ਮਜ਼ਬੂਰ ਹਨ। ਇੰਨਾ ਹੀ ਨਹੀ ਕਈ ਰੇਲਵੇ ਸਟੇਸ਼ਨਾਂ 'ਤੇ ਭੁੱਖੇ ਬੱਚੇ ਸੁੱਟੀਆਂ ਹੋਈਆਂ ਜੂਠੀਆਂ ਪੱਤਲਾਂ ਨੂੰ ਚੁੱਕਣ ਲਈ ਆਪਸ 'ਚ ਲੜਦੇ ਹਨ।  
ਗੜ੍ਹਚਿਰੋਲੀ ਜ਼ਿਲ੍ਹੇ ਦੇ ਗਰੀਬ ਭੁੱਖੇ ਆਦਿਵਾਸੀ ਅੱਜ ਵੀ ਚੀਟੀਆਂ ਦੀ ਚਟਨੀ ਖਾਣ ਲਈ ਮਜਬੂਰ ਹਨ। ਮੁਸਹਰ ਜਾਤੀ ਦੇ ਲੱਖਾਂ ਪਰਿਵਾਰ ਅੱਜ ਵੀ ਚੂਹਿਆਂ ਨੂੰ ਖਾ ਕੇ ਭੁੱਖ ਮਿਟਾ ਰਹੇ ਹਨ। ਉੜੀਸਾ ਦੇ ਗਰੀਬ ਲੋਕ ਦਰੱਖਤਾਂ ਦੀਆਂ ਜੜ੍ਹਾਂ ਅਤੇ ਮਿੱਟੀ ਖਾਣ ਲਈ ਮਜਬੂਰ ਹਨ। ਗਰੀਬੀ ਹੱਥੋਂ ਤੰਗ ਆਏ ਲੋਕ ਆਪਣੀ ਪੇਟ ਪੂਜਾ ਲਈ ਜਿਗਰ ਦੇ ਟੋਟਿਆਂ ਨੂੰ 250-250 ਰੁਪਏ ਵਿੱਚ ਵੇਚ ਰਹੇ ਹਨ। ਪਿੱਛਲੇ ਦਿਨੀ ਉੜੀਸਾ ਦੇ ਇੱਕ ਪਿੰਡ ਦੀ ਸੁਮਿਤਰਾ ਨਾਂਅ ਦੀ ਔਰਤ ਨੇ ਆਪਣੀ ਨਵਜੰਮੀ ਬੱਚੀ ਸਿਰਫ਼ 10 ਰੁਪਏ ਵਿੱਚ ਹੀ ਵੇਚ ਦਿੱਤੀ। ਪੱਛਮੀ ਬੰਗਾਲ ਦੇ ਹਾਵੜਾ ਸਟੇਸ਼ਨ 'ਤੇ ਇੱਕ 14 ਸਾਲਾ ਬੱਚੀ ਨੂੰ ਆਪਣੀ ਇੱਜ਼ਤ ਸਿਰਫ਼ ਚਾਵਲ ਦੀ ਇੱਕ ਪਲੇਟ ਲਈ ਵੇਚਣੀ ਪਈ। ਬਿਹਾਰ ਦੇ ਜ਼ਿਲੇ ਅਹਾਰੀਆ 'ਚ ਇਕ ਮਾਂ ਨੇ ਆਪਣੇ ਪਤੀ ਦੀ ਦਵਾਈ ਲੈਣ ਲਈ ਆਪਣੇ ਦੁੱਧ ਚੁੰਗਦੇ 2 ਬੱਚਿਆਂ ਨੂੰ ਕੇਵਲ 100 ਰੁਪਏ ਵਿਚ ਵੇਚ ਦਿੱਤਾ। ਇਕ ਮਾਂ ਨੇ ਆਪਣੀ ਪੇਟ ਪੂਜਾ ਲਈ ਦੋ ਬੱਚਿਆਂ ਨੂੰ ਭੀਖ ਮੰਗਣ ਲਾ ਦਿੱਤਾ।
ਜਦੋਂ ਸੁਪਰੀਮ ਕੋਰਟ ਨੇ 30 ਅਗਸਤ 2010 ਨੂੰ ਸਰਕਾਰ ਨੂੰ ਸਪੱਸ਼ਟ ਕਿਹਾ ਕਿ ਗੁਦਾਮਾਂ ਵਿੱਚ ਸੜ ਰਹੇ ਅਨਾਜ ਨੂੰ ਗਰੀਬਾਂ ਵਿੱਚ ਮੁਫ਼ਤ ਵੰਡ ਦਿੱਤਾ ਜਾਵੇ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਆਂ ਪਾਲਿਕਾਂ ਆਪਣੀ ਸੀਮਾਂ ਨਾ ਲੰਘੇ। ਉਹਨਾਂ ਦੀ ਦਲੀਲ ਸੀ ਕਿ ਗ਼ਰੀਬੀ ਦੀ ਰੇਖਾ ਤੋਂ ਹੇਂਠਾਂ ਰਹਿ ਰਹੀ 43 ਫੀਸਦੀ ਅਬਾਦੀ ਨੂੰ ਮੁਫ਼ਤ ਅਨਾਜ ਦੇਣਾ ਸੰਭਵ ਨਹੀਂ ਹੈ। ਜਦ ਕਿ ਇੰਸਟੀਚਿਉੂਸ ਆਫ ਮਕੈਨੀਕਲ ਇੰਜੀਨੀਅਰਸ (ਆਈ. ਐਮ. ਈ) ਦੀ ਰਿਪੋਰਟ ਮੁਤਾਬਕ ਭਾਰਤ ਵਿਚ 2.10 ਕਰੋੜ ਟਨ ਕਣਕ ਹਰ ਸਾਲ ਬਰਬਾਦ ਹੋ ਜਾਂਦੀ ਹੈ ਜੋ ਆਸਟਰੇਲੀਆ ਦੀ ਕੁਲ ਕਣਕ ਪੈਦਾਵਾਰ ਦੇ ਬਰਾਬਰ ਹੈ। ਪ੍ਰੰਤੂ ਇਥੇ ਇਹ ਵੀ ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਸਰਕਾਰ ਨੇ ਉਸੇ ਸਾਲ ਵਿੱਚ ਹੀ ਵੱਡੀਆਂ ਕੰਪਨੀਆਂ ਨੂੰ 500000 ਕਰੋੜ ਰੁਪਏ ਦੇ ਟੈਕਸਾਂ ਤੋਂ ਛੋਟ ਦੇ ਦਿੱਤੀ। ਪਿੱਛਲੇ 8 ਸਾਲਾ ਵਿਚ ਹੀ 1, 66,304 ਮਜ਼ਦੂਰਾਂ ਨੇ ਗਰੀਬੀ ਕਾਰਨ ਖੁੱਦਕਸ਼ੀਆਂ ਕੀਤੀਆਂ। 
ਕਰੋੜਾਂ ਬੇਘਰੇ ਲੋਕ ਫੁੱਟਪਾਥਾਂ 'ਤੇ ਸੌਂਦੇ ਹਨ
ਦੇਸ਼ ਵਿੱਚ ਸੱਤ ਕਰੋੜ ਪਰਿਵਾਰ ਕੇਵਲ ਇੱਕ ਕਮਰੇ ਦੇ ਮਕਾਨ 'ਚ ਰਹਿੰਦੇ ਹਨ। 40 ਫੀਸਦੀ ਸ਼ਾਦੀਸ਼ੁਦਾ ਜੋੜਿਆਂ ਕੋਲ ਰਹਿਣ ਲਈ ਆਪਣਾ ਇੱਕ ਵੱਖਰਾ ਕਮਰਾ ਵੀ ਨਹੀਂ ਹੈ। ਲੋਕ ਛੱਪਰਾਂ, ਢਾਰਿਆਂ, ਕੁੱਲੀਆਂ 'ਚ ਦਿਨ ਕਟੀ ਕਰ ਰਹੇ ਹਨ। ਜਮੀਨਾਂ ਦੇ ਭਾਅ ਇੰਨੇ ਵੱਧ ਗਏ ਹਨ ਕਿ ਉਹ ਮਾੜਾ ਮੋਟਾ ਘਰ ਬਣਾਉਣ ਲਈ ਵੀ ਜਮੀਨ ਨਹੀ ਖਰੀਦ ਸਕਦੇ। ਗਰਮੀ, ਸਰਦੀ ਤੇ ਬਰਸਾਤ ਉਹਨਾਂ ਨੂੰ ਤਨ 'ਤੇ ਹੰਢਾਉਣੀ ਪੈਂਦੀ ਹੈ। 
ਕਰੋੜਾਂ ਲੋਕ ਲੋਕ ਗੰਦਾ ਪਾਣੀ ਪੀਂਦੇ ਹਨ
ਦੇਸ਼ ਦੇ 50 ਲੱਖ ਪਰਿਵਾਰ ਦਰਿਆਵਾਂ, ਟੋਭਿਆਂ ਤੇ ਛੱਪੜਾਂ ਦਾ ਹੀ ਗੰਦਾ ਪਾਣੀ ਪੀਂ ਕੇ ਗੁਜਾਰਾ ਕਰਦੇ ਹਨ।36 ਫੀਸਦੀ ਲੋਕਾਂ ਨੂੰ ਪਾਣੀ ਲਿਆਓੁਣ ਲਈ ਅੱਧੇ ਕਿਲੋਮੀਟਰ ਤੋਂ ਵੱਧ ਦੂਰ ਜਾਣਾ ਪੈਂਦਾ ਹੈ ਤੇ ਉੁਨ੍ਹਾ 'ਚੋਂ 55 ਫੀਸਦੀ ਲੋਕ ਖੁੱਲੇ ਅਸਮਾਨ ਹੇਠਾਂ ਨਹਾਉੁਣ ਲਈ ਮਜਬੂਰ ਹਨ। ਦੇਸ਼ ਦੇ 44 ਪ੍ਰੀਸ਼ਤ ਘਰਾਂ 'ਚ ਬਿਜਲੀ ਨਹੀਂ, 9 ਕਰੋੜ ਘਰਾਂ ਵਿੱਚ  ਲੱਕੜੀਆਂ, ਪਾਥੀਆਂ ਤੇ ਕੋਇਲੇ ਹੀ ਬਾਲੇ ਜਾਂਦੇ ਹਨ। 80 ਫੀਸਦੀ ਘਰਾਂ 'ਚ ਗੰਦੇ ਪਾਣੀ ਦੇ ਨਿਕਾਸ ਦੀ ਵਿਵਸਥਾ ਨਹੀ ਹੈ।
ਜਿਉਂਣ ਲਈ ਸਿਹਤ ਸਹੂਲਤਾਂ ਨਹੀ ਹਨ 
21 ਵੀ ਸਦੀ 'ਚ ਵੀ ਦੇਸ਼ ਦੇ 20 ਪਿੰਡਾਂ, ਜਿਨ੍ਹਾਂ ਦੀ ਅਬਾਦੀ 20000 ਹੈ ਪਿੱਛੇ ਸਿਰਫ ਇਕ ਡਾਕਟਰ ਹੈ। ਸਰਕਾਰੀ ਹਸਪਤਾਲਾਂ 'ਚ ਨਾ ਲੋਂੜੀਦੇ ਬੈਡ, ਸਟਾਫ, ਮਸ਼ੀਨਰੀ ਤੇ ਦਵਾਈਆਂ ਹਨ। ਦੇਸ਼ ਦੀ ਕੁੱਲ ਕੌਮੀ ਆਮਦਨ ਦਾ ਕੇਵਲ 1.2 ਫ਼ੀਸਦੀ ਹਿੱਸਾ ਹੀ ਦੇਸ਼ ਦੇ ਇਕ ਅਰਬ 22 ਕਰੋੜ ਲੋਕਾਂ ਲਈ ਸਿਹਤ ਸਹੂਲਤਾਂ 'ਤੇ ਖਰਚ ਕੀਤਾ ਜਾਂਦਾ ਹੈ। ਦੇਸ਼ ਦੀ 70 ਫ਼ੀਸਦੀ ਆਧੁਨਿਕ ਚਕਿਤਸਾ ਤਕਨਾਲੋਜੀ ਦੇ ਹਸਪਤਾਲ ਪ੍ਰਾਈਵੇਟ ਹਨ ਜੋ ਦੇਸ਼ ਦੇ 80 ਫ਼ੀਸਦੀ ਲੋਕਾਂ ਲਈ ਪਹੁੰਚ ਤੋਂ ਬਾਹਰ ਹਨ। ਗਰੀਬ ਇਹਨਾਂ ਹਸਪਤਾਲਾਂ ਵਿਚ ਲੁੱਟ ਦਾ ਸ਼ਿਕਾਰ ਹੁੰਦੇ ਹਨ। ਇਲਾਜ ਕਰਵਾਉਣ ਲਈ 41 ਫ਼ੀਸਦੀ ਪੇਂਡੂ ਤੇ 23 ਫ਼ੀਸਦੀ ਸ਼ਹਿਰੀ ਗਰੀਬ ਲੋਕ ਕਰਜ਼ਾ ਲੈਂਦੇ ਹਨ। ਮਹਿੰਗੇ ਇਲਾਜ ਕਾਰਨ 2 ਕਰੋੜ ਲੋਕ ਹਰ ਸਾਲ ਗ਼ਰੀਬੀ ਰੋਖਾ ਤੋਂ ਹੇਠਾਂ ਆ ਜਾਂਦੇ ਹਨ। ਬਹੁਤ ਸਾਰੇ ਗਰੀਬ ਲੋਕ ਤੇ ਉਨ੍ਹਾਂ ਦੇ ਬੱਚੇ ਇਲਾਜ ਕਰਵਾਉਣ ਤੋਂ ਖੁਣੋ ਮਰ ਜਾਂਦੇ ਹਨ। ਹਰ ਸਾਲ ਲੱਗਪਗ 3 ਕਰੋੜ ਗਰਭਪਤੀ ਔਰਤਾਂ 'ਚੋਂ 1,36000 ਪ੍ਰਸੂਤੀ ਦੋਂਰਾਨ ਮੌਤ ਦਾ ਸ਼ਿਕਾਰ ਹੋ ਜਾਂਦੀਆ ਹਨ। ਹਰ ਸਾਲ 40,000 ਬੱਚੇ ਅੰਨ੍ਹੇ ਹੋ ਜਾਂਦੇ ਹਨ। ਸੰਸਾਰ ਦੇ ਸਭ ਤੋਂ ਵੱਧ ਅੰਨੇ ਵੀ ਭਾਰਤ ਵਿੱਚ ਹੀ ਹਨ। 
ਅੱਧੀ ਅਬਾਦੀ ਲਈ ਪਖਾਨੇ (ਲੈਟਰੀਨ) ਨਹੀ ਹਨ
ਅਜ਼ਾਦੀ ਤੋਂ 65 ਸਾਲਾਂ ਬਾਅਦ ਵੀ 2011 ਦੀ ਮਰਦਮਸ਼ੁਮਾਰੀ ਅਨੁਸਾਰ 54.1 ਫੀਸਦੀ ਸ਼ਹਿਰੀ ਘਰਾਂ ਤੇ 80 ਫੀਸਦੀ ਦਿਹਾਤੀ ਘਰਾਂ 'ਚ ਪਖਾਨੇ (ਲੈਟਰੀਨ) ਨਹੀ ਹਨ। ਦੇਸ ' 16.78 ਕਰੋੜ ਦਿਹਾਤੀ ਪਰੀਵਾਰਾਂ 'ਚੋਂ ਸਿਰਫ 5.15 ਕਰੋੜ ਪਰਿਵਾਰਾਂ ਕੋਲ ਹੀ ਪਖਾਨੇ(ਲੈਟਰੀਨ) ਦੀ ਸਹੂਲਤ ਹੈ। ਦੇਸ਼ ਦੇ 11. 29 ਕਰੋੜ ਪਰਿਵਾਰ ਖੇਤਾਂ 'ਚ ਜੰਗਲ-ਪਾਣੀ ਜਾਣ ਲਈ ਮਜਬੂਰ ਹਨ। ਦੇਸ਼ ਵਿਚ 60 ਫੀਸਦੀ ਔਰਤਾਂ ਖੁੱਲੇ ਆਸਮਾਨ ਹੇਠਾਂ ਜੰਗਲ-ਪਾਣੀ ਜਾਦੀਆਂ ਹਨ। ਦੇਸ਼ ਦੀ 120 ਕਰੋੜ ਦੀ ਆਬਾਦੀ 'ਚੋਂ 65 ਫੀਸਦੀ ਨੂੰ ਹੀ ਸਾਫ ਸਫਾਈ ਦੀਆਂ ਬੁਨਿਆਦੀ ਸਹੂਲਤਾਂ ਹਨ।ਦੇਸ਼ ਦੇ 14 ਸੂਬਿਆਂ ਵਿਚ ਸਿਰ 'ਤੇ ਗੰਦਗੀ ਢੋਣ ਦੀ ਸ਼ਰਮਨਾਕ ਅਤੇ ਅਣਮਨੁੱਖੀ ਪ੍ਰਥਾ ਅਜੇ ਵੀ ਜਾਰੀ ਹੈ। ਅੱਜ ਵੀ ਦੇਸ਼ ਭਰ ਵਿਚ 2 ਤੋਂ 3 ਲੱਖ ਬੱਚੇ ਸਿਰਾਂ 'ਤੇ ਗੰਦਗੀ ਢੋ ਰਹੇ ਹਨ। ਲਗਪਗ 25 ਫੀਸਦੀ ਘਰਾਂ 'ਚ ਅੱਜ ਵੀ ਪਖਾਨਿਆ ਦੀ ਸਫਾਈ ਤੇ ਸਿਰ 'ਤੇ ਗੰਦਗੀ ਢੋਣ ਨਾਲ ਹੀ ਜਿੰਦਗੀ ਚਲਦੀ ਹੈ।
