UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

          

ਸਮਾਜ ਨੂੰ ਇਕ ਲੜੀ 'ਚ ਪ੍ਰਾਉਣ ਲਈ ਸਾਕਾਰਾਤਮਕ ਸੋਚ ਦੀ ਲੋੜ


ਵਿਜੈ ਕੁਮਾਰ 'ਹਜ਼ਾਰਾ'

ਪਿਆਰੇ ਪਾਠਕੋ! ਇਹ ਗੱਲ ਸੱਚੀ ਹੈ ਕਿ ਮਨੁੱਖੀ ਜ਼ਿੰਦਗੀ ਵਿਚ ਉਤਰਾਅ-ਚੜਾਅ ਆਉਂਦੇ ਹੀ ਰਹਿੰਦੇ ਹਨ,ਮੇਰੀ ਜ਼ਿੰਦਗੀ ਵਿਚ ਵੀ ਕੁਝ ਇਸ ਤਰ੍ਹਾਂ ਦਾ ਹੀ ਵਾਪਰਿਆ। 'ਗੁਰੂ ਰਵਿਦਾਸ ਟਾਈਮਜ਼' ਦੀ ਇਕ ਜਹਾਜ਼ ਵਾਂਗ ਚੜ੍ਹਾਈ ਹੋਈ ਸੀ ਪਰ ਇਸ ਨੂੰ ਡੇਗਣ ਵਾਲੇ ਛੇਤੀ ਹੀ ਉੱਠ ਖਲੋਏ ਅਤੇ ਆਪਣੇ ਚਿੱਤੋਂ ਇਸ ਨੂੰ ਥੱਲੇ ਸੁੱਟ ਕੇ ਹੀ ਸਾਹ ਲਿਆ ਕਿਉਂਕਿ ਵਿਹਲੜ ਅਤੇ ਮੁਫ਼ਤ ਦੀਆਂ ਰੋਟੀਆਂ ਸੇਕਣ ਵਾਲੇ ਅਨਸਰਾਂ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਕਿ ਤੰਗੀਆਂ-ਤਰੁਟੀਆਂ ਦੇ ਬਾਵਜੂਦ,ਆਰਥਿਕਤਾ ਪੱਖੋਂ ਸਾਡੇ ਤੋਂ ਹੀਣਾਂ ਹੋਣ ਦੇ ਬਾਵਜੁਦ ਕੋਈ ਸਾਡੇ ਤੋਂ ਉੱਪਰ ਕਿਉਂ ਉੱਠ ਸਕੇ!ਸਾਡੇ ਭਾਈਚਾਰੇ ਵਿਚ ਮੈਂ ਸਭ ਤੋਂ ਵੱਡੀ ਕਮੀ ਜਿਹੜੀ ਮਹਿਸੂਸ ਕੀਤੀ ਹੈ ਉਹ ਇਹ ਹੈ ਕਿ ਸਾਡੇ ਭਾਈਚਾਰੇ ਵਿਚ ਹੱਲਾ-ਸ਼ੇਰੀ ਦੇਣ ਵਾਲੇ ਅਤੇ ਪ੍ਰੇਰਿਤ ਕਰਨ ਵਾਲੇ ਤਾਂ ਛੇਤੀ-ਛੇਤੀ ਉੱਠ ਖੜ੍ਹਦੇ ਹਨ ਫਿਰ ਉਹੀ ਖੁੰਦਕ ਖਾ ਕੇ ਲੱਤਾਂ ਖਿੱਚਣ ਲੱਗ ਜਾਂਦੇ ਹਨ, ਕੱਪੜੇ ਫਾੜਨ ਲੱਗ ਜਾਂਦੇ ਹਨ, ਝੂਠੇ ਇਲਜ਼ਾਮ ਲਗਾਉਣ ਲੱਗ ਜਾਂਦੇ ਹਨ ਅਤੇ ਕੱਖੋਂ ਹੋਲਾ ਕਰਕੇ ਧੱਕੇ ਖਾਣ ਲਈ ਛੱਡ ਦਿੰਦੇ ਹਨ ਜਾਂ ਫਿਰ ਦਿਮਾਗ਼ੀ ਪ੍ਰੇਸ਼ਾਨੀਆਂ ਦੇ ਕੇ ਪੈਰ ਉਖਾੜਨ ਲੱਗ ਪੈਂਦੇ ਹਨ, ਇੱਥੋਂ ਤੱਕ ਕਿ ਫੋਨਾਂ 'ਤੇ ਗਾਲੀ-ਗਲੋਚ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਮੁਕਦੀ ਗੱਲ ਇਹ ਹੈ ਕਿ ਕਿਸੇ ਨੂੰ ਆਪਣੇ ਤੋਂ ਉੱਪਰ ਦੇਖ ਨਹੀਂ ਸਕਦੇ ਤੇ ਤਰੱਕੀ ਜਰ ਨਹੀਂ ਸਕਦੇ। ਅਜਿਹਾ ਕੁਝ ਹੀ 'ਗੁਰੂ ਰਵਿਦਾਸ ਟਾਈਮਜ਼' ਸ਼ੁਰੂ ਕਰਨ ਉਪਰੰਤ ਮੇਰੇ ਨਾਲ ਵਾਪਰਿਆ ਸੀ। ਜਿੰਨਾ ਔਖਾ ਮੈਗਜ਼ੀਨ ਜਾਂ ਅਖ਼ਬਾਰ ਸ਼ੁਰੂ ਕਰਨਾ ਹੁੰਦਾ ਹੈ ਉਸ ਤੋਂ ਵੀ ਜ਼ਿਆਦਾ ਔਖਾ ਇਸ ਨੂੰ ਨਿਰੰਤਰ ਚਾਲੂ ਰੱਖਣਾ। ਮੇਰਾ ਇਕ ਮਿੱਤਰ ਲੇਖਕ ਕਹਿੰਦਾ ਹੈ ਕਿ ''ਜੇ ਕਿਸੇ ਨਾਲ ਦੁਸ਼ਮਣੀ ਕੱਢਣੀ ਹੋਵੇ ਤਾਂ ਉਸ ਤੋਂ ਮੈਗਜ਼ੀਨ ਸ਼ੁਰੂ ਕਰਵਾ ਦਿਓ ਕਿਉਂਕਿ ਇਸ ਨਾਲ ਨੋਟਾਂ ਦੇ ਪੀਪੇ ਖ਼ਤਮ ਹੋ ਜਾਂਦੇ ਹਨ'', ਬਸ ਮੇਰੇ ਨਾਲ ਵੀ ਅਜਿਹਾ ਹੀ ਕੁਝ ਹੋਇਆ। ਆਪਣੇ ਹੀ ਭਾਈਚਾਰੇ ਦੇ ਲੋਕਾਂ ਤੋਂ ਇੰਨਾ ਕੁਝ ਸਹਿ ਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਸ ਗੱਲ ਦਾ ਮਾਣ ਨਹੀਂ ਰਿਹਾ ਸੀ ਕਿ ਮੈਂ ਹੁਣ ਤੱਕ 10 ਪੁਸਤਕਾਂ ਲਿਖ ਚੁੱਕਾ ਲੇਖਕ ਹਾਂ ਅਤੇ ਦੁਨੀਆਂ ਦੇ ਮਹਾਨ ਮਹਾਂਪੁਰਸ਼ਾਂ ਵਿਚੋਂ ਇਕ ਗੁਰੂ ਰਵਿਦਾਸ ਜੀ, ਦੇ ਪਾਵਨ ਨਾਂ 'ਤੇ ਪਰਚਾ ਸ਼ੁਰੂ ਕਰਨ ਵਾਲਾ ਸੰਪਾਦਕ ਹਾਂ।
