HOME PAGE


ਅਜਾਦੀ ਦੇ 65 ਸਾਲ ਬਾਅਦ ਵੀ ਦਲਿਤ ਅਛੂਤ ਹੀ ਹਨ
ਐਸ ਐਲ ਵਿਰਦੀ ਐਡਵੋਕੇਟ

ਅਜ਼ਾਦੀ ਅੰਦੋਲਨ ਦੇ ਦਰਮਿਆਨ ਕਾਂਗਰਸ, ਨਹਿਰੂ ਅਤੇ ਗਾਂਧੀ ਜੀ ਨੇ ਦੇਸ਼ ਵਾਸੀਆਂ ਨਾਲ ਵਾਇਦਾ ਕੀਤਾ ਸੀ ਕਿ ਅਜ਼ਾਦ ਭਾਰਤ ਵਿੱਚ ਸਭ ਲਈ ਰੋਟੀ, ਕੱਪੜੇ ਤੇ ਮਕਾਨ ਦਾ ਪ੍ਰਬੰਧ ਹੋਵੇਗਾ। ਨਾ ਕੋਈ ਮਾਲਕ ਹੋਵੇਗਾ ਤੇ ਨਾ ਹੀ ਕੋਈ ਨੌਕਰ ਹੋਵੇਗਾ। ਨਾ ਕੋਈ ਜਿਮੀਂਦਾਰ ਹੋਵੇਗਾ ਤੇ ਨਾ ਹੀ ਕੋਈ ਮਜਾਹਰਾ ਹੋਵੇਗਾ। ਨਾ ਕੋਈ ਉੱਚ ਹੋਵੇਗਾ ਤੇ ਨਾ ਹੀ ਕੋਈ ਨੀਚ ਹੋਵੇਗਾ, ਸਭ ਭਾਰਤੀ ਸਮਾਨ ਹੋਣਗੇ। ਗਾਂਧੀ ਜੀ ਨੇ ਤਾਂ ਇਹ ਵੀ ਵਾਇਦਾ ਕੀਤਾ ਸੀ ਕਿ ਅਜ਼ਾਦ ਭਾਰਤ ਦਾ ਪਹਿਲਾ ਰਾਸ਼ਟਰਪਤੀ ਭੰਗੀ ਹੋਵੇਗਾ।
ਦੇਸ਼ ਆਜ਼ਾਦ ਹੋਇਆ ਸੰਵਿਧਾਨ ਘਾੜਿਆ ਨੇ ਵਿਵਸਥਾ ਨੂੰ ਬਦਲ ਕੇ ਨਵੇਂ ਸਮਾਜ ਦੀ ਸਿਰਜਨਾ ਲਈ ਸੰਵਿਧਾਨ ਦੇ ਅਨੁਛੇਦ 17 ਰਾਂਹੀ ਜਾਤਪਾਤ ਅਧਾਰਤ ਛੂਆ-ਛਾਤ ਨੂੰ ਅਪਰਾਧ ਘੋਸ਼ਿਤ ਕੀਤਾ। ਸੰਵਿਧਾਨ ਦੇ ਅਨੁਛੇਦ 38, 39, 41, 42 ਰਾਹੀਂ ਭਾਰਤ ਵਿਚ ਇਕ ਨਵੀਂ ਸਮਾਜ ਵਿਵਸਥਾ ਲਈ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਕਿ ਰਾਜ ਅਜਿਹੀ ਸਮਾਜਿਕ ਵਿਵਸਥਾ ਦਾ ਨਿਰਮਾਣ ਕਰਨ ਦਾ ਯਤਨ ਕਰੇਗਾ, ਜਿਸ ਵਿਚ ਸਭ ਨਾਗਰਿਕਾਂ ਨੂੰ ਰਾਸ਼ਟਰੀ ਜੀਵਨ ਦੀਆਂ ਸਾਰੀਆਂ ਸੰਸਥਾਵਾਂ ਵਿਚ ਸਮਾਜਿਕ, ਆਰਿਥਕ ਅਤੇ ਰਾਜਨੀਤਕ ਨਿਆਂ ਪ੍ਰਾਪਤ ਹੋਵੇ। ਅਨੁਛੇਦ 46 ਰਾਂਹੀ ਸਮਾਜਿਕ ਅਤੇ ਆਰਥਿਕ ਨਿਆਂ ਲਈ ਸਰਕਾਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਰਾਜ ਕਮਜੋਰ ਵਰਗ ਦੇ ਲੋਕਾਂ ਖਾਸ ਕਰ ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਦੀ ਸਿੱਖਿਆ ਅਤੇ ਆਰਥਿਕ ਹਿੱਤਾਂ ਅਤੇ ਸਮਾਜਿਕ ਅਨਿਆਂ ਅਤੇ ਹਰ ਪ੍ਰਕਾਰ ਦੇ ਸ਼ੋਸ਼ਣ ਤੋਂ ਉਨ੍ਹਾਂ ਦੀ ਰੱਖਿਆ ਕਰੇਗਾ। 
ਹਰ ਸਾਲ ਬੜੇ ਮਾਨ ਤੇ ਜੋਸ਼ ਨਾਲ ਦੇਸ਼ ਵਾਸੀ 15 ਅਗਸਤ ਨੂੰ ਇਕ ਉਤਸਵ ਤੌਰ 'ਤੇ ਮਨਾਉਂਦੇ ਹਨ। ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਵਿਕਾਸ ਦੇ ਮੀਲ ਪੱਥਰ ਗੱਡਦੇ ਹਨ ਅਤੇ ਅੱਗੋਂ ਭਾਰਤ ਨੂੰ ਚਮਕਾਉਣ ਦੇ ਪੈਗਾਮ ਦਿੰਦੇ ਹਨ। ਪ੍ਰੰਤੂ ਪਿੱਛਲੇ ਦਿਨੀ ਅਦਾਕਾਰ ਆਮਿਰ ਖਾਨ ਦੇ ਸੀਰੀਅਲ 'ਸਤਿਯਮੇਵ ਜਯਤੇ' ਰਾਂਹੀ ਅਜ਼ਾਦੀ ਦੇ 65 ਸਾਲ ਬਾਅਦ ਵੀ ਉਸਰ ਰਹੀ ਨਵੀਂ ਸਮਾਜ ਵਿਵਸਥਾ 'ਚ ਦਲਿਤਾਂ ਨਾਲ ਪੈਰ ਪੈਰ 'ਤੇ ਹੋ ਰਿਹਾ ਦੁਰਵਿਵਹਾਰ ਤੇ ਡਰਉਣੀ ਸਥਿਤੀ ਜੋ ਸਾਹਮਣੇ ਆਈ ਹੈ ਉਸ ਨੇ ਸਮੁੱਚੇ ਦੇਸ਼ ਨੂੰ ਹੀ ਨਹੀ, ਸਮੁੱਚੀ ਮਾਨਵਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਗਾਂਧੀ ਜੀ ਅਨੁਸਾਰ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣਾਏ ਜਾਣ ਵਾਲੇ ਵਾਲਮੀਕਿ ਸਮਾਜ ਦੀ ਹਾਲਤ ਅਤੇ ਪ੍ਰਧਾਨ ਮੰਤਰੀ ਦੇ ਵਿਸ਼ਵ ਸ਼ਕਤੀ ਬਣਨ ਦੇ ਦਾਹਵੇ 'ਚ ਕਿੰਨਾ ਦਮ ਹੈ ਉਹ ਜੱਗ ਜਾਹਰ ਹੋ ਗਿਆ ਹੈ। ਦੇਸ਼ ਅਸਲ 'ਚ ਅੱਜ ਵੀ ਕਿੱਥੇ ਖੜ੍ਹਾ ਹੈ ਉਸ ਦਾ ਅੰਦਾਜਾ ਹੇਠ ਲਿੱਖੀਆ ਘਟਨਾਵਾਂ ਤੋਂ ਤੁਸੀ ਖੁੱਦ ਲਗਾ ਸਕਦੇ ਹੋ।   
ਕਰਨਾਟਕਾ ਦੇ ਗੁਲਬਰਗਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਬੰਦੀਅੱਪਾ ਨਾਂ ਦੀ ਇਕ ਦਲਿਤ ਔਰਤ ਨੂੰ ਦਫਨਾਇਆ ਜਾ ਰਿਹਾ ਸੀ, ਤਾਂ ਉੱਚ-ਜਾਤੀ ਲੋਕਾਂ ਨੇ ਆ ਕੇ ਦਲਿਤਾਂ ਨੂੰ ਜਬਰੀ ਰੋਕ ਦਿੱਤਾ ਕਿ ਇਥੇ ਦਲਿਤ ਦਾ ਸੰਸਕਾਰ ਨਹੀ ਹੋ ਸਕਦਾ। ਫਿਰ ਉਸ ਦੇ ਸਬੰਧੀਆਂ ਨੇ ਬੰਦੀਅੱਪਾ ਦੀ ਮ੍ਰਿਤਕ ਦੇਹ ਨੂੰ ਆਮ ਰਸਤੇ 'ਤੇ ਸਾੜਨ ਦਾ ਯਤਨ ਕੀਤਾ ਪਰ ਲੱਕੜਾਂ ਦੀ ਘਾਟ ਕਾਰਨ ਲਾਸ਼ ਪੂਰੀ ਤਰ੍ਹਾਂ ਸੜ ਨਾ ਸਕੀ ਤਾਂ ਉਹ ਬੰਦੀਅੱਪਾ ਦੀ ਅੱਧੀ ਸੜੀ ਹੋਈ ਲਾਸ਼ ਨੂੰ ਇੱਕ ਨਾਲੋ ਕੋਲ ਦਫਨਾਉਣ ਲਈ ਲੈ ਗਏ। ਨਾਲੇ ਦੇ ਨਾਲ ਉੱਚ ਜਾਤ ਦੇ ਲਿੰਗਾਯਤਾਂ ਦੀ ਜ਼ਮੀਨ ਲਗਦੀ ਸੀ, ਉਹਨਾਂ ਨੇਂ ਉਥੋਂ ਜ਼ਬਰੀ ਉਹਨਾਂ ਨੂੰ ਦਫਨਾਉਣ ਤੋਂ ਰੋਕ ਦਿੱਤਾ। ਉਹਨਾਂ ਦੀ ਦਲੀਲ ਸੀ ਕਿ ਜੇ ਸਾਡੀ ਜ਼ਮੀਨ ਦੇ ਕੋਲ ਇੱਕ ਦਲਿਤ ਨੂੰ ਦਫਨਾਇਆ ਜਾਵੇਗਾ ਤਾਂ ਸਾਡੀ ਸਾਰੀ ਜ਼ਮੀਨ ਭਿੱਟੀ ਜਾਵੇਗੀ। ਇਸ ਤਰ੍ਹਾਂ ਬੰਦੀਅੱਪਾ ਦੀ ਲਾਸ਼ ਥਾਂ ਥਾਂ ਰੁਲਦੀ ਰਹੀ।  
ਗੁਜਰਾਤ 'ਚ ਆਏ ਭੂਚਾਲ ਸਮੇਂ ਹਜਾਰਾਂ ਲੋਕੀ ਮਾਰੇ ਗਏ, ਪਿੰਡਾਂ ਦੇ ਪਿੰਡ ਤਬਾਹ ਹੋ ਗਏ ਪਰ ਜਾਤ ਖਤਮ ਨਾ ਹੋਈ। ਇਸ ਬਿਪਤਾ ਦੀ ਘੜੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲ੍ਹੋਂ ਜਦੋਂ ਲੰਗਰ ਵਰਤਾਉਣਾ ਸ਼ੁਰੂ ਹੋਇਆ ਤਾਂ  ਲੋਕ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਲੱਗੇ। ਪ੍ਰੰਤੂ ਕੁੱਝ ਲੋਕ ਲੰਗਰ ਛਕਣ ਨਹੀਂ ਆਏ। ਉਹ ਦੂਰ ਖੜ੍ਹੇ ਰਹੇ। ਪਤਾ ਕਰਨ ਤੇ ਭੁੱਖ ਨਾਲ ਮਾਰੇ ਮਾਰੇ ਫਿਰਦੇ ਲੋਕਾਂ ਨੇ ਫਖ਼ਰ ਨਾਲ ਕਿਹਾ ਕਿ ਉਹ ਕਥਿਤ ਛੋਟੀ ਜਾਤ ਦੇ ਲੋਕਾਂ ਨਾਲ ਇੱਕੋ ਪੰਗਤ ਵਿੱਚ ਬੈਠ ਕੇ ਖਾਣਾ ਨਹੀਂ ਖਾਣਗੇ। ਉਹਨਾਂ ਸਪਸ਼ਟ ਕੀਤਾ ਕਿ ਭਿੱਟੇ ਜਾਣ ਨਾਲੋ ਉਹਨਾਂ ਨੂੰ ਲੰਗਰ ਨਾ ਖਾਣਾ ਮੰਜੂਰ ਹੈ। 
ਇੰਡੋਨੇਸ਼ੀਆ ਦੇ ਸੁਮਾਤਰਾ ਦੀਪ 'ਚੋਂ 26 ਦਸੰਬਰ 2002 ਨੂੰ ਉਠੀਆਂ ਸੁਨਾਮੀ ਲਹਿਰਾਂ ਨੇ ਦੇਸ਼, ਪ੍ਰਦੇਸ਼, ਗਰੀਬ, ਅਮੀਰ, ਧਰਮ, ਨਸਲ ਅਤੇ ਜਾਤੀ ਦੀ ਪਰਵਾਹ ਕੀਤੇ ਬਿਨਾਂ ਧਰਤੀ ਦੇ ਇੱਕ ਵੱਡੇ ਹਿੱਸੇ ਦੀ ਹੱਸਦੀ ਵੱਸਦੀ ਦੁਨੀਆਂ ਨੂੰ ਦਰੜ ਕੇ ਰੱਖ ਦਿੱਤਾ ਮੰਦਰ, ਮਸਜਦ, ਚਰਚ ਅਤੇ ਸਭ ਧਾਰਮਕ ਸਥਾਨਾਂ ਨੂੰ ਤਹਿਸ ਨਹਿਸ ਕਰ ਦਿੱਤਾ। ਵੱਡੀਆਂ ਤੋਂ ਵੱਡੀਆਂ ਇਮਾਰਤਾਂ ਨੂੰ ਢਹਿ ਢੇਰੀ ਕਰ ਦਿੱਤਾ। ਵੱਡੇ ਤੋਂ ਵੱਡੇ ਸਮੁੰਦਰੀ ਜ਼ਹਾਜ਼ਾਂ ਨੂੰ ਸੁਨਾਮੀ ਲਹਿਰਾਂ ਦੇ ਥਪੇੜਿਆਂ ਨੇ ਗਰਕ ਕਰ ਦਿੱਤਾ। ਇਸ ਸਮੁੰਦਰੀ ਭੂਚਾਲ 'ਚ ਲੱਖਾਂ ਲੋਕ ਮਾਰੇਂ ਗਏ, ਲੱਖਾਂ ਆਪਣੇ ਘਰਾਂ ਤੋਂ ਬੇਘਰ ਹੋ ਗਏ, ਪਰ ਦੁੱਖ ਦੀ ਗੱਲ ਹੈ ਕਿ ਇਹ ਅਥਾਹ ਤਾਕਤਵਰ ਲਹਿਰਾਂ ਵੀ ਜਾਤ ਪਾਤ ਅਤੇ ਛੂਆ ਛਾਤ ਨੂੰ ਮਾਰਨ 'ਚ ਬਿਲਕੁਲ ਨਾਕਾਮ ਰਹੀਆਂ। ਸੁਨਾਮੀ ਲਹਿਰਾਂ ਦੀ ਅੱਤ ਦੀ ਆਫਤ ਸਮੇਂ ਵੀ ਬਹੁਤ ਸਾਰੇ ਪਿੰਡਾਂ ਵਿਚ ਉੱਚੀਆ ਜਾਤਾਂ ਦੇ ਲੋਕਾਂ ਨੇ ਦਲਿਤਾਂ ਨਾਲ ਗੈਰ ਇਨਸਾਨੀਅਤ ਸਲੂਕ ਕੀਤਾ ਤੇ ਰਾਹਤ ਕੈਂਪਾਂ ਵਿੱਚੋਂ ਦਲਿਤਾਂ ਨੂੰ ਦੂਰ ਭਜਾ ਦਿੱਤਾ। ਦਲਿਤਾਂ ਨੂੰ ਸਾਰੀ ਸਾਰੀ ਰਾਤ ਸੜਕਾਂ 'ਤੇ ਖੁੱਲ੍ਹੇ ਅਸਮਾਨ ਹੇਂਠ ਕੱਟਣੀ ਪੈਂਦੀ ਸੀ। ਦਲਿਤਾਂ ਨੂੰ ਯੂਨੀਸੈਫ ਦੇ ਟੈਂਕਾਂ ਤੋਂ ਪਾਣੀ ਨਹੀਂ ਲੈਣ ਦਿੱਤਾ ਗਿਆ ਤਾਂ ਕਿ ਟੈਂਕ ਭਿੱਟੇ ਨਾ ਜਾਣ। ਜਾਨ ਮਾਲ ਦੀ ਇੰਨੀ ਭਿਆਨਕ ਤਬਾਹੀ ਦੇ ਬਾਵਜੂਦ ਵੀ ਜਾਤ ਜਿੰਦਾ ਰਹੀ। 
ਰਾਜਸਥਾਨ ਦੇ ਜ਼ਿਲ੍ਹਾ ਬਾੜਮੇਰ ਅਤੇ ਜੈਸਲਮੇਰ 'ਚ ਪਿਛਲੇ ਸਮੇਂ ਆਏ ਹੜ੍ਹਾਂ ਕਾਰਨ ਪਿੰਡਾਂ ਦੇ ਪਿੰਡ ਪਾਣੀ ਵਿੱਚ ਡੁੱਬ ਗਏ। ਲੋਕ ਅਤੇ ਜਾਨਵਰ ਨਦੀਆਂ ਵਿੱਚ ਹੜ੍ਹ ਗਏ। ਸੈਂਕੜੇ ਲੋਕ ਤੇ ਜਾਨਵਰ ਹੜ੍ਹਾਂ ਵਿੱਚ ਮਾਰੇ ਗਏ। ਲੋਕਾਂ ਨੇ ਟਿੱਬਿਆਂ ਅਤੇ ਉੱਚ ਥਾਵਾਂ ਉੱਤੇ ਚੜ੍ਹ ਕੇ ਜਾਨਾਂ ਬਚਾਈਆਂ। ਲੋਕ ਕਈ ਕਈ ਦਿਨ ਭੁੱਖਣ ਭਾਣੇ ਰਹੇ। ਬੱਚੇ ਦੁੱਧ ਲਈ ਵਿਲਕਦੇ ਰਹੇ। ਜਾਨ ਮਾਲ ਦਾ ਵੱਡੇ ਪੱਧਰ ਉੱਤੇ ਭਾਰੀ ਨੁਕਸਾਨ ਹੋਇਆ। ਘਰਾਂ ਵਿੱਚੋਂ ਪਾਣੀ ਕੱਢਣ ਲਈ ਸਰਕਾਰ ਨੂੰ 50 ਤੋਂ 70 ਹਾਰਸਪਾਵਰ ਦੇ ਪੰਪ ਲਾਉਣੇ ਪਏ। ਪ੍ਰੰਤੂ ਹੜ੍ਹਾਂ ਕਾਰਨ ਉੱਜੜੇ ਲੋਕਾਂ ਲਈ ਬਣੇ ਰਾਹਤ ਕੈਂਪਾਂ ਵਿੱਚੋਂ ਉੱਚ ਜਾਤੀ ਲੋਕਾਂ ਨੇ ਦਲਿਤਾਂ ਨੂੰ ਡਰਾ ਧਮਕਾ ਕੇ ਭਜਾਇਆ ਗਿਆ। ਉਹਨਾਂ ਨੂੰ ਸਾਂਝੀ ਰਸੋਈ, ਬਾਥਰੂਮ ਅਤੇ ਲੈਟਰੀਨ ਵਰਤਨ ਨਹੀਂ ਦਿੱਤੀਆਂ। ਇੰਨਾ ਹੀ ਨਹੀਂ ਦੁੱਖ ਸਾਂਝਾ ਹੋਣ ਦੇ ਬਾਵਜੂਦ ਵੀ ਉੱਚ ਜਾਤੀਆਂ ਦੇ ਲੋਕਾਂ ਨੇ ਦਲਿਤਾਂ ਦੇ ਘਰਾਂ ਵਿੱਚੋਂ ਸਰਕਾਰ ਵਲੋਂ ਲਾਈਆ ਮਸ਼ੀਨਾਂ ਨੂੰ ਪਾਣੀ ਨਹੀ ਕੱਢਣ ਦਿੱਤਾ। ਉੱਚ ਜਾਤੀਆਂ ਦੇ ਲੋਕਾਂ ਦੀ ਦਲੀਲ ਸੀ ਕਿ ਦਲਿਤਾਂ ਦੇ ਰਾਹਤ ਕੈਂਪਾਂ ਵਿੱਚ ਉਹਨਾਂ ਦੇ ਸਾਥ ਰਹਿਣ ਕਾਰਨ ਉਹ ਭਿੱਟੇ ਜਾਣਗੇ, ਉਹਨਾਂ ਦਾ ਧਰਮ ਭ੍ਰਿਸ਼ਟ ਹੋ ਜਾਵੇਗਾ।। 