ਸੰਸਾਰ ਦੇ ਸਭ ਤੋਂ ਵੱਧ ਅਨਪੜ੍ਹ ਭਾਰਤ ਵਿੱਚ
ਭਾਰਤ ਦੀ ਅੱਧੀ ਤੋਂ ਵੱਧ ਅਬਾਦੀ ਅਨਪੜ੍ਹ ਹੈ। ਪੜ੍ਹਿਆਂ ਲਿਖਿਆਂ 'ਚੋਂ ਵੀ 45% ਹੀ ਪੰਜਵੀਂ ਤੱਕ ਪਹੁੰਚਦੇ ਹਨ। ਦੇਸ਼ ਦੇ 191000 ਪਿੰਡਾਂ 'ਚ ਤਾਂ ਪ੍ਰਾਇਮਰੀ ਸਕੂਲ ਵੀ ਨਹੀਂ ਹਨ। ਦੇਸ਼ ਦੇ 6 ਕਰੋੜ ਬੱਚਿਆਂ ਨੇ ਕਦੇ ਸਕੂਲ ਦਾ ਮੂੰਹ ਨਹੀਂ ਦੇਖਿਆ। 45 ਪ੍ਰੀਸ਼ਤ ਬੱਚੇ ਅੱਠਵੀਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਸਕੂਲ ਛੱਡ ਜਾਂਦੇ ਹਨ। ਦੇਸ਼ ਦੇ 15 ਤੋਂ 17 ਸਾਲ ਦੇ ਕੁੱਲ ਬੱਚਿਆਂ ਵਿੱਚੋਂ ਕੇਵਲ 8 ਫੀਸਦੀ ਬੱਚੇ ਦਸਵੀਂ ਪਾਸ ਕਰਦੇ ਹਨ ਅਤੇ ਕੇਵਲ 2 ਫੀਸਦੀ ਬੱਚੇ ਹੀ +2 ਤੋਂ ਅੱਗੇ ਕਿੱਤਾ ਕੋਰਸਾਂ 'ਚ ਦਾਖਲ ਹੁੰਦੇ ਹਨ। ਸਿੱਖਿਆ ਅਧਿਕਾਰ ਕਾਨੂੰਨ ਬਣਾਏ ਜਾਣ ਦੇ ਬਾਵਜੂਦ ਬੱਚਿਆ ਦੀ ਇਕ ਵੱਡੀ ਗਿਣਤੀ ਹੁਣ ਵੀ ਸਕੂਲਾਂ ਤੋਂ ਬਾਹਰ ਹੈ। ਸੰਸਾਰ ਦੇ ਸਭ ਤੋਂ ਵੱਧ ਅਨਪੜ੍ਹ ਲੋਕ ਭਾਰਤ ਵਿੱਚ ਰਹਿੰਦੇ ਹਨ।
 ਜਦ ਕਿ ਦੇਸ਼ ਵਿੱਚ ਪ੍ਰਾਇਵੇਟ ਸਕੂਲਾਂ ਦੀ ਗਿਣਤੀ 60 ਫ਼ੀਸਦੀ ਤੋਂ ਉਪਰ ਹੈ। ਪ੍ਰਾਈਵੇਟ ਕਾਲਜ ਅਤੇ ਯੁਨੀਵਰਸਿਟੀਆਂ ਦਿਨੋਂ ਦਿਨ ਵੱਧ ਰਹੀਆਂ ਹਨ। ਲੁੱਟ ਦੇ ਪੈਸੇ ਨਾਲ ਹੋਂਦ 'ਚ ਆਈਆਂ ਪ੍ਰਾਈਵੇਟ ਸਕੂਲ, ਕਾਲਜ ਅਤੇ ਯੁਨੀਵਰਸਿਟੀਆਂ ਧੜੱਲੇ ਨਾਲ ਡਿਗਰੀਆਂ ਵੇਚ ਰਹੀਆਂ ਹਨ। ਯੂਨੀਵਰਟੀਆਂ ਦੇ ਮਾਲਕ ਅਤੇ ਨੇਤਾ ਜ਼ਰੂਰ ਮਾਲੋ ਮਾਲ ਹੋ ਗਏ ਹਨ। ਸਰਕਾਰਾਂ ਦੇ ਚਹੇਤੇ ਹੀ ਯੂਨੀਵਰਸਟੀਆਂ ਖੋਲ੍ਹ ਕੇ ਇਹ ਵਿਉਪਾਰ ਕਰ ਰਹੇ ਹਨ। ਸਿੱਖਿਆ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਫੀਸਾਂ ਐਨੀਆਂ ਵਧ ਗਈਆਂ ਹਨ ਕਿ ਟੈਸਟਾਂ ਵਿੱਚ ਮੈਰਟ ਪੁਜੀਸ਼ਨਾਂ ਲੈਣ ਦੇ ਬਾਵਜੂਦ ਵੀ ਦਲਿਤ ਗਰੀਬ ਕਿੱਤਾ ਕੋਰਸਾਂ ਵਿੱਚ ਦਾਖਲੇ ਨਹੀਂ ਲੈ ਸਕਦੇ। ਫੀਸਾਂ ਨਾ ਦੇ ਸਕਣ ਕਾਰਨ ਪੜ੍ਹਾਈ ਛੱਡਣੀ ਪੈਦੀ ਹੈ। ਕਈ ਆਤਮ ਹੱਤਿਆਵਾ ਕਰ ਰਹੇ ਹਨ।

ਹਰ ਸਾਲ ਇਕ ਲੱਖ ਤੋਂ ਵੱਧ ਦਲਿਤਾਂ 'ਤੇ ਅੱਤਿਆਚਾਰ
