UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

          

ਨਾਮਦਾਨ ਦੀ ਰਚਨਾ ਮੂਲ-ਨਿਵਾਸੀ (ਅਛੂਤ) ਰਹਿਬਰਾਂ ਨੇ ਕੀਤੀ

ਪਰ ਵਿਚਾਰਧਾਰਾ ਨੂੰ ਅਣਦੇਖਿਆ ਕਰਕੇ ਡੇਰੇ ਖੱਟ ਰਹੇ ਨੇ ਮੁਨਾਫਾ

ਵਿਜੈ ਕੁਮਾਰ ਹਜਾਰਾ

ਭਾਰਤ ਵਿਚ ਦਲਿਤ ਸਮਾਜ ਦਾ ਉਜਵਲ ਭਵਿੱਖ ਕਿਉਂ ਨਹੀਂ ਹੋ ਰਿਹਾ, ਇਸ ਦੀਆਂ ਕੁਝ ਕੁ ਉਦਾਹਰਣਾਂ ਅਤੇ ਸੰਖੇਪ ਜਿਹਾ ਵਰਣਨ ਇਸ ਲੇਖ ਵਿਚ ਅਸੀਂ ਕਰਨ ਜਾ ਰਹੇ ਹਾਂ। ਜਿਵੇਂ ਕਿ ਗੁਰੂ ਰਵਿਦਾਸ ਜੀ ਨੇ ਫ਼ਰਮਾਇਆ ਹੈ- ਉਪਜਿਓ ਗਿਆਨ ਹੂਆ ਪਰਗਾਸ।।  (ਭਾਵ ਗਿਆਨ ਨਾਲ ਹੀ ਪ੍ਰਕਾਸ਼ ਪੈਦਾ ਹੁੰਦਾ ਹੈ, ਬਿਨਾਂ ਗਿਆਨ ਤੋਂ ਸਾਰੀ ਜਿੰਦਗੀ ਬੰਦਾ ਹਨੇਰੇ ਵਿਚ ਹੀ ਟੱਕਰਾਂ ਮਾਰਦਾ ਰਹਿੰਦਾ ਹੈ।) ਅਤੇ- ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ।। (ਭਾਵ- ਹੇ ਪਰਮਾਤਮਾ ਮੇਹਰ ਕਰ ਅਸੀਂ ਸਤਸੰਗ ਭਾਵ ਸਚਾਈ ਦੇ ਸੰਗ ਜਾਂ ਸੱਚ ਦੀ ਵਿਚਾਰਧਾਰਾ ਨਾਲ ਮਧੂ ਦੀ ਮੱਖੀਆਂ ਵਾਂਗ ਜੁੜੇ ਰਹੀਏ ਜਿਵੇਂ ਮਧੂ ਦੀਆਂ ਮੱਖੀਆਂ ਸ਼ਹਿਦ ਦੇ ਛੱਤੇ ਵਿਚ ਇਕੱਠੀਆਂ ਰਹਿੰਦੀਆਂ ਹਨ ਅਤੇ ਸ਼ਹਿਦ ਦਾ ਆਨੰਦ ਲੈਂਦੀਆਂ ਹਨ ਇਵੇਂ ਹੀ ਅਸੀਂ ਸਤਿ (ਸੱਚ) ਨਾਲ ਜੁੜੇ ਰਹੀਏ) ਇਹੋ ਹੀ ਗੱਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਅਤੇ ਹੋਰ ਸਮਾਜ ਸੁਧਾਰਕਾਂ ਨੇ ਵੀ ਕਹੀ ਹੈ- ਪੜੋ ਲਿਖੋ (ਗਿਆਨਵਾਨ ਬਣੋ), ਸੰਗਠਿਤ ਹੋਵੇ (ਜੈਸੇ ਮਧੁਪ ਮਖੀਰਾ), ਸੰਘਰਸ਼ ਕਰੋ। ਪਰ ਸਾਡੇ ਲੋਕ ਆਪਣੇ ਹੀ ਦਲਿਤ ਰਹਿਬਰਾਂ ਦੀ ਉਮੀਦ ਤੇ ਖਰੇ ਨਹੀਂ ਉੱਤਰੇ। ਗੁਰੂ ਰਵਿਦਾਸ ਜੀ ਦੇ ਵਾਕ- ਮਾਧੋ ਅਬਿਦਿਆ ਹੀਤ ਕੀਨ।। ਬਿਬੇਕ ਦੀਪ ਮਲੀਨ।। ਅਨੁਸਾਰ ਅਸੀਂ ਅਜੇ ਵੀ ਅਵਿੱਦਿਆ ਵਿਚ ਫਸ ਕੇ ਆਪਣੀ ਵਿਵੇਕ ਬੁੱਧੀ ਮਲੀਨ ਕਰ ਰੱਖੀ ਹੈ। ਜੇਕਰ ਅਸੀਂ ਗਹੁ ਨਾਲ ਵੇਖੀਏ ਪਹਿਲੀ ਗੱਲ ਤਾਂ ਇਹੀ ਹੈ ਕਿ ਸਾਡੇ ਲੋਕ ਪੜ੍ਹਨ-ਲਿਖਣ ਵਿਚ ਹੀ ਨਾਕਾਮਯਾਬ ਹੋ ਚੁੱਕੇ ਹਨ। ਇਹ ਪੜ੍ਹ-ਲਿਖ ਹੀ ਨਹੀਂ ਸਕੇ ਜਾਂ ਦਲਿਤਾਂ ਲਈ ਮੌਕੇ ਦੀਆਂ ਸਰਕਾਰਾਂ ਨੇ ਪੜ੍ਹਨ ਲਿਖਣ ਦੇ ਮੌਕੇ ਹੀ ਮੁਹੱਈਆ ਨਹੀਂ ਕਰਵਾਏ। ਜੋ ਥੋੜ੍ਹੇ-ਬਹੁਤ ਪੜ੍ਹ-ਲਿਖ ਗਏ ਹਨ ਉਹ ਸੰਗਠਿਤ ਹੀ ਨਹੀਂ ਹੋਏ ਸੰਘਰਸ਼ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਦਲਿਤਾਂ ਦੇ ਸੰਗਠਤ ਨਾ ਹੋਣ ਦਾ ਇਕ ਕਾਰਨ ਤਾਂ ਆਪਣੇ ਰਹਿਬਰਾਂ ਦੀ ਵਿਚਾਰਧਾਰਾ ਨਾਲੋਂ ਟੁੱਟਣਾ ਅਤੇ ਦੂਜਾ ਕਾਰਨ ਇਨ੍ਹਾਂ ਦੇ ਆਪਣੇ ਅੰਦਰਲੀ ਹੀਣ ਭਾਵਨਾ ਹੈ। ਚਾਹੀਦਾ ਤਾਂ ਇਂਞ ਸੀ ਕਿ ਦਲਿਤ ਸਮਾਜ ਦਾ ਬੰਦਾ ਜਿੱਥੇ-ਜਿੱਥੇ ਵੀ ਦਲਿਤ ਆਗੂਆਂ ਦੁਆਰਾ ਦਿੱਤੀਆਂ ਕੁਰਬਾਨੀਆਂ ਦਾ ਫਾਇਦਾ ਉਠਾ ਰਿਹਾ ਹੈ ਜਿਵੇਂ ਨੌਕਰੀ ਦੇ ਰੂਪ ਵਿਚ ਜਾਂ ਹੋਰ ਕਿਸੇ ਆਦਾਰੇ ਵਿਚ ਉਹ ਉੱਥੇ ਹੀ ਦਲਿਤ ਸਮਾਜ ਦੇ ਲੋਕਾਂ ਨੂੰ ਸੰਗਠਤ ਕਰਕੇ ਦੂਜਿਆਂ ਨੂੰ ਵੀ ਜਾਗ੍ਰਿਤ ਕਰਦਾ ਪਰ ਇੰਞ ਨਹੀਂ ਹੋ ਸਕਿਆ। ਅਜਿਹਾ ਇਸ ਲਈ ਨਹੀਂ ਹੋ ਸਕਿਆ ਕਿਉਂ ਮੂਲਨਿਵਾਸੀ ਸ਼ੂਦਰ ਜਾਂ ਅਛੂਤ ਸਮਾਜ ਆਪਣੇ ਹੀ ਰਹਿਬਰਾਂ ਦੀ ਵਿਚਾਰਧਾਰਾ ਨੂੰ ਭੁੱਲ ਚੁੱਕਾ ਹੈ।

          ਪੜ੍ਹਨ-ਲਿਖਣ ਦਾ ਮੱਤਲਵ ਕੇਵਲ ਇਹ ਨਹੀਂ ਹੁੰਦਾ ਕਿ ਤੁਸੀਂ ਸਿਰਫ ਨੌਕਰੀ ਲਈ ਹੀ ਪੜ੍ਹਦੇ ਰਹੋ ਅਤੇ ਕਿਤਾਬੀ ਪੜ੍ਹਾਈ ਤੱਕ ਹੀ ਸੀਮਤ ਰਹੋ। ਇਸ ਤਰ੍ਹਾਂ ਤਾਂ ਕੋਈ ਵੀ ਤੁਹਾਨੂੰ ਮਾਨਸਿਕ ਤੌਰ ਤੇ ਗੁਲਾਮ ਬਣਾ ਸਕਦਾ ਹੈ ਅਤੇ ਤੁਹਾਨੂੰ ਉਮਰ ਭਰ ਪਤਾ ਵੀ ਨਹੀਂ ਚੱਲੇਗਾ। ਇਸੇ ਪ੍ਰਕਾਰ ਸੰਗਠਿਤ ਹੋਣ ਦਾ ਮੱਤਲਵ ਵੀ ਇਹ ਨਹੀਂ ਹੁੰਦਾ ਕਿ ਤੁਸੀਂ ਭੇਡ-ਬੱਕਰੀਆਂ ਦੀ ਤਰ੍ਹਾਂ ਇਕੱਠੇ ਹੋ ਕੇ ਬ੍ਰਾਹਮਣਵਾਦੀ ਕਰਮਕਾਂਢ ਵਿਚ ਮਸਤ ਰਹੋ ਅਤੇ ਆਪਣਾ ਕੀਮਤੀ ਸਮਾਂ ਤੇ ਸਰਮਾਇਆ ਬਰਬਾਦ ਕਰੀ ਜਾਵੋ। ਠੀਕ ਇਸੇ ਤਰ੍ਹਾਂ ਹੀ ਸੰਘਰਸ਼ ਕਰਨ ਦਾ ਮੱਤਲਵ ਕੇਵਲ ਇਹ ਨਹੀਂ ਹੁੰਦਾ ਕਿ ਤੁਸੀਂ ਦਿਨ-ਰਾਤ ਪੈਸਿਆਂ ਲਈ ਟੁੱਟ-ਟੁੱਟ ਕੇ ਮਰਦੇ ਰਹੋ ਤੇ ਪੈਸੇ ਕਮਾਉਂਦੇ-ਕਮਾਉਂਦੇ ਮਰ ਜਾਵੋ ਜਾਂ ਬ੍ਰਾਹਮਣਵਾਦੀ ਸੋਚ ਰੱਖਦੇ ਹੋਏ ਬ੍ਰਾਹਮਣਵਾਦੀਆਂ ਦੇ ਮੁਨਾਫੇ ਲਈ ਸੰਘਰਸ਼ ਕਰੀ ਜਾਵੋ ਸੰਘਰਸ਼ ਕਰਨ ਦਾ ਮੱਤਲਵ ਹੈ ਆਪਣੇ ਅਸਲ ਨੂੰ ਪਹਿਚਾਨਣਾ, ਸੱਚ ਨੂੰ ਜਾਨਣਾ ਅਤੇ ਸਮਾਜ ਲਈ ਕੁਝ ਕਰਨਾ, ਸਮਾਜ ਨੂੰ ਕੁਝ ਦੇ ਕੇ ਜਾਣਾ। ਅਸੀਂ ਲੋਕ ਆਪਣਾ ਟੱਬਰ ਪਾਲਣ ਤੱਕ ਹੀ ਸੀਮਤ ਰਹੇ।

ਜਿਹੜੇ ਦਲਿਤ ਪੜ੍ਹ ਲਿਖ ਗਏ ਹਨ ਉਹ ਤਾਂ ਸ਼ਹਿਰਾਂ ਤੇ ਕਲੌਨੀਆਂ ਵਿਚ ਜਾ ਬਸੇ, ਉਨ੍ਹਾਂ ਨੇ ਆਪਣੇ ਆਪ ਨੂੰ ਸਮਾਜ ਨਾਲੋਂ ਤੋੜ ਲਿਆ। ਜਿਨ੍ਹਾਂ ਗਰੀਬ ਦਲਿਤਾਂ ਨੂੰ ਪੜ੍ਹਨ ਲਿਖਣ ਦੇ ਮੌਕੇ ਨਹੀਂ ਮਿਲੇ ਉਹ ਪਿੰਡਾਂ ਜਾਂ ਗਰੀਬ ਬਸਤੀਆਂ ਵਿਚ ਉਸੇ ਤਰ੍ਹਾਂ ਤੰਗੀਆਂ-ਤਰੁਛੀਆਂ ਵਿਚ ਰਹਿ ਰਹੇ ਹਨ, ਉਹ ਵੈਸੇ ਹੀ ਆਰਥਿਕ ਤੌਰ ਤੇ ਉਭਰਨ ਦੇ ਲਾਇਕ ਨਹੀਂ ਹਨ ਕਿ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਅਤੇ ਸਾਧਨ ਮੁਹੱਇਆ ਕਰਵਾ ਸਕਣ। ਉਨ੍ਹਾਂ ਨੇ ਆਪਣੀ ਗਰੀਬੀ ਨੂੰ ਰੱਬ ਦਾ ਭਾਣਾ ਸਮਝ ਲਿਆ ਹੈ। ਪਰ ਦਲਿਤ ਨੂੰ ਨਹੀਂ ਪਤਾ ਕਿ ਜਿਹੜੇ ਰੱਬ ਦੇ ਭਾਣੇ ਨੂੰ ਉਹ ਮੰਨੀ ਬੈਠਾ ਹੈ ਉਹ ਰੱਬ ਉਸਦਾ ਰੱਬ ਨਹੀਂ ਹੈ ਉਹ ਤਾਂ ਬ੍ਰਾਹਮਣਵਾਦ ਦਾ ਰੱਬ ਹੈ। ਇਹ ਉਹ ਰੱਬ ਹੈ ਜੋ ਬ੍ਰਾਹਮਣਵਾਦ ਨੂੰ ਬੜਾਵਾ ਦਿੰਦਾ ਹੈ ਅਤੇ ਦਲਿਤ ਗੁਰੂਆਂ ਦੀ ਵਿਚਾਰਧਾਰਾ ਨੂੰ ਮਾਰਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਜਦੋਂ ਦਲਿਤ ਨੂੰ ਇਸ ਗੱਲ ਦੀ ਸੋਝੀ ਆ ਜਾਵੇਗੀ ਤਾਂ ਉਹ ਆਪਣੇ ਆਪ ਇਸ ਬ੍ਰਾਹਮਣਵਾਦੀ ਰੱਬ ਦੇ ਖਿਲਾਫ ਬਗਾਵਤ ਕਰ ਦੇਣਗੇ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਉੱਜਵਲ ਭਵਿੱਖ ਸੰਵਾਰਨਗੇ। ਭਾਵੇਂ ਕਿ ਸਾਡਾ ਸਮਾਜ ਅਛੂਤ ਸਮਾਜ ਵਿਚ ਪੈਦਾ ਹੋਏ ਗੁਰੂਆਂ ਜਿਵੇਂ ਕਿ ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਕਬੀਰ ਜੀ, ਸਤਿਗੁਰੂ ਸਧਨਾ ਜੀ, ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਸੈਣ ਜੀ ਨੂੰ ਸਮਝ ਨਹੀਂ ਸਕਿਆ ਭਾਰਤ ਵਿਚ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਅਸੀਂ ਆਪਣੇ ਦਲਿਤ ਗੁਰੂਆਂ ਦੀ ਵਿਚਾਰਧਾਰਾ ਨੂੰ ਚੰਗੀ ਤਰ੍ਹਾਂ ਸਮਝ ਕੇ ਅੱਗੇ ਤੁਰਨਾ ਹੈ। ਪਰ ਸੁੱਖ ਸਹੂਲਤਾਂ ਵਿਚ ਗਲਤਾਨ ਦਲਿਤ ਪਰਿਵਾਰ ਉਨ੍ਹਾਂ ਰਹਿਬਰਾਂ ਦੇ ਉਪਦੇਸ਼ਾਂ ਨੂੰ ਭੁੱਲ ਗਏ ਹਨ ਜਿਨ੍ਹਾਂ ਨੇ ਬ੍ਰਾਹਮਣਵਾਦੀ ਸੋਚ ਦਾ ਭਾਰਤ ਵਿਚੋਂ ਪੂਰੀ ਤਰ੍ਹਾਂ ਸਫਾਇਆ ਕਰਨਾ ਚਾਹਿਆ ਸੀ ਪਰ ਅਸੀਂ ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਬ੍ਰਾਹਮਣਵਾਦ ਨੂੰ ਤਿਆਗਣ ਤੋਂ ਡਰੀ ਜਾ ਰਹੇ ਹਾਂ ਅਤੇ ਭਾਰਤ ਨੂੰ ਹਿੰਦੂਤਵ ਦਰਸਾਉਣ ਲਈ ਆਪਣੇ ਹੀ ਗੁਰੂਆਂ ਦਾ ਬ੍ਰਾਹਮਣੀਕਰਣ ਕਰਨ ਲੱਗੇ ਹੋਏ ਹਾਂ। ਗੁਰੂ ਵੀ ਇਸ ਗੱਲ ਤੋਂ ਅੰਞਾਣ ਨਹੀਂ ਸਨ ਇਸ ਲਈ ਉਨ੍ਹਾਂ ਨੇ ਬ੍ਰਾਹਮਣਵਾਦ ਦੀ ਰੱਜ ਕੇ ਨਿਖੇਧੀ ਕੀਤੀ, ਜਿਵੇਂ ਕਿ ਸਤਿਗੁਰੂ ਨਾਮਦੇਵ ਜੀ ਨਿਖੇਧੀ ਕਰ ਰਹੇ ਹਨ

ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ।। ਰਹਾਉ।।

ਪਾਂਢੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ।।

ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ।। 1।।

ਪਾਂਢੇ ਤੁਮਰਾ ਮਹਾਦੇਉ ਧਉਲੇ ਬਲਦ ਚਿੜਆ ਆਵਤੁ ਦੇਖਿਆ ਥਾ।।

ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ।। 2 ।।

ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ।।

ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ।।

ਹਿੰਦੂ ਅੰਨਾ ਤੁਰਕੂ ਕਾਣਾ।। ਦੁਹਾਂ ਤੇ ਗਿਆਨੀ ਸਿਆਣਾ।।

ਹਿੰਦੂ ਪੂਜੇ ਦੇਹੁਰਾ ਮੁਸਲਮਾਣੁ ਮਸੀਤਿ।।

ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ।। 4 ।। 3 ।। 7 ।।        (ਰਾਗ ਬਿਲਾਵਲੁ ਗੋਂਡ, ਪੰਨਾ 875)

ਉਪਰੋਕਤ ਸ਼ਬਦ ਵਿਚ ਸਤਿਗੁਰੂ ਨਾਮਦੇਵ ਜੀ ਨੇ ਰੇ ਸ਼ਬਦ ਦੀ ਵਰਤੋਂ ਕੀਤੀ ਹੈ, ਦੇਖੋ- ਮੂਰਖ ਕੋ ਸਮਝਾਊ ਰੇ। ਬਾਣੀ ਵਿਚ "ਰੇ" ਸ਼ਬਦ ਬਹੁਤ ਹੀ ਤੁੱਛ ਵਿਅਕਤੀ ਲਈ ਵਰਤਿਆ ਗਿਆ ਹੈ। ਜਿਵੇਂ ਕਿ ਆਪਾਂ ਆਮ ਬੋਲ-ਚਾਲ ਵਿਚ ਵੀ ਕਿਸੇ ਨੂੰ ਗੁੱਸੇ ਵਿਚ ਜਾਂ ਬੇਇਜ਼ਤੀ ਭਰੇ ਲਹਿਜੇ ਨਾਲ ਬੁਲਾਉਣਾ ਹੋਵੇ ਤਾਂ "ਓਏ" ਜਾਂ "ਰੇ" ਦੀ ਵਰਤੋਂ ਕਰਦੇ ਹਾਂ। ਇਹੋ ਨਿਯਮ ਬਾਣੀ ਵਿਚ ਵੀ ਢੁੱਕਦਾ ਹੈ ਜਿਸਨੂੰ ਸਮਝ ਹੀ ਨਾ ਆਵੇ ਜਾਂ ਜੋ ਮੰਨਣਾ ਹੀ ਨਾ ਚਾਹੇ ਤਾਂ ਉਸਨੂੰ ਰੇ ਸ਼ਬਦ ਨਾਲ ਸੰਬੰਧੋਨ ਕੀਤਾ ਗਿਆ ਹੈ। ਜਿਵੇਂ ਕਿ ਇਥੇ ਸਤਿਗੁਰੂ ਨਾਮਦੇਵ ਜੀ ਪਾਂਡੇ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ ਰੇ ਪਾਂਡੇ, ਮੈਂ ਪਰਮਾਤਮਾ ਦੇ ਦਰਸ਼ਨ ਕਰ ਲਏ ਹਨ ਪਰ ਮੈਂ ਤੈਨੂੰ ਮੂਰਖ ਨੂੰ ਹੁਣ ਸਮਝਾਉਂਦਾ ਹੈ ਕਿ ਤੈਨੂੰ ਪਰਮਾਤਮਾ ਦੇ ਦਰਸ਼ਨ ਕਿਉਂ ਨਹੀਂ ਹੋਏ। ਇਸੇ ਪ੍ਰਕਾਰ ਹੀ ਗੁਰੂ ਰਵਿਦਾਸ ਜੀ ਦਾ ਵੀ ਇਕ ਸ਼ਬਦ ਹੈ ਜਿਸ ਵਿਚ ਉਨ੍ਹਾਂ ਨੇ ਰੇ ਸ਼ਬਦ ਦੀ ਵਰਤੋਂ ਕੀਤੀ ਹੈ। ਇਹ ਸ਼ਬਦ ਹੈ-

ਸੁਖ ਸਾਗਰ ਸੁਰਿਤਰੁ ਚਿੰਤਾਮਨਿ ਕਾਮਧੇਨ ਬਿਸ ਜਾ ਕੇ ਰੇ।।

ਗੁਰੂ ਰਵਿਦਾਸ ਜੀ ਦਾ ਇਹ ਸ਼ਬਦ ਰਾਗ ਮਾਰੂ ਵਿਚ ਉਚਾਰਣ ਕੀਤਾ ਹੋਇਆ ਹੈ। ਇਸੇ ਸ਼ਬਦ ਵਰਗਾ ਸ਼ਬਦ (ਮਾਮੂਲੀ ਅੰਤਰ ਨਾਲ) ਰਾਗ ਸੋਰਠਿ ਵਿਚ ਵੀ ਹੈ (ਜੋ ਅਸੀਂ ਪਿੱਛੇ ਪੜ੍ਹ ਚੁੱਕੇ ਹਾਂ) ਇਸ ਸ਼ਬਦ ਵਿਚ ਗੁਰੂ ਰਵਿਦਾਸ ਜੀ ਨੇ ਸੱਚੇ ਸੁੱਖ ਦਾ ਵਰਣਨ ਕੀਤਾ ਹੈ। ਜਿਹੜੇ ਲੋਕਾਂ ਨੂੰ ਫਜੂਲ ਗੱਲਾਂ ਰਾਹੀਂ ਸੁੱਖ-ਸਮਧਾ ਵਾਸੇਤ ਮਨਘੜਤ ਕਹਾਣੀਆਂ ਘੜਕੇ ਸੁਣਾਉਂਦੇ ਸਨ। ਉਨ੍ਹਾਂ ਦੀਆਂ ਸਾਰੀਆਂ ਕਥਾ ਕਹਾਣੀਆਂ ਦਾ ਖੰਡਨ ਕਰਦੇ ਹੋਏ ਗੁਰੂ ਜੀ ਫ਼ਰਮਾਉਂਦੇ ਹਨ ਕਿ (ਰੇ ਪੰਡਿਤ) ਹਿਰ ਪ੍ਰਭੂ ਹੀ ਸੁੱਖਾਂ ਦਾ ਸਮੁੰਦਰ ਹੈ।

ਹੁਣ ਇਹ ਗੱਲ ਸਮਝ ਆ ਗਈ ਹੈ ਕਿ ਇਸ ਤਰ੍ਹਾਂ ਦੇ ਸ਼ਬਦਾਂ ਦੀ ਜਰੂਰਤ ਉਨ੍ਹਾਂ ਲੋਕਾਂ ਲਈ ਪਈ ਹੈ ਜੋ ਗੁਰੂਆਂ ਦੀ ਵਿਚਾਰਧਾਰਾ ਨੂੰ ਸਮਝਣਾ ਹੀ ਨਹੀਂ ਚਾਹੁੰਦੇ ਸਨ। ਇਹੋ ਹੀ ਹਾਲ ਅੱਜ ਸਾਡੇ ਲੋਕਾਂ ਦਾ ਹੈ ਜੋ ਗੁਰੂਆਂ ਦੀ ਵਿਚਾਰਧਾਰਾ ਨੂੰ ਸਮਝਣਾ ਹੀ ਨਹੀਂ ਚਾਹੁੰਦੇ ਹਨ। ਇਸੇ ਲਈ ਅਸੀਂ ਅੱਜ ਦੇ ਯੁੱਗ ਵਿਚ ਵੀ ਬ੍ਰਾਹਮਣਵਾਦੀ ਲੋਕਾਂ ਨੂੰ "ਰੇ" ਕਹਿਣ ਦੀ ਹਿੰਮਤ ਨਹੀਂ ਰੱਖਦੇ। ਬਹੁਤੀ ਬਾਣੀ ਤਾਂ ਪੰਡਿਤ ਪ੍ਰੋਹਿਤਾਂ ਨੂੰ ਸਮਝਾਉਣ ਵਾਸਤੇ ਹੀ ਰਚੀ ਗਈ ਹੈ ਜੋ ਆਪਣੇ ਆਪ ਨੂੰ ਯੁੱਗਾਂ ਯੁਗਾਂ ਤੋਂ ਧਰਮ ਦੇ ਠੇਕੇਦਾਰ ਸਮਝਦੇ ਸਨ। ਇਸ ਲਈ ਯੂ-ਟਰਨ ਲੈਂਦੇ ਹੋਏ ਗੁਰੂਆਂ ਨੇ ਬਾਣੀ ਵਿਚ ਕਿਹਾ ਕਿ ਯੁੱਗਾਂ ਯੁੱਗਾਂ ਤੋਂ ਸੰਤ ਉੱਤਮ ਹੈ ਸੰਤ ਦੀ ਬਾਣੀ ਉੱਤਮ ਹੈ ਤੁਸੀਂ ਨਹੀਂ। ਹੋਰ ਉਦਾਹਰਣਾਂ ਦੇਖੋ-

ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ।।

ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ।। 1 ।।

ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ।। ਹਰਿ ਕਾ ਨਾਮੁ ਨਿਤ ਨਤਿਹ ਲੀਜੈ।।  (ਰਾਗ ਰਾਮਕਲੀ, ਪੰਨਾ 973)

          ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ।। ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ।। 1।।

          ਕਾਹੈ ਕਉ ਕੀਜੈ ਧਿਆਨੁ ਜਪੰਨਾ।। ਜਬ ਤੇ ਸੁਧੁ ਨਾਹੀ ਮਨੁ ਅਪਨਾ।।     (ਰਾਗ ਆਸਾ, ਪੰਨਾ 485)

          ਏਕੈ ਪਾਥਰ ਕੀਜੈ ਭਾਉ।। ਦੂਜੈ ਪਾਥਰ ਧਰੀਐ ਪਾਉ।।

          ਜੇ ਓਹੁ ਦੇਉ ਤ ਓਹੁ ਭੀ ਦੇਵਾ।। ਕਹਿ ਨਾਮਦੇਉ ਹਮ ਹਰਿ ਕੀ ਸੇਵਾ।।     (ਰਾਗ ਗੂਜਰੀ, ਪੰਨਾ 525)

ਸਿਵ ਸਵਿ ਕਰਤੇ ਜੋ ਨਰੁ ਧਿਆਵੈ(ਜੋ ਸ਼ਿਵ ਸ਼ਿਵ ਕਰਦਾ ਹੈ)]

ਬਰਦ ਚਢੇ ਡਉਰੂ ਢਮਕਾਵੈ(ਉਹ ਸ਼ਿਵ ਵਾਂਗ ਬਲਦ ਤੇ ਬੈਠ ਕੇ ਡਮਰੂ ਹੀ ਵਜਾਉਂਦਾ ਹੈ)]2]

ਮਹਾ ਮਾਈ ਕੀ ਪੂਜਾ ਕਰੈ(ਜੋ ਵੱਡੀ ਮਾਤਾ ਨੂੰ ਪੂਜਦਾ ਹੈ)]

ਨਰ ਸੈ ਨਾਰਿ ਹੋਇ ਅਉਤਰੈ(ਉਹ ਆਦਮੀ ਤੋਂ ਔਰਤ ਦੀ ਜੂਨੀ ਵਿਚ ਪੈਂਦਾ ਹੈ)]3]

ਤੂ ਕਹੀਅਤ ਹੀ ਆਦਿ ਭਵਾਨੀ(ਤੂੰ ਆਪਣੇ ਆਪ ਨੂੰ ਵੱਡੀ ਆਦ ਭਵਾਨੀ ਅਖਵਾਉਂਦੀ ਹੈਂ)]

ਮੁਕਤਿ ਕੀ ਬਰੀਆ ਕਹਾ ਛਪਾਨੀ (ਪਰ ਮੁਕਤੀ ਦੇਣ ਵੇਲੇ ਕਿੱਥੇ ਲੁਕੀ ਰਹਿੰਦੀ ਹੈਂ)]4] (ਰਾਗ ਗੋਂਡ, ਪੰਨਾ 874)

ਸਤਿਗੁਰੂ ਕਬੀਰ ਜੀ ਤਾਂ ਆਪਣੇ ਵਿਚਾਰਾਂ ਵਿਚ ਇਥੋਂ ਤੱਕ ਫ਼ਰਮਾਉਂਦੇ ਹਨ-

ਗਰਭ ਵਾਸ ਮਹਿ ਕੁਲੁ ਨਹੀ ਜਾਤੀ।। ਬ੍ਰਹਮ ਬਿੰਦੁ ਤੇ ਸਭ ਉਤਪਾਤੀ।। 1 ।।

ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ।। ਬਾਮਨ ਕਹਿ ਕਹਿ ਜਨਮੁ ਮਤ ਖੋਏ।। 1 ।।ਰਹਾਉ।।

ਜੌ ਤੂਂ ਬ੍ਰਾਹਮਣੁ ਬ੍ਰਹਮਣੀ ਜਾਇਆ।। ਤਉ ਆਨ ਬਾਟ ਕਾਹੇ ਨਹੀ ਆਇਆ।। 2 ।।

ਤੁਮ ਕਤ ਬ੍ਰਾਹਮਣ ਹਮ ਕਤ ਸੂਦ।। ਹਮ ਕਤ ਲੋਹੂ ਤੁਮ ਕਤ ਦੂਧ।। 3 ।। (ਰਾਗ ਗਉੜੀ, ਪੰਨਾ 324)

ਇਹ ਤੱਥ ਪ੍ਰਮਾਣਿਤ ਤੌਰ ਤੇ ਸਾਬਤ ਹੋ ਚੁੱਕਾ ਹੈ ਕਿ ਸਤੀ ਪ੍ਰਥਾ ਹਿੰਦੂਆਂ ਦੀ ਧਾਰਮਿਕ ਪ੍ਰਥਾ ਸੀ ਜਿਸ ਵਿਚ ਔਰਤ ਨੂੰ ਪਤੀ ਦੀ ਲਾਸ਼ ਨਾਲ ਜਿੰਦਾ ਜਲਾ ਦਿੱਤਾ ਜਾਂਦਾ ਸੀ ਅਤੇ ਢੋਲ-ਢਮੱਕੇ ਵਜਾ ਕੇ ਔਰਤ ਦੀਆਂ ਚੀਕਾਂ ਨੂੰ ਦਬਾਇਆ ਜਾਂਦਾ ਸੀ। ਸਤਿਗੁਰੂ ਕਬੀਰ ਜੀ ਸਤੀ ਪ੍ਰਥਾ ਦਾ ਇਲਜਾਮ ਸਿੱਧੇ ਤੌਰ ਤੇ ਪੰਡਤ ਪ੍ਰੋਹਿਤਾਂ ਨੂੰ ਦਿੰਦੇ ਹਨ–

ਬਨੁ ਸਤ ਸਤੀ ਹੋਇ ਕੈਸੇ ਨਾਰਿ।।

ਪੰਡਿਤ ਦੇਖਹੁ ਰਿਦੈ ਬੀਚਾਰਿ।। 1 ।। (ਰਾਗ ਗਉੜੀ, ਪੰਨਾ 328)

ਉਹ ਤਾਂ ਇਥੋਂ ਤੱਕ ਫਰਮਾਉਂਦੇ ਹਨ ਕਿ ਇਨ੍ਹਾਂ ਧਰਮ ਦੇ ਠੇਕੇਦਾਰਾਂ ਨੇ ਜੋ ਜੋ ਵੀ ਲਿਖਿਆ ਹੈ ਅਸੀਂ ਉਸ ਵਿਚੋਂ ਕੁਝ ਵੀ ਨਹੀਂ ਲਿਆ ਭਾਵ ਅਸੀਂ ਇਨ੍ਹਾਂ ਦਾ ਰਸਤਾ ਅਖਤਿਆਰ ਨਹੀਂ ਕੀਤਾ।

ਧਰਮ ਦੇ ਠੇਕੇਦਾਰ ਅੰਦਰੋਂ ਕਪਟੀ ਤੇ ਪਾਪੀ ਸਨ ਪਰ ਬਾਹਰੋਂ ਸੱਚੇ-ਸੁੱਚੇ ਹੋਣ ਦਾ ਵਿਖਾਵਾ ਕਰਦੇ ਸਨ ਇਸ ਲਈ ਉਨ੍ਹਾਂ ਨੇ ਇਸ ਸੁੱਚਮ ਦੀ ਜੜ੍ਹ ਹੀ ਪੁੱਟ ਦਿੱਤੀ-

ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੈ।।

ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ।। 1।।

ਕਹੁ ਪੰਡਿਤ ਸੂਚਾ ਕਵਨੁ ਠਾਉ।। ਜਹਾਂ ਬੈਸਿ ਹਉ ਭੋਜਨੁ ਖਾਉ।। 1 ।। ਰਹਾਉ।।

.......

ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ।। 4 ।। 1 ।। 7 ।। (ਰਾਗ ਬਸੰਤੁ ਹਿੰਡੋਲ, ਪੰਨਾ 1195)

ਪੰਡਿਤ ਮੁਲਾਂ ਜੋ ਲਿਖਿ ਦੀਆ।। ਛਾਡਿ ਚਲੇ ਹਮ ਕਛੂ ਨ ਲੀਆ।।  (ਰਾਗ ਭੈਰਉ, ਪੰਨਾ 1159)

ਗੁਰੂ ਨਾਨਕ ਸਾਹਿਬ ਵੀ ਸਤਿਗੁਰੂ ਕਬੀਰ ਜੀ ਦੀ ਗੱਲ ਨਾਲ ਹਾਮੀ ਭਰਦੇ ਹਨ-

ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ।।

ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ।।      (ਗੁਰੂ ਨਾਨਕ, ਪੰਨਾ 56)

ਲਖ ਸਾਸਤ ਸਮਝਾਵਣੀ ਲਖ ਪੰਡਿਤ ਪੜਹਿ ਪੁਰਾਣ।।

ਜਾਂਪਤਿ ਲੇਖੈ ਨਾ ਪਵੈ ਤਾਂ ਸਭੇ ਕੁਪਰਵਾਣ।।            (ਗੁਰੂ ਨਾਨਕ, ਪੰਨਾ 358)

ਬ੍ਰਹਮਾ ਬਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ।। (ਗੁਰੂ ਨਾਨਕ, ਪੰਨਾ 992)

