UPKAAR
WEBSITE BY SHRI GURU RAVIDAS WELFARE SOCIETY

                                       Shri Guru Ravidas Welfare Society

HOME PAGE

ਸੋਹੰ

ਸੋਹੰ

ਸਤਿਗੁਰੂ ਕਬੀਰ ਜੀ

15 ਜੂਨ, ਜਨਮ ਉਤਸਵ 'ਤੇ ਵਿਸ਼ੇਸ਼

ਸਤਿਗੁਰੂ ਕਬੀਰ ਜੀ ਵਿਵਸਥਾ ਪਰਿਵਰਤਨ ਦੇ ਅਣਥੱਕ ਯੋਧੇ ਸਨ

ਡਾ. ਐਸ ਐਲ ਵਿਰਦੀ ਐਡਵੋਕੇਟ

         ਸਤਿਗੁਰੂ ਕਬੀਰ ਜੀ ਭਾਰਤ ਦੇ ਸਭ ਤੋਂ ਵੱਧ ਸਮਾਜਿਕ ਕ੍ਰਾਂਤਿਕਾਰੀ ਸੰਤਾਂ ਵਿੱਚੋਂ ਇੱਕ ਹਨ। ਆਪ ਜੀ ਦਾ ਜਨਮ 1398 ਈ. ਨੂੰ ਬਨਾਰਸ ਵਿਖੇ ਮਾਤਾ ਨੀਮਾਂ ਜੀ ਦੀ ਕੁੱਖ ਤੋਂ ਪਿਤਾ ਨੀਰੂ ਜੀ ਦੇ ਘਰ ਹੋਇਆ। ਸਤਿਗੁਰੂ ਕਬੀਰ ਜੀ ਵਲ੍ਹੋਂ ਕੀਤੀ ਬਗ਼ਵਤ ਵਿੱਚੋਂ ਹਮਲਾਵਰੀ ਵਿਦਰੋਹ ਦੀ ਭਾਵਨਾ ਪ੍ਰਤੱਖ ਦਿਖਾਈ ਦਿੰਦੀ ਹੈ। ਉਹਨਾਂ ਵਰਣ ਵਿਵਸਥਾ ਅਤੇ ਜਾਤੀ ਪ੍ਰਥਾ ਉੱਤੇ ਇੰਨੇ ਤਿੱਖੇ ਹਮਲੇ ਕੀਤੇ ਕਿ ਉਹ ਇਸ ਲੜਾਈ 'ਚ ਸਾਰੇ ਸੁਧਾਰਵਾਦੀਆਂ ਤੋਂ ਉਹ ਮੋਹਰੀ ਹਨ। ਉਹਨਾਂ ਦੀ ਬਾਣੀ ਵਿੱਚ ਕਟਾਖਸ਼ ਹੈ। ਜੋ ਤੀਰ ਵਾਂਗ ਸਿੱਧਾ ਸੀਨੇ ਜਾ ਲੱਗਦਾ ਹੈ। ਕਬੀਰ ਜੀ ਜਾਤਪਾਤੀ ਅਧਾਰਤ ਸਮਾਜਿਕ ਵਿਵਸਥਾ ਅਤੇ ਪ੍ਰੋਹਿਤਾਂ ਦੀ ਉਚਤਾ ਨੂੰ ਵੰਗਾਰਦਿਆਂ ਕਹਿੰਦੇ ਹਨ :-

