31 ਜੁਲਾਈ, 2015 ਲਈ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਸਬੰਧੀ ਵਿਸ਼ੇਸ਼।
ਜਲਿਆਂ ਵਾਲਾ ਬਾਗ ਕਾਂਡ ਦੇ ਦੋਸ਼ੀ ਗਵਰਨਰ ਸਰ ਮਾਈਕਲ ਓਡਵਾਇਰ ਨੂੰ ਸ਼ਹੀਦ ਊਧਮ ਸਿੰਘ ਨੇ ਇੰਗਲੈਂਡ ਵਿੱਚ 21 ਸਾਲ ਮਗਰੋਂ ਜਾ ਕੇ ਮੌਤ ਦੇ ਘਾਟ ਉਤਾਰ ਕੇ ਬਦਲਾ ਲਿਆ।
ਸ਼ਹੀਦ ਊਧਮ ਸਿੰਘ ਧਰਮ-ਨਿਰਪੱਖ ਅਤੇ ਅਗਾਂਹਵਧੂ ਸੋਚ ਦਾ ਪ੍ਰਤੀਕ ਸੀ।
ਸਾਡਾ ਦੇਸ਼ ਲੰਬਾ ਸਮਾਂ ਗੁਲਾਮ ਰਿਹਾ ਹੈ ਪਹਿਲਾਂ ਮੁਗਲਾਂ ਦਾ ਅਤੇ ਫਿਰ ਅੰਗਰੇਜਾਂ ਦਾ। ਇਸ ਗੁਲਾਮੀ ਤੋਂ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਅਣਗਣਿਤ ਦੇਸ਼ ਭਗਤਾਂ ਨੇ ਲੜਾਈਆਂ ਲੜੀਆਂ ਤੇ ਕੁਰਬਾਨੀਆਂ ਦਿਤੀਆਂ। ਦੇਸ਼ ਦੀ ਅਜ਼ਾਦੀ ਲਈ ਲੜਣ ਵਾਲਿਆਂ ਵਿੱਚ ਪੰਜਾਬੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਇਨ੍ਹਾਂ ਸ਼ਹੀਦਾਂ ਵਿੱਚ ਸ਼ਹੀਦ ਊਧਮ ਸਿੰਘ ਦਾ ਨਾਮ ਵੀ ਪ੍ਰਮੁੱਖ ਹੈ ਜਿਸਨੇ 13 ਅਪ੍ਰੈਲ 1919 ਨੂੰ ਜਲਿਆਂ ਵਾਲਾ ਬਾਗ ਵਿੱਚ ਨਿਹੱਥੇ ਲੋਕਾਂ ਤੇ ਅੰਗਰੇਜ਼ ਸਿਪਾਹੀਆਂ ਵਲੋਂ ਚਲਾਈਆਂ ਗਈਆਂ ਗੋਲੀਆਂ ਦਾ ਬਦਲਾ 13 ਮਾਰਚ, 1940 ਨੂੰ ਇਸ ਗੋਲੀ ਕਾਂਡ ਦਾ ਹੁਕਮ ਦੇਣ ਵਾਲੇ ਗਵਰਨਰ ਸਰ ਮਾਇਕਲ ਉਡਵਾਇਰ ਨੂੰ ਲੰਡਨ ਵਿੱਚ ਮਾਰਕੇ ਲਿਆ। ਇਸ ਅਣਖੀਲੇ ਯੋਧੇ ਦਾ ਜਨਮ 26 ਦਸੰਬਰ, 1899 ਨੂੰ ਉਸ ਸਮੇਂ ਦੀ ਪਟਿਆਲਾ ਰਿਆਸਤ ਦੇ ਪਿੰਡ ਸ਼ਾਹਪੁਰ ਜੋਕਿ ਹੁਣ ਸੁਨਾਮ ਸ਼ਹਿਰ ਦਾ ਇੱਕ ਹਿੱਸਾ ਹੈ ਪਿਤਾ ਚੂਹੜ ਰਾਮ ਤੇ ਮਾਤਾ ਨਾਰਾਇਣੀ ਜਿਨ੍ਹਾਂ ਦੇ ਨਾਮ ਅੰਮ੍ਰਿਤ ਛਕਣ ਤੋਂ ਬਾਦ ਟਹਿਲ ਸਿੰਘ ਅਤੇ ਹਰਨਾਮ ਕੌਰ ਰੱਖੇ ਗਏ ਦੇ ਘਰ ਹੋਇਆ। ਆਪ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਸੀ ਤੇ ਆਪ ਦੇ ਵੱਡੇ ਭਰਾ ਦਾ ਨਾਂ ਸਾਧੂ ਸਿੰਘ ਸੀ। ਤਿੰਨ ਸਾਲ ਦੀ ਉਮਰ ਵਿੱਚ ਹੀ ਸਾਲ 1901 ਵਿੱਚ ਆਪ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ। ਪਿਤਾ ਰੇਲਵੇ ਫਾਟਕ ਤੇ ਚੌਂਕੀਦਾਰ ਦੀ ਨੌਕਰੀ ਕਰਦੇ ਸਨ। ਸਾਲ 1907 ਵਿੱਚ ਆਪ ਦੇ ਪਿਤਾ ਅਪਣੇ ਦੋਵੇਂ ਬੱਚਿਆਂ ਨੂੰ ਲੈਕੇ ਅੰਮ੍ਰਿਤਸਰ ਦੀ ਦੀਵਾਲੀ ਵੇਖਣ ਲਈ ਚੱਲ ਪਏ। ਰਸਤੇ ਵਿੱਚ ਹੀ ਪਿਤਾ ਨੂੰ ਬੁਖਾਰ ਹੋ ਗਿਆ। ਉਸ ਵੇਲੇ ਭਾਈ ਛਾਂਗਾ ਸਿੰਘ ਜੀ ਦਾ ਕੀਰਤਨੀ ਜਥਾ ਉਥੇ ਪਹੁੰਚ ਗਿਆ ਤੇ ਉਸ ਜਥੇ ਵਿੱਚ ਸ਼ਾਮਲ ਭਾਈ ਚੈਂਚਲ ਸਿੰਘ ਨੇ ਊਧਮ ਸਿੰਘ ਦੇ ਪਿਤਾ ਨੂੰ ਇਲਾਜ਼ ਲਈ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਪਰੰਤੂ ਅਗਲੇ ਦਿਨ ਹੀ ਆਪ ਦੇ ਪਿਤਾ ਟਹਿਲ ਸਿੰਘ ਦੀ ਮੌਤ ਹੋ ਗਈ ਅਤੇ ਦੋਵੇਂ ਭਰਾ ਅਨਾਥ ਹੋ ਗਏ। ਉਸ ਸਮੇਂ ਊਧਮ ਸਿੰਘ ਦੀ ਉਮਰ ਲੱਗਭੱਗ 8 ਸਾਲ ਸੀ ਅਤੇ ਵੱਡੇ ਭਰਾ ਸਾਧੂ ਸਿੰਘ ਦੀ ਉਮਰ ਲੱਗਭੱਗ 10 ਸਾਲ ਸੀ। ਇਸਤੋਂ ਬਾਦ ਆਪ ਨੂੰ ਅਤੇ ਆਪ ਦੇ ਭਰਾ ਨੂੰ ਭਾਈ ਛਾਂਗਾ ਸਿੰਘ, ਭਾਈ ਕਿਸ਼ਨ ਸਿੰਘ ਤੇ ਭਾਈ ਚੰਚਲ ਸਿੰਘ ਨੇ ਸੈਂਟਰਲ ਯਤੀਮਖਾਨੇ ਪੁਤਲੀਘਰ ਅੰਮ੍ਰਿਤਸਰ ਵਿੱਚ ਦਾਖਲ ਕਰਵਾ ਦਿੱਤਾ। ਸੰਨ 1913 ਵਿੱਚ ਵੱਡੇ ਭਰਾ ਸਾਧੂ ਸਿੰਘ ਦੀ ਨਿਮੋਨੀਏ ਕਾਰਨ ਮੌਤ ਹੋ ਗਈ ਅਤੇ ਆਪ ਬਿਲਕੁੱਲ ਇਕੱਲੇ ਰਹਿ ਗਏ। 