ਹਿਉਮਨ ਰਾਈਟਸ ਵਾਚ ਨੇ 2005 ਦੌਰਾਨ ਗਿਆਰਾਂ ਪ੍ਰਾਂਤਾਂ ਦਾ ਸਰਵੇ ਕਰਨ ਉਪਰੰਤ ਦਲਿਤਾਂ ਉੱਤੇ ਹੋ ਰਹੇ ਅੱਤਿਆਚਾਰਾਂ ਬਾਰੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ 27.6 ਦਲਿਤਾਂ ਨੂੰ ਪੁਲਸ ਸਟੇਸ਼ਨਾਂ ਵਿਚ, 33 ਫ਼ੀਸਦੀ ਨੂੰ ਰਾਸ਼ਨ ਦੀਆ ਦੁਕਾਨਾਂ ਵਿਚ ਦਾਖਲ ਨਹੀ ਹੋਣ ਦਿੱਤਾ ਜਾਂਦਾ। 33 ਫੀਸਦੀ ਸਿਹਤ ਕਰਮਚਾਰੀ ਦਵਾਈ, ਤੇ 23.5 ਫੀਸਦੀ ਡਾਕੀਏ ਦਲਿਤਾਂ ਦੇ ਘਰਾਂ ਵਿਚ ਡਾਕ ਵੰਡਣ ਨਹੀ ਜਾਂਦੇ। 29.6 ਫੀਸਦੀ ਦਲਿਤਾਂ ਨੂੰ ਪੰਚਾਇਤੀ ਦਫ਼ਤਰਾਂ ਵਿਚ, 30.8 ਫੀਸਦੀ ਨੂੰ ਕੁਆਪਰੇਟਿਵ ਸੁਸਾਈਟੀਆ ਵਿਚ, 14.4 ਫੀਸਦੀ ਨੂੰ ਪੰਚਾਇਤ ਘਰਾਂ ਵਿਚ ਅਲੱਗ ਬਿਠਾਇਆ ਜਾਂਦਾ ਹੈ। ਸਰਵੇ 'ਚ ਸ਼ਾਮਲ ਕੁੱਲ ਪਿੰਡਾਂ ਵਿਚੋਂ 12 ਫੀਸਦੀ ਅਜਿਹੇ ਹਨ ਜਿੱਥੇ ਵੋਟਾਂ ਵੇਲੇ ਦਲਿਤਾਂ ਦੀਆ ਅਲੱਗ ਲਾਇਨਾਂ ਲਾਈਆ ਜਾਂਦੀਆ ਹਨ। 38 ਫੀਸਦੀ ਸਕੂਲਾਂ ਵਿਚ ਦਲਿਤ ਬੱਚਿਆ ਨੂੰ ਅਲੱਗ ਬਿਠਾਇਆ ਜਾਂਦਾ ਹੈ। ਮਿਡ ਡੇ ਮੀਲ 'ਚ ਜੇ ਦਲਿਤ ਔਰਤਾਂ ਖਾਣਾ ਬਣਾਉਦੀਆਂ ਹਨ ਤਾਂ ਅਖੌਤੀ ਉੱਚ ਜਾਤਾਂ ਦੇ ਬੱਚੇ ਖਾਣਾ ਨਹੀ ਖਾਂਦੇ। ਨੌਜਵਾਨ ਤੇ ਮੁਟਿਆਰਾਂ ਬਾਲਗ ਹੋਣ 'ਤੇ ਵੀ ਮਨ ਪਸੰਦ ਨਾਲ ਸ਼ਾਦੀ ਨਹੀ ਕਰ ਸਕਦੇ। ਐਸ ਸੀ ਕਮਿਸ਼ਨ ਅਨੁਸਾਰ ਹਰ ਸਾਲ ਇਕ ਲੱਖ ਤੋਂ ਵੱਧ ਅੱਤਿਆਚਾਰ ਦਲਿਤਾਂ 'ਤੇ ਹੁੰਦੇ ਹਨ। ਔਰਤਾਂ 'ਤੇ ਲਗਾਤਾਰ ਬਲਾਤਕਾਰ ਤੇ ਅੱਤਿਆਚਾਰ ਜਾਰੀ ਹਨ ਤੇ ਅੱਤਿਆਚਾਰਾਂ ਨੂੰ ਠਿੱਲ੍ਹ ਨਹੀ ਪੈ ਰਹੀ।
ਕਰੋੜਾਂ ਲੋਕ ਬੋਰੋਜ਼ਗਾਰ
ਨਿੱਜੀਕਰਨ ਕਾਰਨ ਦੇਸ਼ ਚ ਬੇਰੋਜ਼ਗਾਰਾਂ ਦੀ ਗਿਣਤੀ 10.7 ਕਰੋੜ ਤੋਂ ਵੱਧ ਗਈ ਹੈ। 90 ਫ਼ੀਸਦੀ ਲੋਕ ਅਸੁਰੱਖਿਅਤ ਅਤੇ ਅਢੁੱਕਵੇਂ ਰੁਜ਼ਗਾਰ 'ਤੇ ਜੀਵਨ ਗੁਜਾਰ ਰਹੇ ਹਨ। ਦੇਸ਼ ਵਿੱਚ 28 ਕਰੋੜ ਮਜਦੂਰ ਅਜਿਹੇ ਹਨ ਜਿਹੜੇ ਕੰਮ ਕਰਨ ਦੇ ਇਛੁੱਕ ਹਨ ਪਰ ਉਨ੍ਹਾਂ ਨੂੰ ਕੋਈ ਵੀ ਕੰਮ ਨਹੀ ਮਿਲ ਰਿਹਾ। ਤਾਜਾ ਰਿਪੋਰਟ ਅਨੁਸਾਰ ਦੇਸ਼ 'ਚ ਕੋਈ 70 ਹਜਾਰ ਤੋਂ ਇਕ ਲੱਖ ਮਜ਼ਬੂਰ ਔਰਤਾਂ ਅਤੇ ਕੁੜੀਆਂ ਰੋਟੀ ਖਾਤਰ ਰੋਜਾਨਾਂ ਵੇਸ਼ਵਾਵਾਂ ਬਣਕੇ ਪੇਟ ਭਰਦੀਆਂ ਹਨ।