ਕਹੁ ਰੇ ਪੰਡਤ, ਬ੍ਰਾਹਮਣ ਕਬ ਕੇ ਹੋਏ। ਬ੍ਰਾਹਮਣ ਕਹਿ ਕਹਿ ਜਨਮ ਮਤਿ ਖੋਇ£

ਤੁਮ ਕਤ ਬ੍ਰਾਹਮਣ ਹਮ ਕਤ ਸੂਦ£ ਹਮ ਕਤ ਲੋਹੂ ਤੁਮ ਕਤ ਦੂਧ£

ਕਹੁ ਕਬੀਰ ਜੋ ਬ੍ਰਹਮ ਬੀਚਾਰੈ£ ਸੋ ਬ੍ਰਾਹਮਣ ਕਹੀਅਤ ਹੈ ਹਮਾਰੈ£

ਜੇ ਤੂੰ ਬ੍ਰਾਹਮਣ, ਬ੍ਰਾਹਮਣੀ ਜਾਇਆ। ਤਉ ਔਣ ਬਾਟ ਕਾਹੇ ਨਹੀਂ ਆਇਆ£

         ਉਹਨਾਂ ਕਦੇ ਕਿਸੇ ਵਿਅਕਤੀ ਨੂੰ ਉਸ ਜੀ ਜਾਤ ਦੇ ਕਾਰਨ ਉੱਚਾ ਜਾਂ ਨੀਵਾਂ ਨਹੀਂ ਮੰਨਿਆ। ਕੋਈ ਵੀ ਮਨੁੱਖ ਆਪਣੀ ਜਾਤ ਕਰਕੇ ਉੱਚਾ ਜਾਂ ਨੀਵਾਂ ਨਹੀਂ ਬਲਕਿ ਆਪਣੇ ਕੰਮਾਂ ਕਰਕੇ ਉੱਚਾ ਜਾਂ ਨੀਵਾਂ ਹੁੰਦਾ ਹੈ। ਜਾਤਪਾਤੀ ਸਮਾਜਿਕ ਢਾਂਚੇ ਨੇ ਸਮਾਜ ਨੂੰ ਟੁਕੜੇ ਟੁਕੜੇ ਕਰਕੇ ਲੋਕਾਂ ਨੂੰ ਨਰਕ ਵਿੱਚ ਪਾਇਆ ਹੋਇਆ ਹੈ। ਕਬੀਰ ਸਾਹਿਬ ਕਹਿੰਦੇ -

ਗਜ ਸਾਢੇ ਤੈ ਤੈ ਧੋਤੀਆਂ, ਤਿਹਰੇ ਪਾਇਨਿ ਤਗ£

ਗਲੀ ਜਿਨਾਂ ਜਪਮਾਲੀਆ, ਲੋਟੇ ਹਥਿ ਨਿਬਗ£

ਓਏ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ£

         ਸੰਤ ਕਬੀਰ ਜੀ ਨੇ ਪਿਆਰ ਵਿਹੂਣੇ, ਅਕਲੋਂ ਥੋਥੇ ਪ੍ਰੋਹਿਤ ਵਰਗ ਨੂੰ ਸ਼ਰੇਆਮ ਉਹਨਾਂ ਦੀਆਂ ਬੁਰਾਈਆਂ ਦਾ ਪੜਦਾਫਾਸ਼ ਕਰਦਿਆਂ ਕਿਹਾ : -

ਪੋਥੀ ਪੜਿ ਪੜਿ ਜਗ ਮੂਆ, ਪੰਡਿਤ ਭਆ ਨਾ ਕੋਇ।

ਢਾਈ ਅੱਖਰ ਪ੍ਰੇਮ ਕੇ, ਪੜ੍ਹੇ ਸੋ ਪੰਡਿਤ ਹੋਇ।

         ਕਬੀਰ ਸਾਹਿਬ ਨੇ ਜਿੱਥੇ ਅੰਧਵਿਸ਼ਵਾਸ ਤੇ ਵਰਤਪ੍ਰਸਤੀ ਨੂੰ ਨੰਦਿਆ ਹੈ, ਉੱਥੇ ਇਹ ਵੀ ਸਿੱਖਆ ਦਿੱਤੀ ਹੈ ਕਿ ਸਾਨੂੰ ਅੱਛੇ ਅਤੇ ਬੁਰੇ ਦੀ ਪਰਖ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਗੁਰੂ ਸਾਹਿਬ ਕਹਿੰਦੇ ਹਨ ਜੇ ਅਸੀਂ ਲਹੂ ਹਾਂ ਤਾਂ ਤੂੰ ਕਿੱਥੋਂ ਦਾ ਦੁੱਧ ਹੈ। ਜੇ ਤੂੰ ਸੱਚ ਮੁੱਚ ਦਾ ਬ੍ਰਾਹਮਣ ਹੈ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆਂ ਹੈ, ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ।

ਸਤਿਗੁਰ ਜੀ ਫੁਰਮਾਉਂਦੇ ਹਨ : -

''ਊਚੇ ਕੁਲ ਕਿਆ ਜਨਮਿਆ, ਜੋ ਕਰਨੀ ਊਚ ਨਾ ਹੋਏ।

ਸਵਰਨ ਕਸ ਸੁਰਾ ਭਰਾ, ਸਾਧੂ ਨਿੰਦ ਸੋਇ£''

ਪੱਥਰ ਪੂਜੇ ਹਰਿ ਮਿਲੇ, ਤੋ ਮੈਂ ਪੁਜੂੰ ਪਹਾੜ।

ਘਰ ਕੀ ਚਾਕੀ ਕੋਈ ਨਾ ਪੂਜੁ, ਪੀਸ ਖਾਏ ਸੰਸਾਰ।

         ਉਹਨਾਂ ਕਿਹਾ ਜੇਕਰ ਜਨੇਊ ਪਹਿਨਣ ਨਾਲ ਹੀ ਕੋਈ ਉੱਚੀ ਜਾਤ ਦਾ ਕਹਿਲਾਉਂਦਾ ਹੈ ਤਾਂ ਖੂਹ ਦੀ ਚਰਖੜੀ ਜਿਸ ਵਿੱਚ ਹਰ ਵੇਲੇ ਲੱਜ ਪਈ ਰਹਿੰਦੀ ਹੈ, ਨੂੰ ਹੀ ਬ੍ਰਾਹਮਣ ਕਿਉਂ ਨਾ ਕਿਹਾ ਜਾਵੇ?

         ਵਹਿਮ ਭਰਮ, ਭੇਖ ਪਾਖੰਡ, ਜਾਦੂ ਟੂਣੇ, ਮੜੀ ਮਸਾਣ, ਨੇਮ, ਤੀਰਥ, ਵਰਤ, ਯੋਗ ਆਦਿ ਕਰਮਕਾਂਡਾ ਦੇ ਵਿਰੋਧ 'ਚ ਕਬੀਰ ਸਾਹਿਬ ਕਹਿੰਦੇ ਹਨ :-

ਏਕ ਨਾਮ ਕੋ ਜਾਨਿ ਕਰਿ, ਦੂਜਾ ਦੇਇ ਬਹਾਏ।

ਤੀਰਥ ਬਰਤ ਜਪ ਤਪ ਨਹੀਂ, ਸਤਿਗੁਰੂ ਚਰਨ ਸਮਾਏ£

         ਪ੍ਰੋਹਿਤਾਂ ਦੇ ਪਾਖੰਡ ਦਾ ਪਾਜ ਉਘਾੜਦੇ ਹੋਏ ਕਬੀਰ ਜੀ ਕਹਿੰਦੇ-

''ਸੰਤ ਨਾ ਬੰਧੇ ਗਾਠੜੀ, ਪੇਟ ਸਮਾਤਾ ਲੇਇ।

ਸੁੱਖ ਦੇਹ, ਦੁੱਖ ਕੋ ਲੈ, ਦੂਰ ਕਰੇ ਅਪਰਾਧ।

ਕਹੇ ਕਬੀਰ ਵੈਹ ਕਬ ਮਿਲੇ,ਪਰਮ ਸਨੇਹੀ ਸਾਧ£''

ਭਾਵ ਸੰਤ ਮੋਹ ਮਾਇਆ ਵਿਚ ਧੰਨ ਦੌਲਤ, ਜਾਇਦਾਦ ਇਕੱਠੀ ਨਹੀ ਕਰਦੇ ਬਲਕਿ ਜਿੰਦਾ ਰਹਿਣ ਲਈ ਪੇਟ ਪੂਜਾ ਕਰਦੇ ਹਨ। ਸੰਤ ਸਚ ਦੇ ਉਪਾਸਕ ਹੁੰਦੇ ਹਨ। ਸੰਤ ਸਚ ਹੀ ਗ੍ਿਰਹਣ ਕਰਦੇ ਹਨ ਅਤੇ ਸਚ ਦਾ ਹੀ ਉਪਦੇਸ਼ ਦਿੰਦੇ ਹਨ। ਸਚ ਕੀ ਹੈ? ਸਚ ਉਹ ਨਹੀ ਜੋ ਪ੍ਰੰਪਰਾ ਤੋਂ ਚਲਿਆ ਆ ਰਿਹਾ ਹੈ ਜਾਂ ਵੇਦਾ ਗ੍ਰੰਥਾਂ ਵਿਚ ਲਿਖਿਆ ਹੋਇਆ ਹੈ। ਸਚ ਉਹੀ ਹੈ ਜੋ ਸਾਹਮਣੇ ਪ੍ਰਤੱਖ ਪ੍ਰਮਾਣ ਹੈ। ਜਿਸ ਨੂੰ ਦਸ ਇੰਦਰੀਆ ਜਾਣ ਸਕਣ, ਉਹ ਸੱਚ ਹੈ। ਕਬੀਰ ਸਾਹਿਬ ਕਹਿੰਦੇ :-

ਤੂੰ ਕਹਿੰਦਾ ਕਾਗਦ ਲੇਖੀ, ਮੈਂ ਕਹਿੰਦਾ ਆਂਖੇ ਦੇਖੀ।

''ਬੇਦ ਪੁਰਾਨ ਪੜ੍ਹੇ ਕਾ ਕਿਆ ਗੁਨ, ਖਰ ਚੰਦਨ ਜਸ ਭਾਰਾ£''

         ਸਤਿਗੁਰ ਕਬੀਰ ਜੀ ਫੁਰਮਾਉਂਦੇ ਹਨ ਕਿ ਪ੍ਰੋਹਿਤਾਂ ਦੇ ਵੇਦ ਪੁਰਾਣ ਪੜ੍ਹਨ ਦਾ ਕੋਈ ਫਾਇਦਾ ਨਹੀਂ। ਇਹ ਕੇਵਲ ਥੋਥਾ ਗਿਆਨ ਹੀ ਹੈ। ਵੇਦ ਸਾਸ਼ਤਰਾਂ ਦਾ ਗਿਆਨ ਬੰਦੇ ਦੇ ਦਿਮਾਗ 'ਤੇ ਭਾਰ ਪਾਉਣ ਲਈ ਹੀ ਹੈ। ਮੂਰਤੀ ਪੂਜਾ ਦਾ ਖੰਡਨ ਕਰਦੇ ਸਤਿਗੁਰੂ ਕਬੀਰ ਜੀ ਫੁਰਮਾਉਂਦੇ ਹਨ,

''ਪਾਖ਼ਾਨ ਗਢਿਕੈ ਮੂਰਤਿ ਕੀਨੀ ਦੇਕੈ ਛਾਤੀ ਪਾਊ।

ਜੇ ਏਹ ਮੁਰਤਿ ਸਾਚੀ ਹੈ ਤਉ ਗੜਣਹਾਰੇ ਖਾਉ£''

         ਇੱਕ ਮੂਰਤੀਘਾੜਾ ਇੱਕ ਵੱਡਾ ਪੱਥਰ ਲੈ ਕੇ ਫਿਰ ਉਸ ਪੱਥਰ ਉੱਤੇ ਪੈਰ ਰੱਖ ਕੇ ਛੈਣੀ ਤੇ ਹਥੌੜੀ ਨਾਲ ਦੇਵੀ ਦੇਵਤਿਆਂ ਦੀ ਮੂਰਤੀ ਘੜ੍ਹਦਾ ਹੈ। ਜੇਕਰ ਉਹ ਮੂਰਤੀ ਸੱਚੀ ਹੁੰਦੀ ਤਾਂ ਉਹ ਘਾੜੇ ਨੂੰ ਉਸੀ ਵਕਤ ਨਿਗਲ ਜਾਂਦੀ ਕਿਉਂਕਿ ਘਾੜੇ ਨੇ ਉਸ 'ਤੇ ਪੈਰ ਰੱਖਿਆ ਹੋਇਆ ਸੀ। ਪਰ ਅਜਿਹਾ ਨਹੀਂ ਹੋਇਆ। ਹੁਣ ਦੱਸੋ! ਜੇਕਰ ਕੋਈ ਪ੍ਰਾਣੀ ਇਸ ਮੂਰਤੀ ਕੋਲੋਂ ਕਿਸੇ ਇੱਛਾ ਦੀ ਪੂਰਤੀ ਦੀ ਮੰਗ ਕਰੇਗਾ ਤਾਂ ਇਹ ਮੂਰਤੀ ਉਸ ਦੀ ਇੱਛਾ ਪੂਰਤੀ ਕਿਵੇਂ ਕਰੇਗੀ? ਉਹ ਅੱਗੇ ਫੁਰਮਾਉਂਦੇ ਹਨ ਕਿ ਮੂਰਤੀ ਪੂਜਕ ਮੂਰਤੀ ਨੂੰ ਚਾਵਲ, ਦਾਲ, ਕੜਾਹ ਅਤੇ ਪੰਜੀਰੀ ਦਾ ਭੋਗ ਲੁਆਉਣ ਦਾ ਪਾਖੰਡ ਰਚਦਾ ਹੈ। ਮੂਰਤੀ ਤਾਂ ਕੁਝ ਵੀ ਖਾਂਦੀ ਨਹੀਂ, ਸਭ ਕੁਝ ਭੋਗ ਲੁਆਉਣ ਵਾਲਾ ਹੀ ਛਕ ਜਾਂਦਾ ਹੈ। ਭੋਗ ਲੁਆਉਣ ਵਾਲੇ ਨੇ ਤਾਂ ਸਭ ਕੁਝ ਛੱਕ ਲਿਆ ਪਰ ਮੂਰਤੀ ਦੇ ਮੂੰਹ ਵਿੱਚ ਤਾਂ ਸੁਆਹ ਵੀ ਨਹੀਂ ਪਈ।

         ਵੱਖ ਵੱਖ ਭੇਖਾਂ ਅਤੇ ਪਾਖੰਡਾਂ ਪ੍ਰਤੀ ਕਬੀਰ ਜੀ ਕਹਿੰਦੇ ਹਨ ਕਿ ਜੇਕਰ ਨੰਗੇ ਘੁੰਮਣ ਨੂੰ ਰੱਬ ਮਿਲਣਾ ਹੈ ਤਾਂ ਬਣ ਦੇ ਸਾਰੇ ਹਿਰਨ (ਜਾਨਵਰ) ਨੰਗੇ ਘੁੰਮਦੇ ਹਨ। ਫਿਰ ਤਾਂ ਰੱਬ ਦੀ ਪ੍ਰਾਪਤੀ ਉਨ੍ਹਾਂ ਨੂੰ ਹੋਣੀ ਜ਼ਰੂਰੀ ਹੈ ਪਰ ਅਜਿਹਾ ਨਹੀਂ ਹੁੰਦਾ ਹੈ।

ਸਤਿਗੁਰੂ ਕਬੀਰ ਜੀ ਫੁਰਮਾਉਂਦੇ ਹਨ :-

''ਕਬੀਰ ਹਜ ਕਾਬੈ ਹਉ ਜਾਇਬਾ, ਆਗੈ ਮਿਲਿਆ ਖੁਦਾਇ।

ਸਾਈਂ ਮੁਛ ਸਿਉਂ ਲਰਿ ਪਰਿਆ, ਤੁਝੈ ਕਿਨਿ ਫੁਰਮਾਈ ਗਾਇ£''

         ਮੁਲਾਂ ਆਖਦਾ ਹੈ ਕਿ ਸਿਰਫ ਮਸੀਤ ਹੀ ਖੁਦਾ ਦਾ ਘਰ ਹੈ, ਰੱਬ ਦਾ ਮੁਕਾਮ ਪੱਛਮ ਵੱਲ ਹੀ ਹੈ, ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਿਆਂ ਤੇ ਕਾਅਬੇ ਦਾ ਹੱਜ ਕੀਤਿਆਂ ਬਹਿਸ਼ਤ ਨਸੀਬ ਹੁੰਦਾ ਹੈ। ਪ੍ਰੋਹਿਤ ਆਖਦਾ ਹੈ ਕਿ ਹਰੀ ਪ੍ਰਮਾਤਮਾ ਦੱਖਣ ਦੇਸ਼ ਵੱਲ ਦੁਆਰਕਾ ਵਿੱਚ ਵੱਸਦਾ ਹੈ। ਚੱਵੀ ਇਕਾਦਸ਼ੀਆਂ ਦੇ ਵਰਤ ਰੱਖਿਆਂ ਤੇ ਜਗਨ ਨਾਥ ਤੀਰਥ ਦਾ ਇਸ਼ਨਾਨ ਕੀਤਿਆਂ ਸੁਰਗ ਬੈਕੁੰਠ ਦੀ ਪ੍ਰਾਪਤੀ ਹੁੰਦੀ ਹੈ। ਪਰ ਕਬੀਰ ਜੀ ਨੇ ਬੜੇ ਖੁੱਲ੍ਹੇ ਲਫਜ਼ਾਂ ਵਿੱਚ ਇਹਨਾਂ ਦੋਹਾਂ ਧਿਰਾਂ ਨੂੰ ਆਖਿਆ :-