ਕੈਮੂਰ ਜ਼ਿਲ੍ਹੇ ਦੀ ਦਲਿਤ ਪੰਚਾਇਤ ਮੁਖੀ ਦੁਮਾਰੀ ਜਿਉਂ ਹੀ 15 ਅਗਸਤ ਨੂੰ ਤਿਰੰਗਾ ਲਹਿਰਾਉਣ ਲਈ ਪੰਚਾਇਤ ਭਵਨ ਪੁੱਜੀ ਤਾਂ ਉੱਚ ਜਾਤੀਆਂ ਨੇ ਉੱਥੇ ਨਾ ਸਿਰਫ ਉਸ ਦਾ ਅਪਮਾਨ ਹੀ ਕੀਤਾ ਬਲਕਿ ਤਿਰੰਗੇ ਝੰਡੇ ਤੋਂ ਦੂਰ ਤੱਕ ਭਜਾਉਣ ਲਈ ਉਹਨਾਂ ਦਾ ਪਿੱਛਾ ਕੀਤਾ। ਮੱਧ ਪ੍ਰਦੇਸ਼ ਵਿਦਿਆਲਿਆ ਸਾਗਰ ਦੇ ਵਾਈਸ ਚਾਂਸਲਰ ਪ੍ਰਫੈਸਰ ਐਨ. ਐਸ. ਗਜਭਿਜੇ ਨੂੰ ਦਲਿਤ ਹੋਣ ਕਰਕੇ ਡਾ. ਹਰੀ ਸਿੰਘ ਦੀ ਮੂਰਤੀ ਨੂੰ ਹਾਰ ਨਹੀ ਪਹਿਨਾਉਣ ਦਿੱਤਾ ਗਿਆ। ਹਰਿਆਣੇ ਦੇ ਇਕ ਪਿੰਡ ਵਿਚ ਦਲਿਤ ਖੇਤ ਮਜਦੂਰ ਵਲ੍ਹੋਂ ਆਮ ਘੜੇ 'ਚ ਪਾਣੀ ਪੀਣ ਦੀ ਜੁਰਰਤ ਕਰਨ 'ਤੇ ਉਸ ਦਾ ਹੱਥ ਕੱਟ ਦਿੱਤਾ ਤੇ  ਰੋਹਤਾਸ ਦੇ ਸਕੂਲ ਵਿੱਚ ਮਿਡ-ਡੇ-ਮੀਲ ਬਣਾਉਣ ਵਾਲੀ ਦਲਿਤ ਔਰਤ ਨੂੰ ਸਵਰਨਾ ਨੇ ਦਬਕੇ ਮਾਰ ਮਾਰ ਕੇ ਰਸੋਈ ਵਿੱਚੋਂ ਬਾਹਰ ਕੱਢ ਦਿੱਤਾ। ਰਾਜਸਥਾਨ ਦੇ ਇਕ ਮੰਦਰ ਵਿਚ ਦਲਿਤਾਂ ਦੇ ਜਾਣ ਦੀ ਮਨਾਹੀ ਸੀ। ਐਸ. ਸੀ. ਕਮਿਸ਼ਨ ਦੇ ਚੇਅਰਮੈਨ ਡਾ. ਪੂਨੀਆ ਮੌਕਾ ਦੇਖਣ ਗਏ ਤਾਂ ਪ੍ਰਬੰਧਕਾਂ ਨੇ ਮੰਦਰ ਦੇ ਦਰਵੱਜੇ ਬੰਦ ਕਰ ਲਏ।  
ਪੰਜਾਬ ਦੇ ਸ਼ਹਿਰ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਇਕ ਪਿੰਡ 'ਚ ਦਲਿਤ ਔਰਤ ਦਾ ਸੰਸਕਾਰ ਅਖੌਤੀ ਉੱਚ ਜਾਤੀ ਲੋਕਾਂ ਨੇ ਸਾਂਝੇ ਸ਼ਮਸਾਨਘਾਟ ਵਿਚ ਨਹੀ ਹੋਣ ਦਿੱਤਾ। ਜ਼ਿਲ੍ਹਾ ਫਿਰੋਜ਼ਪੁਰ ਦੇ ਇਕ ਪਿੰਡ ਦੇ ਜਿਮੀਦਾਰਾਂ ਨੇ ਪਿੰਡ ਦੀ ਇੱਕ ਮਜ਼੍ਹਬੀ ਸਿੱਖ ਪਰਿਵਾਰ ਦੀ ਬਜ਼ੁਰਗ ਔਰਤ ਦੀ ਮ੍ਰਿਤਕ ਦੇਹ ਦਾ ਸਸਕਾਰ ਪਿੰਡ ਦੇ ਸਾਂਝੇ ਸ਼ਮਸ਼ਾਨਘਾਟ ਵਿੱਚ ਨਹੀਂ ਹੋਣ ਦਿੱਤਾ। ਸਿੱਖ ਬੀਬੀ ਦਾ ਸਰੀਰ 20 ਘੰਟੇ ਸਾਢੇ ਤਿੰਨ ਹੱਥ ਧਰਤੀ ਲਈ ਤਰਸਦਾ ਰਿਹਾ। ਇੰਨਾ ਹੀ ਨਹੀ ਜਿਮੀਦਾਰਾਂ ਨੇ ਸਸਕਾਰ ਲਈ ਇਕੱਠਾ ਕੀਤਾ ਬਾਲਣ ਸ਼ਮਸ਼ਾਨਘਾਟ ਤੋਂ ਬਾਹਰ ਵਗਾਹ ਮਾਰਿਆ। ਸ਼ਿਕਾਇਤ ਕਰਨ 'ਤੇ ਪ੍ਰਸ਼ਾਸਨਿਕ ਅਧਿਕਾਰੀਆ ਨੇ ਮੌਕੇ 'ਤੇ ਪੁੱਜ ਕੇ ਕਨੂੰਨ ਨੂੰ ਲਾਗੂ ਨਹੀ ਕੀਤਾ ਸਗੋਂ ਦਲਿਤਾਂ ਨੂੰ ਦਬਾਕੇ ਮਜ਼੍ਹਬੀ ਸਿੱਖ ਔਰਤ ਦਾ ਸਸਕਾਰ ਪਿੰਡ ਦੇ ਸਾਂਝੇ ਸ਼ਮਸ਼ਾਨਘਾਟ ਤੋਂ ਬਾਹਰ ਕਰਵਾ ਦਿੱਤਾ। ਤਰਨਤਾਰਨ ਦੇ ਇਕ ਪਿੰਡ 'ਚ ਉੱਚ ਜਾਤੀ ਜਿਮੀਦਾਰਾਂ ਨੇ ਦਲਿਤ  ਲੜਕੀ ਦਾ ਸਾਂਝੇ ਸ਼ਮਸ਼ਾਨਘਾਟ 'ਚ ਸੰਸਕਾਰ ਕਰਨ ਤੋਂ ਰੋਕ ਦਿੱਤਾ ਤਾਂ ਉਹਨਾਂ ਨੂੰ ਲਾਸ਼ ਦਰਿਆ 'ਚ ਰੋੜ੍ਹਨੀ ਪਈ। ਦਿੱਲੀ ਯੂਨੀਵਰਸਿਟੀ ਦੇ ਸਮਾਜ ਵਿਗਿਆਨੀ ਸੁਰਿੰਦਰ ਸਿੰਘ ਯੋਧਕਾ ਨੇ ਮਾਝੇ ਦੇ 51 ਪਿੰਡਾ ਦਾ ਸਰਵੇ ਕੀਤਾ ਤਾਂ ਪਾਇਆ ਕਿ 41 ਪਿੰਡਾਂ ਵਿਚ ਉੱਚ ਜਾਤੀਆਂ ਤੇ ਦਲਿਤਾਂ ਦੇ ਗੁਰਦੁਆਰੇ ਵੱਖਰੇ ਵੱਕਰੇ ਹਨ। 
ਉੜੀਸਾ ਦੇ ਕਟਕ ਇਲਾਕੇ ਦੇ ਦਿਹਾੜੀਦਾਰ ਮਜ਼ਦੂਰ ਵਿਪਨ ਗਜਰਾਈ ਦੀ ਪਤਨੀ ਗੁਰੂਵਾਰੀ ( ਜੋ ਬੱਚਾ ਪੈਦਾ ਕਰਨ ਸਮੇਂ ਮਰ ਗਈ ਸੀ) ਦੀ ਲਾਸ਼ ਦਾ ਸੰਸਕਾਰ ਨਹੀ ਹੋਣ ਦਿੱਤਾ। ਉਸ ਨੂੰ ਪਤਨੀ ਦਾ ਸੰਸਕਾਰ ਆਪਣੇ ਪਿੰਡ ਲਿਜਾ ਕੇ ਕਰਨ ਲਈ ਮਜਬੂਰ ਕੀਤਾ ਗਿਆ। ਲਾਸ਼ ਪਿੰਡ ਲਿਜਾਣ ਲਈ ਟੈਪੂ ਵਾਸਤੇ ਉਸ ਪਾਸ ਪੈਸੇ ਨਹੀ ਸਨ। ਉਸ ਠੇਕੇਦਾਰ ਤੋਂ ਉਧਾਰੇ ਪੈਸਿਆ ਲਈ ਵਾਸਤੇ ਪਾਏ ਪਰ ਉਹ ਨਾ ਮੰਨਿਆ। ਟੈਪੂ ਦੇ ਕਿਰਾਏ ਲਈ ਉਸ ਨੂੰ ਆਪਣੇ ਨਵੇਂ ਪੈਦਾ ਹੋਏ ਬੱਚੇ ਨੂੰ 12 ਸੌ ਰੁਪਏ ਵਿੱਚ ਵੇਚਣਾ ਪਿਆ। 
ਯੂ. ਪੀ. ਦੇ ਪਿਥੋਰਾਗੜ ਜਿਲੇ 'ਚ ਚਟਾਨਾ ਖਿਸਕਣ ਨਾਲ 11 ਅਗਸਤ 2004 ਦੀ ਰਾਤ ਨੂੰ ਹੋਈ ਦਰਦਨਾਕ ਤਬਾਹੀ ਦੇ ਸ਼ਿਕਾਰ ਲੋਕਾਂ ਨੂੰ ਰਾਹਤ ਪਹੁੰਚਾਉਣ ਵਾਲੇ ਮਿਸ਼ਨ 'ਚ ਲੱਗੇ ਲੋਕਾਂ ਨੇ ਨੀਚ ਜਾਤੀ ਦੇ 32 ਦਲਿਤਾਂ ਦੀਆਂ ਲਾਸ਼ਾਂ ਨੂੰ ਚੁੱਕਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਕਿ ਅਸੀਂ ਉੱਚੀ ਜਾਤੀ ਦੇ ਸਮਾਜ ਸੇਵਕ ਹਾਂ। ਅਸੀਂ ਨੀਚਾਂ ਦੀਆਂ ਲਾਸ਼ਾਂ ਕਿਵੇਂ ਉਠਾ ਸਕਦੇ ਹਾਂ? ਅਸੀਂ ਭਿੱਟੇ ਜਾਵਾਗੇ? ਦੁੱਖ ਦੀ ਗੱਲ ਇਹ ਹੈ ਕਿ ਸੁਨਾਮੀ, ਭੁਚਾਲ, ਹੜਾਂ 'ਚ ਅੱਤ ਦੀ ਤਬਾਹੀ ਨਾਲ ਲੱਖਾਂ ਲੋਕ ਅਤੇ ਘਰ ਬਾਰ ਖਤਮ ਹੋ ਗਏ ਪਰ ਜਾਤ-ਪਾਤ ਜਿੰਦਾ ਰਹੀ। ਅਜਾਦੀ ਦੇ 65 ਸਾਲ ਬਾਅਦ ਵੀ ਗੰਦਗੀ ਪਾਉਣ ਵਾਲੇ ਸਵਰਨ ਅਤੇ ਗੰਦਗੀ ਉਠਾਉਣ ਵਾਲੇ ਦਲਿਤ ਅਛੂਤ ਹੀ ਹਨ।  
