ਦਲਿਤ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਯਾਦ ਵਿੱਚ 22 ਅਪ੍ਰੈਲ, 2014 ਲਈ ਵਿਸ਼ੇਸ਼।

 

ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਗਦਰੀ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਕਰਨੀ ਨੂੰ

 

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਮੇਂ ਸਮੇਂ ਤੇ ਸਮਾਜ ਦੇ ਲਿਤਾੜ੍ਹੇ ਵਰਗਾਂ ਦੀ ਭਲਾਈ ਲਈ ਇਸ ਧਰਤੀ ਤੇ ਮਹਾਂਪੁਰਖਾਂ ਨੇ ਜਨਮ ਲਿਆ ਅਤੇ ਮਨੁਖਤਾ ਦੇ ਭਲੇ ਲਈ ਕੰਮ ਕੀਤਾ। ਇਨ੍ਹਾਂ ਮਹਾਂਪੁਰਖਾਂ ਵਿੱਚ ਇੱਕ ਨਾਮ ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਹੈ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਜਨਮ ਲੈਕੇ ਸੰਘਰਸ਼ ਕੀਤਾ ਅਤੇ ਲਿਤਾੜ੍ਹੇ ਵਰਗਾਂ ਦੇ ਵਿਕਾਸ ਲਈ ਕੰਮ ਕੀਤਾ। ਮੰਗੂ ਰਾਮ ਮੂਗੋਵਾਲੀਆ ਦਾ ਜਨਮ 14 ਜਨਵਰੀ, 1886 ਨੂੰ ਪਿੰਡ ਮੂਗੋਵਾਲ ਤਹਿਸੀਲ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਅਛੂਤ ਪਰਿਵਾਰ ਵਿੱਚ ਹੋਇਆ। ਬਾਬੂ ਜੀ ਦੇ ਮਾਤਾ ਦਾ ਨਾਮ ਅਤਰੀ ਅਤੇ ਪਿਤਾ ਜੀ ਦਾ ਨਾਮ ਹਰਨਾਮ ਦਾਸ ਸੀ ਅਤੇ ਉਨ੍ਹਾਂ ਦਾ ਪਰਿਵਾਰ ਚਮੜੇ ਦੇ ਧੰਦੇ ਨਾਲ ਜੁੜਿਆ ਹੋਇਆ ਸੀ। ਬਾਬੂ ਜੀ ਦੀ ਉਮਰ ਲੱਗਭੱਗ ਤਿੰਨ ਸਾਲ ਦੀ ਹੀ ਸੀ ਜਦੋਂ ਉਨ੍ਹਾਂ ਦੀ ਮਾਤਾ ਦੀ ਮੋਤ ਹੋ ਗਈ। ਬਾਬੂ ਜੀ ਨੇ ਜਾਤ ਅਧਾਰਿਤ ਵਿਤਕਰੇ ਨੂੰ ਅਪਣੇ ਅੱਖੀਂ ਵੇਖਿਆ। ਬਾਬੂ ਮੰਗੂ ਰਾਮ ਮੂਗੋਵਾਲੀਆ ਨੇ ਪੰਜਾਬੀ ਦੀ ਸਿੱਖਿਆ ਅਪਣੇ ਪਿੰਡ ਵਿੱਚ ਹੀ ਇੱਕ ਡੇਰੇ ਤੋਂ ਪ੍ਰਾਪਤ ਕੀਤੀ। 