ਅੰਤਰਰਾਸ਼ਟਰੀ ਮਹਿਲਾ ਦਿਵਸ 08 ਮਾਰਚ, 2015 ਲਈ ਵਿਸ਼ੇਸ਼।

ਸਾਡੇ ਦੇਸ਼ ਵਿੱਚ ਵਿਗੜਦੀ ਜਾ ਰਹੀ ਹੈ ਮਹਿਲਾਵਾਂ ਦੀ ਦਸ਼ਾ।
ਅੱਧੀ ਅਬਾਦੀ ਮਹਿਲਾਵਾਂ ਦੇ ਵਿਕਾਸ ਲਈ ਅਸਰਦਾਇਕ ਯੋਜਨਾਵਾਂ ਬਣਾਉਣੀਆਂ ਅਤੇ ਸੱਖਤੀ ਨਾਲ ਲਾਗੂ ਕਰਨੀਆਂ ਚਾਹੀਦੀਆਂ ਹਨ। 
 

04 ਮਾਰਚ, 2015 (ਕੁਲਦੀਪ ਚੰਦ) 08 ਮਾਰਚ ਦਾ ਦਿਨ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੋਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਸਾਰੀ ਦੁਨੀਆਂ ਦੀਆਂ ਮਹਿਲਾਵਾਂ ਦੇਸ਼, ਜਾਤ-ਪਾਤ, ਭਾਸ਼ਾ, ਰਾਜਨੀਤਿਕ ਅਤੇ ਸੰਸਕ੍ਰਿਤਿਕ ਭੇਦਭਾਵ ਤੋਂ ਦੂਰ ਇੱਕਜੁੱਟ ਹੋ ਕੇ ਇਸ ਦਿਨ ਨੂੰ ਮਨਾਉਂਦੀਆਂ ਹਨ। ਇਤਿਹਾਸ ਦੇ ਅਨੁਸਾਰ ਸਮਾਨਤਾ ਦੇ ਅਧਿਕਾਰਾਂ ਦੀ ਇਹ ਲੜਾਈ ਆਮ ਮਹਿਲਾਵਾਂ ਦੁਆਰਾ ਸ਼ੁਰੂ ਕੀਤੀ ਗਈ ਸੀ। ਪ੍ਰਾਚੀਨ ਗ੍ਰੀਸ ਵਿੱਚ ਲੀਸਿਸਟ੍ਰਾਟਾ ਨਾਮ ਦੀ ਇੱਕ ਮਹਿਲਾ ਨੇ ਫ੍ਰੈਂਚ ਕ੍ਰਾਂਤੀ ਦੌਰਾਨ ਯੁੱਧ ਸਮਾਪਤੀ ਦੀ ਮੰਗ ਰੱਖਦੇ ਹੋਏ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ, ਫਾਰਸੀ ਮਹਿਲਾਵਾਂ ਦੇ ਇੱਕ ਸਮੂਹ ਨੇ ਵਰਸੇਲਸ ਵਿੱਚ ਇਸ ਦਿਨ ਇੱਕ ਮੋਰਚਾ ਕੱਢਿਆ, ਇਸ ਮੋਰਚੇ ਦਾ ਉਦੇਸ਼ ਯੁੱਧ ਦੇ ਕਾਰਨ ਮਹਿਲਾਵਾਂ ਤੇ ਵੱਧਦੇ ਹੋਏ ਅੱਤਿਆਚਾਰਾਂ ਨੂੰ ਰੋਕਣਾ ਸੀ। ਸੰਨ 1909 ਵਿੱਚ ਸੋਸ਼ਲਿਸਟ ਪਾਰਟੀ ਆਫ ਅਮੇਰਿਕਾ ਦੁਆਰਾ ਪਹਿਲੀ ਵਾਰ ਪੂਰੇ ਅਮਰੀਕਾ ਵਿੱਚ 28 ਫਰਵਰੀ ਨੂੰ ਮਹਿਲਾ ਦਿਵਸ ਮਨਾਇਆ ਗਿਆ। ਸੰਨ 1910 ਵਿੱਚ ਸੋਸ਼ਲਿਸਟ ਇੰਟਰਨੈਸ਼ਨਲ ਦੁਆਰਾ ਕੋਪਨਹੈਗਨ ਵਿੱਚ ਮਹਿਲਾ ਦਿਵਸ ਦੀ ਸਥਾਪਨਾ ਹੋਈ। 