ਅਲਹੁ ਏਕ ਮਸੀਤ ਬਸਤੁ ਹੈ, ਅਵਰੁ ਮੁਲਖੁ ਕਿਸ ਕੇਰਾ£

ਹਿੰਦੂ ਮੂਰਤਿ ਨਾਮ ਨਿਵਾਸੀ, ਦੁਹ ਮਹਿ ਤਤੁ ਨ ਹੇਰਾ£

ਕਹੁ ਕਬੀਰ ਸੁਨਹੁ ਰੇ ਗੁਨੀਆ£ ਬਿਨਸੈ ਗੋ ਰੂਪੁ ਦੇਖੈ ਸਭ ਦੁਨੀਆ£ ੪£ ੧੧£

         ਸਤਿਗੁਰੂ ਕਬੀਰ ਜੀ ਪਾਖੰਡੀ ਅਤੇ ਲੋਟੂ ਪ੍ਰੋਹਿਤ ਮੁਲਾਂ ਨੂੰ ਕਹਿੰਦੇ,

ਕਬੀਰ ਮੁਲਾਂ ਮੁਨਾਰੇ ਕਿਆ ਚੜਹਿ ਸਾਈਂ ਨਾ ਬਹਰਾ ਹੋਇ।

ਜਾ ਕਾਰਨਿ ਤੂੰ ਬਾਂਗ ਦੇਹਿ, ਦਿਲ ਹੀ ਭੀਤਰਿ ਜੋਇ£

ਹਮਰਾ ਝਗੜਾ ਰਹਾ ਨਾ ਕੋਊ। ਪੰਡਤ ਮੁਲਾਂ ਛਾਡੇ ਦੋਊ£

ਪੰਡਤ ਮੁਲਾਂ ਜੋ ਲਿਖਿ ਦੀਆ£ ਛਾਡਿ ਚਲੇ ਹਮ ਕਛੂ ਨ ਲੀਆ£

         ਸਤਿਗੁਰੂ ਕਬੀਰ ਜੀ ਕਹਿੰਦੇ ਸਾਡਾ ਇਹਨਾਂ ਦੇ ਨਾਲ ਕੋਈ ਝਗੜਾ ਨਹੀਂ। ਪੰਡਤ ਮੁਲਾਂ ਜੋ ਲਿਖਦੇ ਹਨ, ਅਸੀਂ ਉਹ ਮੰਨਾਂਗੇ ਨਹੀਂ। ਅਸੀਂ ਵਰਤ, ਰੋਜ਼ੇ, ਨਿਮਾਜ਼, ਈਦ ਬਕਰੀਦ 'ਚ ਵਿਸਵਾਸ਼ ਨਹੀ ਰੱਖਦੇ। ਕਬੀਰ ਸਾਹਿਬ ਕਹਿੰਦੇ,

ਮਾਂ ਕੇ ਗਲੇ ਜਨੇਊ ਨਾਹੀਂ ਪੂਤ ਕਹਾਵੇ ਪੰਡੇਰੇ£

ਬੀਬੀ ਕਊ ਤਾਂ ਸੁੰਨਤ ਨਾਹੀ ਕਾਜੀ ਡਾ ਡੇਰੇ£

         ਸਤਿਗੁਰੂ ਕਬੀਰ ਜੀ ਜਿੰਦਗੀ ਦੇ ਹਰ ਖੇਤਰ ਵਿੱਚ ਕ੍ਰਾਂਤੀਕਾਰੀ ਸਨ। ਉਹ ਜਾਤ ਪਾਤ ਤੋੜ ਕੇ ਇੱਕ ਨਿਰੋਏ ਸਮਾਜ ਦੀ ਸਿਰਜਣਾ ਕਰਨੀ ਲੋਚਦੇ ਸਨ। ਉਹ ਧਰਮ ਦੇ ਨਾਂ ਤੇ ਪਾਖੰਡ ਕਰਨ ਵਾਲਿਆਂ ਨੂੰ ਲਲਕਾਰਦੇ ਸਨ। ਉਹ ਅਗਿਆਨੀਆਂ ਨੂੰ ਗਿਆਨਵਾਨ ਬਣਨ ਲਈ ਕਹਿੰਦੇ ਸਨ ਤੇ ਦੁਖੀਆਂ ਗਰੀਬਾਂ ਨੂੰ ਸਹਾਰਾ ਦੇਣ ਦੀ ਪ੍ਰੇਰਣਾ ਦਿੰਦੇ ਫ਼ਰਮਾਉਂਦੇ ਹਨ,

''ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤੂ।

ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤੂ£''

         ਸਤਿਗੁਰੂ ਕਬੀਰ ਜੀ ਨੂੰ ਵਕਤ ਦੇ ਹਾਕਮਾਂ ਨੇ 70 ਸਜ਼ਾਵਾਂ ਦਿੱਤੀਆਂ। ਉਨ੍ਹਾਂ ਨੇ ਸਜ਼ਾਵਾਂ ਦਾ ਡਟ ਕੇ ਮੁਕਾਬਲਾ ਕੀਤਾ। ਬ੍ਰਾਹਮਣਵਾਦੀਆਂ ਤੇ ਮੁਲਾਣਿਆਂ ਨੇ ਉਹਨਾਂ ਦੇ ਰਾਹ ਵਿੱਚ ਪੈਰ ਪੈਰ ਤੇ ਰੋੜੇ ਅਟਕਾਏ ਪਰ ਉਹ ਬੇਰੋਕ ਅੱਗੇ ਵਧਦੇ ਰਹੇ। ਕਬੀਰ ਜੀ ਦੀ ਇਹ ਧਾਰਨਾ ਹੈ ਕਿ ਜਦੋਂ ਕੋਈ ਪ੍ਰੀਵਰਤਨ ਲਿਆਉਂਦਾ ਹੈ ਤਾਂ ਪ੍ਰੀਵਰਤਨ ਲਿਆਉਣ ਵਾਲਿਆਂ ਨੂੰ ਸੇਕ ਅਵੱਸ਼ ਲੱਗਦਾ ਹੀ ਹੈ। ਜੇਕਰ ਉਹ ਸੇਕ ਲੱਗਣ ਦੇ ਬਾਵਜੂਦ ਵੀ ਅੱਗੇ ਵੱਧਦੇ ਜਾਣ ਤਾਂ ਪ੍ਰੀਵਰਤਨ ਅਵੱਸ਼ ਹੁੰਦਾ ਹੈ। ਕਬੀਰ ਜੀ ਆਪਣੇ ਹੱਥ ਵਿੱਚ ਇਨਕਲਾਬ ਦੀ ਮਸ਼ਾਲ ਫੜ੍ਹਕੇ ਕਾਫਲੇ ਦੀ ਅਗਵਾਈ ਕਰਨ ਲਈ ਬਜਾਰ ਵਿਚ ਖੜ੍ਹੇ ਹਨ ਤੇ ਬੜੇ ਜੋਸ਼ੋ ਖਰੋਸ਼ ਨਾਲ ਕ੍ਰਾਂਤੀਕਾਰੀਆਂ ਨੂੰ ਸੰਘਰਸ਼ ਵਿੱਚ ਜੂਝਣ ਦਾ ਸੱਦਾ ਦਿੰਦੇ ਹਨ : -

''ਕਬੀਰ ਖੜ੍ਹਾ ਬਾਜ਼ਾਰ ਮੇਂ ਲੀਏ ਲਕੂਠਾ ਹਾਥ।

ਜੋ ਫੂਕੇ ਘਰ ਅਪਨਾ ਚਲੇ ਹਮਾਰੇ ਸਾਥ£''

         ਇਹਨਾਂ ਹਲਾਤਾਂ ਵਿੱਚ ਵੀ ਸ਼੍ਰੱਣਮ ਸੰਤਾਂ ਨੇ ਅੱਤਿਆਚਾਰੀ ਰਾਜਨੀਤੀ ਦਾ ਸਾਹਮਣਾ ਕਰਨ ਲਈ ਲੋਕਾਂ ਨੂੰ ਜਾਗਰਿਤ ਕੀਤਾ। ਸਤਿਗੁਰੂ ਕਬੀਰ ਜੀ ਦਾ ਮੂਲ ਸਿਧਾਂਤ ਜਾਤ ਪਾਤ, ਵਰਣ ਭੇਦ ਅਤੇ ਅਨੈਤਿਕ ਕੀਮਤਾਂ ਨੂੰ ਖਤਮ ਕਰਕੇ ਆਜ਼ਾਦੀ, ਸਮਾਨਤਾ, ਭਾਈਚਾਰਾ ਅਤੇ ਨਿਆਂ ਅਧਾਰਤ ਸਮਾਜ ਕਾਇਮ ਕਰਨਾ ਸੀ। ਜਿਸ ਦਾ ਅੱਜ ਵੀ ਪ੍ਰਭਾਵ ਲੋਕ ਮਨਾਂ 'ਤੇ ਸਪੱਸ਼ਟ ਦਿਖਾਈ ਦਿੰਦਾ ਹੈ।

ਐਸ ਐਲ ਵਿਰਦੀ ਐਡਵੋਕੇਟ,

ਸਿਵਲ ਕੋਰਟਸ ਫਗਵਾੜਾ, ਪੰਜਾਬ।

ਫੋਨ: 01824 265887, 98145 17499
 

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਤੇ ਅਦਾਰਾ www.upkaar.com ਵਲੋਂ ਵਿਰਦੀ ਜੀ ਦਾ ਧੰਨਵਾਦ ਹੈ