UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

ਗੁਰਬਾਣੀ ਵਿਚਾਰ

                             ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ

ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੈਤੁ ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ਹਥ ਮਰੋੜੈ ਤਨੁ ਕਪੈ ਸਿਆਹਹੁ ਹੋਆ ਸੇਤੁ ਜੇਹਾ ਬੀਜੈ ਸੋ ਲੁੜੈ ਕਰਮਾ ਸੰਦੜਾ ਖੇਤੁ ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ

(ਜਿਵੇਂ) ਭਾਦਰੋਂ (ਦੇ ਤ੍ਰਾਟਕੇ ਤੇ ਘੁੰਮੇ) ਵਿਚ (ਮਨੁੱਖ ਬਹੁਤ ਘਬਰਾਂਦਾ ਹੈ, ਤਿਵੇਂ) ਜਿਸ ਜੀਵ-ਇਸਤ੍ਰੀ ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ, ਉਹ ਭਾਵੇਂ ਲੱਖਾਂ ਹਾਰ ਸਿੰਗਾਰ ਕਰੇ, (ਉਸ ਦੇ) ਕਿਸੇ ਕੰਮ ਨਹੀਂ ਆਉਂਦੇ [ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ (ਜਦੋਂ ਮਨੁੱਖ ਮਰ ਜਾਇਗਾ) ਉਸ ਵੇਲੇ (ਸਾਰੇ ਸਾਕ-ਅੰਗ) ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ (ਲੋਥ ਅਪਵਿਤ੍ਰ ਪਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ) ਜਮਦੂਤ (ਜਿੰਦ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ, ਕਿਸੇ ਨੂੰ (ਇਹ) ਭੇਤ ਨਹੀਂ ਦੱਸਦੇ (ਕਿ ਕਿੱਥੇ ਲੈ ਚੱਲੇ ਹਾਂ) (ਜਿਨ੍ਹਾਂ ਸੰਬੰਧੀਆਂ ਨਾਲ (ਸਾਰੀ ਉਮਰ ਬੜਾ) ਪਿਆਰ ਬਣਿਆ ਰਹਿੰਦਾ ਹੈ ਉਹ ਪੱਲ ਵਿੱਚ ਹੀ ਸਾਥ ਛੱਡ ਬੈਠਦੇ ਹਨ (ਮੌਤ ਆਈ ਵੇਖ ਕੇ ਮਨੁੱਖ) ਬੜਾ ਪਛੁਤਾਂਦਾ ਹੈ, ਉਸ ਦਾ ਸਰੀਰ ਔਖਾ ਹੁੰਦਾ ਹੈ, ਉਹ ਕਾਲੁ ਤੋਂ ਚਿੱਟਾ ਪਿਆ ਹੁੰਦਾ ਹੈ (ਘਬਰਾਹਟ ਨਾਲ ਇਕ ਰੰਗ ਆਉਂਦਾ ਹੈ ਇਕ ਜਾਂਦਾ ਹੈ) ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ) ਹੇ ਨਾਨਕ! ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ, ਉਹ ਨਰਕ ਵਿਚ ਨਹੀਂ ਪਾਏ ਜਾਂਦੇ, (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹ ਪ੍ਰਭੂ ਦੀ ਸਰਨ ਵਿਚ ਆ ਜਾਂਦੇ ਹਨ, ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ-ਰੂਪ ਜਹਾਜ਼ (ਵਿਚ ਚੜ੍ਹਾ) ਦੇਂਦਾ ਹੈ

ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥ ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥ ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ ॥ ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ ॥ ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥ ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ ॥੧੦॥