1911 ਵਿੱਚ ਆਸਟਰੀਆ, ਡੈਨਮਾਰਕ, ਜਰਮਨੀ ਅਤੇ ਸਵਿੱਟਜ਼ਰਲੈਂਡ ਵਿੱਚ ਲੱਖਾਂ ਮਹਿਲਾਵਾਂ ਦੁਆਰਾ ਰੈਲੀ ਕੱਢੀ ਗਈ। ਵੋਟ ਦਾ ਅਧਿਕਾਰ, ਸਰਕਾਰੀ ਕਾਰਜਕਾਰਨੀ ਵਿੱਚ ਜਗ੍ਹਾ, ਨੌਕਰੀ ਵਿੱਚ ਭੇਦਭਾਵ ਨੂੰ ਖਤਮ ਕਰਨ ਵਰਗੇ ਕਈ ਮੁੱਦਿਆ ਦੀ ਮੰਗ ਇਸ ਰੈਲੀ ਵਿੱਚ ਕੀਤੀ ਗਈ। 1913-14 ਪਹਿਲੀ ਸੰਸਾਰ ਜੰਗ ਦੇ ਦੌਰਾਨ, ਰੂਸੀ ਮਹਿਲਾਵਾਂ ਦੁਆਰਾ ਪਹਿਲੀ ਵਾਰ ਸ਼ਾਂਤੀ ਦੀ ਸਥਾਪਨਾ ਦੇ ਲਈ ਫਰਵਰੀ ਮਹੀਨੇ ਦੇ ਆਖਰੀ ਐਤਵਾਰ ਨੂੰ ਮਹਿਲਾ ਦਿਵਸ ਮਨਾਇਆ ਗਿਆ। ਯੂਰਪ ਭਰ ਵਿੱਚ ਵੀ ਜੰਗ ਦੇ ਖਿਲਾਫ ਪ੍ਰਦਰਸ਼ਨ ਹੋਏ। 1917 ਤੱਕ ਸੰਸਾਰ ਜੰਗ ਵਿੱਚ ਰੂਸ ਦੇ 2 ਲੱਖ ਤੋਂ ਵੱਧ ਫੌਜ਼ੀ ਮਾਰੇ ਗਏ, ਰੂਸੀ ਮਹਿਲਾਵਾਂ ਨੇ ਫਿਰ ਰੋਟੀ ਅਤੇ ਸ਼ਾਂਤੀ ਦੇ ਲਈ ਇਸ ਦਿਨ ਹੜਤਾਲ ਕੀਤੀ। ਹਾਲਾਂਕਿ ਰਾਜਨੇਤਾ ਇਸਦੇ ਖਿਲਾਫ ਸੀ, ਫਿਰ ਵੀ ਮਹਿਲਾਵਾਂ ਨੇ ਇੱਕ ਨਹੀਂ ਸੁਣੀ ਅਤੇ ਆਪਣਾ ਅੰਦੋਲਨ ਜਾਰੀ ਰੱਖਿਆ ਅਤੇ ਆਖਿਰ ਰੂਸ ਦੇ ਜਾਰ ਨੂੰ ਆਪਣੀ ਗੱਦੀ ਛੱਡਣੀ ਪਈ ਅਤੇ ਸਰਕਾਰ ਨੂੰ ਮਹਿਲਾਵਾਂ ਨੂੰ ਵੋਟ ਦੇਣ ਦੇ ਅਧਿਕਾਰ ਦੀ ਘੋਸ਼ਣਾ ਕਰਨੀ ਪਈ। ਮਹਿਲਾ ਦਿਵਸ ਹੁਣ ਲੱਗਭਗ ਸਾਰੇ ਵਿਕਸਿਤ, ਵਿਕਾਸਸ਼ੀਲ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਮਹਿਲਾਵਾਂ ਨੂੰ ਉਹਨਾਂ ਦੀ ਊਰਜਾ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਤਰੱਕੀ ਦਿਲਵਾਣ ਅਤੇ ਉਹਨਾਂ ਮਹਿਲਾਵਾਂ ਨੂੰ ਯਾਦ ਕਰਨ ਦਾ ਦਿਨ ਹੈ ਜਿਹਨਾਂ ਨੇ ਮਹਿਲਾਵਾਂ ਨੂੰ ਉਹਨਾਂ ਦੇ ਅਧਿਕਾਰ ਦਿਲਵਾਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ। ਸੰਯੁਕਤ ਰਾਸ਼ਟਰ ਸੰਘ ਨੇ ਮਹਿਲਾਵਾਂ ਦੇ ਸਮਾਨਅਧਿਕਾਰ ਨੂੰ ਵੜਾਵਾ ਅਤੇ ਸੁਰੱਖਿਆ ਦੇਣ ਦੇ ਲਈ ਦੁਨੀਆਂ ਭਰ ਵਿੱਚ ਕੁਝ ਨੀਤੀਆਂ, ਪ੍ਰੋਗਰਾਮ ਅਤੇ ਮਾਪਦੰਡ ਨਿਰਧਾਰਤ ਕੀਤੇ ਹਨ। ਸੰਯੁਕਤ ਰਾਸ਼ਟਰ ਸੰਘ ਦੇ ਅਨੁਸਾਰ ਕਿਸੀ ਸਮਾਜ ਵਿੱਚ ਉਪਜੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸਮੱਸਿਆਵਾਂ ਦਾ ਹੱਲ ਮਹਿਲਾਵਾਂ ਦੀ ਸਾਂਝੇਦਾਰੀ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ ਹੈ। ਇਸ ਦਿਨ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਸਮਾਗਮ ਕਰਵਾਏ ਜਾਂਦੇ ਹਨ ਅਤੇ ਇਨ੍ਹਾਂ ਸਮਾਗਮਾਂ ਵਿੱਚ ਮਹਿਲਾਵਾਂ ਦੀ ਹਾਲਤ ਤੇ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ। ਵਿਸ਼ਵ ਦੇ ਕਈ ਦੇਸ਼ਾਂ ਵਿੱਚ ਵਿਸ਼ੇਸ ਤੋਰ ਤੇ ਵਿਕਸਿਤ ਹੋ ਰਹੇ ਦੇਸ਼ਾਂ ਵਿੱਚ ਮਹਿਲਾਵਾਂ ਤੇ ਅਤਿਆਚਾਰ ਵਧਦੇ ਜਾ ਰਹੇ ਹਨ। ਆਏ ਦਿਨ ਇਨ੍ਹਾਂ ਅਤਿਆਚਾਰਾਂ ਦਾ ਰੂਪ ਬਦਲਦਾ ਜਾ ਰਿਹਾ ਹੈ। ਭਾਰਤ ਦੇਸ਼ ਜਿਸਦੀ ਕਮਾਂਡ ਲੰਬਾ ਸਮਾਂ ਇੱਕ ਮਹਿਲਾ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ ਦੇ ਹੱਥ ਵਿੱਚ ਰਹੀ ਨੇ ਮਹਿਲਾਵਾਂ ਦੀ ਹਾਲਤ ਅਤੇ ਉਨ੍ਹਾਂ ਤੇ ਵਾਪਰਦੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਕਈ ਤਰਾਂ ਦੀਆਂ ਯੋਜਨਾਵਾਂ ਉਲੀਕੀਆਂ ਅਤੇ ਸੱਖਤ ਕਨੂੰਨ ਬਣਾਏ ਹਨ। ਸਾਡੇ ਦੇਸ਼ ਦੇ ਕਈ ਰਾਜਾਂ ਵਿੱਚ ਮਹਿਲਾ ਮੁੱਖ ਮੰਤਰੀ ਸੂਬਿਆਂ ਦੀ ਕਮਾਂਡ ਸੰਭਾਲ ਰਹੀਆਂ ਹਨ ਜਿਸਨੂੰ ਵੇਖਕੇ ਲੱਗਦਾ ਹੈ ਕਿ ਸਾਡੇ ਦੇਸ ਵਿੱਚ ਮਹਿਲਾਵਾਂ ਪੂਰੀ ਤਰਾਂ ਵਿਕਸਿਤ ਅਤੇ ਸੁਰਖਿਅੱਤ ਹਨ ਅਤੇ ਮਹਿਲਾਵਾਂ ਨਾਲ ਹੋਣ ਵਾਲੀਆਂ ਹਿੰਸਕ ਘਟਨਾਵਾਂ ਇਤਿਹਾਸ ਬਣ ਗਈਆਂ ਹਨ ਪਰ ਇਹ ਸਭ ਕੁੱਝ ਸੱਚ ਨਹੀਂ ਹੈ ਅਤੇ ਹਕੀਕਤ ਕੁੱਝ ਹੋਰ ਹੈ। ਸਾਡੇ ਦੇਸ਼ ਵਿੱਚ ਸਾਲ 2008 ਵਿੱਚ ਮਹਿਲਾਵਾਂ ਖਿਲਾਫ ਹਿੰਸਾ ਦੀਆਂ 195856 ਰਿਪੋਰਟਾਂ ਦਰਜ ਹੋਈਆ ਜੋਕਿ 5 ਸਾਲਾਂ ਬਾਦ ਵਧਕੇ ਸਾਲ 2013 ਵਿੱਚ 309546 ਤੱਕ ਪਹੁੰਚ ਗਈਆ। ਰਾਸ਼ਟਰੀ ਕ੍ਰਾਈਮ ਰਿਕਾਰਡ ਬਿਊਰੋ ਅਨੁਸਾਰ ਹਰੇਕ ਤਿੰਨ ਮਿੰਟ ਵਿੱਚ ਮਹਿਲਾਵਾਂ ਖਿਲਾਫ ਹਿੰਸਾ ਦੀ ਇੱਕ ਵਾਰਦਾਤ ਹੋਈ ਹੈ। ਮਹਿਲਾਵਾਂ ਨਾਲ ਬਲਾਤਕਾਰ ਹੋਣਾ ਮਹਿਲਾਵਾਂ ਨਾਲ ਹਿੰਸਾ ਦਾ ਇੱਕ ਆਮ ਰੂਪ ਹੈ। ਸਾਡੇ ਦੇਸ਼ ਵਿੱਚ ਹਰ 29 ਮਿੰਟ ਵਿੱਚ ਇੱਕ ਬਲਾਤਕਾਰ ਦੀ ਘਟਨਾ ਦੀ ਰਿਪੋਰਟ ਦਰਜ ਹੁੰਦੀ ਹੈ। ਅੱਜ ਸਾਡੇ ਦੇਸ਼ ਦੀਆਂ ਮਹਿਲਾਵਾਂ ਸਿੱਖਿਅਤ ਹਨ ਜਿਸ ਕਰਕੇ ਉਹ ਹੁਣ ਬਲਾਤਕਾਰ ਹੋਣ ਤੇ ਚੁੱਪ ਨਹੀਂ ਰਹਿੰਦੀਆਂ ਬਲਕਿ ਬਲਾਤਕਾਰ ਦੀਆਂ ਰਿਪੋਰਟਾਂ ਦਰਜ ਕਰਵਾਉਂਦੀਆਂ ਹਨ। ਸਾਲ 2008 ਵਿੱਚ ਮਹਿਲਾਵਾਂ ਨਾਲ ਬਲਾਤਕਾਰ ਦੀਆਂ 21467 ਰਿਪੋਰਟਾਂ ਦਰਜ ਹੋਈਆ ਜੋਕਿ ਸਾਲ 2013 ਵਿੱਚ 33707 ਤੱਕ ਪੁੱਜ ਗਈਆ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਮਹਿਲਾਵਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਦੇ ਮਾਮਲੇ ਵਿੱਚ ਸਾਰੇ ਦੇਸ਼ ਤੋਂ ਅੱਗੇ ਹੈ ਜੋਕਿ ਸਾਡੇ ਲਈ ਵੱਡਾ ਕਲੰਕ। ਅੱਜ ਦੇਸ਼ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਹਨ ਅਤੇ ਉਨ੍ਹਾਂ ਨੂੰ ਘਰੋਂ ਅਤੇ ਬਾਹਰੋਂ ਹਰ ਪਾਸੇ ਖਤਰਾ ਹੀ ਖਤਰਾ ਹੈ ਅਤੇ ਕਈ ਵਾਰ ਤਾਂ ਉਹ ਕਨੂੰਨ ਦੇ ਰਾਖਿਆਂ ਪੁਲਿਸ ਤੋਂ ਵੀ ਸੁਰੱਖਿਅਤ ਨਹੀਂ ਹੈ। ਬੇਸ਼ੱਕ ਸਰਕਾਰ ਵਲੋਂ ਮਹਿਲਾਵਾਂ ਦੀ ਸੁਰੱਖਿਆ ਲਈ ਵਿਸ਼ੇਸ ਪ੍ਰਬੰਧ ਕਰਨ ਦੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ ਪਰ ਇਸ ਸਭਦੇ ਬਾਬਜੂਦ ਵੱਧ ਰਹੇ ਅਤਿਆਚਾਰ ਅਤੇ Îਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾਂਦੀਆਂ ਮਹਿਲਾਵਾਂ ਨੂੰ ਵੇਖਕੇ ਸਰਕਾਰ ਦੇ ਦਾਅਵਿਆਂ ਦੀ ਹਕੀਕਤ ਸਾਹਮਣੇ ਆ ਜਾਂਦੀ ਹੈ। ਪਿਛਲੇ ਸਮੇਂ ਦੌਰਾਨ ਦੇਸ ਦੇ ਵੱਖ ਵੱਖ ਭਾਗਾਂ ਅਤੇ ਸੂਬਿਆਂ ਤੋਂ ਮਹਿਲਾਵਾਂ ਨਾਲ ਵਾਪਰੀਆਂ ਘਟਨਾਵਾਂ ਨੇ ਦੇਸ ਦੇ ਹਰ ਬੁੱਧੀਜੀਵੀ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਸਾਡਾ ਦੇਸ਼ ਕਿਸ ਪਾਸੇ ਜਾ ਰਿਹਾ ਹੈ। ਮਹਿਲਾਵਾਂ ਭਾਵੇਂ ਘਰ ਵਿੱਚ ਹੋਣ ਜਾਂ ਘਰ ਤੋਂ ਬਾਹਰ ਕਿਤੇ ਵੀ ਮਹਿਲਾਵਾਂ ਸੁਰੱਖਿਅਤ ਨਹੀਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੀ ਮਹਿਲਾਵਾਂ ਸੁਰੱਖਿਅਤ ਨਹੀਂ ਹਨ ਤਾਂ ਬਾਕੀ ਦੇਸ਼ ਦਾ ਕੀ ਹਾਲ ਹੋਵੇਗਾ ਇਹ ਸੋਚ ਕੇ ਹੀ ਦਿਲ ਕੰਬ ਜਾਂਦਾ ਹੈ। ਸਾਲ 2012 ਵਿੱਚ ਦਿੱਲੀ ਵਿੱਚ ਚੱਲਦੀ ਬੱਸ ਵਿੱਚ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਨੇ ਸਾਰੇ ਦੇਸ਼ ਵਾਸੀਆ ਦੇ ਲੂੰ ਕੰਡੇ ਖੜੇ ਕਰ ਦਿੱਤੇ ਸਨ ਅਤੇ ਇਸ ਘਟਨਾ ਤੋਂ ਬਾਦ ਸਰਕਾਰ ਨੇ ਮਹਿਲਾਵਾਂ ਦੀ ਸੁਰਖਿੱਆ ਲਈ ਹੋਰ ਕਰੜੇ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ ਪਰ ਇਸ ਘਟਨਾ ਤੋਂ ਬਾਦ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਉਤੱਰ ਪ੍ਰਦੇਸ ਵਿੱਚ ਦਲਿੱਤ ਲੜਕੀਆਂ ਜੋਕਿ ਘਰ ਵਿੱਚ ਪਖਾਨਾ ਨਾ ਹੋਣ ਕਾਰਨ ਰੋਜ਼ਾਨਾ ਦੀ ਤਰਾਂ ਘਰੋਂ ਬਾਹਰ ਗਈਆਂ ਸਨ ਬਦਮਾਸ਼ਾਂ ਵਲੋਂ ਬਲਾਤਕਾਰ ਕਰਨ ਅਤੇ ਫਿਰ ਮਾਰਨ ਦੀ ਘਟਨਾ ਨੇ ਸਮੂਹ ਦੇਸ਼ ਵਾਸੀਆਂ ਨੂੰ ਸ਼ਰਮਸ਼ਾਰ ਕੀਤਾ ਹੈ। ਇਸ ਤਰਾਂ ਦੀਆਂ ਘਟਨਾਵਾਂ ਬੇਸ਼ੱਕ ਕਦੇ ਕਦੇ ਮੀਡੀਆ ਦੀਆਂ ਸੁਰੱਖੀਆਂ ਵੀ ਬਣਦੀਆਂ ਹਨ ਤੇ ਮੀਡੀਆ ਵਿੱਚ ਆਣ ਤੋਂ ਬਾਦ ਅਧਿਕਾਰੀ ਅਤੇ ਸਰਕਾਰ ਵੀ ਹਰਕਤ ਵਿੱਚ ਆਂਦੀ ਹੈ ਪਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਵਲੋਂ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਅਜਿਹੀਆਂ ਘਟਨਾਵਾਂ ਵੇਲੇ ਅਕਸਰ ਸਰਕਾਰੀ ਅਧਿਕਾਰੀ ਅਤੇ ਰਾਜਨੇਤਾ ਚੁੱਪੀ ਧਾਰ ਰੱਖਦੇ ਹਨ। ਅਮ੍ਰਿਤਸਰ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਬੇਟੀ ਨਾਲ ਸੱਤਾਧਾਰੀ ਪਾਰਟੀ ਦੇ ਕੁੱਝ ਆਗੂਆਂ ਵਲੋਂ ਛੇੜਖਾਨੀ ਕੀਤੀ ਜਾ ਰਹੀ ਸੀ ਜਿਸਦਾ ਵਿਰੋਧ ਕਰਨ ਤੇ ਪੁਲਿਸ ਅਧਿਕਾਰੀ ਦੀ ਹੱਤਿਆ ਕਰ ਦਿੱਤੀ ਗਈ। ਇੱਕ ਹੋਰ ਘਟਨਾ ਵਿੱਚ ਇੱਕ ਦਲਿਤ ਮਹਿਲਾ ਜੋਕਿ ਅਪਣੇ ਨਾਲ ਛੇੜਖਾਨੀ ਦੀ ਘਟਨਾ ਬਾਰੇ ਪੁਲਿਸ ਨੂੰ ਦੱਸ ਰਹੀ ਸੀ ਨੂੰ ਪੁਲਿਸ ਨੇ ਹੀ ਮਾਰਿਆ ਕੁੱਟਿਆ। ਆਏ ਦਿਨ ਇਨ੍ਹਾਂ ਅਤਿਆਚਾਰਾਂ ਦਾ ਰੂਪ ਬਦਲਦਾ ਜਾ ਰਿਹਾ ਹੈ। ਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਾਦ ਅਕਸਰ ਹੀ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਆਗੂ ਬਿਆਨਬਾਜੀ ਕਰਦੇ ਹਨ ਅਤੇ ਇੱਕ ਦੂਜੇ ਨੂੰ ਭੰਡਦੇ ਹਨ ਪਰ ਕੁੱਝ ਦਿਨਾਂ ਬਾਦ ਸਭ ਭੁੱਲ ਜਾਂਦੇ ਹਨ ਅਤੇ ਫਿਰ ਅਜਿਹੀ ਘਟਨਾ ਵਾਪਰ ਜਾਂਦੀ ਹੈ। ਅਜਿਹੀਆਂ ਘਟਨਾਵਾਂ ਮੀਡੀਆ ਵਿੱਚ ਆਣ ਤੋਂ ਬਾਦ ਸਰਕਾਰ ਵਲੋਂ ਵੀ ਕਾਰਵਾਈ ਕਰਨ ਦਾ ਭਰੋਸਾ ਦਿਤਾ ਜਾਂਦਾ ਹੈ ਪਰ ਵਾਰ ਵਾਰ ਵਾਪਰਦੀਆਂ ਅਜਿਹੀਆਂ ਘਟਨਾਵਾਂ ਸਰਕਾਰ ਦੇ ਦਾਅਵਿਆਂ ਤੇ ਵਾਅਦਿਆਂ ਦੀ ਪੋਲ ਖੋਲਦੀਆਂ ਹਨ। ਸਾਡੇ ਦੇਸ਼ ਵਿੱਚ ਕੁੜੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਗਰਭ ਵਿੱਚ ਮਾਰਿਆ ਜਾ ਰਿਹਾ ਹੈ। ਅਲਟ੍ਰਾਸਾਊਂਡ ਸੈਂਟਰਾਂ ਤੋਂ ਬੱਚੇ ਦੇ ਲਿੰਗ ਦਾ ਪਤਾ ਕਰਕੇ ਕੁੜੀਆਂ ਦੀ ਗਰਭ ਵਿੱਚ ਹੀ ਹੱਤਿਆ ਕੀਤੀ ਜਾ ਰਹੀ ਹੈ ਅਤੇ ਸਾਡੇ ਦੇਸ਼ ਵਿੱਚ ਅਲਟ੍ਰਾਸਾਊਂਡ ਵਾਲੇ ਇਸਦੇ ਬਦਲੇ ਹਰ ਸਾਲ ਲੱਗਭੱਗ 1000 ਕਰੋੜ ਰੁਪਏ ਦੀ ਕਮਾਈ ਕਰ ਰਹੇ ਹਨ। ਇੱਕ ਅਨੁਮਾਨ ਅਨੁਸਾਰ ਸਾਲ 1980 ਤੋਂ ਸਾਲ 2010 ਦਰਮਿਆਨ 4.2 ਤੋਂ 12.1 ਮਿਲੀਅਨ ਕੰਨਿਆਵਾਂ ਦੀਆਂ ਗਰਭ ਵਿੱਚ ਹੀ ਹੱਤਿਆਵਾਂ ਕੀਤੀਆਂ ਗਈਆਂ ਹਨ। ਰਾਸ਼ਟਰੀ ਮਹਿਲਾ ਅਯੋਗ ਦੀਆਂ ਰਿਪੋਰਟਾਂ ਅਨੁਸਾਰ ਮਹਿਲਾਵਾਂ ਤੇ ਕਈ ਤਰਾਂ ਨਾਲ ਅਤਿਆਚਾਰ ਹੋ ਰਿਹਾ ਹੈ। ਰਾਸ਼ਟਰੀ ਮਹਿਲਾ ਆਯੋਗ ਕੋਲ ਦਾਜ ਲਈ ਤੰਗ ਕਰਨਾ, ਘਰੇਲੂ ਹਿੰਸਾ, ਯੌਨ ਸ਼ੋਸ਼ਣ, ਬਲਾਤਕਾਰ, ਤਲਾਕ, ਪੁਲਿਸ ਦੁਆਰਾ ਅਤਿਆਚਾਰ, ਅਗਵਾ, ਦਾਜ ਸਬੰਧੀ ਮੌਤ, ਤੇਜ਼ਾਬ ਨਾਲ ਹਮਲਾ, ਐਨ ਆਰ ਆਈ ਮੈਰਿਜ ਸਬੰਧੀ ਸ਼ਕਾਇਤਾਂ ਦਰਜ ਹੋਈਆਂ ਹਨ। ਰਾਸ਼ਟਰੀ ਮਹਿਲਾ ਅਯੋਗ ਦੀਆਂ ਰਿਪੋਰਟਾਂ ਅਨੁਸਾਰ ਮਹਿਲਾਵਾਂ ਤੇ ਕਈ ਤਰਾਂ ਨਾਲ ਅਤਿਆਚਾਰ ਹੋ ਰਿਹਾ ਹੈ। ਰਾਸ਼ਟਰੀ ਮਹਿਲਾ ਆਯੋਗ ਕੋਲ ਦਾਜ ਲਈ ਤੰਗ ਕਰਨਾ, ਘਰੇਲੂ ਹਿੰਸਾ, ਯੌਨ ਸ਼ੋਸ਼ਣ, ਬਲਾਤਕਾਰ, ਤਲਾਕ, ਪੁਲਿਸ ਦੁਆਰਾ ਅਤਿਆਚਾਰ, ਅਗਵਾ, ਦਾਜ ਸਬੰਧੀ ਮੌਤ, ਤੇਜ਼ਾਬ ਨਾਲ ਹਮਲਾ, ਐਨ ਆਰ ਆਈ ਮੈਰਿਜ ਸਬੰਧੀ ਸ਼ਕਾਇਤਾਂ ਦਰਜ ਹੋਈਆਂ ਹਨ। ਸਾਡੇ ਦੇਸ਼ ਵਿੱਚ ਸੰਵਿਧਾਨਿਕ ਤੌਰ ਤੇ ਇੱਕ ਮਹਿਲਾ ਨੂੰ ਸਿੱਖਿਆ ਦਾ, ਵੋਟ ਦੇਣ ਦਾ ਅਧਿਕਾਰ ਅਤੇ ਮੌਲਿਕ ਅਧਿਕਾਰ ਪ੍ਰਾਪਤ ਹਨ। ਭਾਰਤ ਵਿੱਚ ਅੱਜ ਮਹਿਲਾਵਾਂ ਫੌਜ਼, ਹਵਾਈ ਫੌਜ਼, ਪੁਲਿਸ, ਆਈ ਟੀ, ਇੰਜੀਨੀਰਿੰਗ, ਮੈਡੀਕਲ ਵਰਗੇ ਖੇਤਰਾਂ ਵਿੱਚ ਪੁਰਸ਼ਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਹਨ। ਮਾਤਾ-ਪਿਤਾ ਹੁਣ ਲੜਕੇ-ਲੜਕੀਆਂ ਵਿੱਚ ਕੋਈ ਫਰਕ ਨਹੀਂ ਸਮਝਦੇ ਹਨ। ਪਰ ਇਹ ਸੋਚ ਸਮਾਜ ਦੇ ਕੁਝ ਵਰਗ ਤੱਕ ਹੀ ਸੀਮਿਤ ਹੈ। ਜੇਕਰ ਅਸੀਂ ਅਸਲੀਅਤ ਵਿੱਚ ਦੇਸ ਦਾ ਵਿਕਾਸ ਕਰਨਾਂ ਚਾਹੁੰਦੇ ਹਾਂ ਤਾਂ ਅੱਧੀ ਅਬਾਦੀ ਮਹਿਲਾਵਾਂ ਦੇ ਵਿਕਾਸ ਲਈ ਅਸਰਦਾਇਕ ਯੋਜਨਾਵਾਂ ਬਣਾਉਣੀਆਂ ਅਤੇ ਸੱਖਤੀ ਨਾਲ ਲਾਗੂ ਕਰਨੀਆਂ ਚਾਹੀਦੀਆਂ ਹਨ। ਇਸ ਲਈ ਸਭ ਤੋਂ ਜ਼ਿਆਦਾ ਮਹਿਲਾਵਾਂ ਦੀ ਜਾਗਰੂਕਤਾ ਜਰੂਰੀ ਹੈ। ਦੇਸ ਦੇ ਨੀਤੀ ਨਿਰਮਾਤਾਵਾਂ ਨੂੰ ਮਹਿਲਾਵਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਤਾਂ ਜੋ ਸਮਾਜ ਅਤੇ ਦੇਸ ਵਿੱਚ ਮਹਿਲਾਵਾਂ ਲਈ ਖੁਸ਼ਗਵਾਰ ਮਾਹੌਲ ਬਣਾਇਆ ਜਾ ਸਕੇ ਨਹੀਂ ਤਾਂ ਅੱਜ ਦੇ ਦਿਨ ਦੀ ਵੀ ਕੋਈ ਖਾਸ ਮਹੱਤਤਾ ਨਹੀਂ ਰਹੇਗੀ ਅਤੇ ਇਸ ਦਿਨ ਕਰਵਾਏ ਜਾਣ ਵਾਲੇ ਸਮਾਗਮ ਇੱਕ ਖਾਨਾਪੂਰਤੀ ਹੀ ਬਣਕੇ ਰਹਿ ਜਾਣਗੇ। ਸਹੀ ਅਰਥਾਂ ਵਿੱਚ ਮਹਿਲਾ ਦਿਵਸ ਤਾਂ ਹੀ ਸਾਰਥਕ ਹੋਵੇਗਾ ਜਦੋਂ ਮਹਿਲਾਵਾਂ ਨੂੰ ਮਾਨਸਿਕ ਅਤੇ ਸਰੀਰਕ ਰੂਪ ਨਾਲ ਸੰਪੂਰਨ ਆਜ਼ਾਦੀ ਮਿਲੇਗੀ, ਸਮਾਜ ਦੇ ਹਰੇਕ ਮਹੱਤਵਪੂਰਨ ਫੈਸਲਿਆਂ ਵਿੱਚ ਉਨ੍ਹਾਂ ਦੇ ਨਜ਼ਰੀਏ ਨੂੰ ਮਹੱਤਵਪੂਰਨ ਸਮਝਿਆ ਜਾਵੇਗਾ। ਜਿੱਥੇ ਉਹ ਸਿਰ ਚੁੱਕ ਕੇ ਆਪਣੇ ਮਹਿਲਾ ਹੋਣ ਤੇ ਮਾਣ ਕਰੇ, ਨਾ ਕਿ ਪਛਤਾਵਾ ਕਰੇ ਕਿ ਕਾਸ਼ ਮੈਂ ਮਹਿਲਾ ਨਾਂ ਹੁੰਦੀ। 

 

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ 
ਪੰਜਾਬ
9417563054

ਇਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਨ ਲਈ ਪਤਾ  E-mail  : editor@upkaar.com  mobile 00971506330466