22 ਅਪ੍ਰੈਲ, 2015 ਲਈ ਵਿਸ਼ੇਸ਼।
ਦਲਿਤ ਗਦਰੀ ਅਤੇ ਆਦਿ ਧਰਮ ਮੰਡਲ ਦੇ ਸੰਸਥਾਪਕ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਯਾਦ ਵਿੱਚ।
ਦੇਸ਼ ਦੀ ਅਜ਼ਾਦੀ ਲਈ ਕੀਤੇ ਗਏ ਸੰਘਰਸ਼ ਅਤੇ ਸਦੀਆਂ ਤੋਂ ਲਿਤਾੜ੍ਹੇ ਵਰਗਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਕਾਰਨ ਬਾਬੂ ਮੰਗੂ ਰਾਮ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। 


ਸਾਡੇ ਦੇਸ਼ ਵਿੱਚ ਵਰਣ ਵਿਵਸਥਾ ਕਾਰਨ ਅਤੇ ਜਾਤਿ ਪ੍ਰਥਾ ਪ੍ਰਭਾਵੀ ਹੋਣ ਕਾਰਨ ਸਮਾਜ ਦੇ ਸਭਤੋਂ ਹੇਠਲੇ ਵਰਗ ਦੇ ਲੋਕਾਂ ਦੀ ਜਿੰਦਗੀ ਸਦੀਆਂ ਤੱਕ ਤਰਸਯੋਗ ਹੀ ਰਹੀ ਹੈ। ਦੇਸ਼ ਵਿੱਚ ਫੈਲੀ ਛੂਆ-ਛਾਤ ਕਾਰਨ ਇਸ ਵਰਗ ਨਾਲ ਸਬੰਧਿਤ ਲੋਕਾਂ ਨਾਲ ਕਈ ਵਾਰ ਜਾਨਵਰਾਂ ਤੋਂ ਵੀ ਮਾੜਾ ਵਤੀਰਾ ਕੀਤਾ ਜਾਂਦਾ ਸੀ।  ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਮੇਂ ਸਮੇਂ ਤੇ ਸਮਾਜ ਦੇ ਲਿਤਾੜ੍ਹੇ ਵਰਗਾਂ ਦੀ ਭਲਾਈ ਲਈ ਇਸ ਧਰਤੀ ਤੇ ਮਹਾਂਪੁਰਖਾਂ ਨੇ ਜਨਮ ਲਿਆ ਅਤੇ ਮਨੁਖਤਾ ਦੇ ਭਲੇ ਲਈ ਕੰਮ ਕੀਤਾ। ਇਨ੍ਹਾਂ ਮਹਾਂਪੁਰਖਾਂ ਵਿੱਚ ਇੱਕ ਨਾਮ ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਹੈ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਜਨਮ ਲੈਕੇ ਸੰਘਰਸ਼ ਕੀਤਾ ਅਤੇ ਲਿਤਾੜ੍ਹੇ ਵਰਗਾਂ ਦੇ ਵਿਕਾਸ ਲਈ ਕੰਮ ਕੀਤਾ। ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਜਨਮ 14 ਜਨਵਰੀ, 1886 ਨੂੰ ਪਿੰਡ ਮੂਗੋਵਾਲ ਤਹਿਸੀਲ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਅਛੂਤ ਪਰਿਵਾਰ ਵਿੱਚ ਹੋਇਆ। ਬਾਬੂ ਜੀ ਦੇ ਮਾਤਾ ਦਾ ਨਾਮ ਅਤਰੀ ਅਤੇ ਪਿਤਾ ਜੀ ਦਾ ਨਾਮ ਹਰਨਾਮ ਦਾਸ ਸੀ ਅਤੇ ਉਨ੍ਹਾਂ ਦਾ ਪਰਿਵਾਰ ਚਮੜੇ ਦੇ ਧੰਦੇ ਨਾਲ ਜੁੜ੍ਹਿਆ ਹੋਇਆ ਸੀ। ਸਮਾਜ ਦੀ ਅਖੌਤੀ ਵਿਵਸਥਾ ਕਾਰਨ ਉਸ ਵੇਲੇ ਬਾਬੂ ਮੰਗੂ ਰਾਮ ਦੇ ਪਰਿਵਾਰ ਨੂੰ ਬਾਕੀ ਲੋਕਾਂ ਵਾਂਗ ਹੀ ਉਚੱ ਵਰਗ ਦੇ ਕਹਿਲਾਉਣ ਵਾਲੇ ਲੋਕਾਂ ਦੀ ਘ੍ਰਿਣਾ ਦਾ ਸ਼ਿਕਾਰ ਹੋਣਾ ਪੈਂਦਾ ਸੀ। ਬਾਬੂ ਜੀ ਦੀ ਉਮਰ ਲੱਗਭੱਗ ਤਿੰਨ ਸਾਲ ਦੀ ਹੀ ਸੀ ਜਦੋਂ ਉਨ੍ਹਾਂ ਦੀ ਮਾਤਾ ਦੀ ਮੋਤ ਹੋ ਗਈ। ਬਾਬੂ ਜੀ ਨੇ ਜਾਤ ਅਧਾਰਿਤ ਵਿਤਕਰੇ ਨੂੰ ਅਪਣੇ ਅੱਖੀਂ ਵੇਖਿਆ ਅਤੇ ਪਿੰਡੇ ਤੇ ਹੰਢਾਇਆ। ਬਾਬੂ ਮੰਗੂ ਰਾਮ ਮੂਗੋਵਾਲੀਆ ਨੇ ਪੰਜਾਬੀ ਦੀ ਸਿੱਖਿਆ ਅਪਣੇ ਪਿੰਡ ਵਿੱਚ ਹੀ ਇੱਕ ਡੇਰੇ ਦੇ ਸਾਧੂ ਤੋਂ ਪ੍ਰਾਪਤ ਕੀਤੀ ਅਤੇ ਬਾਦ ਵਿੱਚ ਅੰਗਰੇਜੀ ਵਿੱਚ ਗਿਆਨ ਹਾਸਲ ਕੀਤਾ ਅਤੇ ਆਪਣੇ ਪਿਤਾ ਨਾਲ ਵਪਾਰ ਵਿੱਚ ਹੱਥ ਵਟਾਣ ਲਈ ਅੰਗਰੇਜ਼ੀ ਵੀ ਸਿੱਖੀ। 23 ਸਾਲ ਦੀ ਉਮਰ ਵਿੱਚ ਬਾਬੂ ਜੀ 1909 ਵਿੱਚ ਯੂ ਐਸ ਏ ਚਲੇ ਗਏ। ਇੱਥੇ ਬਾਬੂ ਜੀ ਨੇ ਕੁੱਝ ਸਾਲ ਫਰੈਸਨੋ ਅਤੇ ਕੈਲਫੋਰਨੀਆ ਨਾਲ ਲੱਗਦੇ ਇਲਾਕਿਆਂ ਵਿੱਚ ਪਿੰਡ ਦੇ ਹੀ ਜਿਮੀਂਦਾਰਾਂ ਕੋਲ ਖੇਤਾਂ ਵਿੱਚ ਹੀ ਕੰਮ ਕੀਤਾ ਪਰ ਇੱਥੇ ਵੀ ਬਾਬੂ ਜੀ ਨੂੰ ਜਾਤ ਅਧਾਰਤ ਵਿਤਕਰੇ ਦਾ ਹੀ ਸਾਹਮਣਾ ਕਰਨਾ ਪਿਆ। ਇਸ ਸਮੇਂ ਸਾਨ ਫਰਾਂਸਿਸਕੋ ਵਿੱਚ ਗਦਰ ਲਹਿਰ ਸ਼ੁਰੂ ਹੋ ਗਈ ਸੀ ਅਤੇ  ਬਰਤਾਨੀਆਂ ਬਸਤੀਵਾਦ ਤੋਂ ਭਾਰਤ ਨੂੰ ਅਜ਼ਾਦ ਕਰਵਾਉਣ ਦੀ ਮੁਹਿੰਮ ਚੱਲ ਰਹੀ ਸੀ। ਬਾਬੂ ਮੰਗੂ ਰਾਮ ਇਸ ਦੌਰਾਨ ਗਦਰ ਲਹਿਰ ਦੇ ਆਗੂਆਂ ਲਾਲਾ ਹਰਦਿਆਲ ਅਤੇ ਸੋਹਣ ਸਿੰਘ ਭਕਨਾ ਦੇ ਸੰਪਰਕ ਵਿੱਚ ਆ ਗਏ ਅਤੇ 1 ਨਵੰਬਰ, 1913 ਵਿੱਚ ਸਥਾਪਿਤ ਕੀਤੀ ਗਈ ਗਦਰ ਲਹਿਰ ਲਈ ਕੰਮ ਕਰਨਾ ਸ਼ੁਰੂ ਕਰ ਦਿਤਾ। ਇਸ ਦੌਰਾਨ ਗਦਰ ਲਹਿਰ ਵਲੋਂ ਇੱਕ ਬਹੁਤ ਹੀ ਖਤਰਨਾਕ ਮਿਸ਼ਨ ਉਲੀਕਿਆ ਗਿਆ ਜਿਸ ਵਿੱਚ ਅਜ਼ਾਦੀ ਦੀ ਲੜਾਈ ਲਈ ਹਥਿਆਰਾਂ ਦਾ ਇੱਕ ਜ਼ਹਾਜ ਸਮੁੰਦਰ ਰਸਤੇ ਭਾਰਤ ਲਿਜਾਉਣਾ ਸੀ। ਇਸ ਮਿਸ਼ਨ ਦੀ ਜਿੰਮੇਵਾਰੀ ਬਾਬੂ ਜੀ ਨੂੰ ਦਿੱਤੀ ਗਈ। ਇਸ ਮਿਸ਼ਨ ਦੀ ਭਿਣਕ ਪਹਿਲਾਂ ਹੀ ਬਰਤਾਨੀਆ ਸਰਕਾਰ ਨੂੰ ਲੱਗ ਗਈ ਅਤੇ ਸਰਕਾਰ ਨੇ ਇਸਦੀ ਜਾਸੂਸੀ ਸ਼ੁਰੂ ਕਰ ਦਿਤੀ। ਇਹ ਮਿਸ਼ਨ ਜਿਸਨੂੰ ਗਦਰ ਲਹਿਰ ਦੇ ਪੰਜ ਆਗੂ ਲੈਕੇ ਆ ਰਹੇ ਸਨ ਜੋਕਿ 1915 ਵਿੱਚ ਚੱਲਿਆ ਪਰੰਤੂ ਬਰਤਾਨੀਆਂ ਸਰਕਾਰ ਨੇ ਸਮੁੰਦਰ ਵਿੱਚ ਤੋਪਾਂ ਨਾਲ ਉਡਾ ਦਿਤਾ। ਬਾਬੂ ਮੰਗੂ ਰਾਮ ਜੀ ਕਿਸੇ ਤਰੀਕੇ ਨਾਲ ਬਚ ਗਏ ਅਤੇ ਇਸਤੋਂ ਬਾਦ ਬਾਬੂ ਜੀ ਫਿਲਪਾਈਨ (ਮਨੀਲਾ) ਪਹੁੰਚ ਗਏ, ਜਿੱਥੇ ਆਪ ਨੇ ਕੁਝ ਦੇਰ ਅਮਰੀਕਾ ਕੰਪਨੀ ਵਿੱਚ ਕੰਮ ਕੀਤਾ ਤੇ ਫਿਰ ਉਥੋਂ ਸ਼੍ਰੀ ਲੰਕਾ ਨੂੰ ਆ ਗਏ। ਆਖਰ ਸੋਲ੍ਹਾਂ ਸਾਲ ਬਾਅਦ 1925 ਵਿੱਚ ਆਪ ਸ਼੍ਰੀ ਲੰਕਾ ਤੋਂ ਦੱਖਣੀ ਭਾਰਤ ਬੰਬੇ ਆ ਪਹੁੰਚੇ। ਇਸ ਦੌਰਾਨ ਬਾਬੂ ਜੀ ਦੀ ਕੋਈ ਵੀ ਖਬਰ ਨਾਂ ਮਿਲਣ ਕਾਰਨ ਪਰਿਵਾਰ ਨੇ ਸੋਚਿਆ ਕਿ ਬਾਬੂ ਜੀ ਵੀ ਮਾਰੇ ਗਏ ਹਨ ਅਤੇ ਉਨ੍ਹਾ ਦੀ ਪਤਨੀ ਨੂੰ ਵਿਧਵਾ ਮੰਨਦੇ ਹੋਏ ਦੂਜੇ ਭਰਾ ਨਾਲ ਵਿਆਹ ਦਿਤਾ। ਬਾਬੂ ਜੀ ਇਸਤੋਂ ਬਾਦ ਵਾਪਸ ਪਿੰਡ ਆ ਗਏ। ਉਨ੍ਹਾਂ ਪੰਜਾਬ ਵਿੱਚ ਆਕੇ ਵੇਖਿਆ ਕਿ ਬੇਸ਼ੱਕ ਇੱਕ ਪਾਸੇ ਦੇਸ਼ ਨੂੰ ਅੰਗਰੇਜਾਂ ਤੋਂ ਅਜ਼ਾਦ ਕਰਵਾਉਣ ਲਈ ਲੜਾਈ ਲੜੀ ਜਾ ਰਹੀ ਹੈ ਪਰੰਤੁ ਸਦੀਆਂ ਤੋਂ ਗੁਲਾਮੀ ਸਹਿ ਰਹੇ ਅਛੂਤਾਂ ਦੇ ਵਿਕਾਸ ਅਤੇ ਅਜ਼ਾਦੀ ਲਈ ਕੋਈ ਕੁਝ ਨਹੀਂ ਕਰ ਰਿਹਾ ਹੈ। ਉਸ ਸਮੇਂ ਦਲਿਤਾਂ ਦੀ ਕੋਈ ਵੀ ਆਪਣੀ ਪਹਿਚਾਣ ਨਹੀਂ ਸੀ। ਇਸ ਦੌਰਾਨ ਹੀ ਆਰਿਆ ਸਮਾਜ ਦੇ ਆਗੂਆਂ ਵਲੋਂ ਹਿੰਦੂ ਧਰਮ ਵਿੱਚ ਫੈਲੀਆਂ ਕੁੱਝ ਕੁਰੀਤੀਆਂ ਨੂੰ ਲੈਕੇ ਅੰਦੋਲਨ ਚੱਲ ਰਿਹਾ ਸੀ। 1925 ਦੇ ਅੰਤ ਵਿੱਚ ਬਾਬੂ ਜੀ ਨੇ ਪਿੰਡ ਵਿੱਚ ਆਦਿ ਧਰਮ ਪ੍ਰਾਇਮਰੀ ਸਕੂਲ ਖੋਲਿਆ ਅਤੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰ ਦਿਤਾ। 11-12 ਜੂਨ 1926 ਨੂੰ ਇਸ ਸਕੂਲ ਵਿੱਚ ਅਛੂਤਾਂ ਦੀ ਇੱਕ ਮੀਟਿੰਗ ਬੁਲਾਈ ਗਈ ਜਿਸ ਵਿੱਚ ਆਦਿ ਧਰਮ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ। ਇਸਤੋਂ ਬਾਦ ਆਦਿ ਧਰਮ ਮੰਡਲ ਦੀ ਸਥਾਪਨਾ ਕੀਤੀ ਗਈ ਜਿਸ ਵਿੱਚ ਦਲਿਤ ਵਰਗ ਦੀਆਂ ਲੱਗਭੱਗ 36 ਜਾਤਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ ਅਤੇ ਇਸ ਲਹਿਰ ਦਾ ਪਹਿਲਾ ਪ੍ਰਧਾਨ ਸਰਬ ਸੰਮਤੀ ਨਾਲ ਬਾਬੂ ਮੰਗੂ ਰਾਮ ਨੂੰ ਬਣਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਹਜ਼ਾਰਾ ਰਾਮ ਪਿਪਲਾਂਵਾਲਾ, ਪੰਡਤ ਹਰੀਰਾਮ, ਸੰਤ ਰਾਮ, ਰਾਮ ਚੰਦ, ਹਰਦਿੱਤ ਮੱਲ, ਰੇਸ਼ਮ ਲਾਲ ਬਾਲਮੀਕਿ, ਬਿਹਾਰੀ ਲਾਲ, ਰਾਮ ਸਿੰਘ, ਚਮਨ ਰਾਮ ਆਦਿ ਦੀ ਚੋਣ ਕੀਤੀ ਗਈ। ਆਦਿ ਧਰਮ ਮੰਡਲ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਆਦਿ ਡੰਕਾ ਅਖਬਾਰ ਸ਼ੁਰੂ ਕੀਤਾ ਗਿਆ। ਨਵੰਬਰ, 1926 ਵਿੱਚ ਜਲੰਧਰ ਵਿੱਚ ਆਦਿ ਧਰਮ ਸੰਗਠਨ ਦਾ ਪਹਿਲਾ ਦਫਤਰ ਖੋਲਿਆ ਗਿਆ ਅਤੇ ਬਾਬੂ ਜੀ ਜਲੰਧਰ ਰਹਿਣ ਲੱਗ ਪਏ ਜਿੱਥੇ ਉਹ 1940 ਤੱਕ ਰਹੇ ਅਤੇ ਆਦਿ ਧਰਮ ਮਿਸ਼ਨ ਅਤੇ ਅਛੂਤਾਂ ਦੀ ਭਲਾਈ ਲਈ ਕੰਮ ਕੀਤਾ। ਇਸ ਦੌਰਾਨ ਹੀ ਬਰਤਾਨੀਆ ਸਰਕਾਰ ਨੇ ਭਾਰਤ ਵਿੱਚ ਲੋਕਾਂ ਵਿਸ਼ੇਸ਼ ਤੋਰ ਤੇ ਦਲਿਤਾਂ ਦੀ ਸਥਿਤੀ ਦਾ ਜਾਇਜਾ ਲੈਣ ਲਈ ਸਰ ਜੋਹਨ ਸਾਇਮਨ ਦੀ ਅਗਵਾਈ ਵਿੱਚ ਇੱਕ ਕਮਿਸ਼ਨ ਨਿਯੁਕਤ ਕੀਤਾ ਜਿਸਨੂੰ ਸਾਇਮਨ ਕਮਿਸਨ ਕਿਹਾ ਜਾਂਦਾ ਹੈ। ਭਾਰਤ ਵਿੱਚ ਕਈ ਕਾਂਗਰਸੀ ਆਗੂਆਂ ਨੇ ਇਸ ਕਮਿਸ਼ਨ ਦਾ ਵਿਰੋਧ ਕੀਤਾ।  ਬਾਬੂ ਮੰਗੂ ਰਾਮ ਨੇ ਸਾਇਮਨ ਕਮਿਸ਼ਨ ਅੱਗੇ  ਅਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਦਲਿਤ ਨਾਂ ਹੀ ਹਿੰਦੂ ਹਨ, ਨਾ ਮੁਸਲਿਮ, ਨਾਂ ਸਿੱਖ ਅਤੇ ਨਾ ਹੀ ਇਸਾਈ ਹਨ। ਉਨ੍ਹਾਂ ਸਬੂਤਾ ਸਮੇਤ ਦੱਸਿਆ ਕਿ ਉਹ ਆਦਿ ਧਰਮੀ ਹਨ ਜੋਕਿ ਕਿਸੇ ਵੇਲੇ ਇਸ ਦੇਸ਼ ਦੇ ਸ਼ਾਸ਼ਕ ਰਹੇ ਹਨ। ਅੰਤ ਲੰਬੇ ਸੰਘਰਸ਼ ਅਤੇ ਬਹਿਸ ਤੋਂ ਬਾਦ ਦਲਿਤਾਂ ਨੂੰ ਆਦਿ ਧਰਮ ਦਾ ਨਾਮ ਮਿਲਿਆ। ਇਸ ਦੌਰਾਨ ਹੀ ਦਲਿਤਾਂ ਨੂੰ ਪੜ੍ਹਣ, ਜਾਇਦਾਦ ਖਰੀਦਣ ਅਤੇ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ। ਬਾਬੂ ਮੰਗੂ ਰਾਮ ਦੇ ਸੰਘਰਸ਼ ਤੋਂ ਬਾਦ 1931 ਵਿੱਚ ਹੋਈ ਭਾਰਤ ਵਿੱਚ ਜਨਗਣਨਾ ਵਿੱਚ ਪਹਿਲੀ ਵਾਰ ਆਦਿ ਧਰਮ ਨੂੰ ਜੋੜ੍ਹਿਆ ਗਿਆ ਅਤੇ ਉਸ ਵੇਲੇ ਪੰਜਾਬ ਵਿੱਚ  ਲੱਗਭੱਗ 418789 ਲੋਕਾਂ ਨੇ ਜੋਕਿ ਕੁੱਲ ਅਬਾਦੀ ਦਾ ਲੱਗਭੱਗ 1.5 ਫਿਸਦੀ ਸੀ ਨੇ ਅਪਣਾ ਧਰਮ ਆਦਿ ਧਰਮ ਲਿਖਾਇਆ ਸੀ। ਉਸ ਵੇਲੇ ਗ੍ਰੇਟਰ ਪੰਜਾਬ ਦੀ ਕੁੱਲ ਅਬਾਦੀ ਲੱਗਭੱਗ 28491000 ਸੀ। ਵਰਨਣਯੋਗ ਹੈ ਕਿ ਇਸ ਵਿੱਚੋਂ 80 ਫਿਸਦੀ ਤੋਂ ਵੱਧ ਲੋਕ ਪੰਜਾਬ ਦੇ ਜਲੰਧਰ ਅਤੇ ਹੁਸ਼ਿਆਰਪੁਰ ਨਾਲ ਹੀ ਸਬੰਧਿਤ ਸਨ। 1930,31,32 ਵਿੱਚ ਲੰਡਨ ਵਿੱਚ ਹੋਈਆ ਗੋਲਮੇਜ਼ ਕਾਨਫਰੰਸਾ ਵਿੱਚ ਇਹ ਸਾਬਤ ਕਰਨ ਲਈ ਕਿ ਭਾਰਤੀ ਦਲਿਤਾਂ ਦੇ ਅਸਲੀ ਆਗੂ ਡਾਕਟਰ ਅੰਬੇਡਕਰ ਹਨ ਬਾਬੂ ਮੰਗੂ ਰਾਮ ਨੇ ਪੰਜਾਬ ਅਤੇ ਹੋਰ ਸੂਬਿਆਂ ਤੋਂ ਦਲਿਤ ਆਗੂਆਂ ਤੋਂ ਪੱਤਰ ਅਤੇ ਤਾਰਾਂ ਭੇਜੀਆਂ। ਇਨ੍ਹਾਂ ਗੋਲਮੇਜ਼ ਕਾਨਫਰੰਸਾਂ ਤੋਂ ਬਾਦ ਬਰਤਾਨੀਆ ਸਰਕਾਰ ਨੇ ਦਲਿਤਾਂ ਲਈ ਅਲੱਗ ਚੌਣ ਵਿਵਸਥਾ ਦੀ ਮੰਨਜੂਰੀ ਦੇ ਦਿਤੀ ਜਿਸਨੂੰ ਕਮਿਊਨਲ ਐਵਾਰਡ ਦਾ ਨਾਮ ਦਿਤਾ ਗਿਆ। ਇਸ ਕਮਿਊਨਲ ਐਵਾਰਡ ਦੇ ਵਿਰੋਧ ਵਿੱਚ ਕਾਂਗਰਸੀ ਆਗੂ ਮਹਾਤਮਾ ਗਾਂਧੀ ਜਿਸਨੇ ਪਹਿਲਾਂ ਗੋਲਮੇਜ਼ ਕਾਨਫਰੰਸ ਵਿੱਚ ਵੀ ਡਾਕਟਰ ਅੰਬੇਡਕਰ ਦੇ ਦਾਖਲੇ ਦਾ ਵਿਰੋਧ ਕੀਤਾ ਸੀ ਨੇ ਯਰਵਦਾ ਜੇਲ ਵਿੱਚ 20 ਸਤੰਬਰ, 1932 ਨੂੰ ਮਰਨ ਵਰਤ ਰੱਖ ਲਿਆ। ਮਹਾਤਮਾ ਗਾਂਧੀ ਦੇ ਇਸ ਮਰਨ ਵਰਤ ਤੋਂ ਬਾਦ 24 ਸਤੰਬਰ 1932 ਨੂੰ ਡਾਕਟਰ ਅੰਬੇਡਕਰ ਅਤੇ ਮਹਾਤਮਾ ਗਾਂਧੀ ਵਿਚਕਾਰ ਇੱਕ ਸਮਝੋਤਾ ਹੋਇਆ ਜਿਸਨੂੰ ਪੂਨਾ ਪੈਕਟ ਕਿਹਾ ਜਾਂਦਾ ਹੈ ਅਤੇ ਇਸ ਸਮਝੋਤੇ ਵਿੱਚ ਦਲਿਤਾਂ ਨੂੰ ਵਖਰੀ ਚੌਣ ਵਿਵਸਥਾ ਦੀ ਥਾਂ ਰਾਖਵਾਂਕਰਣ ਦਿਤਾ ਗਿਆ ਜਿਸ ਅਨੁਸਾਰ ਭਾਰਤ ਦੀਆਂ ਵੱਖ ਵੱਖ ਵਿਧਾਨ ਸਭਾਵਾਂ ਲਈ ਕੁੱਲ 148 ਸੀਟਾਂ ਦਲਿਤਾਂ ਲਈ ਰਾਖਵੀਆਂ ਰੱਖੀਆਂ ਗਈਆਂ ਜਿਨ੍ਹਾਂ ਵਿੱਚ ਉਸ ਵੇਲੇ ਪੰਜਾਬ ਦੀਆਂ 08 ਸੀਟਾਂ ਸਨ। 1937 ਵਿੱਚ ਪੰਜਾਬ ਵਿੱਚ ਹੋਈਆ ਚੋਣਾਂ ਵਿੱਚ ਆਦਿ ਧਰਮ ਮੰਡਲ ਨੇ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਅਗਵਾਈ ਵਿੱਚ ਰਾਖਵੀਆਂ 8 ਸੀਟਾਂ ਵਿਚੋਂ 7 ਤੇ ਜਿੱਤ ਹਾਸਲ ਕੀਤੀ। 1946 ਵਿੱਚ ਬਾਬੂ ਮੰਗੂ ਰਾਮ ਆਪ ਵੀ ਵਿਧਾਇਕ ਬਣੇ ਅਤੇ 1952 ਤੱਕ ਵਿਧਾਇਕ ਰਹੇ। ਅਜਾਦ ਭਾਰਤ ਵਿੱਚ ਵੀ ਬਾਬੂ ਮੰਗੂ ਰਾਮ  ਨੇ ਆਦਿ ਧਰਮ ਲਹਿਰ ਨੂੰ ਚਲਾਉਣ ਲਈ ਲਗਾਤਾਰ ਸੰਘਰਸ਼ ਕੀਤਾ। ਅੰਤ 22 ਅਪ੍ਰੈਲ 1980 ਨੂੰ ਗਦਰ ਲਹਿਰ ਅਤੇ ਆਦਿ ਧਰਮ ਅੰਦੋਲਨ ਦਾ ਇਹ ਦਲਿਤ ਆਗੂ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਬਾਬੂ ਮੰਗੂ ਰਾਮ ਮੂਗੋਵਾਲੀਆਂ ਵਲੋਂ ਦੇਸ਼ ਦੀ ਅਜ਼ਾਦੀ ਲਈ ਕੀਤੇ ਗਏ ਸੰਘਰਸ਼ ਅਤੇ ਸਦੀਆਂ ਤੋਂ ਲਿਤਾੜ੍ਹੇ ਵਰਗਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਕਾਰਨ ਬਾਬੂ ਮੰਗੂ ਰਾਮ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। 
ਗਦਰ ਲਹਿਰ ਅਤੇ ਆਦਿ ਧਰਮ ਮੰਡਲ ਦੇ ਇਸ ਆਗੂ ਦੀ ਕੋਈ ਵੀ ਯਾਦਗਾਰ ਨਾਂ ਬਣੀ ਹੋਣ ਕਾਰਨ ਪਿੰਡ ਵਾਸੀ ਵੀ ਭੁੱਲਦੇ ਜਾ ਰਹੇ ਹਨ ਇਸ ਆਗੂ ਨੂੰ। 