ਭਾਦਰੋਂ (ਦਾ ਮਹੀਨਾ) ਆ ਗਿਆ ਹੈ ਵਰਖਾ ਰੁੱਤ ਵਿਚ ਟੋਏ ਟਿੱਬੇ ਪਾਣੀ ਨਾਲ ਭਰੇ ਹੋਏ ਹਨ,  (ਇਸ ਨਜ਼ਾਰੇ ਦਾ) ਰੰਗ ਮਾਣਿਆ ਜਾ ਸਕਦਾ ਹੈ ਪਰ) ਜੇਹੜੀ ਇਸਤ੍ਰੀ ਭਰ-ਜੋਬਨ ਵਿਚ (ਜੋਬਨ ਦੇ ਮਾਣ ਦੇ) ਭੁਲੇਖੇ ਵਿਚ ਗ਼ਲਤੀ ਖਾ ਗਈ, ਉਸ ƒ (ਪਤੀ ਦੇ ਵਿਛੋੜੇ ਵਿਚ) ਪਛਤਾਣਾ ਹੀ ਪਿਆ (ਉਸ ਨੂੰ ਨੀਰ-ਭਰੇ ਥਾਂ ਚੰਗੇ ਨਾਹ ਲੱਗੇ) [ਕਾਲੀ ਰਾਤ ਨੂੰ ਮੀਂਹ ਵਰ੍ਹਦਾ ਹੈ, ਡੱਡੂ ਗੁੜੈਂ ਗੁੜੈਂ ਕਰਦੇ ਹਨ, ਮੋਰ ਕੁਹਕਦੇ ਹਨ, ਪਪੀਹਾ ਭੀ ਪ੍ਰਿਉ ਪ੍ਰਿਉਕਰਦਾ ਹੈ, (ਪਰ ਪਤੀ ਤੋਂ ਵਿਛੁੜੀ) ਨਾਰ ਨੂੰ (ਇਸ ਸੁਹਾਵਣੇ ਰੰਗ ਤੋਂ) ਆਨੰਦ ਨਹੀਂ ਮਿਲਦਾ [ ਉਸ ਨੂੰ ਤਾਂ (ਭਾਦਰੋਂ ਵਿਚ ਇਹੀ ਦਿੱਸਦਾ ਹੈ ਕਿ) ਸੱਪ ਡੰਗਦੇ ਫਿਰਦੇ ਹਨ, ਮੱਛਰ ਡੰਗ ਮਾਰਦੇ ਹਨ  । ਚੁਫੇਰੇ ਛੱਪੜ-ਤਲਾਬ (ਮੀਂਹ ਦੇ ਪਾਣੀ ਨਾਲ) ਨਕਾ-ਨਕ ਭਰੇ ਹੋਏ ਹਨ (ਬਿਰਹਣੀ ਨਾਰ ਨੂੰ ਇਸ ਵਿਚ ਕੋਈ ਸੁਹਜ-ਸੁਆਦ ਨਹੀਂ ਦਿੱਸਦਾ) (ਇਸੇ ਤਰ੍ਹਾਂ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਤੋਂ ਵਿਛੋੜੇ ਦਾ ਅਹਿਸਾਸ ਹੋ ਜਾਂਦਾ ਹੈ, ਉਸ ਨੂੰ) ਪ੍ਰਭੂ ਦੀ ਯਾਦ ਤੋਂ ਬਿਨਾ (ਹੋਰ ਕਿਸੇ ਰੰਗ-ਤਮਾਸ਼ੇ ਵਿਚ) ਆਤਮਕ ਆਨੰਦ ਨਹੀਂ ਮਿਲਦਾ ਹੇ ਨਾਨਕ! (ਆਖ—) ਮੈਂ ਤਾਂ ਆਪਣੇ ਗੁਰੂ ਦੀ ਸਿੱਖਿਆ ਉਤੇ ਤੁਰ ਕੇ (ਉਸ ਦੇ ਦੱਸੇ ਰਾਹ ਉਤੇ) ਤੁਰਾਂਗੀ, ਜਿਥੇ ਪ੍ਰਭੂ-ਪਤੀ ਮਿਲ ਸਕਦਾ ਹੋਵੇ, ਉਥੇ ਹੀ ਜਾਵਾਂਗੀ ੧੦

ਭਾਵ:- ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰ ਕੇ ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਗਿੱਝ ਜਾਂਦਾ ਹੈ, ਪਰਮਾਤਮਾ ਦੀ ਯਾਦ ਤੋਂ ਬਿਨਾ ਕਿਸੇ ਭੀ ਰੰਗ-ਤਮਾਸ਼ੇ ਵਿਚ ਉਸ ਨੂੰ ਆਤਮਕ ਆਨੰਦ ਨਹੀਂ ਮਿਲਦਾ