ਹਿਉਮਨ ਰਾਈਟਸ ਵਾਚ ਨੇ 2005 ਦੌਰਾਨ ਗਿਆਰਾਂ ਪ੍ਰਾਂਤਾਂ ਦਾ ਸਰਵੇ ਕਰਨ ਉਪਰੰਤ ਦਲਿਤਾਂ ਉੱਤੇ ਹੋ ਰਹੇ ਅੱਤਿਆਚਾਰ ਬਾਰੇ ਜੋ ਰਿਪੋਰਟ ਦਿੱਤੀ ਹੈ ਉਸ ਵਿਚ ਕਿਹਾ ਗਿਆ ਹੈ ਕਿ 27.6 ਦਲਿਤਾਂ ਨੂੰ ਪੁਲਸ ਸਟੇਸ਼ਨਾਂ ਵਿਚ, 33 ਫ਼ੀਸਦੀ ਨੂੰ ਰਾਸ਼ਨ ਦੀਆ ਦੁਕਾਨਾਂ ਵਿਚ ਦਾਖਲ ਨਹੀ ਹੋਣ ਦਿੱਤਾ ਜਾਂਦਾ। 33 ਫੀਸਦੀ ਸਿਹਤ ਕਰਮਚਾਰੀ ਦਲਿਤਾਂ ਦੇ ਘਰੰ ਵਿਚ ਦਵਾਈ, ਤੇ 23.5 ਫੀਸਦੀ ਡਾਕੀਏ ਦਲਿਤਾਂ ਦੇ ਘਰਾਂ ਵਿਚ ਡਾਕ ਵੰਡਣ ਨਹੀ ਜਾਂਦੇ। 29.6 ਫੀਸਦੀ ਦਲਿਤਾਂ ਨੂੰ ਪੰਚਾਇਤੀ ਦਫ਼ਤਰਾਂ ਵਿਚ, 30.8 ਫੀਸਦੀ ਨੂੰ ਕੁਆਪਰੇਟਿਵ ਸੁਸਾਈਟੀਆ ਵਿਚ, 14.4 ਫੀਸਦੀ ਨੂੰ ਪੰਚਾਇਤ ਘਰਾਂ ਵਿਚ ਅਲੱਗ ਬਿਠਾਇਆ ਜਾਂਦਾ ਹੈ। ਸਰਵੇ 'ਚ ਸ਼ਾਮਲ ਕੁੱਲ ਪਿੰਡਾਂ ਵਿਚੋਂ 12 ਫੀਸਦੀ ਅਜਿਹੇ ਹਨ ਜਿੱਥੇ ਵੋਟਾਂ ਵੇਲੇ ਦਲਿਤਾਂ ਦੀਆ ਅਲੱਗ ਲਾਇਨਾਂ ਲਾਈਆ ਜਾਂਦੀਆ ਹਨ। 
ਰਿਪੋਰਟ ਅਨੁਸਾਰ ਨਿਆਂ ਕਰਨ ਵਾਲੀਆਂ ਸੰਸਥਾਵਾਂ ਨਾਗਰਿਕ ਅਧਿਕਾਰਾਂ ਦੀ ਰਾਖੀ 'ਸਿਵਲ ਰਈਟ ਪ੍ਰੋਟੈਕਸ਼ਨ ਐਕਟ' ਅਤੇ ਐਸ ਸੀ. ਐਸ ਟੀ ਜੁਲਮਾਂ ਤੋਂ ਬਚਾਅ ਐਕਟ-1989 ਅਧੀਨ ਦਲਿਤਾਂ ਦੇ ਕੇਸਾਂ ਦੀ ਪੈਰਵੀ ਨਹੀਂ ਕਰਦੀਆਂ ਭਾਰਤ ਸਰਕਾਰ ਨੇ ਜ਼ੁਲਮਾਂ ਤੋਂ ਬਚਾਅ ਐਕਟ ਬਾਰੇ 2001-02 ਦੀ ਰਿਪੋਰਟ ਅਨੁਸਾਰ ਜਿਹੜੇ ਮਾਮਲੇ ਜ਼ੁਲਮਾਂ ਤੋਂ ਬਚਾਅ ਐਕਟ ਅਧੀਨ ਰਜਿਸਟਰ ਕੀਤੇ ਗਏ, ਉਹਨਾਂ ਵਿੱਚੋਂ ਸਿਰਫ਼ 2.31 ਫ਼ੀਸਦੀ ਮਾਮਲਿਆਂ ਵਿੱਚ ਹੀ ਅਪਰਾਧੀਆਂ ਨੂੰ ਸਜ਼ਾ ਮਿਲ ਸਕੀ। ਦਲਿਤਾਂ 'ਤੇ ਹੁੰਦੇ ਭਾਰੀ ਜ਼ੁਲਮਾਂ ਦੇ ਮੁਕਾਬਲੇ ਇਹਨਾਂ ਦੇ ਅਪਰਾਧੀਆਂ ਨੂੰ ਸਜ਼ਾ ਮਿਲਣ ਦੀ ਏਨੀ ਘੱਟ ਦਰ, ਮਾਮਲੇ ਦੀ ਪੈਰਵੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਨਿਆਂ ਦੀਆਂ ਹੋਰ ਸ਼ਾਖਾਵਾਂ ਜਿਹਨਾਂ ਵਿੱਚ ਅਦਾਲਤਾਂ ਵੀ ਸ਼ਾਮਿਲ ਹਨ, ਵਿੱਚ ਭਾਰੂ ਉੱਚ ਜਾਤੀ ਗਲਬੇ ਨੂੰ ਜਾਹਰ ਕਰਦੀ ਹੈ।