ਗਦਰ ਲਹਿਰ ਅਤੇ ਆਦਿ ਧਰਮ ਮੰਡਲ ਦੇ ਇਸ ਆਗੂ ਦੇ ਪਿੰਡ ਮੂਗੋਵਾਲ ਵਿੱਚ ਸਰਕਾਰ ਨੇ ਕੋਈ ਵੀ ਵਿਸ਼ੇਸ਼ ਯਾਦਗਾਰ ਨਹੀਂ ਬਣਾਈ ਹੈ ਅਤੇ ਪਰਿਵਾਰ ਵਲੋਂ ਹੁਸ਼ਿਆਰਪੁਰ-ਚੰਡੀਗੜ੍ਹ ਰੋਡ ਤੇ ਗੜਸ਼ੰਕਰ ਵਿੱਚ ਬਣਾਈ ਗਈ ਸਮਾਧ ਦੀ ਹਾਲਤ ਵੀ ਖਸਤਾ ਹੈ। ਮੂਗੋਵਾਲ ਪਿੰਡ ਜੋਕਿ ਹੁਸ਼ਿਆਰਪੁਰ ਜਿਲ੍ਹੇ ਵਿੱਚ ਪੈਂਦਾ ਹੈ ਦੀ ਅਬਾਦੀ ਲੱਗਭੱਗ 3500 ਹੈ। ਇਸ ਪਿੰਡ ਵਿੱਚ ਵੱਖ ਵੱਖ ਜਾਤਾਂ ਦੇ ਲੋਕ ਜਿਨ੍ਹਾਂ ਵਿੱਚ ਲੱਗਭੱਗ 36 ਫਿਸਦੀ ਆਦਧਰਮੀ, 31 ਫਿਸਦੀ ਜੱਟ, 11 ਫਿਸਦੀ ਬ੍ਰਾਹਮਣ, 9 ਫਿਸਦੀ ਘੁਮਿਆਰ, 6 ਫਿਸਦੀ ਬਾਲਮਿਕੀ, 5 ਫਿਸਦੀ ਤਰਖਾਣ ਅਤੇ 1 ਫਿਸਦੀ ਹੋਰ ਲੋਕ ਰਹਿੰਦੇ ਹਨ। ਇਸ ਪਿੰਡ ਵਿੱਚ ਬਾਬੂ ਮੰਗੂ ਰਾਮ ਦੇ ਪਰਿਵਾਰ ਨਾਲ ਸਬੰਧਿਤ ਕਈ ਮੈਂਬਰ ਰਹਿੰਦੇ ਹਨ। ਇਸ ਅਜ਼ਾਦੀ ਘੁਲਾਟੀਏ ਅਤੇ ਆਦਿ ਧਰਮ ਦੇ ਆਗੂ ਨੂੰ ਸਮੇਂ ਸਮੇਂ ਤੇ ਦੇਸ਼ ਵਿਦੇਸ਼ ਵਿੱਚ ਯਾਦ ਕੀਤਾ ਜਾਂਦਾ ਹੈ ਪਰ ਅਪਣੇ ਪਿੰਡ ਅਤੇ ਸੂਬੇ ਵਿੱਚ ਸਰਕਾਰਾਂ ਦੀ ਅਣਗਹਿਲੀ ਕਾਰਨ ਇਸਦੀ ਕੋਈ ਖਾਸ ਯਾਦਗਾਰ ਨਹੀਂ ਬਣਾਈ ਗਈ ਹੈ। ਹਰ ਸਰਕਾਰ ਵਲੋਂ ਅਜ਼ਾਦੀ ਘੁਲਾਟੀਆਂ, ਦਲਿਤ ਰਹਿਵਰਾਂ ਦੀਆਂ ਯਾਦਗਾਰਾਂ ਬਣਾਉਣ ਅਤੇ ਸੰਭਾਲਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਸ ਆਗੂ ਦੀ ਯਾਦ ਵਿੱਚ ਹੁਣ ਤੱਕ ਸਰਕਾਰ ਵਲੋਂ ਕੋਈ ਖਾਸ ਕਾਰਵਾਈ ਨਹੀਂ ਕੀਤੀ ਗਈ ਹੈ। ਹਾਲਤ ਇਥੋਂ ਤੱਕ ਖਸਤਾ ਹੈ ਕਿ ਬਾਬੂ ਜੀ ਦੇ ਅਪਣੇ ਪਿੰਡ ਵਿੱਚ ਵੀ ਕਈ ਬੱਚਿਆਂ ਨੂੰ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਬਾਬੂ ਮੰਗੂ ਰਾਮ ਦੇ ਕਰੀਬੀ ਰਿਸ਼ਤੇਦਾਰ ਮਨਜੀਤ ਗੰਗੜ ਨੇ ਦੱਸਿਆ ਕਿ ਸਰਕਾਰ ਵਲੋਂ ਬਾਬੂ ਜੀ ਦੀ ਯਾਦ ਨੂੰ ਸੰਭਾਲਣ ਲਈ ਕੋਈ ਵੀ ਕਦਮ ਨਹੀਂ ਚੁੱਕੇ ਗਏ ਹਨ। ਉਨ੍ਹਾ ਦੱਸਿਆ ਕਿ ਆਦਿ ਧਰਮ ਮਿਸ਼ਨ ਵਲੋਂ ਬਾਬੂ ਜੀ ਦੀ ਯਾਦ ਵਿੱਚ ਇੱਕ ਐਂਬੂਲੈਂਸ ਚਲਾਈ ਗਈ ਹੈ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਜ਼ਮਾਨ ਦੇ ਆਗੂਆਂ ਚੇਅਰਮੈਨ ਬਖਸ਼ੀ ਰਾਮ, ਪ੍ਰਧਾਨ ਰੂਪ ਸਿੱਧੂ, ਕਮਲਰਾਜ ਸਿੰਘ, ਬਲਵਿੰਦਰ ਸਿੰਘ, ਧਰਮਪਾਲ ਸਿੰਘ, ਸੱਤਪਾਲ ਮਹੇ, ਅਜੇ ਕੁਮਾਰ, ਗੁਰਮੇਲ ਸਿੰਘ ਮਹੇ, ਪਰਮਜੀਤ ਸਿੰਘ, ਬਿੱਕਰ ਸਿੰਘ, ਜਨਰਲ ਸਕੱਤਰ ਲੇਖ ਰਾਜ ਮਹੇ, ਭਾਰਤ ਵਿੱਚ ਕੋਆਰਡੀਨੇਟਰ ਕੁਲਦੀਪ ਚੰਦ ਅਤੇ ਪੰਜਾਬ ਦੇ ਕੋਆਰਡੀਨੇਟਰ ਤਿਲਕ ਰਾਜ ਮਾਹੀ ਨੇ ਦੱਸਿਆ ਕਿ ਬਾਬੂ ਜੀ ਦੇ ਪਿੰਡ ਵਿੱਚ ਉਨ੍ਹਾਂ ਨਾਲ ਜੁੜੀਆਂ ਯਾਦਾਂ ਖੰਡਰ ਬਣ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕੋਈ ਵੀ ਢੁਕਵੀਂ ਯਾਦਗਾਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹਾਲਤ ਇਥੋਂ ਤੱਕ ਖਸਤਾ ਹੈ ਕਿ ਪਿੰਡ ਦੇ ਸਕੂਲ ਅਤੇ ਪੰਚਾਇਤ ਘਰ ਵਿੱਚ ਵੀ ਉਨ੍ਹਾਂ ਦੀ ਕੋਈ ਫੋਟੋ ਨਹੀਂ ਲਗਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਦੀ ਅਜ਼ਾਦੀ ਅਤੇ ਲਿਤਾੜੇ ਸਮਾਜ ਦੇ ਵਿਕਾਸ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਇਸ ਦਲਿਤ ਯੋਧੇ ਦੀ ਢੁਕਵੀਂ ਯਾਦਗਾਰ ਬਣਾਈ ਜਾਵੇ ਤਾਂ ਜੋ ਆਣ ਵਾਲੀਆਂ ਪੀੜ੍ਹੀਆਂ ਨੂੰ ਬਾਬੂ ਜੀ ਬਾਰੇ ਜਾਣਕਾਰੀ ਮਿਲ ਸਕੇ। 
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054
5mail: kuldipnangal0gmail.com

ਇਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਨ ਲਈ ਪਤਾ  E-mail  : editor@upkaar.com  mobile 00971506330466