ਪਾਠਕ ਹੁਣ ਖੁਦ ਦੇਖ ਲੈਣ ਕਿ ਕਿੰਨੇ ਪੱਛੜੇ ਸਮੇਂ ਵਿਚ ਸਾਡੇ ਮਹਾਨ ਗੁਰੂ ਅਧਿਆਤਮਵਾਦੀ ਹੋ ਕੇ ਵੀ ਕਿੰਨੀਆਂ ਕ੍ਰਾਂਤੀਕਾਰੀ ਗੱਲਾਂ ਕਰ ਗਏ ਪਰ ਅੱਜ ਅਸੀਂ ਕਿੰਨੇ ਮੂਰਖ ਬਣੀ ਬੈਠੇ ਹਾਂ ਕਿ ਵਿਗਿਆਨਕ ਯੁੱਗ ਵਿਚ ਵੀ ਬ੍ਰਾਹਮਣਵਾਦ ਨੂੰ ਆਪਣੀ ਜਿੰਦਗੀ ਦਾ ਅੰਗ ਬਣਾਇਆ ਹੋਇਆ ਹੈ। ਜਿਸ ਦੇ ਫਲਸਰੂਪ ਬ੍ਰਾਹਮਣਵਾਦੀ ਸੋਚ ਘਰ-ਘਰ ਦੇਖੀ ਜਾ ਸਕਦੀ ਹੈ। ਇਸ ਦਾ ਜਿੰਮਾ ਕੁਝ ਤਾਂ ਜਿੰਮਾ (ਸੰਤ) ਤੁਲਸੀ ਦਾਸ, (ਸੰਤ) ਨਾਭਾ ਦਾਸ, (ਸੰਤ) ਅਨੰਤ ਦਾਸ ਆਦਿ ਵਰਗੇ ਬ੍ਰਾਹਮਣਵਾਦੀ ਸੰਤ ਲੇਖਕ ਨੂੰ ਜਾਂਦਾ ਹੈ ਅਤੇ ਬਾਕੀ ਜਿੰਮਾ ਅੱਜਕਲ੍ਹ ਦੇ ਬਾਬਿਆਂ ਨੂੰ ਅਤੇ ਉਨ੍ਹਾਂ ਦੇ ਸ਼ਰਧਾਲੂ ਲੇਖਕਾਂ ਨੂੰ, ਜਿਨ੍ਹਾਂ ਕਾਰਨ ਸਾਡੇ ਰਹਿਬਰਾਂ ਦੀ ਸਹੀ ਸੋਚ ਸਾਡੇ ਤੱਕ ਨਹੀਂ ਪੁੱਜ ਸਕੀ। ਜਿਹੜੀ ਬਾਣੀ ਦੀ ਰਚਨਾ ਦਲਿਤਾਂ ਨੇ ਕੀਤੀ ਸੀ ਉਹੀ ਬਾਣੀ ਪੜ੍ਹਨ-ਸੁਣਨ ਤੋਂ ਦਲਿਤਾਂ ਨੂੰ ਦੂਰ ਰੱਖਿਆ, ਬਾਣੀ ਨੂੰ ਬ੍ਰਾਹਮਣੀ ਕਰਮਕਾਂਢ ਦੁਆਰਾ ਪੜ੍ਹਿਆ ਜਾਣ ਲੱਗਾ। ਰਲਾ-ਮਿਲਾ ਕੇ ਦਲਿਤ ਗੁਰੂਆਂ ਦੀ ਵਿਚਾਰਧਾਰਾ ਅਤੇ ਬ੍ਰਾਹਮਣਵਾਦ ਦਾ ਮਿਲਗੋਭਾ ਕਰ ਦਿੱਤਾ ਗਿਆ।

ਜਦੋਂ ਅਛੂਤ ਸੰਤਾਂ ਦੀ ਲਹਿਰ ਨੇ ਇਕ ਬਗਾਵਤ ਖੜੀ ਕਰ ਦਿੱਤੀ ਤਾਂ ਸਵਰਣ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕੇ ਉਨ੍ਹਾਂ ਦੇ ਵਿਦਵਾਨ ਵੀ ਅਛੂਤ ਸੰਤਾਂ ਦੀ ਵਿਚਾਰਧਾਰਾ ਨੂੰ ਕੱਟਣ ਅਤੇ ਖ਼ਤਮ ਕਰਨ ਲਈ ਉੱਠ ਖੜ੍ਹੇ ਹੋਏ। ਇਹਨਾਂ ਪੰਡਿਤ ਵਿਦਵਾਨਾਂ ਨੇ ਆਪਣੀ ਬਾਣੀ ਵਿਚ ਅਛੂਤ ਸੰਤਾਂ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ। ਓਧਰ ਸੰਤਾਂ ਦੀ ਲਹਿਰ ਖੜ੍ਹੀ ਹੋ ਚੁੱਕੀ ਸੀ ਅਤੇ ਗੁਰੂ ਨਾਨਕ ਸਾਹਿਬ ਅਤੇ ਬਾਕੀ ਗੁਰੂਆਂ ਨੇ ਬ੍ਰਾਹਮਣ ਦੇ ਮੁਕਾਬਲੇ ਸੰਤ, ਭਗਤ, ਸਤਿਗੁਰੂ ਦੀ ਵਿਚਾਰਧਾਰਾ ਨੂੰ ਸੱਚੀ-ਸੁੱਚੀ ਅਤੇ ਧੁਰ ਕੀ ਬਾਣੀ ਦੱਸਿਆ ਅਤੇ ਇਸ ਦੀ ਨਿੰਦਿਆ ਕਰਨ ਵਾਲੇ ਨੂੰ ਫ਼ਰਮਾਇਆ-

ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ।।

ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ।।

ਸੰਤਮੱਤ ਦੀ ਲਹਿਰ ਵਿਚ ਬ੍ਰਾਹਮਣਵਾਦ ਨੂੰ ਕੋਈ ਜਗ੍ਹਾ ਨਹੀਂ ਸੀ ਦਿੱਤੀ ਗਈ, ਅਛੂਤ ਸੰਤ ਗੁਰੂ ਰਵਿਦਾਸ ਜੀ ਨੇ ਵਿਸ਼ਵਧਰਮ ਦੀ ਨੀਂਹ ਬੇਗਮਪੁਰੇ ਤੇ ਅਧਾਰਿਤ ਕਰਮਕਾਂਡ ਰਹਿਤ ਸਮਾਜ ਤੇ ਰੱਖ ਦਿੱਤੀ ਸੀ ਇਹ ਸਮਾਜ ਸੀ ਸਤਿਗੁਰੂ ਨਾਮਦੇਵ ਜੀ ਦੀ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਦਾ, ਤ੍ਰਿਲੋਚਨ, ਸਧਨਾ ਤੇ ਸੈਣ ਦੀ ਵਿਚਾਰਧਾਰਾ ਨੂੰ ਅਪਨਾਉਣ ਵਾਲਿਆਂ ਦਾ ਇਹ ਸਮਾਜ ਸੀ ਕਬੀਰ ਜੀ ਦੀ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਦਾ। ਬਾਣੀ ਵਿਚ ਸੰਤ, ਭਗਤ, ਸਤਿਗੁਰੂ, ਗੁਰੂ ਦਾ ਇਸ਼ਾਰਾ ਇਨ੍ਹਾਂ ਅਛੂਤ ਸੰਤਾਂ ਵੱਲ ਸੀ ਜਿਨ੍ਹਾਂ ਦੇ ਪ੍ਰਤਾਪ ਨਾਲ ਸਾਰੇ ਭਰਮਾਂ ਦਾ ਨਾਸ਼ ਹੋਇਆ ਸੀ–

            "ਉਆ ਅਉਸਰ ਕੈ ਹਉ ਬਲਿ ਜਾਈ।। ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ।। 1।। ਰਹਾਉ।। ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ।। ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ।।1।। ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ।। ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ।। 2।। 4।। 18।। (ਪੰਨਾ 1208) "

ਦੂਜੇ ਪਾਸੇ ਬ੍ਰਾਹਮਣ ਵਰਗ ਆਪਣਾ ਮਾਨ-ਸਨਮਾਨ ਕਿਸੇ ਵੀ ਕੀਮਤ ਤੇ ਖੋਹਣਾ ਨਹੀਂ ਸੀ ਚਾਹੁੰਦਾ, ਇਸ ਲਈ ਉਨ੍ਹਾਂ ਨੇ ਅਛੂਤ ਸੰਤਾਂ ਦੇ ਮੁਕਾਬਲੇ ਐਸੇ ਸੰਤਾਂ ਦੀ ਲੜੀ ਤਿਆਰ ਕਰ ਦਿੱਤੀ ਜੋ ਜਾਤ-ਪਾਤ ਨੂੰ ਕਾਇਮ ਰੱਖਦੇ ਹੋਏ ਬ੍ਰਾਹਮਣ ਨੂੰ ਇਸ ਦੇਸ਼ ਦਾ ਕਰਤਾ-ਧਰਤਾ ਮੰਨਦੇ ਹੋਏ ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰਨੇ ਸ਼ੁਰੂ ਕਰ ਦੇਣ। ਬੜੀ ਚਲਾਕੀ ਨਾਲ ਬ੍ਰਾਹਮਣਵਾਦੀ ਲੋਕਾਂ ਨੇ ਵੀ ਆਪਣੇ ਪੰਡਿਤਾਂ, ਪ੍ਰੋਹਿਤਾਂ ਦਾ ਨਾਮ ਬਦਲ ਕੇ ਸੰਤ, ਭਗਤ ਅਤੇ ਸਤਿਗੁਰੂ, ਗੁਰੂਦੇਵ ਰੱਖ ਲਿਆ। ਉਸ ਸਮੇਂ ਨੂੰ ਮੁੱਖ ਰੱਖ ਕੇ ਲਿਖੀ ਬਾਣੀ ਨੂੰ ਹੁਣ ਦੇ ਵਿਚਾਰਹੀਣ ਸੰਤਾਂ ਤੇ ਢੁਕਾਇਆ ਜਾਣ ਲੱਗਾ। ਜਿਹੜੇ ਸਮਾਜ ਲਈ ਇਹ ਬਾਣੀ ਲਿਖੀ ਗਈ ਸੀ ਉਹ ਫਿਰ ਤੋਂ ਭਟਕ ਗਿਆ। ਜਨਤਾ ਨੂੰ ਮੂਰਖ ਬਣਾਇਆ ਜਾਣ ਲੱਗਾ ਕਿ ਇਹ ਤਾਂ ਤੁਹਾਡੇ ਗੁਰੂਆਂ ਨੇ ਹੀ ਕਿਹਾ ਹੈ, ਲਿਖਿਆ ਹੈ ਇਸ ਨੂੰ ਮੰਨ ਕੇ ਹੀ ਤੁਹਾਡੀ ਮੁਕਤੀ ਹੈ। ਅਛੂਤ ਸੰਤਾਂ ਦੀ ਵਿਚਾਰਧਾਰਾ ਨਾਲੋਂ ਜਨਤਾ ਨੂੰ ਤੋੜਨ ਲਈ ਵਕਤ ਦੇ ਗੁਰੂ ਦਾ ਪ੍ਰਚਾਰ ਕੀਤਾ ਜਾਣ ਲੱਗ ਪਿਆ ਅਤੇ ਇਹ ਪ੍ਰਚਾਰ ਕੀਤਾ ਗਿਆ ਕਿ ਪਿਛਲੇ ਸੰਤਾਂ ਜਿਵੇਂ ਕਿ ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਕਬੀਰ ਜੀ, ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਸਧਨਾ ਜੀ ਆਦਿ ਨੂੰ ਮੰਨਣ ਦਾ ਕੋਈ ਫਾਇਦਾ ਨਹੀਂ ਇਸ ਨਾਲ ਕੋਈ ਵੀ ਰੂਹਾਨੀ ਤਰੱਕੀ ਨਹੀਂ ਹੋਣੀ ਲੋਕ ਰੂਹਾਨੀਅਤ ਦੇ ਲਾਲਚ ਵਿਚ ਆ ਕੇ ਵਿਚਾਰਧਾਰਾ ਨੂੰ ਭੁੱਲ ਗਏ। ਦਲਿਤ ਸਮਾਜ ਨੂੰ ਸਿੱਧੇ ਅਤੇ ਸਪੱਸ਼ਟ ਰੂਪ ਵਿਚ ਆਪਣੇ ਹੀ ਕ੍ਰਾਂਤੀਕਾਰੀ ਰਹਿਬਰਾਂ ਨਾਲੋਂ ਤੋੜ ਦਿੱਤਾ ਗਿਆ ਅਛੂਤ ਸੰਤਾਂ ਨੇ ਚਹੁੰ ਵਰਣਾਂ ਨੂੰ ਇਕ ਕਰਦੇ ਹੋਏ ਬ੍ਰਾਹਮਣਵਾਦ ਨੂੰ ਖ਼ਤਮ ਕੀਤਾ ਸੀ ਪਰ ਉਸੇ ਬ੍ਰਾਹਮਣਵਾਦ ਨੂੰ ਜਿੰਦਾ ਰੱਖਦੇ ਹੋਏ ਇਹ ਡੇਰੇ ਅਛੂਤ ਸੰਤਾਂ ਦੀ ਵਿਚਾਰਧਾਰਾ ਨੂੰ ਖ਼ਤਮ ਕਰ ਰਹੇ ਹਨ। ਮੇਰੀ ਗੱਲ ਤੇ ਜੇਕਰ ਨਹੀਂ ਯਕੀਨ ਆਉਂਦਾ ਤਾਂ ਤੁਸੀਂ ਇਹ ਸਬੂਤ ਆਪ ਜਾ ਕੇ ਡੇਰਿਆਂ ਵਿਚ ਦੇਖ ਸਕਦੇ ਹੋ ਇਕ ਪਾਸੇ ਤਾਂ ਸਾਡੇ ਮਹਾਨ ਗੁਰੂਆਂ ਦੁਆਰਾ ਰਚਿਤ ਨਾਮਦਾਨ- ਜੋਤਿ ਨਿਰੰਜਨ, ਓਂਕਾਰ, ਰਾਰੰਕਾਰ, ਸੋਹੰ, ਸਤਿਨਾਮ ਨੂੰ ਵਰਤ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਉਹੀ ਤੁਲਸੀ ਦਾਸ, ਅਨੰਤ ਦਾਸ, ਨਾਭਾ ਦਾਸ ਆਦਿ ਬ੍ਰਾਹਮਣਵਾਦੀ ਸੰਤਾਂ ਦੀਆਂ ਬਾਣੀਆਂ ਨੂੰ ਸਾਡੇ ਮਹਾਨ ਗੁਰੂਆਂ ਦੇ ਬਰਾਬਰ ਦਾ ਦਰਜਾ ਦੇ ਕੇ ਛਾਪਿਆ ਅਤੇ ਸੁਣਾਇਆ ਜਾ ਰਿਹਾ ਹੈ। ਬ੍ਰਾਹਮਣਵਾਦ ਦੀ ਇਹ ਸਾਡੇ ਅਛੂਤ ਗੁਰੂਆਂ ਨੂੰ ਨੀਵਾਂ ਦਿਖਾਉਣ ਦੀ ਇਕ ਚਾਲ ਹੈ। ਬ੍ਰਾਹਮਣਵਾਦੀ ਲੇਖਕ ਵੀ ਇਨ੍ਹਾਂ ਡੇਰਿਆਂ ਨਾਲ ਜੁੜ ਕੇ ਬਹੁਤ ਹੀ ਅਨਰਥ ਕਰ ਰਹੇ ਹਨ। ਪਰ ਡੇਰਿਆਂ ਦੇ ਬਾਬਿਆਂ ਨੂੰ ਇਸ ਗੱਲ ਦੀ ਰੱਤੀ ਜਿੰਨੀ ਵੀ ਪ੍ਰਵਾਹ ਨਹੀਂ ਹੈ ਉਹ ਤਾਂ ਬਸ ਅੱਖਾਂ ਮੀਚ ਕੇ ਨਾਮਦਾਨ ਦੇਣ ਦੀਆਂ ਦੀਆਂ ਮਸਤ ਜਿੰਮੇਵਾਰੀਆਂ ਨਿਭਾ ਰਹੇ ਹਨ। ਸਵਰਣ ਜਾਤੀਆਂ ਦੇ ਲੇਖਕਾਂ ਨੇ ਗੁਰੂ ਰਵਿਦਾਸ ਜੀ ਵਰਗੇ ਕ੍ਰਾਂਤੀਕਾਰੀ ਅਤੇ ਅਧਿਆਤਮਕ ਸੰਤਾਂ ਨੂੰ ਰੱਬ ਦਾ ਦਰਜਾ ਤਾਂ ਦੇ ਦਿੱਤਾ ਹੈ ਪਰ ਉਨ੍ਹਾਂ ਦੀ ਵਿਚਾਰਧਾਰਾ ਨੂੰ ਨਹੀਂ ਮੰਨਿਆ ਇਹ ਲੇਖਕ ਇਨ੍ਹਾਂ ਸੰਤਾਂ ਤੇ ਵੈਸ਼ਣਵ ਵਿਚਾਰਧਾਰਾ ਥੋਪ ਰਹੇ ਹਨ।

ਇਕ ਪਾਸੇ ਤਾਂ ਭਾਰਤ ਵਿਚ ਪੈਦਾ ਹੋਏ ਦਲਿਤ ਸੰਤਾਂ ਦੇ ਰੂਹਾਨੀ ਪੱਖ ਤੋਂ ਮੁਨਾਫਾ ਲਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੇ ਕ੍ਰਾਂਤੀਕਾਰੀ ਪੱਖ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਅੰਧ-ਵਿਸ਼ਵਾਸ਼ ਵਿਚ ਫਸੇ ਲੋਕ ਡੇਰਿਆਂ ਨੂੰ ਮੁਕਤੀ ਦਾ ਸਾਧਨ ਸਮਝ ਕੇ ਬ੍ਰਾਹਮਣਵਾਦੀ ਰੱਬ ਤੋਂ ਖੁਸ਼ੀਆਂ ਹਾਸਲ ਕਰਨਾ ਚਾਹੁੰਦੇ ਹਨ ਜੋ ਮਿਲ ਨਹੀਂ ਰਹੀਆਂ। ਸਿੱਧੇ ਸਾਧੇ ਲੋਕ ਆਪਣੀ ਆਪਣੀ ਰੁੱਚੀ ਅਨੁਸਾਰ ਜਿਸ ਡੇਰੇ ਵੱਲ ਅਕ੍ਰਸ਼ਿਤ ਹੁੰਦੇ ਹਨ ਓਥੇ ਹੀ ਉਨ੍ਹਾਂ ਦਾ ਮਾਨਸਿਕ ਸ਼ੋਸ਼ਣ ਹੋ ਰਿਹਾ ਹੈ। ਅਛੂਤ ਸੰਤਾਂ ਅਤੇ ਦਲਿਤਾਂ ਨੂੰ ਆਪਣੀ ਮਸ਼ਹੂਰੀ ਅਤੇ ਝੂਠੀ ਦਿਆਲਤਾ ਲਈ ਇਹ ਡੇਰੇ ਵਰਤ ਤਾਂ ਰਹੇ ਹਨ ਪਰ ਇਨ੍ਹਾਂ ਦੀ ਨਿਗ੍ਹਾ ਵਿਚ ਅਛੂਤ ਕਦੇ ਵੀ ਬ੍ਰਾਹਮਣ ਦੀ ਬਰਾਬਰੀ ਨਹੀਂ ਕਰ ਸਕਦਾ। ਪਾਠਕਾਂ ਦੇ ਗਲੇ ਤੋਂ ਇਹ ਗੱਲ ਥੱਲੇ ਨਹੀਂ ਉਤਰਦੀ ਹੋਵੇਗੀ ਪਰ ਇਹ ਸੱਚ ਹੈ ਇਸੇ ਲਈ ਤਾਂ ਬਾਰ-ਬਾਰ ਅਛੂਤ ਸੰਤਾਂ  ਬ੍ਰਾਹਮਣ ਰਾਮਾਨੰਦ ਦਾ ਸ਼ਿਸ਼ ਲਿਖਿਆ ਅਤੇ ਦੱਸਿਆ ਜਾ ਰਿਹਾ ਹੈ। ਜੇਕਰ ਅੱਜ ਅਸੀਂ ਥੋੜ੍ਹਾ ਜਿਹਾ ਉੱਪਰ ਉੱਠੇ ਹਾਂ ਤਾਂ ਇਹ ਅਜੋਕੇ ਬਾਬਿਆਂ ਦੀ ਕਿਰਪਾ ਨਹੀਂ ਸਗੋਂ ਸਾਡੇ ਲਈ ਲੜ-ਲੜ ਕੇ ਮਰ ਚੁੱਕੇ ਮਹਾਨ ਦਲਿਤ ਆਗੂਆਂ ਅਤੇ ਮਹਾਨ ਅਛੂਤ ਸੰਤਾਂ ਦੀ ਦੇਣ ਹੈ। ਉਨ੍ਹਾਂ ਨੇ ਪੂਰੇ ਦੇ ਪੂਰੇ ਮੂਲ ਨਿਵਾਸੀ ਸਮਾਜ ਦਾ ਭਲਾ ਕੀ ਕਰਨਾ ਜਿਨ੍ਹਾਂ ਕੋਲੋਂ ਸਾਡੇ ਚਾਰ ਪਦਾਰਥ (ਗ੍ਰਹਿਸਥ, ਅਰਥ, ਧਰਮ, ਮੋਕਸ਼) ਦੇ ਦੁੱਖਾਂ ਅਤੇ ਭਰਮਾਂ ਦਾ ਨਾਸ਼ ਹੀ ਨਹੀਂ ਹੋ ਰਿਹਾ। ਇਸ ਲਈ ਸਤਿਗੁਰੂ ਕਬੀਰ ਜੀ ਫ਼ਰਮਾਉਂਦੇ ਹਨ:

ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮ ਨਾ ਜਾਇ।।

          ਇਕ ਜਗ੍ਹਾ ਹੋਰ ਫ਼ਰਮਾਇਆ ਹੈ ਕਿ ਅਜਿਹੇ ਸੰਤਾਂ ਦੀ ਜਰੂਰਤ ਨਹੀਂ ਜੋ ਸਣੇ ਟਾਹਣੀਆਂ ਦਰਖ਼ਤ ਖਾ ਜਾਂਦੇ ਹਨ ਤੇ ਖਾ ਕੇ ਡਕਾਰ ਵੀ ਨਹੀਂ ਮਾਰਦੇ-

          ਐਸੇ ਸੰਤ ਨ ਮੋਕਉ ਭਾਵੈ ਡਾਲਾ ਸਿਉ ਪੇਡਾ ਗਟਕਾਵਹਿ।।

          ਪਰ ਫਿਰ ਵੀ ਲੋਕ ਇਨ੍ਹਾਂ ਤੋਂ ਨਾਮਦਾਨ ਤੇ ਦਖਿਆ ਲੈਂਦੇ ਹਨ ਗੁਰੂ ਸਾਹਿਬ ਫ਼ਰਮਾਉਂਦੇ ਹਨ ਇਹ ਸਭ ਦੇਖ ਕੇ ਮੈਨੂੰ ਹਾਸਾ ਆਉਂਦਾ ਹੈ :

          ਇਨਹੂੰ ਤੇ ਦੀਖਸ਼ਾ ਸਭ ਕੋਈ ਮਾਂਗੇ।। ਹੰਸੀ ਆਵੇ ਮੋਹਿ ਭਾਈ।।

          ਪਰ ਸੁੱਖ ਸਹੂਲਤਾਂ ਵਿਚ ਗਲਤਾਨ ਕਈ ਦਲਿਤ ਪਰਿਵਾਰ ਇਨ੍ਹਾਂ ਰਹਿਬਰਾਂ ਨੂੰ ਭੁੱਲ ਗਏ ਹਨ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਸਨ। ਉਹ ਨਵੇਂ ਬਣੇ ਰਹਿਬਰਾਂ ਤੋਂ ਝੂਠੀ ਮੁਕਤੀ ਦੀ ਆਸ ਲਾਈ ਬੈਠੇ ਹਨ। ਜਿਹੜੇ ਕਿ ਸਾਡੇ ਮਹਾਨ ਗੁਰੂਆਂ ਦੀ ਵਿਚਾਰਧਾਰਾ ਨੂੰ ਅਤੇ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਇਕ ਕਰਨ ਤੇ ਤੁਲੇ ਹੋਏ ਹਨ। ਇਹ ਅਜੋਕੇ ਗੁਰੂ ਭਲਾ ਦਲਿਤਾਂ ਦੀ ਮੁਕਤੀ ਦਾ ਕਿਵੇਂ ਕਾਰਨ ਬਣ ਸਕਦੇ ਹਨ ਜਿਹੜੇ ਕਿ ਇੰਨੇ ਸਿੱਧੇ ਹਨ ਜਿਨ੍ਹਾਂ ਨੂੰ ਬ੍ਰਾਹਮਣਵਾਦ ਵਿਚ ਫਸੀ ਦੁਨੀਆਂ ਅਤੇ ਇਸ ਵਿਚੋਂ ਕੱਢਣ ਦੇ ਹੱਲ ਲੱਭਣੇ ਹੀ ਮੁਸ਼ਕਲ ਹੋ ਗਏ ਹਨ। ਧੰਨ ਹਨ ਸਾਡੇ ਉਹ ਮਹਾਨ ਰਹਿਬਰ ਜਿਨ੍ਹਾਂ ਨੇ ਇੰਨੇ ਪਿੱਛੜੇ ਸਮੇਂ ਵਿਚ ਵੀ ਕਰਮਕਾਂਢ ਅਤੇ ਬ੍ਰਾਹਮਣਵਾਦ ਦੇ ਖਿਲਾਫ ਆਵਾਜ਼ ਉਠਾਈ ਜੋ ਅੱਜ-ਕਲ੍ਹ ਦੇ ਬਾਬੇ ਵਿਗਿਆਨਕ ਯੁੱਗ ਵਿਚ ਵੀ ਨਹੀਂ ਕਰ ਸਕੇ ਡੇਰੇ ਬ੍ਰਾਹਮਣਵਾਦ ਦੇ ਖਿਲਾਫ ਇਸ ਆਵਾਜ਼ ਬੁਲੰਦ ਨਹੀਂ ਕਰ ਪਾ ਰਹੇ ਕਿਉਂਕਿ ਇਨ੍ਹਾਂ ਦੇ ਭ੍ਰਿਸ਼ਟ ਸੇਵਕਾਂ ਵਿਚ ਸਰਮਾਏਦਾਰਾਂ ਦੀ ਵੱਡੀ ਗਿਣਤੀ ਹੈ ਜੇਕਰ ਡੇਰਿਆਂ ਨੇ ਦਲਿਤ ਸੰਤਾਂ ਵਾਂਗ ਬ੍ਰਾਹਮਣਵਾਦ ਦੇ ਖਿਲਾਫ ਆਵਾਜ਼ ਉਠਾਈ ਤਾਂ ਭ੍ਰਿਸ਼ਟ ਸਰਮਏਦਾਰਾਂ ਦੀ ਕਿਰਪਾ ਇਨ੍ਹਾਂ ਡੇਰਿਆਂ ਤੇ ਹੋਣੋ ਹਟ ਜਾਵੇਗੀ। ਇਸ ਲਈ ਇਹ ਕਦੇ ਵੀ ਅਜਿਹਾ ਨਹੀਂ ਕਰ ਸਕਦੇ ਜਿਸ ਨਾਲ ਇਨ੍ਹਾਂ ਡੇਰਿਆਂ ਵਿਚ ਮਾਇਆ ਇਕੱਠੀ ਕਰਨ ਦੇ ਦਰਵਾਜੇ ਬੰਦ ਹੋਣ। ਇਸ ਤਰ੍ਹਾਂ ਸਪੱਸ਼ਟ ਹੋ ਜਾਂਦਾ ਹੈ ਕਿ ਡੇਰਿਆਂ ਤੇ ਭ੍ਰਿਸ਼ਟ ਲੋਕਾਂ ਦੀ ਕਿਰਪਾ ਹੈ ਨਾ ਕਿ ਰੱਬ ਦੀ। ਡੇਰਿਆਂ ਦੇ ਵਿਚ ਦਾਨ ਦੇ ਤੌਰ ਤੇ ਲਿਆ ਜਾਂਦਾ ਸਾਰਾ ਧਨ ਕਾਲਾ ਧਨ ਹੁੰਦਾ ਹੈ ਲੋਕਾਂ ਦਾ ਖੂਨ ਨਿਚੋੜ ਕੇ ਜੋ ਸਰਮਾਏਦਾਰਾਂ ਨੇ ਧਨ ਇਕੱਠਾ ਹੁੰਦਾ ਹੈ ਉਹ ਡੇਰਿਆਂ ਵਿਚ ਚੜ੍ਹਾਵਾ ਚੜ੍ਹਦਾ ਹੈ, ਇਹ ਸਿਸਟਮ ਬ੍ਰਾਹਮਣਵਾਦ ਦੀ ਹੀ ਦੇਣ ਹੈ ਬਸ ਹੁਣ ਇਸਦੀ ਰੂਪ ਰੇਖਾ ਬਦਲ ਗਈ ਹੈ ਪਰ ਸਿਸਟਮ ਓਹੀ ਹੈ ਜਿਸਦੀ ਗੁਰੂ ਨਾਨਕ ਸਾਹਿਬ ਨੇ ਨਿਖੇਧੀ ਕੀਤੀ ਹੈ-

          ਮਾਣਸ ਖਾਣੇ ਕਰਹਿ ਨਿਵਾਜ।। ਛੁਰੀ ਵਗਾਇਨਿ ਤਿਨ ਗਲਿ ਤਾਗ।।

          ਤਿਨ ਘਰਿ ਬ੍ਰਹਮਣ ਪੂਰਹਿ ਨਾਦ।। ਉਨਾ ਭਿ ਆਵਹਿ ਓਈ ਸਾਦ।।

ਕੂੜੀ ਰਾਸਿ ਕੂੜਾ ਵਾਪਾਰੁ।। ਕੂੜੁ ਬੋਲਿ ਕਰਹਿ ਆਹਾਰੁ।।

          ਸਰਮ ਧਰਮ ਕਾਡੇਰਾ ਦੂਰਿ।। ਨਾਨਕ ਕੂੜੁ ਰਹਿਆ ਭਰਪੂਰਿ।।

ਮਤੈ ਟਿਕਾ ਤੇੜਿ ਧੋਤੀ ਕਖਾਈ।. ਹਥਿ ਛੁਰੀ ਜਗਤ ਕਾਸਾਈ।।

ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ।। ਮਲੇਛ ਧਾਨੁ ਲੇ ਪੂਜਹਿ ਪੁਰਾਣੁ।।

          ਅਭਾਖਿਆ ਕਾ ਕੁਠਾ ਬਕਰਾ ਖਾਣਾ।। ਚਉਕੇ ਉਪਰਿ ਕਿਸੈ ਨ ਜਾਣਾ।।

          ਦੇ ਕੈ ਚਉਕਾ ਕਢੀ ਕਾਰ।। ਉਪਰਿ ਆਇ ਬੈਠੇ ਕੁੜਿਆਰ।।

ਮਤੁ ਭਿਟੈ ਵੇ ਮਤੁ ਭਿਟੈ।। ਇਹੁ ਅੰਨੁ ਅਸਾਡਾ ਫਿਟੈ।।

          ਤਨਿ ਫਿਟੈ ਫੇੜ ਕਰੇਨਿ।। ਮਨਿ ਜੂਠੈ ਚੁਲੀ ਭਰੇਨਿ।।

          ਕਹੁ ਨਾਨਕ ਸਚੁ ਧਿਆਈਐ।। ਸੁਚਿ ਹੋਵੈ ਤਾ ਸਚੁ ਪਾਈਐ।। 2 ।। (ਆਸਾ, ਪੰਨਾ 472)

        ਭਾਵ ਮਾਣਸਖਾਣੇ ਲੋਕ ਉਪਰੋਂ ਤਾਂ ਰੱਬ ਦਾ ਪ੍ਰਚਾਰ ਕਰਦੇ ਹਨ ਅਤੇ ਅੰਦਰੋਂ ਗਰੀਬਾਂ ਦੀ ਰੱਤ ਚੂਸਣ ਵਾਲੇ ਵੱਢੀਖੋਰ ਲੋਕਾਂ ਤੋਂ ਦਾਨ ਲੈ ਲੈ ਕੇ ਪੂੰਜੀ ਇਕੱਠੀ ਕਰਦੇ ਹਨ।ਭਾਵੇਂ ਕਿ ਭਾਰਤ ਵਿਚ ਦਾਨ ਲੈਣ ਦੀ ਪ੍ਰਥਾ ਬ੍ਰਾਹਮਣਾਂ ਨੇ ਆਪਣੇ ਮੁਫਾਦ ਲਈ ਤੋਰੀ ਸੀ ਗੁਰੂ ਅਰਜਨ ਦੇਵ ਜੀ ਨੇ ਵੀ ਦਾਨ ਦੇਣ ਅਤੇ ਦਾਨ ਲੈਣ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਅਤੇ ਇਸ ਨੂੰ ਕਰਮਕਾਂਡ ਦੱਸਦਿਆਂ ਇਸਦੀ ਨਿਖੇਧੀ ਕੀਤੀ –

          ਦਾਨੁ ਦੇਇ ਕਰਿ ਪੂਜਾ ਕਰਨਾ।। ਲੈਤ ਦੇਤ ਉਨ ਮੂਕਰਿ ਪਰਨਾ।।

          ਜਿਤੁ ਦਰਿ ਤੁਮ ਹੈ ਬ੍ਰਾਹਮਣ ਜਾਣਾ।। ਤਿਤੁ ਦਰਿ ਤੂੰਹੀ ਹੈ ਪਛੁਤਾਣਾ।।1।।

ਭਾਰਤ ਵਿਚ ਜਿੰਨਾ ਪੈਸਾ ਰੱਬ ਦੇ ਨਾਂ ਤੇ ਡੇਰਿਆਂ ਨੂੰ ਜਾਂਦਾ ਹੈ ਜੇਕਰ ਉਸਦਾ ਇਕ ਪ੍ਰਤੀਸ਼ਤ ਵੀ ਟੈਕਸ ਦੇ ਰੂਪ ਵਿਚ ਸਰਕਾਰ ਨੂੰ ਜਾਵੇ ਤਾਂ ਦੇਸ਼ ਵਿਚ ਪੱਛੜੇ ਸਮਾਜ ਦਾ ਬਹੁਤ ਹੀ ਭਲਾ ਹੋ ਸਕਦਾ ਹੈ। ਪਰ ਭ੍ਰਿਸ਼ਟ ਬ੍ਰਾਹਮਣਵਾਦੀ ਲੋਕਾਂ ਨੇ ਕਦੇ ਵੀ ਪੱਛੜੇ ਹੋਏ ਗਰੀਬ ਦਲਿਤ ਵਰਗ ਨੂੰ ਫਾਇਦਾ ਨਹੀਂ ਪਹੁੰਚਾਉਣਾ।

ਭਾਰਤ ਵਾਸੀਆਂ ਦਾ ਤਾਂ ਬ੍ਰਾਹਣਵਾਦੀ ਵਿਚਾਰਧਾਰਾ ਦਾ ਤਿਆਗ ਕਰਕੇ ਹੀ ਫਾਇਦਾ ਹੋਣਾ ਹੈ।ਭਾਰਤ ਵਾਸੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਜੋ ਸਾਡਾ ਦਿਮਾਗ ਹੈ, ਸਾਡੀਆਂ ਦੋ ਅੱਖਾਂ ਹਨ, ਦੋ ਕੰਨ ਹਨ, ਦੋ ਹੱਥ ਹਨ, ਦੋ ਪੈਰ ਹਨ ਇਹ ਸਾਡੇ ਨਹੀਂ ਮੂਲ ਨਿਵਾਸੀ ਸਮਾਜ ਵਿਚ ਪੈਦਾ ਹੋਏ ਰਹਿਬਰਾਂ ਦਾ ਹੈ। ਇਨ੍ਹਾਂ ਗੱਲਾਂ ਨੂੰ ਭਾਰਤ ਵਾਸੀਆਂ ਨੇ ਤਾਂ ਕੀ ਸਾਡੇ ਹੀ ਦਲਿਤ ਭਰਾ ਨਹੀਂ ਸਮਝ ਰਹੇ ਅਤੇ ਉਹੀ ਆਪਣਾ ਸਭ ਕੁਝ ਬ੍ਰਾਹਮਣਵਾਦੀ ਰੱਬ ਦੇ ਨਾਮ ਅਤੇ ਬ੍ਰਾਹਮਣੀ ਧਰਮ-ਕਰਮ ਦੇ ਨਾਮ ਤੇ ਲੁਟਾ ਰਹੇ ਹਨ

ਮੈਂ ਇੱਥੇ ਕੇਵਲ ਦਲਿਤਾਂ ਦੀ ਗੱਲ ਇਸ ਲਈ ਕਰ ਰਿਹਾ ਹਾਂ ਕਿਉਂਕਿ ਭਾਰਤ ਵਿਚ ਜਿਹੜੀ ਵੀ ਘਟਨਾ ਜਾਂ ਦੁਰਘਟਨਾ ਹੁੰਦੀ ਹੈ ਉਸਦਾ ਸਿੱਧਾ ਸੰਬੰਧ ਭਾਰਤ ਦੀ 80 ਪ੍ਰਤੀਸ਼ਤ ਆਬਾਦੀ ਨਾਲ ਹੈ। ਦਲਿਤ ਦੇ ਜਾਗ੍ਰਿਤ ਹੋਣ ਤੋਂ ਬਾਅਦ ਹੀ ਭਾਰਤ ਵਿਚ ਅਸਲੀ ਲੋਕਤੰਤਰ ਆਉਣਾ ਹੈ ਹੁਣ ਤਾਂ ਸਿਰਫ ਦਿਖਾਵੇ ਦਾ ਲੋਕਤੰਤਰ ਹੈ। ਭੁੱਖਾ ਨੰਗਾ ਦਲਿਤ ਸਮਾਜ ਸਰਮਾਏਦਾਰਾਂ ਹੱਥੋਂ, ਧਰਮ ਦੇ ਠੇਕੇਦਾਰਾਂ ਹੱਥੋਂ, ਅਨਪੜ੍ਹਤਾ ਗਰੀਬੀ ਹੱਥੋਂ ਅਤੇ ਰਾਜਨੀਤਕ ਪਾਰਟੀਆਂ ਹੱਥੋਂ ਲੁਟ ਹੋ ਰਿਹਾ ਹੈ। ਜੇਕਰ ਦਲਿਤ ਨੂੰ ਆਪਣਾ ਭਵਿੱਖ ਸੰਵਾਰਨ ਦੀ ਸਮਝ ਆ ਜਾਵੇ ਤਾਂ ਉਹ ਭਾਰਤ ਵਿਚ ਰਹਿ ਕੇ ਆਪਣੇ ਹੱਕਾਂ ਦੀ ਰਾਖੀ ਕਰਦਾ ਹੋਇਆ ਆਪਣੀ ਤਕਦੀਰ ਬਦਲ ਸਕਦਾ ਹੈ। ਜਿੰਨਾ ਸਮਾਂ ਤੇ ਪੈਸਾ ਇਹ ਧਰਮ ਅਤੇ ਬ੍ਰਾਹਮਣਵਾਦੀ ਕਰਮਕਾਂਡ ਤੇ ਖਰਚ ਕਰਦੇ ਹਨ ਜੇਕਰ ਓਨਾ ਹੀ ਸਮਾਂ ਇਹ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਦਲਿਤ ਆਗੂਆਂ ਦੀ ਵਿਚਾਰਧਾਰਾ ਨੂੰ ਸਮਝਣ ਤੇ ਲਗਾਵੇ ਤਾਂ ਇਸਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਤਕਦੀਰ ਸੁਧਰ ਸਕਦੀ ਹੈ।

ਕਿੰਨੀਆਂ ਸਦੀਆਂ ਹੋ ਗਈਆਂ ਸਾਨੂੰ ਬ੍ਰਾਹਮਣਵਾਦ ਦੁਆਰਾ ਪੈਦਾ ਕੀਤੇ ਰੱਬ ਨੂੰ ਪੂਜਦੇ ਹੋਏ ਪਰ ਸਾਨੂੰ ਕੁਝ ਨਹੀਂ ਮਿਲਿਆ ਅੱਜ ਜੇਕਰ ਅਸੀਂ ਭਰਤ ਵਿਚ ਰਹਿ ਕੇ ਖੁਲ੍ਹਾ ਸਾਹ ਲੈ ਸਕਦੇ ਹਾਂ ਤਾਂ ਇਹ ਸਭ ਸਾਡੇ ਦਲਿਤ ਗੁਰੂਆਂ ਦੀ ਬਦੌਲਤ ਹੈ ਨਾ ਕਿ ਜਿਸ ਰੱਬ ਨੂੰ ਬ੍ਰਾਹਮਣ ਸਦੀਆਂ ਤੋਂ ਪੂਜਦਾ ਆਇਆ ਹੈ ਉਸਦੀ ਬਦੌਲਤ। ਅੱਜ ਸਾਨੂੰ ਇਨ੍ਹਾਂ ਅਧਿਕਾਰਾਂ ਦਾ ਫਾਇਦਾ ਉਠਾਉਂਦੇ ਹੋਏ ਆਪਣੇ ਸਮਾਜ ਦੇ ਭਲੇ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਭਾਰਤ ਦੇਸ਼ ਦਲਿਤ ਸ਼ੂਦਰਾਂ ਦਾ ਹੈ ਜਿਸ ਦਾ ਹਿੰਦੂਕਰਣ ਕੀਤਾ ਜਾ ਰਿਹਾ ਹੈ। ਭਾਰਤ ਵਿਚ ਇਸ ਸਮੇਂ ਦੋ ਰੱਬ ਹਨ ਇਕ ਬ੍ਰਾਹਮਣਵਾਦੀ ਰੱਬ ਜੋ ਲੋਕਾਂ ਨੂੰ ਗੁਲਾਮ ਬਣਾਈ ਰੱਖਣ ਲਈ ਸਵਰਣ ਜਾਤੀਆਂ ਦਾ ਪੈਦਾ ਕੀਤਾ ਹੋਇਆ ਹੈ ਅਤੇ ਦੂਸਰਾ ਸਾਡੇ ਦਲਿਤ ਗੁਰੂਆਂ ਦੁਆਰਾ ਸਮਝਿਆ ਤੇ ਸਾਨੂੰ ਸਮਝਾਇਆ ਹੋਇਆ ਰੱਬ ਜੋ ਕਰਮਕਾਂਢ ਰਹਿਤ ਹੈ। ਪਰ ਦਲਿਤ ਇਸ ਗੱਲ ਨੂੰ ਸਮਝ ਨਹੀਂ ਪਾ ਰਹੇ ਉਹ ਜਾਂ ਤਾਂ ਨਾਸਤਿਕ ਬਣਕੇ ਆਪਣੇ ਹੀ ਗੁਰੂਆਂ ਦੀ ਵਿਚਾਰਧਾਰਾ ਤੋਂ ਟੁੱਟੀ ਜਾ ਰਹੇ ਹਨ ਜਾਂ ਫਿਰ ਆਸਤਿਕ ਬਣਕੇ ਅੰਧਵਿਸ਼ਵਾਸ਼ ਵਿਚ ਪੈ ਕੇ ਕਰਮਕਾਂਡ ਵਿਚ ਫਸੀ ਜਾ ਰਹੇ ਹਨ। ਜੇਕਰ ਭਾਰਤ ਦਾ ਦਲਿਤ ਬ੍ਰਾਹਮਣਵਾਦੀ ਰੱਬ ਅਤੇ ਆਪਣੇ ਮਹਾਨ ਗੁਰੂਆਂ ਦੀ ਵਿਚਾਰਧਾਰਾ ਵਿਚ ਪ੍ਰਗਟ ਕੀਤਾ ਹੋਇਆ ਰੱਬ, ਨੂੰ ਸਮਝ ਲਵੇ ਤਾਂ ਭਾਰਤ ਦੀ ਤਕਦੀਰ ਬਦਲ ਸਕਦੀ ਹੈ। ਇਸ ਪ੍ਰਕਾਰ ਭਾਰਤੀ ਲੋਕ ਦਲਿਤ ਆਗੂਆਂ ਦੁਆਰਾ ਕੀਤੀਆਂ ਕੁਰਬਾਨੀਆਂ ਦੀ ਅਤੇ ਉਨ੍ਹਾਂ ਦੀ ਵਿਚਾਰਧਾਰਾ ਦੀ ਕਦਰ ਕਰ ਸਕਦੇ ਹਨ।

ਅੱਜ ਅਸੀਂ ਆਪਣੇ ਰਹਿਬਰਾਂ ਦੀ ਵਿਚਾਰਧਾਰਾ ਨੂੰ ਅਪਣਾ ਕੇ ਹੀ ਆਪਣਾ ਵਜੂਦ ਕਾਇਮ ਰੱਖ ਸਕਦੇ ਹਾਂ। ਇਹ ਹੁਣ ਦਲਿਤਾਂ ਦੀ ਮਰਜੀ ਹੈ ਕਿ ਭਾਰਤ ਵਿਚਲੀਆਂ ਦੋ ਵਿਚਾਰਧਾਰਾਵਾਂ ਵਿਚੋਂ ਕਿਹਨੂੰ ਮੰਨਣਾ ਹੈ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਜਾਂ ਆਪਣੇ ਰਹਿਬਰਾਂ ਦੀ ਵਿਚਾਰਧਾਰਾ ਨੂੰ। ਜਾਂ ਇਸ ਤਰ੍ਹਾਂ ਕਹਿ ਲਵੋ ਕਿ ਭਾਰਤ ਵਿਚਲੇ ਦੋ ਰੱਬਾਂ ਵਿਚੋਂ ਕਿਹਨੂੰ ਮੰਨਣਾ ਹੈ ਬ੍ਰਾਹਮਣਵਾਦੀ ਰੱਬ ਨੂੰ ਜਾਂ ਦਲਿਤ ਗੁਰੂਆਂ ਦੁਆਰਾ ਦਰਸਾਏ ਗਏ ਕਰਮਕਾਂਢ ਰਹਿਤ ਰੱਬ ਨੂੰ ਪਰ ਅਸੀਂ ਤਾਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ ਬਜਾਏ ਉਨ੍ਹਾਂ ਦੇ ਨਾਮ ਤੇ ਹੀ ਕਰਮਕਾਂਢ ਕਰੀ ਜਾ ਰਹੇ ਹਾਂ, ਜਨਮ ਤੋਂ ਲੈ ਕੇ ਮਰਨ ਤੱਕ ਅਸੀਂ ਕਰਮਕਾਂਢ ਨਿਸ਼ਚਤ ਕੀਤੇ ਹੋਏ ਉਹ ਵੀ ਬ੍ਰਾਹਮਣਵਾਦ ਦੀ ਤਰ੍ਹਾਂ ਬ੍ਰਾਹਮਣਵਾਦ ਨੇ ਤਾਂ ਦੇਸ਼ ਪਹਿਲਾਂ ਹੀ ਖਤਮ ਕੀਤਾ ਹੋਇਆ ਹੈ ਉਪਰੋਂ ਦਲਿਤ ਬ੍ਰਾਹਮਣਵਾਦ ਵਿਚ ਫਸ ਕੇ ਦੇਸ਼ ਨੂੰ ਖਤਮ ਕਰਨ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ ਸਾਡੇ ਅਡਵਾਂਸ ਕਹਾਉਣ ਵਾਲੇ ਲੋਕਾਂ ਨਾਲੋਂ ਤਾਂ ਪਿਛਲੇ ਸਮੇਂ ਵਿਚ ਪੈਦਾ ਹੋਣ ਵਾਲੇ ਸਾਡੇ ਦਲਿਤ ਰਹਿਬਰ ਜਾਂ ਆਗੂ ਹੀ ਸਾਡੇ ਨਾਲੋਂ ਕਿਤੇ ਅੱਗੇ ਦੀ ਸੋਚ ਰੱਖਦੇ ਸਨ।  ਸ਼ਾਇਦ ਉਨ੍ਹਾਂ ਨੇ ਸਾਡੇ ਤੇ ਇਹ ਉਮੀਦਾਂ ਲਾਈਆਂ ਹੋਣਗੀਆਂ ਕਿ ਉਨ੍ਹਾਂ ਦਾ ਸਮਾਜ ਸਾਡੀ ਵਿਚਾਰਧਾਰਾ ਨੂੰ ਹੋਰ ਅੱਗੇ ਲੈ ਕੇ ਜਾਵੇਗਾ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅਸੀਂ ਇੰਨੇ ਨਿਕੰਮੇ ਨਿਕਲੇ ਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਅੱਗੇ ਤਾਂ ਕੀ ਲੈ ਕੇ ਜਾਣਾ ਸੀ ਸਗੋਂ ਪਿੱਛੇ ਨੂੰ ਲਈ ਜਾ ਰਹੇ ਹਾਂ।

ਅੱਜ ਸਾਨੂੰ ਰੱਬ ਦੇ ਨਾਮ ਤੇ ਹੋ ਰਹੇ ਵਪਾਰ ਨੂੰ ਸਮਝਣ ਦੀ ਲੋੜ ਹੈ। ਜੇਕਰ ਅੱਜ ਸਾਨੂੰ ਹੱਕ ਹਕੂਕ ਮਿਲੇ ਹਨ ਤਾਂ ਇਸ ਦਾ ਮੱਤਲਵ ਇਹ ਨਹੀਂ ਕਿ ਅਸੀਂ ਆਪਣੀ ਮਰਜੀ ਨਾਲ ਬ੍ਰਾਹਮਣਵਾਦ ਵਿਚ ਧੱਸ ਜਾਈਏ। ਲੋਕਤੰਤਰ ਦਾ ਮੱਤਲਵ ਇਹ ਨਹੀਂ ਕਿ ਬਹੁਗਿਣਤੀ ਸਮਾਜ ਆਪਣੀ ਮਰਜੀ ਨਾਲ ਗੁਲਾਮ ਹੋਈ ਜਾਵੇ। ਲੋਕਤੰਤਰ ਦਾ ਮੱਤਲਵ ਇਹ ਨਹੀਂ ਕਿ ਸਾਡੀ ਸੋਚਣ-ਸਮਝਣ ਦੀ ਮੱਤ ਅਸੀਂ ਕਿਤੋਂ ਬਾਹਰੋਂ ਲੈ ਕੇ ਆਈਏ ਖੁਦ ਨਾ ਸੋਚੀਏ ਪਰ ਅਸੀਂ ਓਹੀ ਸੋਚਦੇ ਹਾਂ ਜੋ ਸਾਨੂੰ ਸੋਚਣ ਲਈ ਦਿੱਤਾ ਜਾਂਦਾ ਹੈ ਅਸੀਂ ਉਸ ਨੂੰ ਹੀ ਮੰਨਦੇ ਹਾਂ ਜੋ ਭਾਰਤ ਵਿਚ ਬ੍ਰਾਹਮਣਵਾਦ ਦਾ ਪੈਦਾ ਕੀਤਾ ਹੋਇਆ ਹੈ।

ਇਤਿਹਾਸ ਦੇ ਪੰਨਿਆਂ ਨੂੰ ਕਦੇ ਵੀ ਬਦਲਿਆ ਨਹੀਂ ਜਾ ਸਕਦਾ। ਭਾਰਤ ਦਾ ਇਤਿਹਾਸ ਦਰਸਾਉਂਦਾ ਹੈ ਕਿ ਮੂਲ ਨਿਵਾਸੀਆਂ ਨੂੰ ਬਾਹਰੋਂ ਆਏ ਆਰੀਅਨ ਲੋਕਾਂ ਨੇ ਕਿਵੇਂ ਆਪਣਾ ਗੁਲਾਮ ਬਣਾ ਲਿਆ ਅਤੇ ਇਸ ਗੁਲਾਮੀ ਨੂੰ ਸਦੀਵੀ ਬਣਾਉਣ ਲਈ ਇਸ ਤੇ ਰੱਬੀ ਫ਼ਰਮਾਨ ਦੀ ਮੋਹਰ ਲਗਾ ਦਿੱਤੀ। ਹੌਲੀ ਹੌਲੀ ਆਰੀਆ ਦੀ ਪਹਿਚਾਣ ਬ੍ਰਾਹਮਣ ਵਿਚ ਬਦਲ ਗਈ ਅਤੇ ਬ੍ਰਾਹਮਣ ਨੇ ਪਾਂਡੇ-ਪੁਜਾਰੀਆਂ ਦਾ ਰੂਪ ਧਾਰਨ ਕਰ ਲਿਆ ਅਤੇ ਜੋ ਮਨ ਆਇਆ ਲਿਖ ਦਿੱਤਾ ਅਤੇ ਲਿਖ-ਲਿਖ ਕੇ, ਪ੍ਰਚਾਰ ਕਰ-ਕਰ ਕੇ ਇਕ ਐਸਾ ਰੱਬ ਹੋਂਦ ਵਿਚ ਲਿਆਂਦਾ ਜੋ ਸਿਰਫ ਤੇ ਸਿਰਫ ਬ੍ਰਾਹਮਣ ਦੇ ਹੱਕਾਂ ਵਿਚ ਭੁਗਤਦਾ ਸੀ ਅਤੇ ਮੂਲ ਨਿਵਾਸੀ ਸਮਾਜ ਨੂੰ ਉਸ ਰੱਬ ਦਾ ਕੋਈ ਫਾਇਦਾ ਨਹੀਂ ਸੀ। ਇਸ ਦੇ ਉਲਟ ਦਲਿਤ ਗੁਰੂਆਂ ਦੀ ਲਹਿਰ ਉੱਠੀ ਜਿਸ ਨੇ ਇਕ ਅਜਿਹੇ ਰੱਬ ਦਾ ਰਸਤਾ ਦੁਨੀਆਂ ਨੂੰ ਦਰਸਾਇਆ ਜਿਸ ਦਾ ਬ੍ਰਾਹਮਣਵਾਦ ਨਾਲ ਦੂਰ ਦਾ ਵੀ ਵਾਸਤਾ ਨਹੀਂ ਸੀ ਜਿਸ ਦਾ ਫਾਇਦਾ ਇਨਸਾਨੀਅਤ ਦੇ ਨਾਤੇ ਹਰ ਇਕ ਮਨੁੱਖ ਨੂੰ ਸੀ ਪਰ ਅੱਜਕਲ੍ਹ ਦੇ ਡੇਰਿਆਂ ਦਾ ਫਾਇਦਾ ਸਿਰਫ ਤੇ ਸਿਰਫ ਡੇਰੇਦਾਰਾਂ ਨੂੰ ਹੀ ਹੋ ਰਿਹਾ ਹੈ ਜੋ ਆਪਣੇ ਪੱਲਿਓਂ ਲੋਕਾਂ ਨੂੰ ਸਿਰਫ ਨਾਮਦਾਨ ਦੇ ਰਹੇ ਹਨ ਪਰ ਲੋਕਾਂ ਦਾ ਤਨ- ਮਨ-ਧਨ ਸਭ ਕੁਝ ਲੁੱਟੀ ਜਾ ਰਹੇ ਹਨ।

ਇਨ੍ਹਾਂ ਡੇਰਿਆਂ ਤੋਂ ਨਾਮਦਾਨ ਲੈਣ ਲਈ ਸਾਡੇ ਦਲਿਤ ਸਮਾਜ ਦੇ ਲੋਕ ਤਰਲੋ-ਮੱਛੀ ਹੋਏ ਪਏ ਹਨ। ਡੇਰੇ ਨਾਮਦਾਨ ਤੇ ਆਪਣਾ ਆਪਣਾ ਹੱਕ ਸਮਝਦੇ ਹੋਏ ਸੰਗਤ ਵਧਾਉਣ ਤੇ ਜੋਰ ਦੇ ਰਹੇ ਹਨ। ਆਖਰ ਇਨ੍ਹਾਂ ਡੇਰਿਆਂ ਵਲੋਂ ਦਿੱਤਾ ਜਾਣ ਵਾਲਾ ਨਾਮਦਾਨ ਕੀ ਹੈ। ਜਿਆਦਾਤਰ ਡੇਰੇ ਇਕ ਸ਼ਬਦ ਦਾ, ਦੋ ਸ਼ਬਦਾਂ ਦਾ ਜਾਂ ਪੰਜਾਂ-ਸੱਤਾ ਸ਼ਬਦਾਂ ਦਾ ਨਾਮਦਾਨ ਲੋਕਾਂ ਨੂੰ ਦੇ ਰਹੇ ਹਨ, ਕੋਈ ਏਓਂਕਾਰ, ਕੋਈ ਨਿਰੰਕਾਰ ਸੰਗਤ ਨੂੰ ਜਪਣ ਲਈ ਕਹਿ ਰਿਹਾ ਹੈ। ਗੁਰੂਆਂ ਦੀ ਵਿਚਾਰਧਾਰਾ ਨੂੰ ਤਾਂ ਸਮਝਿਆ ਨਹੀਂ ਜਾ ਰਿਹਾ ਬਸ ਨਾਮਦਾਨ ਦੇ ਕੇ ਇਸਦਾ ਰੱਟਣ ਕਰਵਾਇਆ ਜਾ ਰਿਹਾ ਹੈ। ਅਛੂਤ ਸੰਤਾਂ ਦੀ ਵਿਚਾਰਧਾਰਾ ਨੂੰ ਸਮਝੇ ਬਿਨਾਂ ਨਾਮਦਾਨ ਦੀ ਕੀ ਬੁਕਤ ਰਹਿ ਜਾਂਦੀ ਹੈ, ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝੇ ਬਿਨਾਂ ਸਿਰਫ ਨਾਮ ਰੱਟਣ ਵਾਲੇ ਲੋਕਾਂ ਵਿਚੋਂ ਕਿੰਨਿਆਂ ਕੁ ਨੂੰ ਰੱਬ ਮਿਲ ਗਿਆ ਹੈ, ਇਹ ਤੁਸੀਂ ਆਪਣੇ ਆਲੇ-ਦੁਆਲੇ ਖੁਦ ਦੇਖ ਸਕਦੇ ਹੋ!