ਕਰੋੜਾਂ ਪੀੜ੍ਹੀ ਦਰ ਪੀੜ੍ਹੀ ਬੰਧੂਆ ਮਜ਼ਦੂਰ 
ਦੇਸ਼ ਵਿੱਚ ਕਰੋੜਾਂ ਪੀੜ੍ਹੀ ਦਰ ਪੀੜ੍ਹੀ ਪੀੜ੍ਹੀ ਦਰ ਪੀੜ੍ਹੀ ਬੰਧੂਆ ਮਜ਼ਦੂਰ ਹਨ। ਜਿਹਨਾਂ ਬਾਲਾਂ ਦਾ ਖੇਡਣਾ ਮੱਲ੍ਹਣਾ ਮਨ ਦਾ ਚਾਓ ਹੋਣਾ ਚਾਹੀਦਾ ਹੈ, ਉਹਨਾਂ ਬਾਲਾਂ ਨੂੰ ਪੇਟ ਪੂਜਾ ਦੇ ਸੰਧੇ ਪਏ ਹੋਏ ਹਨ। ਜਿਹਨਾਂ ਹੱਥਾਂ 'ਚ ਵਿੱਦਿਆ ਪ੍ਰਾਪਤ ਕਰਨ ਲਈ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ, ਉਹਨਾਂ ਹੱਥਾਂ 'ਚ ਧੋਣ ਲਈ ਜੂਠੇ ਭਾਂਡੇ ਤੇ ਝਾੜੂ ਹਨ। ਉਹ ਦਿਨ ਰਾਤ ਚਾਹ ਦੀਆਂ ਦੁਕਾਨਾਂ, ਢਾਬਿਆਂ, ਕਿਰਆਨਾ ਦੁਕਾਨਾਂ, ਕੋਠੀਆਂ ਅਤੇ ਫੈਕਟਰੀਆਂ ਵਿੱਚ ਝਿੜਕਾਂ ਖਾਂਦੇ ਹਨ। ਬਜੁਰਗਾਂ ਦਾ ਬੁਢਾਪਾ ਰੁਲ ਰਿਹਾ ਹੈ। ਦਵਾਈ ਦਾਰੂ ਤਾਂ ਕੀ, ਉਹ ਤਾਂ ਪੇਟ ਪੂਜਾ ਲਈ ਪੈਰ ਪੈਰ 'ਤੇ ਠੋਕਰਾਂ ਖਾਂਦੇ ਹਨ। ਕਈ ਤਾਂ ਮਜ਼ਬੂਰੀ 'ਚ ਮੰਗਦੇ ਫਿਰਦੇ ਹਨ।
ਹਰ ਪਾਸੇ ਰਿਸ਼ਵਤਖੋਰੀ ਦਾ ਬੋਲ ਬਾ
ਰਾਸ਼ਨ ਡੀਪੂ, ਰਿਸ਼ਵਤ ਖੋਰੀ ਅਤੇ ਘਟੀਆਂ ਮਾਲ ਵੇਚਣ ਦੇ ਅੱਡੇ ਹਨ। ਰੋਜ਼ਾਨਾਂ ਖਾਣ ਵਾਲੀਆਂ ਚੀਜ਼ਾਂ ਘਟੀਆ ਤੇ ਮਿਲਾਵਟ ਵਾਲੀਆਂ ਦਿੱਤੀਆਂ ਜਾਂਦੀਆਂ ਹਨ। ਸਿੱਟੇ ਵਜੋਂ ਦਲਿਤ ਸ਼ੋਸ਼ਿਤ ਗਰੀਬ ਮਜ਼ਦੂਰ ਕਿਸਾਨ ਬਿਮਾਰੀਆਂ ਦਾ ਸ਼ਿਕਾਰ ਹਨ। ਅੱਤ ਦੀ ਗਰੀਬੀ ਕਾਰਨ ਉਹ ਮਹਿੰਗੇ ਪ੍ਰਾਈਵੇਟ ਹਸਪਤਾਲਾਂ 'ਚੋ ਇਲਾਜ ਕਰਾਉਣ ਦੇ ਅਸਮਰਥ ਹਨ। ਸਰਕਾਰੀ ਹਸਪਤਾਲਾਂ ਦਾ ਬਿਲਕੁਲ ਸਰਿਆ ਹੋਇਆ ਹੈ। ਡਾਕਟਰ-ਕੈਮਿਸਟਾਂ ਤੋਂ ਕਮਿਸ਼ਨ ਲੈਂਦੇ ਹਨ।
ਨੌਜਵਾਨਾਂ ਨੂੰ ਨਸ਼ਈ ਬਣਾ ਕੇ ਨਚਾਇਆ ਜਾ ਰਿਹਾ
ਪੈਦਾਵਾਰ ਦੇ ਸਾਧਨਾਂ ਉੱਤੇ ਕਾਬਜ ਧਨਾਡ ਲੋਕ ਇਕ ਕਮੀਨੀ ਸਾਜਿਸ਼ ਤਹਿਤ ਅਪਣੇ ਵੱਧ ਤੋਂ ਵੱਧ ਮੁਨਾਫੇ ਵਾਸਤੇ, ਮਜਦੂਰਾਂ ਤੋਂ ਸਰੀਰਕ ਯੋਗਤਾ ਤੋਂ ਵੱਧ ਕੰਮ ਲੈਣ ਲਈ ਪਹਿਲਾਂ ਉਹਨਾਂ ਨੂੰ ਪੱਲਿਓਂ ਨਸ਼ੇ ਖੁਆ ਕੇ ਸਿਰਫ ਜਾਨਵਰਾਂ ਵਾਂਗ ਵਾਹੁੰਦੇ ਹੀ ਨਹੀ ਬਲਕਿ ਉਹਨਾਂ ਨੂੰ ਨਸ਼ਈ ਵੀ ਬਣਾਉਦੇ ਹਨ। ਇੰਨਾ ਹੀ ਨਹੀ, ਗਮਾਂ 'ਚ ਗਮਗੀਨ, ਗਰੀਬ ਤੇ ਲਾਚਾਰ ਲੋਕਾਂ ਨੂੰ ਅਸਲੀਅਤ ਤੋਂ ਪਰੇ ਲਿਜਾਣ ਲਈ, ਲੋਟੂ ਜਮਾਤਾਂ ਵਲੋਂ ਆਰਕੈਸਟਰਾ ਦੀਆਂ ਵਿਸ਼ੇਸ਼ ਤਰਜਾਂ ਰਾਹੀਂ, ਭੋਲੇ ਭਾਲੇ ਨੌਜਵਾਨਾਂ ਨੂੰ ਭੜਕਾ ਕੇ, ਭੰਗੜੇ ਪੁਆ ਕ,ੇ ਅਖੌਤੀ ਖੁਸ਼ੀ ਦਾ ਪ੍ਰਗਟਾਵਾ ਕਰਕੇ, ਬੁੱਧੂ ਬਣਾਇਆ ਜਾ ਰਿਹਾ ਹੈ ਤਾਂ ਜੋ ਕਿ ਨੌਜਵਾਨਾਂ ਵਿੱਚੋਂ ਵਿਦਰੋਹ ਦੀ ਭਾਵਨਾ ਖਤਮ ਕਰਕੇ, ਉਹਨਾਂ ਨੂੰ ਸਦੀਵੀ ਗੁਲਾਮ ਰੱਖਿਆ ਜਾ ਸਕੇ। ਕਿਸੇ ਵੀ ਸਮਾਜ ਨੂੰ ਪੀੜ੍ਹੀ ਦਰ ਪੀੜ੍ਹੀ ਗੁਲਾਮ ਬਣਾਈ ਰੱਖਣ ਲਈ ਇਹ ਸਿਰੇ ਦੀ ਸਾਜਿਸ਼ ਹੈ। ਹਰ ਜੰਮਦਾ ਭਾਰਤੀ ਕਰਜਾਈ ਹੈ।  
ਵਿਸ਼ਵੀਕਰਨ, ਨਿੱਜੀਕਰਨ ਅਤੇ ਉਦਾਰੀਕਰਨ ਕਾਰਨ ਗੈਰਬਰਾਬਰੀ ਵੱਧਦੀ ਜਾ ਰਹੀ ਹੈ। ਖੇਤਰੀਵਾਦ ਵੱਧ ਰਿਹਾ ਹੈ। ਕੋਈ ਵੀ ਪਾਰਟੀ ਬਹੁਮਤ ਹਾਸਲ ਨਹੀਂ ਕਰ ਰਹੀ। ਕੁਲੀਸ਼ਨ ਸਰਕਾਰਾਂ ਬਣਦੀਆਂ ਹਨ। ਹਰ ਪਾਰਟੀ ਆਪਣੀ ਇੱਛਾ ਮਨਾਉਣੀ ਚਾਹੁੰਦੀ ਹੈ। ਲੋਕਾਂ ਦਾ ਖਿਆਲ ਨਹੀਂ, ਨੋਟਾਂ ਤੇ ਵੋਟਾਂ ਦਾ ਖਿਆਲ ਰੱਖ ਕੇ ਫੈਸਲੇ ਲਏ ਜਾਂਦੇ ਹਨ। ਆਪਾ-ਧਾਪੀ ਪਈ ਹੋਈ ਹੈ। ਸੱਤਾ 'ਤੇ ਕਾਬਜ਼ ਲੋਕ ਦੇਸ਼ ਦੇ ਹਿੱਤਾਂ ਦੀ ਬਜ਼ਾਏ ਵਿਦੇਸ਼ੀ ਹਿੱਤਾਂ ਨੂੰ ਵਧੇਰੇ ਪਹਿਲ ਦੇ ਰਹੇ ਹਨ। ਰਾਸ਼ਟਰੀ ਮੁੱਦੇ-ਗਰੀਬੀ, ਬੇਰੋਜ਼ਗਾਰੀ, ਅਨਪੜ੍ਹਤਾ, ਕੋਪੋਸ਼ਣ, ਵਿਕਾਸ ਆਦਿ ਸਭ ਜ਼ੀਰੋ ਹਨ ਪਰ ਨਿੱਜ-ਪਰਿਵਾਰ, ਸਵਾਰਥ ਹੀਰੋ ਹਨ। 
ਦੇਸ਼ ਦੇ ਸ਼ਾਸ਼ਕ ਜਿਨਾ ਧਿਆਨ ਰਾਜਨੀਤਕ ਵਿਵਸਥਾ ਵੱਲ੍ਹ ਦੇ ਰਹੇ ਹਨ, ਉਨਾਂ ਹੀ ਉਹ ਸਮਾਜਕ ਆਰਥਿਕ ਵਿਵਸਥਾ ਨੂੰ ਅਣਗੋਲਿਆ ਕਰਦੇ ਆ ਰਹੇ ਹਨ। ਜੇ ਕੋਈ ਨੀਤੀਆਂ ਜਾਂ ਪ੍ਰੋਗਰਾਮ ਆਮ ਆਦਮੀ ਲਈ ਬਣਦੇ ਵੀ ਹਨ ਤਾਂ ਦੇਸ਼ ਦੇ ਆਗੂ, ਅਫ਼ਸਰ ਅਤੇ ਦਲਾਲ ਖਾ ਜਾਂਦੇ ਹਨ। ਜਨਤਾ ਪਾਸ 15ਵਾ ਹਿੱਸਾ ਵੀ ਨਹੀ ਪਹੁੰਚਦਾ ਹੈ। ਸਿੱਟੇ ਵੱਜੋਂ ਦੇਸ਼ ਦੇ ਨੇਤਾ ਤੇ ਅਫ਼ਸਰਾਂ ਦੇ ਸੁੱਖ-ਸਵਿਧਾ 'ਚ ਤਾਂ ਵਾਧਾ ਹੋਇਆ ਪਰ ਆਮ ਆਦਮੀ ਦਾ ਜੀਵਨ ਰੋਜ਼ ਮਰਹਾ ਦੀਆਂ ਮਸੀਬਤਾਂ 'ਚ ਜਕੜਿਆ ਪਿਆ ਹੈ। ਮਜ਼ਦੂਰ, ਕਿਸਾਨ ਮਹਿੰਗਾਈ 'ਚ ਕਰਲਾ ਰਿਹਾ ਹੈ, ਮੁਲਾਜਮ ਡਾਂਗਾਂ ਖਾ ਰਿਹਾ ਹੈ। ਲਾ ਪਾ ਕੇ ਸਥਿਤੀ ਇਹ ਹੋ ਗਈ ਹੈ ਕਿ ਰਾਜ ਵਿਵਸਥਾ ਹੀ ਲੋਕ ਦੁਸ਼ਮਣ ਸਾਬਤ ਹੋ ਰਹੀ ਹੈ। ਵਿਵਸਥਾ ਪ੍ਰੀਵਰਤਨ ਦੀ ਇਹ ਲੜਾਈ ਹੁਣ ਕਿਸੇ ਇਕ ਪਾਰਟੀ ਦੇ ਵੱਸ ਦੀ ਨਹੀ ਰਹੀ, ਇਹ ਸਭ ਮੇਹਨਤਕਸ਼ਾਂ, ਬੁੱਧੀਜੀਵੀਆਂ ਤੇ ਦੇਸ਼ ਭਗਤਾਂ ਨੂੰ ਮਿਲ ਕੇ ਲੜਨੀ ਪੈਣੀ ਹੈ। 
 ਅਜਿਹੇ ਹਾਲਾਤਾਂ ਵਿੱਚ ਹੀ ਗੁਰੂ ਰਵਿਦਾਸ ਜੀ ਨੇ ਸਾਮਰਾਜੀ, ਸਮੰਤੀ ਅਤੇ ਬ੍ਰਾਹਮਣਵਾਦੀ ਅੱਤਿਆਚਾਰੀ ਰਾਜਨੀਤੀ ਅਤੇ ਮਜ਼ਹਬੀ ਜਨੂਨ ਦਾ ਮੁਕਾਬਲਾ ਕਰਨ ਲਈ ਲੋਕਾਂ ਨੂੰ ਜਾਗਰਿਤ ਕਰਕੇ, ਅਣਗਿਣਤ ਔਕੜਾਂ ਦੇ ਬਾਵਜੂਦ ਵੀ ਮਾਨਵ ਧਰਮ ਅਤੇ ਬੇਗਮਪੁਰਾ ਸਵੈਰਾਜ ਵਾਸਤੇ ਜੀਵਨ ਭਰ ਸੰਘਰਸ਼ ਕੀਤਾ। ਗੁਰੂ ਜੀ ਕਹਿੰਦੇ, ਗੁਲਾਮੀ ਤੋਂ ਵੱਡਾ ਕੋਈ ਪਾਪ ਨਹੀ। ਇਸ ਲਈ ਗੁਲਾਮੀ ਨੂੰ ਗਲੋਂ ਲਾਉਣਾ ਚਾਹੀਦਾ ਹੈ। ਜਿੰਨਾ ਚਿਰ ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੁੰਦਾ ਤਦ ਤੱਕ ਉਹ ਬਗਾਵਤ ਨਹੀਂ ਕਰਦਾ। ਜਦ ਤੱਕ ਗੁਲਾਮ ਬਗਾਵਤ ਨਹੀਂ ਕਰਦਾ ਤਦ ਤੱਕ ਕੋਈ ਰਾਜ ਨਹੀਂ ਮਿਲਦਾ। ਰਾਜ ਨਹੀਂ ਤਾਂ ਸੁੱਖ ਨਹੀਂ, ਸੁੱਖ ਨਹੀਂ ਤਾਂ ਦੁੱਖ ਹੀ ਦੁੱਖ ਹੈ। ਇਸ ਲਈ ਸ਼ੋਸ਼ਿਤ ਸਮਾਜ ਨੂੰ ਗੁਲਾਮੀ ਵਿਰੁੱਧ ਬਗਾਵਤ ਕਰਨੀ ਚਾਹੀਦੀ ਹੈ। ਆਪਣਾ ਰਾਜ ਲੈਣਾ ਚਾਹੀਦਾ ਹੈ। ਗੁਰੂ ਰਵਿਦਾਸ ਜੀ ਦਾ ਅਜ਼ਾਦੀ,ਸਮਾਨਤਾ, ਭਾਈਚਾਰਾ ਅਤੇ ਨਿਆਂ ਅਧਾਰਤ ਬੇਗਮਪੁਰਾ ਸਮਾਜ  ਇਸੇ ਸੰਸਾਰ ਵਿੱਚ, ਇਸੇ ਧਰਤੀ ਉੱਤੇ, ਇਸੇ ਜੀਵਨ ਵਿੱਚ ਵਸਾਉਣ ਲਈ ਜਥੇਬੰਦ ਹੋਣਾ ਚਾਹੀਦਾ ਹੈ। 
(ਬੇਗ਼ਮਪੁਰਾ ਬਾਰੇ ਵਿਸਥਾਰ ਜਾਣਕਾਰੀ ਲਈ ਤੁਸੀ ਮੇਰਾ ਖੋਜ ਨਿਬੰਧ 'ਬੇਗ਼ਮਪੁਰਾ ਸੰਗਰਾਂਮ' ਪੜ੍ਹ ਸਕਦੇ ਹੋ)


ਐਸ ਐਲ ਵਿਰਦੀ ਐਡਵੋਕੇਟ,
ਸਿਵਲ ਕੋਰਟਸ ਫਗਵਾੜਾ, ਪੰਜਾਬ।
ਫੋਨ: 01824 265887, 98145 17499

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਤੇ ਅਦਾਰਾ www.upkaar.com ਵਲੋਂ ਵਿਰਦੀ ਜੀ ਦਾ ਧੰਨਵਾਦ ਹੈU