23 ਸਾਲ ਦੀ ਉਮਰ ਵਿੱਚ 1909 ਵਿੱਚ ਯੂ ਐਸ ਏ ਚਲੇ ਗਏ। ਇੱਥੇ ਬਾਬੂ ਜੀ ਨੇ ਕੁੱਝ ਸਾਲ ਫਰੈਸਨੋ ਅਤੇ ਕੈਲਫੋਰਨੀਆ ਨਾਲ ਲੱਗਦੇ ਇਲਾਕਿਆਂ ਵਿੱਚ ਜਿਮੀਂਦਾਰਾਂ ਕੋਲ ਖੇਤਾਂ ਵਿੱਚ ਹੀ ਕੰਮ ਕੀਤਾ। ਇਸ ਸਮੇਂ ਸਾਨ ਫਰਾਂਸਿਸਕੋ ਵਿੱਚ ਗਦਰ ਲਹਿਰ ਸ਼ੁਰੂ ਹੋ ਗਈ ਸੀ ਅਤੇ  ਬਰਤਾਨੀਆਂ ਬਸਤੀਵਾਦ ਤੋਂ ਭਾਰਤ ਨੂੰ ਅਜ਼ਾਦ ਕਰਵਾਉਣ ਦੀ ਮੁਹਿੰਮ ਚੱਲ ਰਹੀ ਸੀ। ਬਾਬੂ ਮੰਗੂ ਰਾਮ ਇਸ ਦੌਰਾਨ ਗਦਰ ਲਹਿਰ ਦੇ ਆਗੂਆਂ ਲਾਲਾ ਹਰਦਿਆਲ ਅਤੇ ਸੋਹਣ ਸਿੰਘ ਭਕਨਾ ਦੇ ਸੰਪਰਕ ਵਿੱਚ ਆ ਗਏ ਅਤੇ 1 ਨਵੰਬਰ, 1913 ਵਿੱਚ ਸਥਾਪਿਤ ਕੀਤੀ ਗਈ ਗਦਰ ਲਹਿਰ ਲਈ ਕੰਮ ਕਰਨਾ ਸ਼ੁਰੂ ਕਰ ਦਿਤਾ। ਇਸ ਦੌਰਾਨ ਗਦਰ ਲਹਿਰ ਵਲੋਂ ਇੱਕ ਬਹੁਤ ਹੀ ਖਤਰਨਾਕ ਮਿਸ਼ਨ ਉਲੀਕਿਆ ਗਿਆ ਜਿਸ ਵਿੱਚ ਅਜ਼ਾਦੀ ਦੀ ਲੜਾਈ ਲਈ ਹਥਿਆਰਾਂ ਦਾ ਇੱਕ ਜ਼ਾਹਜ ਸੰਮੁਦਰ ਰਸਤੇ ਭਾਰਤ ਲਿਜਾਉਣਾ ਸੀ। ਇਸ ਮਿਸ਼ਨ ਜਿਸਦਾ ਦੀ ਜਿੰਮੇਵਾਰੀ ਬਾਬੂ ਜੀ ਨੂੰ ਦਿਤੀ ਗਈ। ਇਸ ਮਿਸ਼ਨ ਦੀ ਭਣਕ ਪਹਿਲਾਂ ਹੀ ਬਰਤਾਨੀਆ ਸਰਕਾਰ ਨੂੰ ਲੱਗ ਗਈ ਅਤੇ ਸਰਕਾਰ ਨੇ ਇਸਦੀ ਜਾਸੂਸੀ ਸ਼ੁਰੂ ਕਰ ਦਿਤੀ। ਇਹ ਮਿਸ਼ਨ ਜਿਸਨੂੰ ਗਦਰ ਲਹਿਰ ਦੇ ਪੰਜ ਆਗੂ  ਲੈਕੇ  ਆ ਰਹੇ ਸਨ ਜੋਕਿ 1915 ਵਿੱਚ ਚੱਲਿਆ ਅਤੇ ਕਾਮਾਗਾਟਾ ਮਾਰੂ ਕਹਿਲਾਂਦਾ ਹੈ ਬਰਤਾਨੀਆਂ ਸਰਕਾਰ ਨੇ ਸੰਮੁਦਰ ਵਿੱਚ ਤੋਪਾਂ ਨਾਲ ਉਡਾ ਦਿਤਾ। ਬਾਬੂ ਮੰਗੂ ਰਾਮ ਜੀ ਕਿਸੇ ਤਰੀਕੇ ਨਾਲ ਬਚ ਗਏ ਪਰੰਤੂ ਪਰਿਵਾਰ ਨੇ ਸੋਚਿਆ ਕਿ ਬਾਬੂ ਜੀ ਵੀ ਮਾਰੇ ਗਏ ਹਨ ਅਤੇ ਉਨ੍ਹਾ ਦੀ ਪਤਨੀ ਨੂੰ ਵਿਧਵਾ ਮੰਨਦੇ ਹੋਏ ਦੂਜੇ ਭਰਾ ਨਾਲ ਵਿਆਹ ਦਿਤਾ। ਬਾਬੂ ਮੰਗੂ ਰਾਮ ਜੀ ਇਸਤੋਂ ਬਾਦ  1925 ਵਿੱਚ ਭਾਰਤ ਵਾਪਸ ਆ ਗਏ। ਉਨ੍ਹਾਂ ਪੰਜਾਬ ਵਿੱਚ ਆਕੇ ਵੇਖਿਆ ਕਿ ਬੇਸ਼ੱਕ ਇੱਕ ਪਾਸੇ ਦੇਸ਼ ਨੂੰ ਅੰਗਰੇਜਾ ਤੋਂ ਅਜ਼ਾਦ ਕਰਵਾਉਣ ਲਈ ਲੜਾਈ ਲੜੀ ਜਾ ਰਹੀ ਹੈ ਪਰੰਤੁ ਸਦੀਆਂ ਤੋਂ ਗੁਲਾਮੀ ਸਹਿ ਰਹੇ ਅਛੂਤਾਂ ਦੇ ਵਿਕਾਸ ਅਤੇ ਅਜ਼ਾਦੀ ਲਈ ਕੋਈ ਕੁੱਝ ਨਹੀਂ ਕਰ ਰਿਹਾ ਹੈ। ਇਸ ਦੌਰਾਨ ਹੀ ਆਰਿਆ ਸਮਾਜ ਦੇ ਆਗੂਆਂ ਵਲੋਂ ਹਿੰਦੂ ਧਰਮ ਵਿੱਚ ਫੈਲੀਆਂ ਕੁੱਝ ਕੁਰੀਤੀਆਂ ਨੂੰ ਲੈਕੇ ਅੰਦੋਲਨ ਚੱਲ ਰਿਹਾ ਸੀ। 1925 ਦੇ ਅੰਤ ਵਿੱਚ ਬਾਬੂ ਜੀ ਨੇ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਵਿੱਚ ਪੜਾਉਣਾ ਸ਼ੁਰੂ ਕਰ ਦਿਤਾ। 11-12 ਜੂਨ 1926 ਨੂੰ ਇਸ ਸਕੂਲ ਵਿੱਚ ਅਛੂਤਾਂ ਦੀ ਇੱਕ ਮੀਟਿੰਗ ਬੁਲਾਈ ਗਈ ਜਿਸ ਵਿੱਚ ਆਦਿ ਧਰਮ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਅਤੇ ਇਸ ਲਹਿਰ ਦਾ ਪਹਿਲਾ ਪ੍ਰਧਾਨ ਸਰਬ ਸੰਮਤੀ ਨਾਲ ਬਾਬੂ ਜੀ ਨੂੰ ਬਣਾਇਆ ਗਿਆ। ਨਵੰਬਰ, 1926 ਵਿੱਚ ਜਲੰਧਰ ਵਿੱਚ ਆਦਿ ਧਰਮ ਸੰਗਠਨ ਦਾ ਪਹਿਲਾ ਦਫਤਰ ਖੋਲਿਆ ਗਿਆ ਅਤੇ ਬਾਬੂ ਜੀ ਜਲੰਧਰ ਰਹਿਣ ਲੱਗ ਪਏ ਜਿੱਥੇ ਉਹ 1940 ਤੱਕ ਰਹੇ ਅਤੇ ਆਦਿ ਧਰਮ ਮਿਸ਼ਨ ਅਤੇ ਅਛੂਤਾਂ ਦੀ ਭਲਾਈ ਲਈ ਕੰਮ ਕੀਤਾ। ਸਾਇਮਨ ਕਮਿਸ਼ਨ ਅੱਗੇ ਉਨ੍ਹਾਂ ਨੇ ਅਪਣਾ ਪੱਖ ਪੇਸ ਕਰਦਿਆਂ ਕਿਹਾ ਕਿ ਦਲਿਤ ਨਾਂ ਹੀ ਹਿੰਦੂ ਹਨ, ਨਾ ਮੁਸਲਿਮ, ਨਾਂ ਸਿੱਖ ਅਤੇ ਨਾ ਹੀ ਇਸਾਈ ਹਨ। ਉਨ੍ਹਾਂ ਸਬੂਤਾ ਸਮੇਤ ਦੱਸਿਆ ਕਿ ਉਹ ਆਦਿ ਧਰਮੀ ਹਨ ਜੋਕਿ ਕਿਸੇ ਵੇਲੇ ਇਸ ਦੇਸ ਦੇ ਸ਼ਾਸ਼ਕ ਰਹੇ ਹਨ। ਅੰਤ ਲੰਬੇ ਸੰਘਰਸ਼ ਅਤੇ ਬਹਿਸ ਤੋਂ ਬਾਦ ਦਲਿਤਾਂ ਨੂੰ ਆਦਿ ਧਰਮ ਦਾ ਨਾਮ ਮਿਲਿਆ ਜਿਸਦੇ ਅਧਾਰ ਤੇ ਪੰਜਾਬੀ ਦਲਿਤਾਂ ਨੂੰ ਪੜ੍ਹਣ, ਜਾਇਦਾਦ ਖਰੀਦਣ ਅਤੇ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ। ਬਾਬੂ ਮੰਗੂ ਰਾਮ ਦੇ ਸੰਘਰਸ਼ ਤੋਂ ਬਾਦ 1931ਵਿੱਚ ਹੋਈ ਭਾਰਤ ਵਿੱਚ ਜਨਗਣਨਾ ਵਿੱਚ ਪਹਿਲੀ ਵਾਰ ਆਦਿ ਧਰਮ ਨੂੰ ਜੋੜਿਆ ਗਿਆ। 1930,31,32 ਵਿੱਚ ਲੰਡਨ ਵਿੱਚ ਹੋਈਆ ਗੋਲਮੇਜ਼ ਕਾਨਫਰੰਸਾ ਵਿੱਚ ਇਹ ਸਾਬਤ ਕਰਨ ਲਈ ਕਿ ਭਾਰਤੀ ਦਲਿਤਾਂ ਦੇ ਅਸਲੀ ਆਗੂ ਡਾਕਟਰ ਅੰਬੇਡਕਰ ਹਨ ਬਾਬੂ ਮੰਗੂ ਰਾਮ ਨੇ ਪੰਜਾਬ ਅਤੇ ਹੋਰ ਸੂਬਿਆਂ ਤੋਂ ਦਲਿਤ ਆਗੂਆਂ ਤੋਂ ਪੱਤਰ ਅਤੇ ਤਾਰਾਂ ਭੇਜੀਆਂ। 1937 ਵਿੱਚ ਪੰਜਾਬ ਵਿੱਚ ਹੋਈਆ ਚੋਣਾਂ ਵਿੱਚ ਆਦਿ ਧਰਮ ਮੰਡਲ ਨੇ ਰਾਖਵੀਆਂ 8 ਸੀਟਾਂ ਵਿਚੋਂ 7 ਤੇ ਜਿੱਤ ਹਾਸਲ ਕੀਤੀ। 1946 ਵਿੱਚ ਬਾਬੂ ਮੰਗੂ ਰਾਮ ਜੀ ਵਿਧਾਇਕ ਬਣੇ ਅਤੇ 1952 ਤੱਕ ਵਿਧਾਇਕ ਰਹੇ। ਅਜਾਦ ਭਾਰਤ ਵਿੱਚ ਵੀ ਬਾਬੂ ਜੀ ਨੇ ਆਦਿ ਧਰਮ ਲਹਿਰ ਨੂੰ ਚਲਾਉਣ ਲਈ ਲਗਾਤਾਰ ਸੰਘਰਸ਼ ਕੀਤਾ। ਅੰਤ 22 ਅਪ੍ਰੈਲ 1980 ਨੂੰ ਗਦਰ ਲਹਿਰ ਅਤੇ ਆਦਿ ਧਰਮ ਅੰਦੋਲਨ ਦਾ ਇਹ ਦਲਿਤ ਆਗੂ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਬਾਬੂ ਮੰਗੂ ਰਾਮ ਮੂਗੋਵਾਲੀਆਂ ਵਲੋਂ ਦੇਸ਼ ਦੀ ਅਜ਼ਾਦੀ ਲਈ ਕੀਤੇ ਗਏ ਸੰਘਰਸ਼ ਅਤੇ ਸਦੀਆਂ ਤੋਂ ਲਿਤਾੜ੍ਹੇ ਗਏ ਵਰਗਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਕਾਰਨ ਬਾਬੂ ਜੀ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।   


ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054