ਤਾਕਤ ਵਿਚਾਰਧਾਰਾ ਵਿਚ ਹੁੰਦੀ ਹੈ ਦੋ ਚਾਰ ਜਾਂ ਪੰਜ ਅੱਖਰਾਂ ਵਿਚ ਨਹੀਂ ਹੁੰਦੀ। ਜਿਵੇਂ ਕਿ "ਸੰਘਰਸ਼" ਸ਼ਬਦ ਨੂੰ ਦੁਹਰਾਉਣ ਨਾਲ ਸੰਘਰਸ਼ ਹੋ ਨਹੀਂ ਜਾਂਦਾ, ਸੰਘਰਸ਼ ਨੂੰ ਸਮਝਣਾ ਪੈਂਦਾ ਹੈ ਸਮਝ ਕੇ ਫਿਰ ਸੰਘਰਸ਼ ਕਰਨਾ ਪੈਂਦਾ ਹੈ। ਪ੍ਰੈਕਟੀਕਲ ਕਰਨ ਨਾਲ ਸੰਘਰਸ਼ ਸਿਰੇ ਚੜ੍ਹ ਸਕਦਾ ਹੈ ਇਨ੍ਹਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਭਟਕ ਕੇ ਸਾਡਾ ਸਮਾਜ ਦਿਨੋਂ ਦਿਨ ਮਾਨਸਿਕ ਗੁਲਾਮੀ ਦੀਆਂ ਜੰਜੀਰਾਂ ਵਿਚ ਜਕੜ ਹੋ ਰਿਹਾ ਹੈ। ਜਿਸ ਵਿਚਾਰਧਾਰਾ ਨੂੰ ਖੜ੍ਹੀ ਕਰਨ ਲਈ ਮੂਲਨਿਵਾਸੀ ਅਛੂਤ ਸਮਝੇ ਜਾਂਦੇ ਮਹਾਂਪੁਰਸ਼ਾਂ ਨੇ ਸਦੀਆਂ ਲਗਾ ਦਿੱਤੀਆਂ ਉਸ ਵਿਚਾਰਧਾਰਾ ਨੂੰ ਨਾਮਦਾਨ ਦੇ ਰੱਟੇ ਲਗਾਉਣ ਵਾਲੇ ਬਾਬਿਆਂ ਅਤੇ ਸੰਤਾਂ ਨੇ ਖ਼ਤਮ ਕਰ ਦਿੱਤਾ ਹੈ।

ਬ੍ਰਾਹਮਣਵਾਦ ਦੇ ਖਿਲਾਫ ਅਛੂਤ ਨਾਥਾਂ ਦੀ ਇਕ ਲਹਿਰ ਚੱਲੀ ਸੀ। ਉਨ੍ਹਾਂ ਨੇ ਇਕ ਐਸੇ ਪਰਮਾਤਮਾ ਦੀ ਕਾਢ ਕੱਢੀ ਸੀ ਜੋ ਮਾਇਆਰਹਿਤ ਸੀ। ਇਸ ਲਈ ਉਨ੍ਹਾਂ ਨੇ ਘਰ-ਘਰ ਜਾ ਕੇ "ਅਲੱਖ ਨਿਰੰਜਨ" ਦਾ ਨਾਅਰਾ ਲਗਾਇਆ ਸੀ। ਇਹ "ਜੋਤਿ ਨਿਰੰਜਨ" ਸ਼ਬਦ ਵੀ ਨਾਥਾਂ ਦੀ ਹੀ ਉਪਜ ਹੈ। ਨਿਰੰਜਣ ਤੋਂ ਭਾਵ ਮਾਇਆ ਰਹਿਤ। ਨਿਰ ਅੰਜਨ, ਅੰਜਨ ਦਾ ਅਰਥ ਹੈ ਕਾਲਖ ਭਾਵ ਮਾਇਆ। ਨਿਰ ਦਾ ਅਰਥ ਰਹਿਤ ਇਸ ਤਰ੍ਹਾਂ ਨਿਰੰਜਨ ਦਾ ਅਰਥ ਹੋਇਆ ਕਾਲਖ (ਮਾਇਆ) ਤੋਂ ਰਹਿਤ। ਇਹੋ ਕਾਰਨ ਹੈ ਕਿ ਨਾਥ ਜੋਗੀ ਹਰ ਇਕ ਚੀਜ਼ ਨੂੰ ਮਾਇਆ ਕਹਿੰਦੇ ਹੋਏ ਸੰਸਾਰ ਦਾ ਬਿਲਕੁਲ ਤਿਆਗ ਕਰਨ ਲੱਗ ਪਏ ਸਨ ਇਸ ਪ੍ਰਕਾਰ ਇਨ ਨਾਥਾਂ ਨੇ ਲੋਕਾਂ ਵਿਚ ਬ੍ਰਾਹਮਣ ਦੇ ਸਤਿਕਾਰ ਨੂੰ  ਰਹੇ ਸਤਿਕਾਰ ਨੂੰ ਬਹੁਤ ਘਟਾ ਦਿੱਤਾ ਸੀ ਅਤੇ ਬਹੁਤ ਸਾਰੇ ਰਾਜ ਘਰਾਣੇ ਬ੍ਰਾਹਮਣੀ ਕਰਮਕਾਂਡ ਤਿਆਗ ਕੇ ਨਾਥ ਜੋਗੀਆਂ ਦੇ ਚੇਲੇ ਹੋ ਗਏ ਸਨ। ਪ੍ਰਸਿੱਧ ਨਾਥ ਜੋਗੀ ਗੋਰਖ ਨਾਥ ਦੀ ਲੰਬੀ-ਚੌੜੀ ਵਿਚਾਰਧਾਰਾ ਦੇ ਕਾਰਨ ਹੀ "ਗੋਰਖਧੰਦਾ" ਲਫ਼ਜ਼ ਹੋਂਦ ਵਿਚ ਆਇਆ ਸੀ। ਇਸੇ ਤਰ੍ਹਾਂ ਓਂਕਾਰ ਅਤੇ ਰਾਰੰਕਾਰ ਹੈ ਜੋ ਕਿ ਬ੍ਰਾਹਮਣਵਾਦ ਅਤੇ ਅਛੂਤਾਂ ਵਿਚਾਲੇ ਕਾਫੀ ਜੱਦੋ-ਜਹਿਦ ਕਰਨ ਤੋਂ ਬਾਅਦ ਹੋਂਦ ਵਿਚ ਆਏ।

ਓਂਕਾਰ ਅਤੇ ਰਾਰੰਕਾਰ ਵੀ ਦਲਿਤ ਗੁਰੂਆਂ ਦੀ ਹੀ ਦੇਣ ਹੈ। ਜਿਵੇਂ ਕਿ ਸਤਿਗੁਰੂ ਕਬੀਰ ਜੀ ਜੋ ਕਿ ਨੀਚ ਜੁਲਾਹਾ ਜਾਤੀ ਨਾਲ ਸੰਬੰਧ ਰੱਖਦੇ ਸਨ, ਉਨ੍ਹਾਂ ਨੇ ਬ੍ਰਾਹਮਣਵਾਦ ਦੀ ਲੰਬੀ-ਚੌੜੀ ਵਿਚਾਰਧਾਰਾ ਨੂੰ ਰੱਦ ਕਰਦਿਆਂ ਫ਼ਰਮਆਇਆ-

ਓਅੰਕਾਰ ਆਦਿ ਮੈ ਜਾਨਾ।। ਲਿਖਿ ਅਰੁ ਮੇਟੈ ਤਾਹਿ ਨ ਮਾਨਾ।।

ਓਅੰਕਾਰ ਲਖੈ ਜਉ ਕੋਈ।। ਸੋਈ ਲਖਿ ਮੇਟਣਾ ਨ ਹੋਈ।। 6 ।।

ਉਪਰੋਕਤ ਸ਼ਬਦ ਨੂੰ ਪੜ੍ਹਿਆਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਕਿੰਨੀ ਮਹਿਨਤ ਕੀਤੀ ਕਿੰਨਾ ਜੋਰ ਲਗਾ ਦਿੱਤਾ ਬ੍ਰਾਹਮਣਵਾਦੀ ਲੋਕਾਂ ਨੂੰ ਸਮਝਾਉਣ ਲਈ ਕਿ ਤੁਸੀਂ ਜੋ ਬਵੰਜਾ ਅੱਖਰਾਂ ਵਾਲੀ ਬਾਣੀ ਜਾਂ ਬੋਲੀ ਰਾਹੀਂ ਪਰਮਾਤਮਾ ਨੂੰ ਯਾਦ ਕਰਦੇ ਹੋ ਉਹ ਨਾਸ਼ਵਾਨ ਹੈ। ਪਰ ਜਿਹੜਾ ਅਸੀਂ ਪਰਮਾਤਮਾ ਦਾ ਦਰਸ਼ਨ ਕੀਤਾ ਹੈ ਉਸਦਾ ਬਿਆਨ ਇਨ੍ਹਾਂ ਅੱਖਰਾਂ ਰਾਹੀਂ ਨਹੀਂ ਕੀਤਾ ਜਾ ਸਕਦਾ। ਜਿਸ ਸੱਚ ਨੂੰ ਅਸੀਂ ਜਾਣਦੇ ਹਾਂ ਉਹ ਬਿਆਨ ਕੀਤਾ ਹੀ ਨਹੀਂ ਜਾ ਸਕਦਾ ਹੈ ਓਥੇ ਅੱਖਰ ਵਰਤੇ ਹੀ ਨਹੀਂ ਜਾ ਸਕਦੇ ਅਤੇ ਨਾ ਹੀ ਮਨ ਕਰਦਾ ਹੈ। ਜਿਨ੍ਹਾਂ ਅਵਸਥਾਵਾਂ ਦਾ ਬਿਆਨ ਕੀਤਾ ਜਾ ਸਕਦਾ ਹੈ ਉਥੇ ਵੀ ਉਹ ਪਰਮਾਤਮਾ ਆਪ ਹੀ ਹੈ ਜਿਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਓਥੇ ਵੀ ਉਹ ਆਪ ਹੀ ਹੈ ਅਤੇ ਜਿਸ ਤਰ੍ਹਾਂ ਦਾ ਉਹ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜੇਕਰ ਮੈਂ ਉਸ ਨੂੰ ਲੱਭ ਵੀ ਲਵਾਂ ਤਾਂ ਵੀ ਉਸ ਨੂੰ ਬਿਆਨ ਨਹੀਂ ਕਰ ਸਕਦਾ। ਉਸਦਾ ਸਾਰੇ ਪਾਸੇ ਪਾਸਾਰਾ ਹੈ ਉਹ ਸ੍ਰਿਸ਼ਟੀ ਵਿਚ ਇਸ ਤਰ੍ਹਾਂ ਵਿਆਪਕ ਹੈ ਜਿਸ ਤਰ੍ਹਾਂ ਬੀਜ ਬੋਹੜ ਵਿਚ ਅਤੇ ਬੋਹੜ ਦਾ ਦਰਖ਼ਤ ਬੀਜ ਵਿਚ। ਪਰਮਾਤਮਾ ਨੂੰ ਮਿਲਣ ਦਾ ਯਤਨ ਕਰਦਿਆਂ ਕਰਦਿਆਂ ਮੇਰੀਆਂ ਦੁਬਿਧਾਵਾਂ ਦਾ ਨਾਸ਼ ਹੋ ਗਿਆ ਹੈ ਅਤੇ ਕੁਝ ਕੁਝ ਰਾਜ਼ ਸਮਝ ਲਏ ਹਨ। ਦੁਬਿਧਾਵਾਂ ਤਿਆਗ ਕੇ ਮਨ ਪਰਮਾਤਮਾ ਵਿਚ ਭਿੱਝ ਗਿਆ ਹੈ ਅਤੇ ਮੈਂ ਅਭਿਨਾਸ਼ੀ ਪ੍ਰਭੂ ਨੂੰ ਪਰਾਪਤ ਕਰ ਲਿਆ ਹੈ। ਮਨ ਨੂੰ ਸਮਝਾਉਣ ਖਾਤਰ ਮੁਸਲਮਾਨ ਤਰੀਕਤ (ਸ਼ਰੀਅਤ ਆਦਿ) ਵਿਚ ਲੱਗਾ ਹੋਇਆ ਅਤੇ ਹਿੰਦੂ ਬੇਦ ਪੁਰਾਣ ਪੜ੍ਹਨ ਲਈ, ਇਹ ਸਭ ਮਨ ਨੂੰ ਸਮਝਾਉਣ ਲਈ ਇਂਝ ਕਰਦੇ ਹਨ। ਪਰ ਮੈਂ ਉਸ ਓਅੰਕਾਰ (ਓਅੰ-ਕਾਰ, ਜਿਸਦਾ ਸਾਰੇ ਪਾਸੇ ਪਾਸਾਰਾ ਹੈ) ਨੂੰ ਜਾਣ ਲਿਆ ਹੈ। ਹੋਰ ਵਿਅਕਤੀ ਜੋ ਪੈਦਾ ਹੁੰਦਾ ਹੈ ਅਤੇ ਮਰ ਜਾਂਦਾ ਹੈ ਉਸਨੂੰ ਮੈਂ ਨਹੀਂ ਮੰਨਦਾ। ਜੇਕਰ ਕੋਈ ਮਨੁੱਖ ਐਸੇ ਓਅੰਕਾਰ ਸਰਬ ਵਿਆਪਕ ਅਤੇ ਇਕ ਰਸ ਵਿਆਪ ਰਹੇ ਪਰਮਾਤਮਾ ਨੂੰ ਸਮਝ ਲਵੇ ਤਾਂ ਉਸਦੀ ਉੱਚੀ ਆਤਮਕ ਅਵਸਥਾ ਦਾ ਕਦੇ ਵੀ ਨਾਸ਼ ਨਹੀਂ ਹੁੰਦਾ। ਇਸ ਪ੍ਰਕਾਰ ਇੱਥੇ ਵੀ ਸਤਿਗੁਰੂ ਕਬੀਰ ਜੀ ਨੇ ਸਮਝਣ ਅਤੇ ਜਾਨਣ ਦੀ ਗੱਲ ਕੀਤੀ ਹੈ। ਓਅੰਕਾਰ ਲਫਜ਼ ਅਛੂਤ ਸਮਝੀਆਂ ਜਾਤੀਆਂ ਵਿਚ ਪੈਦਾ ਹੋਣ ਵਾਲੇ ਸੰਤਾਂ ਦੀ ਹੀ ਦੇਣ ਹੈ ਹੋਰ ਕਿਸੇ ਦੀ ਨਹੀਂ। ਇਸੇ ਪ੍ਰਕਾਰ ਸ਼ਬਦ ਰਾਰੰਕਾਰ ਜੋਗੀਆਂ ਦੀ ਅੰਦਰਲੀ ਅਵਸਥਾ ਹੈ ਜਿੱਥੇ ਬਹੁਤ ਸਾਰਾ ਹਨੇਰਾ ਵਿਆਪਣ ਤੋਂ ਬਾਦ ਸੋਹੰ ਦਾ ਅਨੁਭਵ ਹੁੰਦਾ ਹੈ। ਇਸ ਅਵਸਥਾ ਨੂੰ ਅਛੂਤ ਜਾਤੀਆਂ ਵਿਚ ਪੈਦਾ ਹੋਏ ਮਹਾਨ ਕ੍ਰਾਂਤੀਕਾਰੀ ਮਹਾਂਪੁਰਸ਼ਾਂ ਨੇ ਹੀ ਪ੍ਰਾਪਤ ਕੀਤਾ ਸੀ ਅਤੇ ਬ੍ਰਾਹਮਣਵਾਦ ਨੂੰ ਖ਼ਤਮ ਕਰਨ ਅਤੇ ਮੂਲਨਿਵਾਸੀ ਸਮਾਜ ਅੱਤਿਆਚਾਰਾਂ ਤੋਂ ਰਾਹਤ ਪਹੁੰਚਾਉਣ ਲਈ ਇਨ੍ਹਾਂ ਦਲਿਤ ਗੁਰੂਆਂ ਨੇ ਲਗਾਤਾਰ ਇਕ ਲਹਿਰ ਦੇ ਰੂਪ ਵਿਚ ਘਾਲਣਾ ਘਾਲੀ ਸੀ।

ਅਛੂਤ ਨਾਥਾਂ ਅਤੇ ਜੋਗੀਆਂ ਨੇ ਜਾਣ ਲਿਆ ਸੀ ਕਿ ਪਰਮਾਤਮਾ ਮਾਇਆ ਰਹਿਤ ਨਿਰੰਜਨ ਹੈ। ਪਰ ਗੋਰਖਨਾਥ ਵਰਗੇ ਮਹਾਨ ਨਾਥਾਂ ਦੇ ਅਕਾਲ ਚਲਾਣੇ ਮਗਰੋਂ ਬ੍ਰਾਹਮਣਾਂ ਨੇ ਨਾਥਾਂ ਦੀ ਲਹਿਰ ਵਿਚ ਘੁੱਸਪੈਠ ਸ਼ੁਰੂ ਕਰ ਦਿੱਤੀ ਅਤੇ ਇਸਨੂੰ ਬ੍ਰਾਹਮਣੀ ਕਰਮਕਾਂਢ ਵਿਚ ਲਪੇਟ ਦਿੱਤਾ ਗਿਆ ਜਿਸ ਕਾਰਨ ਸ਼ੂਦਰ ਫਿਰ ਭਟਕ ਗਏ ਅਤੇ ਹਨੇਰ ਵਿਚ ਫਸ ਗਏ। ਬ੍ਰਾਹਮਣਵਾਦ ਵਿਚ ਲਿਪਟ ਕੇ ਉਹ ਸੋਹੰ ਅਤੇ ਸਤਿਨਾਮ ਤੱਕ ਦੀ ਅਵਸਥਾ ਤੱਕ ਨਹੀਂ ਪੁੱਜ ਸਕੇ।

ਸੋਹੰ ਸ਼ਬਦ ਜੋ ਕਿ ਗੁਰੂ ਰਵਿਦਾਸ ਜੀ ਨੇ ਹੋਂਦ ਵਿਚ ਲਿਆਂਦਾ ਸਦੀਆਂ ਤੋਂ ਮੂਲਨਿਵਾਸੀ ਸਮਾਜ ਦੁਰਕਾਰਿਆ ਅਤੇ ਸ਼ੂਦਰ ਸਮਝਿਆ ਜਾਂਦਾ ਸੀ ਪਰ ਗੁਰੂ ਰਵਿਦਾਸ ਜੀ ਨੇ ਬ੍ਰਾਹਮਣਵਾਦ ਨਾਲ ਸਿੱਧੀ ਟੱਕਰ ਲਈ ਅਤੇ ਕਿਹਾ ਕਿ ਸਾਡੇ ਅਛੂਤਾਂ ਵਿਚ ਅਤੇ ਪਰਮਾਤਮਾ ਵਿਚ ਕੋਈ ਅੰਤਰ ਨਹੀਂ। "ਤੋਹੀ ਮੋਹੀ ਅੰਤਰ ਕੈਸਾ" ਭਾਵ ਸੋਹੰ। ਸੋਹੰ ਦਾ ਸ਼ਬਦਿਕ ਅਰਥ ਹੈ - ਜੋ ਤੂੰ ਹੈਂ ਉਹੀ ਮੈਂ ਹਾਂ। ਇਹ ਸ਼ੂਦਰਾਂ ਵਿਚ ਭਰੀ ਜਾਣ ਵਾਲੀ ਅਣਖ ਦਾ ਪ੍ਰਤੀਕ ਸੀ ਜੋ ਕਿ ਅੰਦਰੋਂ ਬਾਹਰੋਂ ਇਕੋ-ਜਿਹਾ ਸੱਚ ਸੀ। ਉਨ੍ਹਾਂ ਨੇ ਹੀ ਸਤਿਨਾਮ ਸ਼ਬਦ ਦੀ ਸਿਰਜਣਾ ਕੀਤੀ, ਗੁਰੂ ਜੀ ਨੇ ਪਰਮਾਤਮਾ ਦੇ ਨਾਮ ਤੇ ਹੋ ਰਹੇ ਸਾਰੇ ਪਾਖੰਡਾਂ ਦਾ ਖੰਡਨ ਕੀਤਾ। ਇਸੇ ਲਈ ਗੁਰੂ ਰਵਿਦਾਸ ਮੰਦਿਰਾਂ ਵਿਚ ਸੋਹੰ ਲਿਖਣ ਦੀ ਪਰੰਪਰਾ ਹੈ ਇਹ ਸੋਹੰ ਸ਼ਬਦ ਆਪਾਂ ਨੂੰ ਹੋਰ ਕਿਤੇ ਲਿਖਿਆ ਨਹੀਂ ਮਿਲਦਾ।