ਅੱਜ ਜਦੋਂ ਮੈਂ ਆਪਣੇ ਨੇਕ ਦਿਲ ਸਾਥੀਆਂ ਨੂੰ ਨਾਲ ਲੈ ਕੇ 'ਗੁਰੂ ਰਵਿਦਾਸ ਟਾਈਮਜ਼' ਦੁਬਾਰਾ ਸ਼ੁਰੂ ਕਰਨ ਜਾ ਰਿਹਾ ਹਾਂ ਤਾਂ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਇਹ ਮੈਗਜ਼ੀਨ ਲਗਾਤਾਰ ਚੱਲੇ ਜਾਂ ਨਾ ਚੱਲੇ, ਇਸਦੇ ਬਾਵਜੂਦ ਮੈਂ ਆਪਣੇ ਆਪ ਵਿਚ ਫਖ਼ਰ ਮਹਿਸੂਸ ਕਰ ਰਿਹਾ ਹਾਂ! ਕਿਉਂਕਿ ਮੇਰੀ ਉਮਰ ਦੇ ਮੁੰਡੇ ਜਿਨ੍ਹਾਂ ਦੇ ਤਰ੍ਹਾਂ-ਤਰ੍ਹਾਂ ਦੇ ਸ਼ੌਕ ਹੀ ਪੂਰੇ ਨਹੀਂ ਹੁੰਦੇ, ਜਿਨ੍ਹਾਂ ਨੂੰ ਦੇਸ਼/ਸਮਾਜ ਤਾਂ ਕੀ ਆਪਣੇ ਭਵਿੱਖ ਦੀ ਵੀ ਕੋਈ ਚਿੰਤਾ ਨਹੀਂ, ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਤੋਂ ਵਿਹਲ ਨਹੀਂ, ਆਪਣੇ-ਆਪ ਦੀ ਕੋਈ ਸੋਝੀ ਨਹੀਂ, ਆਪਣੇ ਹਮ-ਉਮਰ ਦੇ ਇਸ ਤਰ੍ਹਾਂ ਦੇ ਮੁੰਡਿਆਂ ਨਾਲੋਂ ਮੈਂ ਆਪਣੇ ਆਪ 'ਚ ਵਧੀਆ ਮਹਿਸੂਸ ਕਰਦਾ ਹਾਂ ਕਿ ਮੇਰੇ ਮਨ ਦੇ ਕਿਸੇ ਕੋਨੇ ਵਿਚ ਆਪਣੇ ਸਮਾਜ ਅਤੇ ਆਪਣੇ ਦੇਸ਼ ਲਈ ਕੁਝ ਨਾ ਕੁਝ ਕਰ ਗੁਜ਼ਰਨ ਦੀ ਇੱਛਾ ਹੈ ਜੋ ਮੈਨੂੰ ਦੁਬਾਰਾ ਦੁਬਾਰਾ ਉੱਠ ਖਲੋਣ ਲਈ ਪ੍ਰੇਰਦੀ ਹੈ। ਮੈਂ ਪਾਠਕਾਂ ਨੂੰ ਇਸ ਗੱਲ ਦੀ ਗਾਰੰਟੀ ਨਹੀਂ ਦਿੰਦਾ ਕਿ ਮੈਂ 'ਗੁਰੂ ਰਵਿਦਾਸ ਟਾਈਮਜ਼' ਨੂੰ ਲਗਾਤਾਰ ਚਾਲੂ ਰੱਖ ਸਕਾਂਗਾ ਜਾਂ ਨਹੀਂ ਪਰ ਮੈਨੂੰ ਆਪਣੀ ਕਲਮ 'ਤੇ ਪੂਰਾ ਭਰੋਸਾ ਹੈ ਜੋ ਹਰ ਤਰ੍ਹਾਂ ਦੇ ਦੌਰ ਵਿਚ ਚਲਦੀ ਰਹੇਗੀ। ਇਸ ਗੱਲ ਦਾ ਸਬੂਤ ਇਹ ਵੀ ਹੈ ਕਿ 'ਗੁਰੂ ਰਵਿਦਾਸ ਟਾਈਮਜ਼' ਜਦੋਂ ਪਹਿਲਾਂ ਸ਼ੁਰੂ ਹੋ ਕੇ ਬੰਦ ਹੋਇਆ ਓਦੋਂ ਤੋਂ ਲੱਗ ਕੇ ਅੱਜ ਤੱਕ ਮੈਂ ਗੁਰੂ ਰਵਿਦਾਸ ਬਾਣੀ 'ਤੇ ਇਕ 300 ਪੰਨਿਆਂ ਦੀ ਪੁਸਤਕ ਤਿਆਰ ਕਰ ਸਕਿਆ ਹਾਂ ਜੋ ਪੰਜਾਬ ਦੇ ਪ੍ਰਸਿੱਧ ਲੇਖਕ ਸਾਹਿਬਾਨ ਪਾਸ ਰੀਵਿਊ ਵਾਸਤੇ ਜਾ ਚੁੱਕੀ ਹੈ ਅਤੇ ਇਕ ਦਿਨ ਪਾਠਕਾਂ ਦੇ ਹੱਥਾਂ ਵਿਚ ਛਪ ਕੇ ਆ ਜਾਵੇਗੀ।
ਤਥਾਗਤ ਬੁੱਧ ਜੀ, ਭਗਵਾਨ ਵਾਲਮੀਕ ਜੀ, ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਤ੍ਰਿਲੋਚਨ ਜੀ, ਸਤਿਗੁਰੂ ਕਬੀਰ ਜੀ, ਜਗਤਗੁਰੂ ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਨਾਨਕ ਦੇਵ ਜੀ ਤੇ ਬਾਕੀ ਸਾਰੇ ਗੁਰੂਆਂ ਦੀ ਸੋਚ 'ਤੇ ਪਹਿਰਾ ਦੇਣ ਲਈ 'ਗੁਰੂ ਰਵਿਦਾਸ ਟਾਈਮਜ਼' ਦਾ ਦੁਬਾਰਾ ਆਗਾਜ਼ ਕੀਤਾ ਗਿਆ ਹੈ। ਇਸ ਦੀ ਲੋੜ ਇਸ ਲਈ ਵੀ ਮਹਿਸੂਸ ਹੋਈ ਕਿਉਂਕਿ ਅੱਜ-ਕੱਲ੍ਹ ਦੇ ਅਖੌਤੀ ਸਾਧਾਂ ਦੇ ਦੁਆਲੇ ਘੁੰਮਦੇ ਦਾਇਰਿਆਂ 'ਚ ਬੰਦ ਅਖੌਤੀ ਲੇਖਕਾਂ ਦੀ ਤੰਗ ਸੋਚ ਤੋਂ ਆਉਣ ਵਾਲੀ ਪੀੜ੍ਹੀ ਨੂੰ ਮੁਕਤ ਕਰਵਾਇਆ ਜਾ ਸਕੇ। ਅੱਜ ਭਾਰਤੀ ਸਮਾਜ ਵਿਚ ਆ ਚੁੱਕੀ ਵਿਵੇਕ ਦੀ ਗਿਰਾਵਟ ਲਈ ਤੰਗ ਦਾਇਰਿਆਂ ਵਾਲੇ ਇਹੋ ਲੋਕ ਹੀ ਜ਼ਿੰਮੇਵਾਰ ਹਨ।