ਅੱਜ ਵੀ ਦੇਸ਼ ਦੇ ਕਈ ਹਿੱਸਿਆ ਵਿੱਚ ਦਲਿਤ ਲਾੜੇ ਦੇ ਵਿਆਹ ਦੀ ਬਰਾਤ ਪਿੰਡ ਦੀਆਂ ਗਲੀਆਂ ਵਿੱਚੋਂ ਦੀ ਨਹੀਂ ਲੰਘ ਸਕਦੀ। ਸਰਵੇਖਣ ਕੀਤੇ ਗਏ 47 ਫ਼ੀਸਦੀ ਤੋਂ ਵੱਧ ਪਿੰਡਾਂ ਵਿੱਚ ਦਲਿਤ ਬਰਾਤਾਂ ਨਿਕਲਣ 'ਤੇ ਪਾਬੰਦੀ ਸੀ। ਉੱਚ ਜਾਤਾਂ ਦੇ ਹਿੰਦੂ ਬਰਾਤ ਨੂੰ ਪਿੰਡ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੰਦੇ। ਸਰਵੇਖਣ ਕੀਤੇ ਗਏ 8.4 ਫ਼ੀਸਦੀ ਪਿੰਡਾਂ ਵਿੱਚ ਦਲਿਤਾਂ ਨੂੰ ਵਿਆਹ ਕਰਨ ਲਈ ਉੱਚ-ਜਾਤਾਂ ਦੇ ਹਿੰਦੂਆਂ ਤੋਂ ਆਗਿਆ ਜ਼ਰੂਰ ਲੈਣੀ ਪੈਂਦੀ ਹੈ ਅਤੇ 10 ਫ਼ੀਸਦੀ ਹੋਰ ਪਿੰਡਾਂ ਵਿੱਚ ਦਲਿਤਾਂ ਲਈ ਆਪਣੇ ਵਿਆਹਾਂ ਵਿੱਚ ਉੱਚ-ਜਾਤਾਂ ਦੇ ਹਿੰਦੂਆਂ ਦੀਆਂ 'ਅਸੀਸਾਂ' ਲੈਣਾ ਲਾਜ਼ਮੀ ਹੈ।
ਨੈਸ਼ਨਲ ਬਿਊਰੋ ਆਫ਼ ਕਰਾਈਮ ਬ੍ਰਾਂਚ ਦੀ ਤਾਜਾ ਰਿਪੋਰਟ ਅਨੁਸਾਰ 2006 'ਚ ਦਲਿਤਾਂ 'ਤੇ ਅੱਤਿਆਚਾਰਾਂ ਦੇ 27027 ਅਪਰਾਧ ਹੋਏ। ਹਰ ਹਫ਼ਤੇ 13 ਦਲਿਤਾਂ ਦੀ ਹੱਤਿਆ, 6 ਦਲਿਤਾਂ ਦਾ ਅਪਹਰਣ,3 ਦਲਿਤਾਂ ਔਰਤਾਂ ਨਾਲ ਹਰ ਰੋਜ਼ ਬਲਾਤਕਾਰ, 11 ਦਲਿਤਾਂ ਦਾ ਹਰ ਰੋਜ਼ ਉਤਪੀੜਨ, 18 ਮਿੰਟ 'ਚ ਇੱਕ ਦਲਿਤ 'ਤੇ ਘਨੋਣਾ ਅੱਤਿਆਚਾਰ ਅਤੇ 5 ਦਲਿਤਾਂ ਦੇ ਘਰ ਬਾਰ ਸਾੜ ਦਿੱਤੇ ਜਾਂਦੇ ਹਨ। 
ਆਜ਼ਾਦੀ ਤੋਂ ਭਾਵ, ਨਵੀਂ ਸਮਾਜ ਵਿਵਸਥਾ ਦੀ ਸਿਰਜਨਾ ਕਰਨਾ ਹੈ, ਜਿਸ ਵਿਚ ਹਰ ਮਨੁੱਖ ਆਪਣੇ ਵਿਅਕਤੀਤਵ ਦਾ ਪ੍ਰਯੋਗ ਕਰ ਸਕੇ। ਕਿਉਂਕਿ ਆਜ਼ਾਦੀ ਵਿਅਕਤੀ ਅਤੇ ਸਮਾਜ ਵਿਚਕਾਰ ਸੰਤੁਲਨ ਸਥਾਪਨ ਕਰਨ ਦਾ ਸਾਧਨ ਹੈ। ਸਭ ਨਾਗਰਿਕਾਂ ਨੂੰ ਆਜ਼ਾਦੀ ਪ੍ਰਤੀ ਸਕਾਰਾਤਮਕ ਨਜ਼ਰੀਆ ਅਪਣਾਉਣਾ ਚਾਹੀਦਾ ਹੈ। ਭਾਵ ਮਨੁੱਖ ਜਿਹੋ ਜਿਹਾ ਵਰਤਓੁ ਆਪਣੇ ਲਈ ਚਾਹੁੰਦਾ ਹੈ, ਉਹੋ ਜਿਹਾ ਵਰਤਾਓ ਉਹ ਦੂਜਿਆਂ ਨਾਲ ਕਰੇ ਤਾਂ ਕਿ ਸਭ ਦੀ ਭਲਾਈ ਹੋ ਸਕੇ। ਡਾਕਟਰ ਅੰਬੇਡਕਰ ਨੇ ਦੇਸ਼ ਵਾਸੀਆ ਨੂੰ ਸੰਦੇਸ਼ ਦਿੱਦਿਆ ਕਿਹਾ ਸੀ ਕਿ ਆਜ਼ਾਦੀ ਦਾ ਅਨੰਦ ਸਮਾਨਤਾ ਵਿਚ ਸਮਾਇਆ ਹੋਇਆ ਹੈ। ਗਰੀਬਾਂ ਦੀ ਆਜ਼ਾਦੀ ਨੂੰ ਅਮੀਰਾਂ ਦੀ ਆਜ਼ਾਦੀ 'ਤੇ ਰੋਕ ਲਾ ਕੇ ਹੀ ਬਚਾਇਆ ਜਾ ਸਕਦਾ ਹੈ।
ਐਸ ਐਲ ਵਿਰਦੀ ਐਡਵੋਕੇਟ,
ਸਿਵਲ ਕੋਰਟਸ ਫਗਵਾੜਾ, ਪੰਜਾਬ।
ਫੋਨ: 01824 265887, 98145 17499