ਡੇਰੇ ਇਸ ਭੁਲੇਖੇ ਵਿਚ ਹਨ ਕਿ ਜਿਹੜਾ ਉਹ ਨਾਮਦਾਨ ਦੇ ਰਹੇ ਹਨ ਉਸਦੀ ਕਾਢ ਮੁੱਢ-ਕਦੀਮ ਦੇ ਮਨੁੱਖਾਂ ਜਾਂ ਸੰਤਾਂ ਨੇ ਕੱਢੀ ਹੈ ਜਦਕਿ ਇਹ ਸਾਡੇ ਮੂਲਨਿਵਾਸੀ ਪਰ ਅਛੂਤ ਸਮਝੇ ਜਾਂਦੇ ਰਹਿਬਰਾਂ ਦੀ ਅਣਥੱਕ ਘਾਲਣਾ ਦਾ ਨਤੀਜਾ ਹੈ। ਡੇਰੇਦਾਰ ਗੁਰਾਬਾਣੀ ਦੇ ਗਲਤ ਅਰਥ ਕੱਢ ਕੇ ਲੋਕਾਂ ਨੂੰ ਭਰਮ ਵਿਚ ਰੱਖ ਰਹੇ ਹਨ ਜਿਵੇਂ ਕਿ ਉਹ ਗੁਰੂ ਅਰਜਨ ਦੇਵ ਜੀ ਦੇ ਹੇਠ ਲਿਖੇ ਵਿਚਾਰਾਂ ਦੇ ਵੀ ਅਰਥ ਗਲਤ ਕੱਢਦੇ ਹਨ। ਗੁਰੂ ਅਰਜਨ ਦੇਵ ਜੀ ਇਸ ਤੁੱਕ ਵਿਚ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੂੰ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ ਜਿਵੇਂ ਕਿ ਨਾਮਦਾਨ ਦੇਣ ਉਪਰੰਤ ਵੀ ਕੇਵਲ ਪੰਜ ਨਾਮ ਹੀ ਦਿੱਤੇ ਜਾਂਦੇ ਹਨ ਪਰ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਜੀਭ ਉਹੀ ਨਾਮ ਉਚਾਰਣ ਕਰਦੀ ਹੈ ਜੋ ਨਾਮ ਤੇਰੇ ਗੁਣਾਂ ਨੂੰ ਵੇਖ ਕੇ ਬਣਾਏ ਹੋਏ ਹਨ ਪਰ ਸਤਿਨਾਮ ਤੇਰਾ ਮੁੱਢ ਕਦੀਮ ਦਾ ਨਾਮ ਹੈ। ਇਹ ਤੁੱਕ ਦੇਖੋ –

ਕਿਰਤਮ ਨਾਮ ਕਥੇ ਤੇਰੇ ਜਿਹਬਾ।। ਸਤਿਨਾਮੁ ਤੇਰਾ ਪਰਾ ਪੂਰਬਲਾ।। (1083)

ਇਸਦਾ ਇਹ ਅਰਥ ਨਹੀਂ ਕਿ ਜਿਹੜੇ ਡੇਰੇ ਨਾਮਦਾਨ ਦਿੰਦੇ ਹਨ ਉਹ ਨਾਮ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦਾ ਨਾਮ ਹੈ। ਗੁਰੂ ਜੀ ਦਾ ਤਾਂ ਇੱਥੇ ਅਰਥ ਹੈ ਕਿ ਪਰਮਾਤਮਾ ਦੀ ਹੋਂਦ ਤਾਂ ਜਗਤਰਚਨਾ ਤੋਂ ਪਹਿਲਾਂ ਵੀ ਸੀ। ਪਰ ਇਹ ਜਿਹੜਾ ਡੇਰਿਆਂ ਵਿਚ ਨਾਮਦਾਨ ਦਿੱਤਾ ਜਾਂਦਾ ਹੈ ਇਹ ਤਾਂ ਦਲਿਤ ਗੁਰੂਆਂ ਦੀ ਦੇਣ ਹੈ- ਜਿਵੇਂ ਕਿ- ਸਤਿਨਾਮ।

ਸਤਿਨਾਮ ਦਾ ਉਚਾਰਣ ਵੀ ਪਹਿਲੀ ਵਾਰ ਗੁਰੂ ਰਵਿਦਾਸ ਜੀ ਹੀ ਕੀਤਾ। ਉਨ੍ਹਾਂ ਨੇ ਪਰਮਾਤਮਾ ਦੀ ਹੋ ਰਹੀ ਕਰਮਕਾਂਡੀ ਆਰਤੀ ਦਾ ਵਿਰੋਧ ਕਰਦੇ ਹੋਏ ਆਰਤੀ ਵਿਚ ਫ਼ਰਮਾਇਆ- ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿਨਾਮੁ ਹੈ ਹਿਰ ਭੋਗ ਤੁਹਾਰੇ।।ਇੱਥੇ ਗੁਰੂ ਰਵਿਦਾਸ ਜੀ ਨੇ ਸਾਰੇ ਕਰਮਕਾਂਢ ਤਿਆਗ ਕੇ ਸੱਚ ਦੀ ਗੱਲ ਕੀਤੀ ਇਕ ਐਸੀ ਵਿਚਾਰਧਾਰਾ ਦੀ ਗੱਲ ਕੀਤੀ ਜਿਸ ਦਾ ਦਿਖਾਵੇ ਨਾਲ ਕੋਈ ਸੰਬੰਧ ਨਹੀਂ ਪਰ ਅਸੀਂ ਗੁਰੂ ਰਵਿਦਾਸ ਜੀ ਦੀ ਉਸ ਵਿਚਾਰਧਾਰਾ ਨੂੰ ਭੁੱਲ ਗਏ ਹਾਂ ਅਤੇ ਕੇਵਲ ਲਫਜਾਂ ਨੂੰ ਪਕੜ ਲਿਆ ਹੈ।

ਪਰ ਹੁਣ ਡੇਰੇ ਵਾਲਿਆਂ ਨੇ ਬਸ ਲਫ਼ਜ਼ ਹੀ ਪਕੜ ਰੱਖੇ ਹਨ ਅਤੇ ਇਨ੍ਹਾਂ ਦਾ ਰਟਣ ਕਰਨ ਲੱਗੇ ਹੋਏ ਹਨ, ਵਿਚਾਰਧਾਰਾ ਵਿਚੋਂ ਗਾਇਬ ਕਰ ਦਿੱਤੀ ਗਈ ਹੈ। ਅਛੂਤ ਸਮਾਜ ਵਿਚ ਪੈਦਾ ਹੋਏ ਕ੍ਰਾਂਤੀਕਾਰੀ ਸੰਤ ਗੁਰੂਆਂ ਨੇ ਜਿਸ ਵਿਚਾਰਧਾਰਾ ਨੂੰ ਸਾਡੇ ਤੱਕ ਪਹੁੰਚਾਇਆ ਉਹ ਹੁਣ ਖ਼ਤਮ ਹੋ ਗਈ ਹੈ ਕਿਉਂਕਿ ਜਿਸ ਤਰ੍ਹਾਂ ਲੋਕ ਡੇਰਿਆਂ ਤੋਂ ਨਾਮਦਾਨ ਲੈ ਲੈ ਕੇ ਸਿਰਫ ਨਾਮ-ਰੱਟਣ ਵਿਚ ਖੁੱਭ ਗਏ ਹਨ ਇਹ ਦੇਖ ਕੇ ਲੱਗਦਾ ਹੈ ਕਿ ਹੁਣ ਭਾਰਤ ਵਿਚ ਹੋਰ ਕ੍ਰਾਂਤੀ ਆਉਣੀ ਆਸੰਭਵ ਹੈ। ਇਹੋ ਹੀ ਗੱਲ ਮਾਸਟਰ ਮਾਇਂਡ ਬ੍ਰਾਹਮਣਵਾਦੀ ਲੋਕ ਚਾਹੁੰਦੇ ਹਨ। ਵਿਚਾਰਧਾਰਾ ਨੂੰ ਸਮਝਦੇ ਹੋਏ ਰੱਬ ਦੀ ਸੋਝੀ ਆਉਣੀ ਸੀ ਪਰ ਅਸੀਂ ਬਾਬਿਆਂ ਮਗਰ ਲੱਗ ਕੇ ਸਿੱਧੇ ਹੀ ਰੱਬ ਨੂੰ ਜੱਫੇ ਮਾਰਨ ਲੱਗੇ ਹੋਏ ਹਾਂ। ਦਲਿਤ ਮਹਾਂਪੁਰਸ਼ਾਂ ਨੇ ਗਰਾਉਂਡ ਤਿਆਰ ਕਰਕੇ ਉਸ ਉੱਪਰ ਅਧਿਆਤਮਿਕਤਾ ਦਾ ਪੌਦਾ ਲਗਾਇਆ ਸੀ ਪਰ ਅਜੌਕੇ ਬਾਬੇ ਫੋਕੀਆਂ ਗੱਲਾਂ ਕਰਨ ਵਿਚ ਮਸਤ ਹਨ ਅਤੇ ਸਾਡੇ ਮਹਾਨ ਰਹਿਬਰਾਂ ਦੀ ਵਿਚਾਰਧਾਰਾ ਨੂੰ ਇਕ ਨਾਮ ਰੱਟਣ ਤੱਕ ਹੀ ਸੀਮਤ ਕਰ ਦਿੱਤਾ ਹੈ। ਨਾਮ ਰਟਣ, ਧਿਆਨ ਲਗਾਉਣਾ ਕੋਈ ਵੱਡੀ ਗੱਲ ਨਹੀਂ ਹੈ। ਇਸੇ ਗੱਲ ਨੂੰ ਬਹੁਤ ਵੱਡਾ ਬਣਾ ਕੇ ਬ੍ਰਾਹਮਣਵਾਦ ਨੇ ਭਾਰਤ ਦੇਸ਼ ਤੇ ਆਪਣਾ ਸ਼ਿਕੰਜਾ ਕੱਸੀ ਰੱਖਿਆ ਅਤੇ ਜਕੜ ਮਜ਼ਬੂਤ ਕੀਤੀ। ਦਸਮ ਦੁਆਰ ਖੁਲ੍ਹ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਬਸ ਕਰਮਕਾਂਢ ਤੋਂ ਰਹਿਤ ਹੋ ਕੇ ਗੁਰੂ ਦੀ ਵਿਚਾਰਧਾਰਾ ਨੂੰ ਸਮਝਣ ਦੀ ਲੋੜ ਹੈ ਪਰ ਬ੍ਰਾਹਮਣਵਾਦ ਦੀ ਇਹੋ ਸਿੱਖਿਆ ਹੈ ਕਿ ਵਿਚਾਰਧਾਰਾ ਨੂੰ ਨਹੀਂ ਮੰਨਣਾ ਬਸ ਕਰਮਕਾਂਢ ਜਾਂ ਦਿਖਾਵਾ ਕਰਨਾ ਹੈ ਪਰ ਲੋਕਾਂ ਦਾ ਓਦੋਂ ਤੱਕ ਭਲਾ ਨਹੀਂ ਹੋਣਾ ਜਦੋਂ ਤੱਕ ਇਹ ਬ੍ਰਾਹਮਣਵਾਦ ਨੂੰ ਤਿਆਗ ਕੇ ਦਲਿਤ ਗੁਰੂਆਂ ਦੀ ਵਿਚਾਰਧਾਰਾ ਨੂੰ ਨਹੀਂ ਮੰਨਦਾ। ਸਾਡੇ ਗੁਰੂਆਂ ਨੇ ਪਤਾ ਨਹੀਂ ਕਿੰਨੇ ਦੁੱਖ ਸਹਿ ਕੇ ਇਸ ਵਿਚਾਰਧਾਰਾ ਨੂੰ, ਇਸ ਪਰਮਾਤਮਾ ਨੂੰ ਸਮਝਿਆ ਜੋ ਬ੍ਰਾਹਮਣਵਾਦੀਆਂ ਦੇ ਖਿਲਾਫ ਇਕ ਜੰਗ ਸੀ ਪਰ ਅਜੋਕੇ ਸੰਤ-ਬਾਬੇ ਏਅਰਕੰਡੀਸ਼ਨਾਂ ਵਿਚ ਬੈਠ ਕੇ ਉਸੇ ਵਿਚਾਰਧਾਰਾ ਨੂੰ ਮਿੱਟੀ ਵਿਚ ਮਿਲਾ ਰਹੇ ਹਨ।

ਅਜੋਕੇ ਬਾਬਿਆਂ ਨੂੰ ਭਰਮ ਹੈ ਕਿ ਉਨ੍ਹਾਂ ਦੁਆਰਾ ਕੀਤਾ ਅਤੇ ਕਰਵਾਇਆ ਜਾ ਰਿਹਾ ਨਾਮ ਰਟਣ ਅਤੇ ਉਨ੍ਹਾਂ ਦੇ ਲੇਖੇ ਵਿਚ ਲਿਖ ਹੋ ਰਿਹਾ ਹੈ ਇਹ ਸਭ ਤਾਂ ਬ੍ਰਾਹਮਣਵਾਦੀ ਗੱਲਾਂ ਹਨ, ਬੱਚਿਆਂ ਵਾਲੀਆਂ ਗੱਲਾਂ ਹਨ। ਜਿਨ੍ਹਾਂ ਦਾ ਸਾਡੇ ਮਹਾਨ ਗੁਰੂਆਂ ਦੀ ਵਿਚਾਰਧਾਰਾ ਨਾਲ ਕੋਈ ਸੰਬੰਧ ਨਹੀਂ। ਉਨ੍ਹਾਂ ਦੁਆਰਾ ਹੋਂਦ ਵਿਚ ਲਿਆਂਦੇ ਪਰਮਾਤਮਾ ਦੇ ਨਾਵਾਂ ਨੂੰ ਰਟਣ ਨਾਲ ਕੁਝ ਨਹੀਂ ਹੋਣਾ ਬਲਕਿ ਉਨ੍ਹਾਂ ਵਾਂਗ ਵਿਚਾਰਧਾਰਾ ਤੇ ਚੱਲਣ ਨਾਲ ਹੀ ਕੁਝ ਪ੍ਰਾਪਤ ਹੋਣਾ ਹੈ, ਗੁਰੂ ਰਵਿਦਾਸ ਜੀ ਫ਼ਰਮਾਉਂਦੇ ਹਨ- ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ।। ਰਿਦੈ ਰਾਮ ਗੋਬਿੰਦ ਗੁਨ ਸਾਰੰ।। ਭਾਵ ਮੈਂ ਹਿਰਦੇ ਵਿਚ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕੀਤਾ ਹੈ। ਗੁਣ ਧਾਰਨ ਕਰਨੇ ਹਨ, ਦਿਖਾਵਾ ਨਹੀਂ ਕਰਨਾ, ਫਿਰ ਹੀ ਵਿਵੇਕ ਜਾਗੇਗਾ ਅਤੇ ਵਿਵੇਕ ਜਾਗਣ ਨਾਲ ਹੀ ਮਨ ਨੂੰ ਟਿਕਾ ਆਉਣਾ ਹੈ-

ਅਚਿੰਤੋ ਉਪਜਿਓ ਸਗਲ ਬਿਬੇਕਾ।। ਅਚਿੰਤ ਚਰੀ ਹਥਿ ਹਰਿ ਹਰਿ ਟੇਕਾ।। (1157) ਭਾਵ ਚਿੰਤਾ ਦੂਰ ਕਰਨ ਵਾਲੀ ਵਿਚਾਰਧਾਰਾ ਨਾਲ ਮੈਨੂੰ ਵਿਵੇਕ ਬੁੱਧ ਪ੍ਰਾਪਤ ਹੋ ਗਈ ਅਤੇ ਮੈਨੂੰ ਸਦਾ ਲਈ ਟੇਕ ਮਿਲ ਗਈ ਹੈ।

ਭਾਰਤ ਵਿਚ ਜੋ ਹਾਲ ਉਸ ਸਮੇਂ ਬ੍ਰਾਹਮਣਾਂ ਤੇ ਪੰਡਿਤਾਂ ਦਾ ਸੀ ਓਹੀ ਹਾਲ ਹੁਣ ਬਾਬਿਆਂ ਦਾ ਹੈ ਪੰਜਾਬ ਤੋਂ ਬਾਹਰ ਭਾਵੇਂ ਅਜੇ ਵੀ ਪੰਡਤਾਂ ਪ੍ਰੋਹਿਤਾਂ ਦਾ ਬੋਲ-ਬਾਲਾ ਹੈ ਪਰ ਪੰਜਾਬ ਵਿਚ ਸਾਰੇ ਬ੍ਰਾਹਮਣਵਾਦੀ ਸੋਚ ਰੱਖਣ ਵਾਲੇ ਧਾਰਮਿਕ ਲੋਕ ਬਾਬਿਆਂ ਅਤੇ ਬਾਬਿਆਂ ਦੇ ਚੇਲਿਆਂ ਵਿਚ ਤਬਦੀਲ ਹੋ ਗਏ ਹਨ। ਪੰਜਾਬ ਦੇ ਲੋਕਾਂ ਨੇ ਸੰਤ, ਸਤਿਗੁਰੂ, ਸੰਗਤ, ਸਤਿਸੰਗ ਦੀ ਵਿਚਾਰਧਾਰਾ ਨੂੰ ਨਹੀਂ ਸਮਝਿਆ ਬਸ ਇਨ੍ਹਾਂ ਲਫਜਾਂ  ਆਪਣੇ ਅਨੁਸਾਰ ਢਾਲ ਲਿਆ ਹੈ। ਇਨ੍ਹਾਂ ਸ਼ਬਦਾਂ ਵਿਚਲੀ ਵਿਚਾਰਧਾਰਾ ਤਬਦੀਲ ਹੋ ਗਈ ਹੈ ਗੁਰੂਆਂ ਨੇ ਤਾਂ ਇਹ ਸ਼ਬਦ ਬ੍ਰਾਹਮਣਵਾਦ ਵਿਚੋਂ ਲੋਕਾਂ ਨੂੰ ਕੱਢਣ ਲਈ ਯੂ-ਟਰਨ ਲੈਣ ਲਈ ਵਰਤੇ ਸਨ। ਪਰ ਰੂਹਾਨੀਅਤ ਦਾ ਢੋਲ ਵਜਾਉਣ ਵਾਲੇ ਅੱਜ ਕਲ੍ਹ ਦੇ ਬਾਬੇ ਇਨ੍ਹਾਂ ਲਫਜਾਂ ਨੂੰ ਵਰਤ ਕੇ ਪਤਾ ਨਹੀਂ ਕਿਹੜੇ ਪਰਮਾਤਮਾ ਦੇ ਦਰਸ਼ਨ ਕਰਵਾਉਣ ਦਾ ਦਾਵਾ ਕਰ ਰਹੇ ਹਨ। ਇਨ੍ਹਾਂ ਦਾਅਵਿਆਂ ਨੂੰ ਪੰਡਿਤ, ਪ੍ਰਹਿਤ ਅਤੇ ਬ੍ਰਾਹਮਣ ਵੀ ਗੁਰੂ ਰਵਿਦਾਸ ਜੀ ਅੱਗੇ ਕਰ ਚੁੱਕਾ ਹਨ ਪਰ ਅੰਤ ਉਨ੍ਹਾਂ ਨੂੰ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਅੱਗੇ ਝੁਕਣਾ ਪਿਆ। ਗੱਲ ਵਿਚਾਰਧਾਰਾ ਦੀ ਸੀ ਪਰ ਅੱਜ ਕਲ੍ਹ ਦੇ ਬਾਬੇ ਵਿਚਾਰਧਾਰਾ ਦੀ ਗੱਲ ਨਹੀਂ ਕਰਦੇ ਸਿੱਧੀਆਂ ਹੀ ਰੱਬ ਦੀਆਂ ਗੱਲਾਂ ਕਰਦੇ ਹਨ।

ਬ੍ਰਾਹਮਣਵਾਦੀ ਮਾਨਸਿਕਤਾ ਦਾ ਮੰਤਵ ਦੁਨੀਆਂ ਨੂੰ ਵੰਡਣਾ (ਵਰਣ ਵੰਡ) ਕਰਨਾ ਹੈ। ਇਸੇ ਲਈ ਭਾਰਤ ਦੇਸ਼ ਵਿਚ ਇਸ ਸਮੇਂ ਏਕੀਕਰਣ ਨਹੀਂ ਹੋ ਰਿਹਾ ਜਦਕਿ ਕੁਦਰਤੀ ਨੀਯਮ ਸੰਸਾਰ ਨੂੰ ਏਕੀਕਰਣ ਕਰਨ ਵੱਲ ਤੋਰਦੇ ਹਨ। ਗੁਰੂਆਂ ਦੀ ਵੀ ਇਹੋ ਫਿਲੋਸਫੀ ਸੀ ਕਿ ਏਕੀਕਰਣ ਵਿਚ ਹੀ ਸਭ ਦਾ ਭਲਾ ਹੈ। ਬ੍ਰਾਹਮਣਵਾਦ ਸ਼ੈਤਾਨ ਮਨ ਦੀ ਕਾਢ ਹੈ ਕੁਦਰਤ ਨੇ ਬ੍ਰਾਹਮਣਵਾਦ ਜਾਂ ਕਰਮਕਾਂਢ ਪੈਦਾ ਨਹੀਂ ਕੀਤਾ ਇਹ ਤਾਂ ਮਨੁੱਖ ਦੁਆਰਾ ਮਨੁੱਖ ਨੂੰ ਗੁਲਾਮ ਬਣਾਏ ਜਾਣ ਦੀ ਇਕ ਅਜਿਹੀ ਰੁਚੀ ਹੈ ਜਿਸ ਤੇ ਰੱਬੀ ਹੁਕਮ ਦੀ ਮੋਹਰ ਲਗਾ ਦਿੱਤੀ ਗਈ ਹੈ।

ਲੋਕਾਂ ਨੂੰ ਨਾਮਦਾਨ ਲੁਟਾਉਣ ਵਾਲੇ ਬਾਬੇ ਨਾਮ ਨੂੰ ਯੁੱਗਾਂ ਤੋਂ ਚੱਲਿਆ ਆ ਰਿਹਾ ਮੰਨਦੇ ਹਨ ਉਹ ਇੱਥੇ ਵੀ ਗੁਰਬਾਣੀ ਦੇ ਗਲਤ ਮਤਲਵ ਕੱਢ ਰਹੇ ਹਨ। ਯੁੱਗਾਂ ਦੀ ਵੰਡ ਨੂੰ ਗੁਰੂ ਰਵਿਦਾਸ ਜੀ ਨੇ ਅਤੇ ਹੋਰ ਗੁਰੂਆਂ ਨੇ ਨਹੀਂ ਮੰਨਿਆ ਸਗੋਂ ਯੁੱਗਾਂ ਦੀ ਵਿਚਾਰਧਾਰਾ ਦੀ ਨਿਖੇਧੀ ਕੀਤੀ ਹੈ। ਅਸੀਂ ਸੰਖੇਪ ਜਿਹਾ ਇਸ ਗੱਲ ਤੇ ਵੀ ਵਿਚਾਰ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਵੀ ਗੁਰੂ ਰਵਿਦਾਸ ਜੀ ਵਾਂਗ ਹਿੰਦੂ ਧਰਮ ਅਨੁਸਾਰ ਕੀਤੀ ਚਾਰ ਯੁੱਗਾਂ ਦੀ ਵਰਗਵੰਡ ਦਾ ਖੰਡਨ ਕਰਦੇ ਹੋਏ ਫ਼ਰਮਾਉਂਦੇ ਹਨ-

 "ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰ ਤਪਤ ਰਹੈ।।

ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ।।" (ਪੰਨਾ 902)

ਭਾਵ ਓਹੀ ਚੰਦ੍ਰਮਾ ਚੜ੍ਹਦਾ ਹੈ, ਓਹੀ ਤਾਰੇ ਹਨ ਓਹੀ ਸੂਰਜ ਹੈ ਔਰ ਜਦ ਸਭ ਕੁਝ ਓਹੀ ਹੀ ਹੈ ਤਾਂ ਫਿਰ ਇਕੋ ਹੀ ਯੁੱਗ ਹੋਣਾ ਚਾਹੀਦਾ ਹੈ। ਉਹੀ ਧਰਤੀ, ਚਾਰੇ ਪਾਸੇ ਉਹੀ ਹਵਾ ਵਗ ਰਹੀ ਹੈ ਫਿਰ ਨਵਾਂ ਯੁੱਗ ਕਦੋਂ, ਕਿਵੇਂ ਤੇ ਕਿੱਥੋਂ ਆਵੇਗਾ।ਹੁਣ ਆਧੁਨਿਕ ਖੋਜਾਂ ਅਨੁਸਾਰ ਵੀ ਸਤਯੁਗ ਤੋਂ ਉਹ ਸਮਾਂ ਹੈ ਜਦੋਂ ਵਿਦੇਸ਼ੀ ਆਰੀਆ ਨਸਲ ਦੇ ਲੋਕਾਂ ਦੇ ਧਰਮ ਦਾ ਬੋਲ-ਬਾਲਾ ਸੀ। ਇਸ ਪ੍ਰਕਾਰ ਇਹ ਜੋ ਡੇਰੇ ਨਾਮਦਾਨ ਦੇ ਰਹੇ ਹਨ ਇਹ ਬਹੁਤੀਆਂ ਸਦੀਆਂ ਤੋਂ ਚੱਲਿਆ ਨਹੀਂ ਆ ਰਿਹਾ ਇਹ ਤਾਂ ਸਾਡੇ ਮੂਲ ਨਿਵਾਸੀ (ਅਛੂਤ) ਸੰਤਾਂ ਦੀ ਦੇਣ ਹੈ।

ਗੁਰੂਆਂ ਨੇ ਤਾਂ ਬ੍ਰਾਹਮਣ ਦੀ ਵਿਚਾਰਧਾਰਾ ਨੂੰ ਕੱਟਣ ਲਈ ਯੂ-ਟਰਨ ਲਈ ਸੀ ਪਰ ਡੇਰੇ ਨਾਮਦਾਨ ਤੇ ਆਪਣਾ ਹੱਕ ਜਮਾਉਂਦੇ ਹੋਏ ਉਨ੍ਹਾਂ ਦੀ ਬਾਣੀ ਦੇ ਗਲਤ ਅਰਥ ਕੱਢ ਰਹੇ ਹਨ। ਇਹ ਯੁੱਗਾਂ ਦੀ ਅਤੇ ਨਾਮ ਦੀ ਫਿਲੋਸਫੀ ਬ੍ਰਾਹਮਣ ਦੀ ਸੀ ਇਸ ਫਿਲੋਸਫੀ ਨੂੰ ਕੱਟ ਕੇ ਗੁਰੂਆਂ ਨੇ ਅਛੂਤ ਸਮਝੇ ਜਾਂਦੇ ਸੰਤਾਂ ਦੀ ਵਿਚਾਰਧਾਰਾ ਨੂੰ ਆਪਣੀ ਬਾਣੀ ਵਿਚ ਵਾਰ-ਵਾਰ ਦੁਹਰਾਇਆ ਅਤੇ ਉਭਾਰਿਆ। ਹੁਣ ਵਿਗਿਆਨਕ ਤੌਰ ਤੇ ਵੀ ਯੁੱਗਾਂ ਆਦਿ ਦਾ ਝੂਠ ਸਾਬਤ ਹੋ ਚੁੱਕਾ ਹੈ ਜਦਿਕ ਸਾਡੇ ਮਹਾਨ ਰਹਿਬਰ ਜਗਤਗੁਰੂ ਰਵਿਦਾਸ ਜੀ ਨੇ ਉਸ ਪੱਛੜੇ ਸਮੇਂ ਵਿਚ ਹੀ ਯੁੱਗਾਂ ਨੂੰ ਨਹੀਂ ਮੰਨਿਆ ਸੀ ਫਿਰ ਡੇਰੇਦਾਰ ਆਪਣੀ ਕਿਹੜੀ ਮੰਦਬੁੱਧੀ ਦਾ ਸਬੂਤ ਦੇ ਰਹੇ ਹਨ।

ਜਿਸ ਸ਼ਬਦ ਨੂੰ ਸੰਤਾਂ ਨੇ ਸ੍ਰਿਸ਼ਟੀ ਦੀ ਰਚਨਾ ਦਾ ਆਧਾਰ ਮੰਨਿਆ ਹੈ ਉਹ ਵਿਚਾਰਧਾਰਾਹੀਣ ਬਾਬਿਆਂ ਤੋਂ ਨਹੀਂ ਮਿਲਦਾ ਬਲਕਿ ਦਲਿਤ ਗੁਰੂਆਂ ਦੀ ਵਿਚਾਰਧਾਰਾ ਨੂੰ ਮੰਨਣ ਅਤੇ ਸਮਝਣ ਨਾਲ ਆਪਣੇ ਆਪ ਅੰਦਰ ਚੱਲ ਪੈਂਦਾ ਹੈ, ਜੀਵ ਨੂੰ ਅਧਿਆਤਮਕ ਅਨੰਦ ਆਉਣ ਲੱਗ ਪੈਂਦਾ ਹੈ ਧਿਆਨ ਲਗਾਉਣ ਦਾ ਓਦੋਂ ਤੱਕ ਕੋਈ ਫਾਇਦਾ ਨਹੀਂ ਜਦੋਂ ਤੱਕ ਅਸੀਂ ਵਿਚਾਰਧਾਰਾ ਨੂੰ ਨਹੀਂ ਅਪਨਾਉਂਦੇ ਬਾਕੀ ਜਿਸ ਵੀ ਵਿਚਾਰਧਾਰਾ ਨੂੰ ਅਸੀਂ ਅਪਣਾਵਾਂਗੇ ਓਨਾ ਕੁ ਹੀ ਗਹਿਰਾਈ ਵਿਚ ਖੁਦ ਜਾ ਪਾਵਾਂਗੇ। ਕਿਸੇ ਵੀ ਬਾਬੇ ਦੇ ਕਹੇ-ਕਹਾਏ ਪੰਜ, ਸੱਤ ਜਾਂ ਪੂਰਾ ਗ੍ਰੰਥ ਵਾਰ-ਵਾਰ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈ, ਵਿਚਾਰਧਾਰਾ ਵਹੀਨ ਧਿਆਨ ਲਗਾਉਣ ਨਾਲ ਵੀ ਅਸੀਂ ਬ੍ਰਾਹਮਣਵਾਦ ਦੀ ਖਾਈ ਵਿਚ ਹੀ ਡਿੱਗਣਾ ਹੈ।

ਹੁਣ ਬ੍ਰਾਹਮਣਵਾਦ ਨੇ ਆਪਣਾ ਰੂਪ ਵਟਾ ਲਿਆ ਹੈ ਕਿਉਂਕਿ ਬ੍ਰਾਹਮਣਵਾਦ ਦੀ ਖਾਸੀਅਤ ਹੈ ਕਿ ਰੱਬ ਦੇ ਨਾਂ ਤੇ ਹਰੇਕ ਵਿਚਾਰਧਾਰਾ ਦਾ ਬ੍ਰਾਹਮਣੀਕਰਣ ਕਰ ਦੇਣਾ ਅਤੇ ਉਸ ਨੂੰ ਖ਼ਤਮ ਕਰ ਦੇਣਾ। ਬ੍ਰਾਹਮਣਵਾਦ ਨੇ ਦਲਿਤ ਗੁਰੂਆਂ ਦੀ ਵਿਚਾਰਧਾਰਾ ਨੂੰ ਖ਼ਤਮ ਕਰਕੇ ਇਨ੍ਹਾਂ ਡੇਰਿਆਂ ਵਿਚ ਆਪਣਾ ਪੱਕਾ ਡੇਰਾ ਜਮਾਂ ਲਿਆ ਹੈ ਹਰੇਕ ਕਿਲੋਮੀਟਰ ਤੇ ਕੋਈ ਨਾ ਕੋਈ ਡੇਰਾ ਜਾਂ ਬ੍ਰਾਹਮਣੀ ਕਰਮਕਾਂਡ ਹੁੰਦਾ ਤੁਹਾਨੂੰ ਨਜ਼ਰ ਆ ਜਾਵੇਗਾ। ਲੋਕ ਮਾਨਸਿਕ ਤੌਰ ਤੇ ਗੁਲਾਮ ਹੋ ਚੁੱਕੇ ਹਨ। ਦੂਜੇ ਪਾਸੇ ਭਾਰਤ ਦੀਆਂ ਸਰਕਾਰਾਂ ਡੇਰਿਆਂ ਅਤੇ ਧਾਰਮਕ ਕੰਮਾਂ ਨੂੰ ਪ੍ਰਫੁਲਤ ਕਰਨ ਲੱਗੀਆਂ ਹੋਈਆਂ ਹਨ ਕਿਉਂਕਿ ਬ੍ਰਾਹਮਣਵਾਦ ਨੇ ਧਰਮ ਦੇ ਨਾਮ ਤੇ ਭਾਰਤ ਵਿਚ ਆਪਣੀ ਜਕੜ ਮਜਬੂਤ ਕਰ ਸਕਣੀ ਹੈ। ਧਾਰਮਿਕ ਡੇਰਿਆਂ ਨੇ ਸਾਡੇ ਦਲਿਤ ਰਹਿਬਰਾਂ ਦੀ ਵਿਚਾਰਧਾਰਾ ਨੂੰ ਇਕ ਬੰਨੇ ਲਾ ਦਿੱਤਾ ਹੈ ਅਤੇ ਲੋਕਾਂ ਦੀ ਸੋਚ ਨੂੰ ਨਾਮਦਾਨ ਦੇ ਚੱਕਰ ਵਿਚ ਪਾ ਕੇ ਨਿਪੁੰਸਕ ਕਰ ਦਿੱਤਾ ਹੈ। ਹੁਣ ਇਨ੍ਹਾਂ ਲੋਕਾਂ ਤੋਂ ਭਾਰਤੀ ਸਰਮਾਏਦਾਰੀ ਅਤੇ ਭ੍ਰਿਸ਼ਟ ਸਰਕਾਰਾਂ ਨੂੰ ਕੋਈ ਖ਼ਤਰਾ ਨਹੀਂ ਹੈ। ਪਹਿਲਾਂ ਭਾਰਤ ਦਾ ਦਲਿਤ ਬ੍ਰਾਹਮਣਵਾਦ ਦਾ ਗੁਲਾਮ ਰਹਿ ਕੇ ਆਪਣੀ ਜਿੰਦਗੀ ਬਸਰ ਕਰ ਰਿਹਾ ਸੀ ਅਤੇ ਹੁਣ ਬ੍ਰਾਹਮਣਵਾਦੀ ਰੱਬ ਦੇ ਭਾਣੇ ਅੰਦਰ ਰਹਿ ਕੇ ਆਪਣੀ ਜਿੰਦਗੀ ਜਿਊਣ ਲੱਗਾ ਹੋਇਆ ਹੈ ਪਰ ਗੱਲ ਤਾਂ ਇਕੋ ਹੀ ਹੈ।

ਮੈਨੂੰ ਪਤਾ ਹੈ ਕਿ ਮੇਰੀਆਂ ਗੱਲਾਂ ਦਾ ਡੇਰਿਆਂ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੇ ਗੁੱਸਾ ਕਰਨਾ ਹੈ ਕਿਉਂਕਿ ਸ਼ਰਧਾ ਅਤੇ ਅੰਧ-ਵਿਸ਼ਵਾਸ਼ ਵਿਚ ਕੋਈ ਬਹੁਤਾ ਫ਼ਰਕ ਨਹੀਂ ਹੁੰਦਾ। ਮੈਂ ਵੀ ਕਿਸੇ ਵੇਲੇ ਇਨ੍ਹਾਂ ਲੋਕਾਂ ਵਾਂਗ ਸੀ ਪਰ ਮੇਰੇ ਦਿਲ ਵਿਚ ਸਾਡੇ ਸਮਾਜ ਵਿਚ ਹੋ ਚੁੱਕੇ ਦਲਿਤ ਸੰਤਾਂ ਲਈ ਵਧੇਰੇ ਸ਼ਰਧਾ ਹੈ ਕਿਉਂਕਿ ਇਨ੍ਹਾਂ ਦੀ ਘਾਲੀ ਗਈ ਘਾਲਣਾ ਦਾ ਕੋਈ ਰਿਣ ਨਹੀਂ ਚੁਕਾ ਸਕਦਾ। ਪਰ ਇਨ੍ਹਾਂ ਗੱਲਾਂ ਦੀ ਸਮਝ ਸਾਡੇ ਲੋਕਾਂ ਨੂੰ ਜਲਦੀ ਨਹੀਂ ਆ ਸਕਦੀ ਕਿਉਂਕਿ ਸਦੀਆਂ ਤੋਂ ਗੁਲਾਮ ਤੁਰੀ ਆ ਰਹੀ ਕੌਮ ਦੀ ਇਹੋ ਹੀ ਹੋਣੀ ਹੋ ਸਕਦੀ ਹੈ।