ਜੋ ਧਾਰਮਕ, ਸਮਾਜਕ ਤੇ ਰੂਹਾਨੀ ਕੱਟੜਤਾ ਖਲੇਰੇਦੇ ਕਿਸੇ ਨਾ ਕਿਸੇ ਇਲਾਕੇ ਵਿਚ ਨਜ਼ਰੀਂ ਜ਼ਰੂਰ ਪੈ ਜਾਂਦੇ ਹਨ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਸਦਕਾ ਸਾਡਾ ਸਮਾਜ ਕਾਫੀ ਪੜ੍ਹ-ਲਿਖ ਗਿਆ ਹੈ ਫਿਰ ਵੀ ਪਤਾ ਨਹੀਂ ਕਿਉਂ ਸਮਾਜ ਵਿਚ ਉਸਾਰੂ ਸੋਚ ਪਨਪਣ ਦਾ ਨਾਂ ਨਹੀਂ ਲੈ ਰਹੀ। ਜਨਤਾ ਜਾਂ ਤਾਂ  ਭੁੱਖੀ ਮਰ ਰਹੀ ਹੈ ਜਾਂ ਫਿਰ ਇਕ ਦੂਸਰੇ ਨਾਲ ਲੜ-ਝਗੜ ਕੇ ਮਰਨ ਨੂੰ ਤਿਆਰ ਹੈ । ਸਾਡੇ ਮਹਾਨ ਗੁਰੂਆਂ ਨੇ ਲੋਕਾਈ ਦੇ ਜ਼ਖ਼ਮਾਂ ਨੂੰ  ਭਰਨ ਲਈ ਆਪ  ਉਦਾਹਰਣ  ਬਣ ਕੇ ਮਲ੍ਹਮ-ਪੱਟੀ ਕੀਤੀ ਸੀ ਅਤੇ ਆਪਣੀ ਪਾਵਨ ਬਾਣੀ ਵਿਚ ਇਤਿਹਾਸ  ਦੀਆਂ  ਉਦਾਹਰਨਾਂ  ਦੇ  ਕੇ  ਇਤਿਹਾਸ ਤੋਂ  ਸਿੱਖਣ ਲਈ  ਪ੍ਰੇਰਿਆ ਸੀ ਨਾ ਕਿ ਇਤਿਹਾਸ ਨੂੰ ਵਾਰ-ਵਾਰ ਦੁਹਰਾਉਣ ਲਈ ਫ਼ਰਮਾਇਆ ਪਰ ਅੱਜ-ਕੱਲ੍ਹ ਇਸਦੇ ਉਲਟ ਸਮਾਜ ਦੇ ਜ਼ਖ਼ਮਾਂ ਨੂੰ ਭਰਨ ਦੇ ਬਜਾਏ ਆਪਣੇ ਨਿੱਜੀ ਮੁਫ਼ਾਦ ਲਈ ਜਾਣ-ਬੁਝ ਕੇ ਹਰਿਆ-ਭਰਿਆ ਰੱਖਿਆ ਜਾ ਰਿਹਾ ਹੈ ਅਤੇ ਉਸ ਨੂੰ ਬਾਰ ਬਾਰ ਖੁਰੇਦਿਆ ਜਾ ਰਿਹਾ ਹੈ।
ਵਿਸ਼ਵ ਪ੍ਰਸਿੱਧ ਦਲਿਤ ਵਿਦਵਾਨ ਵੀ. ਟੀ. ਰਾਜਸ਼ੇਖਰ ਤਾਂ ਇੱਥੋਂ ਤੱਕ ਲਿਖਦਾ ਹੈ "Without stopping frauds in religious centres, corruption in political * govt. sectors cant end". ਅਜਿਹੇ ਮਾਹੌਲ ਵਿਚ ਇਹ ਸਭ ਕੁਝ ਸੋਚਣਾ ਬਣਦਾ ਹੈ ਕਿ ਕਿਸ ਤਰ੍ਹਾਂ ਦੇਸ਼ ਦਾ ਭਲਾ ਹੋ ਸਕੇਗਾ ਜਿੱਥੇ ਹਰੇਕ ਕਿਲੋ-ਮੀਟਰ 'ਤੇ ਧਰਮ ਦੇ ਨਾਂ 'ਤੇ ਵਪਾਰ ਹੋ ਰਿਹਾ ਹੈ, ਵੈਸੇ ਵੀ ਇਹ ਗੱਲ ਕਿਸੇ ਤੋਂ ਹੁਣ ਛੁਪੀ ਨਹੀਂ ਕਿ ਭਾਰਤ ਵਿਚ ਅਖੌਤੀ ਧਾਰਮਿਕ ਇਦਾਰੇ ਇਕ ਲਾਭ ਵਾਲਾ ਬਿਜਨੈੱਸ ਹਨ।
ਸਮਾਜ ਭਾਵੇਂ ਆਰਥਿਕ ਪੱਖੋਂ ਜਰੂਰ ਮਜ਼ਬੂਤ ਹੋ ਰਿਹਾ ਹੈ, ਮਹਿਲਾਂ ਵਰਗੀਆਂ ਕੋਠੀਆਂ ਖੜ੍ਹੀਆਂ ਹੋ ਰਹੀਆਂ ਹਨ ਪਰ ਇਸਦੇ ਨਾਲ ਨਾਲ ਹੀ ਸਾਡੀ ਇਕ ਦੂਜੇ ਪ੍ਰਤੀ ਨਫ਼ਰਤ ਘਟਣ ਦੀ ਬਜਾਏ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਆਏ ਦਿਨ ਸਾਡੇ ਮਹਾਨ ਗੁਰੂਆਂ ਦੀ ਵਿਚਾਰਧਾਰਾ ਤੋਂ ਉਲਟ ਸੌੜੀ ਸੋਚ ਰੱਖਣ ਵਾਲਿਆਂ ਨੇ Money * Man Power  ਨਾਲ ਜਾਤੀ ਭੇਦ-ਭਾਵ ਦੇ ਅਧੀਨ ਗੁਰੂਆਂ ਨੂੰ ਵੀ ਜ਼ਾਤ-ਬਰਾਦਰੀ ਦੇ ਆਧਾਰ 'ਤੇ ਵੰਡ ਕੇ ਅਲੱਗ ਅਲੱਗ ਧਰਮਾਂ ਦਾ ਠੱਪਾ ਲਾ ਦਿੱਤਾ ਹੈ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਕਿਹਾ ਸੀ ਕਿ ''ਧਰਮ ਕੋਈ ਬੱਚਿਆਂ ਦਾ ਖੇਡ ਨਹੀਂ ਨਾ ਹੀ ਕੋਈ ਮੌਜ ਮਸਤੀ ਜਾਂ ਮਨੋਰੰਜਨ ਦਾ ਵਿਸ਼ਾ ਹੈ। ਇਹ ਤਾਂ ਸਾਰੇ ਦਲਿਤ ਸਮਾਜ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ। ਜਿਵੇਂ ਇਕ ਕੈਪਟਨ ਨੂੰ ਆਪਣਾ ਜਹਾਜ਼ ਇਕ ਬੰਦਰਗਾਹ ਤੋਂ ਦੂਜੀ ਬੰਦਰਗਾਹ ਤੇ ਲਿਜਾਣ ਲਈ ਪੂਰੀ ਪੂਰੀ ਤਿਆਰੀ ਕਰਨੀ ਪੈਂਦੀ ਹੈ ਉਸ ਤਰ੍ਹਾਂ ਦੀ ਤਿਆਰੀ ਧਰਮ ਪਰਿਵਰਤਨ ਲਈ ਕਰਨੀ ਪਵੇਗੀ।'' ਪਰ ਸਾਨੂੰ ਗੰਵਾਰਾਂ ਵਾਂਗ ਸਵੇਰੇ ਸੁੱਤੇ ਉਠਦਿਆਂ ਨੂੰ ਨਵੀਂ ਤੋਂ ਨਵੀਂ ਧਾਰਮਿਕ ਪਹਿਚਾਣ ਦੇ ਦਿੱਤੀ ਜਾਂਦੀ ਹੈ ਕਿ ਲਓ ਬਈ ਹੁਣ ਤੁਹਾਡਾ ਧਰਮ ਇਹ ਆ ਹੁਣ ਉਹ ਆ! ਅਖੀਰ ਸਾਡਾ ਓਹੀ ਘਿਸਿਆ-ਪਿਟਿਆ ਸਾਰ, ਓਹੀ ਨਰਕ-ਸੁਰਗ, ਓਹੀ ਕਰਮ-ਕਾਂਡ, ਕੋਈ ਵਿਗਿਆਨਕ ਸੋਚ ਨਹੀਂ, ਕੋਈ ਸੁਚੱਜੀ ਵਿਚਾਰਧਾਰਾ ਨਹੀਂ, ਓਹੀ ਅਗਲੇ-ਪਿਛਲੇ ਜਨਮਾਂ ਦੇ ਕਰਮਾਂ ਦਾ ਘੁੱਪ ਹਨੇਰ!  ਇਸੇ ਲਈ ਇਹ ਬੁੱਧੀਜੀਵੀਆਂ ਨੂੰ ਆਪਣੇ ਨਾਲ ਨਹੀਂ ਰਲਾ ਪਾਉਂਦੇ ਜਿਨ੍ਹਾਂ ਨੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਹੈ।
6000
ਜਾਤਾਂ ਵਿਚ ਵੰਡੇ ਦਲਿਤ ਸਮਾਜ ਨੂੰ ਇਕੱਠਾ ਕਰਨਾ ਹੀ ਨਹੀਂ ਬਲਕਿ ਕੁਲ ਲੋਕਾਈ ਨੂੰ ਇਕ ਲੜੀ ਵਿਚ ਪ੍ਰੋਣਾ ਅਤੇ ਸੁੰਦਰ ਹਾਰ ਦੇ ਰੂਪ ਵਿਚ ਦੇਖਣ ਦਾ ਸੁਪਨਾ ਸੀ ਸਾਡੇ ਮਹਾਨ ਰਹਿਬਰ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ! ਉਨ੍ਹਾਂ ਦੇ ਬੇਗ਼ਮਪੁਰੇ ਵਿਚ ਸਭ ਲਈ ਜਗ੍ਹਾ ਹੈ, ਉਨ੍ਹਾਂ ਦੇ ਸ਼ਿਸ਼ਾਂ ਵਿਚ ਸਾਰੀਆਂ ਜ਼ਾਤਾਂ ਅਤੇ ਬਰਾਦਰੀਆਂ ਦੇ ਲੋਕਾਂ ਦੀ ਗਿਣਤੀ ਸੀ ਸਗੋਂ ਉੱਚ ਜਾਤੀਏ ਮੋਹਰੀ ਸਨ। ਅਸੀਂ ਅੱਜ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇਣ ਵਾਲੇ ਕਿੱਥੇ ਖੜ੍ਹੇ ਹਾਂ? ਕਿੱਧਰ ਨੂੰ ਜਾ ਰਹੇ ਹਾਂ?