1917 ਵਿੱਚ ਆਪ ਨੇ ਦਸਵੀਂ ਪਾਸ ਕਰ ਲਈ। ਉਸ ਦਾ ਮਾਮਾ ਜੀਵਾ ਸਿੰਘ ਉਸ ਨੂੰ ਸੁਨਾਮ ਲੈ ਗਿਆ ਤੇ ਖੇਤੀ ਦੇ ਕੰਮ ਵਿੱਚ ਲਾ ਦਿੱਤਾ। ਪਰ ਊਧਮ ਸਿੰਘ ਸੁਨਾਮ ਛੱਡ ਕੇ ਫਿਰ ਅੰਮ੍ਰਿਤਸਰ ਯਤੀਮਖਾਨੇ ਪਹੁੰਚ ਗਿਆ। ਉਸ ਸਮੇਂ ਪਹਿਲਾਂ ਸੰਸਾਰ ਯੁੱਧ ਚੱਲ ਰਿਹਾ ਸੀ। ਉਹ ਫ਼ੌਜ ਵਿੱਚ ਭਰਤੀ ਹੋ ਗਿਆ ਤੇ ਬੰਬਈ ਤੋਂ ਬਸਰਾ ਪਹੁੰਚ ਗਿਆ। ਪ੍ਰੰਤੂ ਉਹ 6 ਮਹੀਨੇ ਪਿੱਛੋਂ ਹੀ ਵਾਪਸ ਆ ਗਿਆ। 13 ਅਪ੍ਰੈਲ 1919 ਨੂੰ ਵਾਪਰੇ ਜਲਿਆਂਵਾਲੇ ਬਾਗ ਦੇ ਸਾਕੇ ਸਮੇਂ ਊਧਮ ਸਿੰਘ ਅੰਮ੍ਰਿਤਸਰ ਚੀਫ ਖਾਲਸਾ ਦੀਵਾਨ ਦੇ ਯਤੀਮਖਾਨੇ ਵਿੱਚ ਸੀ। ਕੁੱਝ ਲੇਖਕਾਂ ਨੇ ਲਿਖਿਆ ਹੈ ਕਿ ਜਲਿਆਂਵਾਲੇ ਬਾਗ ਵਿੱਚ ਹੋ ਰਹੇ ਜਲਸੇ ਵਿੱਚ ਸ਼ਾਮਿਲ ਲੋਕਾਂ ਨੂੰ ਪਾਣੀ ਪਿਲਾਉਣ ਵਾਲੇ ਵਲੰਟਰੀਅਰਾਂ ਵਿੱਚ ਊਧਮ ਸਿੰਘ ਵੀ ਸ਼ਾਮਿਲ ਸੀ ਅਤੇ ਜਦੋਂ ਜਨਰਲ ਡਾਇਰ ਨੇ ਗੋਲੀਆਂ ਚਲਾ ਕੇ ਕਹਿਰ ਵਰਤਾਇਆ ਤਾਂ ਬਾਦ ਵਿੱਚ ਮ੍ਰਿਤਕਾਂ ਦੀਆਂ ਲਾਸ਼ਾ ਲੱਭਣ ਵਿੱਚ ਵੀ ਸਹਾਇਤਾ ਕਰਦਾ ਰਿਹਾ। ਇਸ ਤਰਾਂ ਸ਼ਹੀਦ ਊਧਮ ਸਿੰਘ ਨੇ ਇਸ ਸਾਕੇ ਨੂੰ ਅਪਣੇ ਅੱਖੀਂ ਵੇਖਿਆ ਤੇ ਇਸ ਗੋਲੀਕਾਂਡ ਦਾ ਬਦਲਾ ਲੈਣ ਦਾ ਫੈਸਲਾ ਕੀਤਾ। ਵਰਣਨਯੋਗ ਹੈ ਕਿ ਇਸ ਗੋਲੀ ਕਾਂਡ ਤੋਂ ਬਾਦ 30 ਮਈ, 1919 ਨੂੰ ਇਸ ਗੋਲੀ ਕਾਂਡ ਦਾ ਹੁਕਮ ਦੇਣ ਵਾਲੇ ਲੈਫਟੀਨੈਂਟ ਗਵਰਨਰ ਸਰ ਮਾਇਕਲ ਉਡਵਾਇਰ ਨੂੰ ਲੰਡਨ ਵਾਪਸ ਬੁਲਾ ਲਿਆ ਗਿਆ ਅਤੇ ਪੰਜਾਬ ਵਿੱਚ ਨਿਭਾਈਆਂ ਸੇਵਾਵਾਂ ਬਦਲੇ 20 ਹਜ਼ਾਰ ਪੌਂਡ ਇਨਾਮ ਵਿੱਚ ਦਿੱਤੇ ਗਏ ਜਿਸ ਕਾਰਨ ਸ਼ਹੀਦ ਊਧਮ ਸਿੰਘ ਦੇ ਦਿਲ ਵਿੱਚ ਬਲ ਰਹੀ ਬਦਲਾ ਲੈਣ ਦੀ ਚੰਗਿਆੜੀ ਅੱਗ ਦਾ ਭਾਂਬੜ ਬਣ ਗਈ। ਇਸਤੋਂ ਬਾਦ ਅਗਲੇ 21 ਸਾਲ ਉਸ ਨੇ ਇਸ ਪ੍ਰਣ ਨੂੰ ਪੂਰਾ ਕਰਨ ਲਈ ਹੀ ਲਾਏ। ਪਹਿਲਾਂ ਊਧਮ ਸਿੰਘ ਨੇ ਯਤੀਮਖਾਨਾ ਛੱਡ ਕੇ ਚਾਰਹਾਟ ਦੀਆਂ ਪਹਾੜੀਆਂ ਤੇ ਜਾ ਕੇ 40 ਰੁਪਏ ਮਹੀਨੇ ਤੇ 8 ਨੰਬਰੀ ਕੰਪਨੀ ਵਿੱਚ ਨੌਕਰੀ ਕਰ ਲਈ। ਫਿਰ ਉਸ ਨੇ ਅਫਰੀਕਾ ਦੇ ਦੇਸ਼ ਯੁਗਾਂਡਾ ਜਾ ਕੇ ਰੇਲਵੇ ਵਰਕਸ਼ਾਪ ਵਿੱਚ 170 ਰੁਪਏ ਮਹੀਨੇ ਤੇ ਨੌਕਰੀ ਕੀਤੀ। ਦੋ ਸਾਲ ਮਗਰੋਂ ਉਹ ਅਸਤੀਫਾ ਦੇ ਕੇ ਮੁੜ ਅੰਮ੍ਰਿਤਸਰ ਆ ਗਿਆ। ਫਿਰ ਉਹ ਲੰਦਨ, ਮੈਕਸੀਕੋ ਆਦਿ ਹੁੰਦਾ ਹੋਇਆ ਯੂ.ਐਸ.ਏ. ਚਲਾ ਗਿਆ। ਮੈਕਸੀਕੋ ਤੋਂ ਉਹ 2 ਫਰਵਰੀ 1922 ਨੂੰ ਕੈਲੀਫੋਰਨੀਆਂ ਪਹੁੰਚਿਆ ਜਿੱਥੇ ਗਦਰੀ ਦੇਸ਼ ਭਗਤਾਂ ਨਾਲ ਸੰਪਰਕ ਹੋ ਗਿਆ। ਨਿਊਯਾਰਕ ਰਹਿਣ ਸਮੇਂ ਉਸ ਨੇ ਫਰਾਂਸ, ਬੈਲਜੀਅਮ, ਜਰਮਨੀ, ਹੰਗਰੀ, ਸਵਿਟਜ਼ਰਲੈਂਡ ਤੇ ਇਟਲੀ ਦੀ ਯਾਤਰਾ ਕੀਤੀ ਤੇ ਫਿਰ ਅਮਰੀਕਾ ਚਲਾ ਗਿਆ। ਉਥੇ ਉਹ ਆਸਟਰੇਲੀਆਂ ਜਾਣ ਵਾਲੇ ਜਹਾਜ਼ ਵਿੱਚ ਚੜ ਕੇ ਕਲਕੱਤਾ ਜਾ ਉਤਰਿਆ ਤੇ ਉਥੋਂ ਪੰਜਾਬ ਪਹੁੰਚ ਗਿਆ। ਅੰਮ੍ਰਿਤਸਰ ਉਸ ਕੋਲੋਂ ਪਸਤੌਲ 138 ਗੋਲੀਆਂ ਤੇ ਕ੍ਰਾਂਤੀਕਾਰੀ ਸਾਹਿਤ ਫੜਿਆ ਅਤੇ ਉਸ ਨੂੰ ਪੰਜ ਸਾਲ ਦੀ ਕੈਦ ਹੋਈ। ਉਹ 4 ਸਾਲ ਇੱਕ ਮਹੀਨੇ ਤੇ 20 ਦਿਨ ਜੇਲ੍ਹ ਵਿੱਚ ਰਹਿ ਕੇ 20 ਅਕਤੂਬਰ 1931 ਨੂੰ ਰਿਹਾਅ ਹੋਇਆ। ਇਸ ਦੌਰਾਨ ਹੀ ਆਪ ਦੀ ਸ਼ਹੀਦ ਭਗਤ ਸਿੰਘ ਨਾਲ ਮੁਲਾਕਾਤ ਸੰਨ 1929 ਵਿੱਚ ਹੋਈ। ਸ਼ਹੀਦ ਭਗਤ ਸਿੰਘ ਨੇ ਉਸ ਵੇਲੇ ਅੰਗਰੇਜ਼ ਸਰਕਾਰ ਵਿਰੁੱਧ ਕੇਂਦਰੀ ਜ਼ੇਲ ਲਾਹੌਰ ਵਿੱਚ ਭੁੱਖ ਹੜਤਾਲ ਰੱਖੀ ਹੋਈ ਸੀ। ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਤਾਂ ਉਸ ਸਮੇਂ ਊਧਮ ਸਿੰਘ ਜ਼ੇਲ ਵਿੱਚ ਸੀ। ਸੰਨ 1931 ਵਿੱਚ ਆਪਣੀ ਸ਼ਜਾ ਪੂਰੀ ਕਰ ਜਦੋਂ ਊਧਮ ਸਿੰਘ ਜ਼ੇਲ੍ਹ ਵਿੱਚੋਂ ਬਾਹਰ ਆਇਆ ਤਾਂ ਉਹ ਸੁਨਾਮ ਜਾ ਕੇ ਰਹਿਣ ਲੱਗਾ, ਪਰ ਸੁਨਾਮ ਦੀ ਪੁਲਿਸ ਦੁਆਰਾ ਊਧਮ ਸਿੰਘ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ। ਊਧਮ ਸਿੰਘ ਦੁਬਾਰਾ ਅੰਮ੍ਰਿਤਸਰ ਆ ਕੇ ਰਹਿਣ ਲੱਗਾ ਜਿੱਥੇ ਉਸਨੇ ਪੇਂਟਰ ਦੀ ਦੁਕਾਨ ਖੋਲੀ। ਇਸ ਦੁਕਾਨ ਦਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ। ਇਹ ਨਾਮ ਊਧਮ ਸਿੰਘ ਦੁਆਰਾ ਧਰਮ-ਨਿਰਪੱਖ ਅਤੇ ਅਗਾਂਹਵਧੂ ਸੋਚ ਦਾ ਪ੍ਰਤੀਕ ਸੀ। ਅੰਮ੍ਰਿਤਸਰ ਤੋਂ ਬਾਅਦ ਕੁਝ ਦੇਰ ਕਸ਼ਮੀਰ ਵਿੱਚ ਰਹਿਣ ਤੋਂ ਪਿੱਛੋਂ ਊਧਮ ਸਿੰਘ ਘੁੰਮਦਾ-ਘੁਮਾਉਂਦਾ ਇੰਗਲੈਂਡ ਪਹੁੰਚ ਗਿਆ। ਇੰਗਲੈਂਡ ਪਹੁੰਚਣ ਤੱਕ ਜ਼ਲਿਆਂ ਵਾਲਾ ਬਾਗ ਦੇ ਸਾਕੇ ਦੀ ਚਿੰਗਆੜੀ ਇੱਕ ਭਿਆਨਕ ਅੱਗ ਬਣ ਚੁੱਕੀ ਸੀ। ਸ਼ਹੀਦ ਊਧਮ ਸਿੰਘ ਨੇ ਅਪਣਾ ਬਦਲਾ ਲੈਣ ਲਈ ਯੋਜਨਾ ਬਣਾਈੇ ਅਤੇ ਸਵਿਟਜਰਲੈਂਡ, ਜਰਮਨੀ, ਫਰਾਂਸ, ਹਾਲੈਂਡ ਆਦਿ ਹੁੰਦੇ ਹੋਏ ਆਖਿਰ 1934 ਵਿੱਚ ਲੰਡਨ ਪਹੁੰਚ ਗਿਆ। ਉਥੇ ਉਸਨੇ ਇੱਕ ਕਾਰ ਅਤੇ ਰਿਵਾਲਵਰ ਖ੍ਰੀਦਿਆ। ਉਸਨੇ ਇੱਕ ਕਿਤਾਬ ਨੂੰ ਕੱਟਕੇ ਉਸ ਵਿੱਚ ਅਪਣਾ ਰਿਵਾਲਵਰ ਲੁਕਾ ਲਿਆ। ਆਖਿਰਕਾਰ 13 ਮਾਰਚ 1940 ਨੂੰ ਉਹ ਦਿਨ ਆ ਗਿਆ। ਜਿਸਦੀ ਊਧਮ ਸਿੰਘ ਉਡੀਕ ਕਰ ਰਿਹਾ ਸੀ। 13 ਮਾਰਚ 1940 ਨੂੰ ਸ਼ਾਮ ਦੇ 4:30 ਵਜੇ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ। ਇਸ ਮੀਟਿੰਗ ਵਿੱਚ ਊਧਮ ਸਿੰਘ ਭੇਸ ਬਦਲ ਕੇ ਆਪਣੇ ਨਾਲ ਰਿਵਾਲਵਰ ਲਿਜਾਣ ਵਿੱਚ ਸਫਲ ਹੋਇਆ। ਜਦੋਂ ਸਰ ਮਾਈਕਲ ਉਡਵਾਇਰ ਜੋ ਜ਼ਲਿਆਵਾਲੇ ਬਾਗ ਦੇ ਸਾਕੇ ਦੌਰਾਨ ਪੰਜਾਬ ਦਾ ਗਵਰਨਰ ਸੀ ਮੀਟਿੰਗ ਨੂੰ ਸੰਬੋਧਨ ਕਰਨ ਲੱਗਾ ਤਾਂ ਊਧਮ ਸਿੰਘ ਨੇ ਆਪਣੇ ਰਿਵਾਲਵਰ ਵਿਚਲੀਆਂ ਛੇ ਗੋਲੀਆਂ ਉਸ ਉਪਰ ਦਾਗ ਦਿੱਤੀਆਂ। ਗੋਲੀਆਂ ਲੱਗਣ ਕਾਰਨ ਸਰ ਮਾਈਕਲ ਉਡਵਾਇਰ ਜ਼ਮੀਨ ਤੇ ਡਿੱਗ ਪਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਲਾਰਡ ਜੈਂਟਲੈਂਡ ਜੋ ਭਾਰਤ ਦਾ ਸੈਕਟਰੀ ਸੀ ਗੋਲੀਆਂ ਲੱਗਣ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸਤੋਂ ਬਾਦ ਸ਼ਹੀਦ ਊਧਮ ਸਿੰਘ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਮੌਕੇ ਤੇ ਹੀ ਗ੍ਰਿਫਤਾਰ ਹੋ ਗਿਆ। ਗ੍ਰਿਫਤਾਰੀ ਸਮੇਂ ਊਧਮ ਸਿੰਘ ਨੇ ਕਿਹਾ ਕਿ ਉਸਨੇ ਆਪਣੇ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ। ਜਦੋਂ ਉਸ ਕੋਲੋਂ ਉਸਦਾ ਨਾਮ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ। ਸ਼ਹੀਦ ਊਧਮ ਸਿੰਘ ਵੱਲੋਂ ਸਰ ਮਾਈਕਲ ਉਡਵਾਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਲੰਡਨ ਤੋਂ ਪ੍ਰਕਾਸ਼ਿਤ ਅਖਬਾਰ 'ਦੀ ਟਾਈਮਜ਼ ਆਫ ਲੰਡਨ' ਵਿੱਚ ਸ਼ਹੀਦ ਊਧਮ ਸਿੰਘ ਨੂੰ 'ਆਜ਼ਾਦੀ ਦਾ ਲੜਾਕਾ' ਅਤੇ ਉਸਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ ਗਿਆ। ਜਰਮਨੀ ਦੇ ਰੇਡਿਓ ਤੋਂ ਵਾਰ-ਵਾਰ ਇਹੀ ਕਿਹਾ ਗਿਆ ਕਿ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੀ ਮਾਫ ਨਹੀਂ ਕਰਦੇ, ਉਹ ਵੀਹ ਸਾਲ ਦੇ ਲੰਮੇ ਵਕਫੇ ਤੋਂ ਬਾਅਦ ਵੀ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ। ਉਸ ਵੇਲੇ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸਦੀ ਨਿੰਦਾ ਕੀਤੀ। ਸੁਭਾਸ਼ ਚੰਦਰ ਬੋਸ ਦੁਆਰਾ ਊਧਮ ਸਿੰਘ ਦੇ ਇਸ ਕਾਰਨਾਮੇ ਦੀ ਪ੍ਰਸੰਸ਼ਾਂ ਕੀਤੀ ਗਈ। ਪਹਿਲੀ ਅਪ੍ਰੈਲ 1940 ਨੂੰ ਊਧਮ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ। ਮਾਈਕਲ ਉਡਵਾਇਰ ਦੇ ਕਤਲ ਲਈ ਉਸਨੂੰ ਦੋਸ਼ੀ ਠਹਿਰਾਇਆ ਗਿਆ। 4 ਜੂਨ 1940 ਸੈਂਟਰਲ ਕਰਿਮੀਨਲ ਕੋਰਟ, ਓਲਡ ਬੈਲੇ ਵਿੱਚ ਜਸਟਿਸ ਐਂਟਕਨਸਨ ਦੇ ਸਾਹਮਣੇ ਊਧਮ ਸਿੰਘ ਨੇ ਆਪਣੇ ਜੁਰਮ ਦਾ ਇਕਬਾਲ ਕੀਤਾ। ਜੱਜ ਦੁਆਰਾ ਮਾਈਕਲ ਉਡਵਾਇਰ ਦੇ ਕਤਲ ਦਾ ਕਾਰਨ ਪੁੱਛਣ ਤੇ ਊਧਮ ਸਿੰਘ ਨੇ ਜਵਾਬ ਦਿੱਤਾ ਕਿ ਉਹ ਸਾਡੇ ਦੇਸ਼ ਦਾ ਪੁਰਾਣਾ ਦੁਸ਼ਮਣ ਸੀ ਅਤੇ ਇਸ ਸਜ਼ਾ ਦਾ ਹੱਕਦਾਰ ਸੀ। ਇਸ ਪਿਛੋਂ ਜੱਜ ਨੇ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਅੱਜ ਦੇ ਦਿਨ 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੈਟੋਨਵਿਲੇ ਜ਼ੇਲ•  ਲੰਡਨ ਵਿੱਚ ਫਾਂਸੀ ਦੇ ਦਿੱਤੀ ਗਈ ਅਤੇ ਉਸਦੀ ਮ੍ਰਿਤਕ ਦੇਹ ਨੂੰ ਜ਼ੇਲ੍ਹ ਦੇ ਅੰਦਰ ਹੀ ਦਬਾ ਦਿੱਤਾ ਗਿਆ। 31 ਜੁਲਾਈ 1974 ਨੂੰ ਇੰਗਲੈਂਡ ਨੇ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਨੂੰ ਸੌਂਪ ਦਿੱਤੀਆਂ। ਬੇਸ਼ੱਕ ਪੰਜਾਬ ਦਾ ਇਹ ਮਹਾਨ ਸਪੂਤ 31 ਜੁਲਾਈ 1940 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ, ਪਰ ਉਸਦੀ ਯਾਦ ਹਮੇਸ਼ਾਂ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਉਸਨੂੰ ਜੀਉਂਦਾ ਰੱਖੇਗੀ ਅਤੇ ਉਸਦੀ ਸ਼ਹੀਦੀ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਣਾ ਸ੍ਰੋਤ ਰਹੇਗੀ।    

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾਂ ਰੂਪਨਗਰ ਪੰਜਾਬ
9417563054 E
mail: kuldipnangal0gmail,com