ਭਾਵੇਂ ਅਫ਼ਸਰਸ਼ਾਹੀ ਦੇ ਘੇਰੇ ਵਿਚ ਆਏ ਸ਼ੂਦਰ/ਦਲਿਤ ਜਾਤੀਆਂ ਦੇ ਲੋਕਾਂ ਨੇ ਕਾਫੀ ਧਨ-ਦੌਲਤ ਕਮਾ ਲਿਆ ਹੈ ਪਰ ਇਨ੍ਹਾਂ ਦੀ ਬੌਧਿਕਤਾ ਪਤਨ ਵੱਲ ਹੀ ਜਾ ਰਹੀ ਹੈ, ਜਿਸ ਦੇ ਕਾਰਨ ਵੱਸ ਵਿਹਲੜਾਂ ਦਾ ਇਕੱਠ ਡੇਰਿਆਂ ਦੇ ਰੂਪ ਵਿਚ ਮਜ਼ਬੂਤ ਹੋ ਰਿਹਾ ਹੈ ਅਤੇ ਲੇਖਕਾਂ ਨੂੰ ਆਪਣੀ ਆਰਥਿਕਤਾ ਸੁਧਾਰਨ ਲਈ ਇਨ੍ਹਾਂ ਅਖੌਤੀ ਸਾਧਾਂ ਅੱਗੇ ਗਾਹੇ-ਬਿਗਾਹੇ ਝੁਕਣਾ ਪੈਂਦਾ ਹੈ ਅਤੇ ਇਨ੍ਹਾਂ ਵਲੋਂ ਆਪਣੀ ਕਲਮ ਨੂੰ ਵੀ ਵੇਚਣ ਵਿਚ ਸੰਕੋਚ ਨਹੀਂ ਕੀਤਾ ਜਾਂਦਾ। ਇਹ ਸਭ ਕੁਝ ਸਮਾਜ ਵਿਚ ਬੌਧਿਕਤਾ ਦੀ ਘਾਟ ਕਾਰਨ ਵਾਪਰ ਰਿਹਾ ਹੈ। ਇਹੋ ਜਿਹੇ ਮਾਹੌਲ ਅੰਦਰ ਮੈਂ ਪ੍ਰਣ ਕਰਦਾ ਹਾਂ ਕਿ ''ਗੁਰੂ ਰਵਿਦਾਸ ਟਾਈਮਜ਼'' ਸਮੇਂ ਦੀ ਨਜ਼ਾਕਤ ਨੂੰ ਸਮਝਦਾ ਹੋਇਆ ਸਮਾਜ ਦੇ ਸਾਰੇ ਸਰੋਕਾਰਾਂ ਨੂੰ ਨਾਲ ਲੈ ਕੇ ਚੱਲੇਗਾ, ਬਾਵਜੂਦ ਇਸਦੇ ਕਿ ਇਹ ਪਰਚਾ ਗ਼ਲਤ ਹੱਥਾਂ ਦਾ ਹੱਥ-ਠੋਕਾ ਬਣਕੇ ਰਹਿ ਜਾਵੇ । ''ਗੁਰੂ ਰਵਿਦਾਸ ਟਾਈਮਜ਼'' ਦੀ ਪੂਰੀ ਟੀਮ ਗੁਰੂ ਰਵਿਦਾਸ ਜੀ ਦੀ ਰਲ-ਮਿਲ ਕੇ ਚੱਲਣ ਵਾਲੀ ਬੇਗ਼ਮਪੁਰੇ ਦੀ ਵਿਚਾਰਧਾਰਾ ਨੂੰ ਫੈਲਾਉਣ ਦਾ ਪੂਰਾ ਯਤਨ ਕਰੇਗੀ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ 'ਜਾਤ ਤੋੜੋ ਸਮਾਜ ਜੋੜੋ' ਦੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ।
ਮੈਂ ਆਪਣੇ ਸਾਰੇ ਯਾਰਾਂ-ਦੋਸਤਾਂ ਤੇ ਦੋਖੀਆਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਕਰਕੇ ਮੈਂ ਇਹ ਪਰਚਾ ਦੋਬਾਰਾ ਸ਼ੁਰੂ ਕਰਨ ਲਈ ਮਜ਼ਬੂਤ ਹੋ ਸਕਿਆ ਹਾਂ ਅਤੇ ਆਪਣੀ ਲੇਖਣੀ ਵਿਚ ਪ੍ਰਪੱਕਤਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਆਸ ਕਰਦਾ ਹਾਂ ਕਿ ਸੁਚੇਤ ਪਾਠਕ ਮੈਨੂੰ ਆਪਣੀ ਉਂਗਲ ਪਕੜਾ ਕੇ ਲਿਖਣ ਲਈ ਅੱਗੇ ਤੋਂ ਅੱਗੇ ਤੋਰੀ ਰੱਖਣਗੇ।