01 ਅਕਤੂਬਰ, 2015 ਲਈ ਅੰਤਰਰਾਸ਼ਟਰੀ ਬਜੁਰਗ ਦਿਵਸ ਸਬੰਧੀ ਵਿਸ਼ੇਸ਼।  

ਪਰਿਵਾਰਾਂ ਅਤੇ ਸਰਕਾਰਾਂ ਦੀ ਲਾਪਰਵਾਹੀ ਕਾਰਨ ਬਜੁਰਗ ਹੋ ਰਹੇ ਹਨ ਲਾਚਾਰ।

29 ਸਤੰਬਰ, 2015 (ਕੁਲਦੀਪ  ਚੰਦ) ਬੁਢਾਪਾ ਮਨੁਖੀ ਜੀਵਨ ਦਾ ਅਨਿਖੜਵਾਂ ਭਾਗ ਹੈ।  ਇਹ ਵੀ ਇੱਕ ਕੌੜਾ ਸੱਚ ਹੈ ਕਿ ਹਰ ਮਨੁੱਖ ਲੰਬੀ ਉਮਰ ਤਾਂ ਜੀਉਣੀ ਚਾਹੁੰਦਾ ਹੈ ਪਰ ਬੁੱਢਾ ਨਹੀਂ ਹੋਣਾ ਚਾਹੁੰਦਾ ਹੈ। ਬੁਢਾਪੇ ਨੂੰ ਲੈਕੇ ਫੈਲਿਆ ਡਰ ਅਧੁਨਿਕਤਾ ਦੀ ਹੀ ਦੇਣ ਹੈ। ਪਹਿਲਾਂ ਬਜ਼ੁਰਗਾਂ ਨੂੰ ਪਰਿਵਾਰ ਅਤੇ ਸਮਾਜ ਵਿੱਚ ਬਹੁਤ ਹੀ ਮਹੱਤਵ ਦਿੱਤਾ ਜਾਂਦਾ ਸੀ। ਅੱਜ ਵੀ ਦੇਸ਼ ਵਿੱਚ ਸਰਵਣ ਵਰਗੇ ਪੁੱਤਰ ਦੀਆਂ ਉਦਾਹਰਣਾ ਇਸ ਕਾਰਨ ਹੀ ਦਿਤੀਆਂ ਜਾਂਦੀਆਂ ਹਨ ਕਿ ਉਸਨੇ ਅਪਣੇ ਅੰਨੇ ਮਾਂ-ਪਿਉ ਜੋ ਕਿ ਅੱਖਾਂ ਤੋਂ ਅੰਨੇ ਸਨ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਵੱਖ ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਸੀ। ਪਹਿਲਾਂ ਸੰਯੁਕਤ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚ ਕਮਜੋਰ ਵਰਗਾਂ ਅੰਗਹੀਣਾਂ, ਵਿਧਵਾਵਾਂ, ਬਜ਼ੁਰਗਾਂ ਆਦਿ ਦੀ ਪੂਰੀ ਸੰਭਾਲ ਕੀਤੀ ਜਾਂਦੀ ਸੀ ਅਤੇ ਇਨ੍ਹਾਂ ਨੂੰ ਕਦੇ ਵੀ ਲਾਚਾਰ ਅਤੇ ਬੇਸਹਾਰਾ ਹੋਣ ਦਾ ਅਹਿਸਾਸ ਨਹੀਂ ਹੁੰਦਾ ਸੀ। ਉਸ ਵੇਲੇ ਬਜ਼ੁਰਗਾਂ ਨੂੰ ਅਨੁਭਵੀ ਅਧਿਆਪਕ ਦੇ ਤੋਰ ਤੇ ਸਮਝਿਆ ਜਾਂਦਾ ਸੀ ਅਤੇ ਉਨ੍ਹਾਂ ਦੇ ਜੀਵਨ ਦੇ ਤਜ਼ਰਵੇ ਅਕਸਰ ਸਾਂਝੇ ਕੀਤੇ ਜਾਂਦੇ ਸਨ। ਘਰ-ਪਰਿਵਾਰ ਵਿੱਚ ਹੋਣ ਵਾਲੇ ਹਰ ਸਮਾਗਮ ਵਿੱਚ ਬਜ਼ੁਰਗਾਂ ਦੀ ਸਲਾਹ ਲਈ ਜਾਂਦੀ ਸੀ। ਸਮੇਂ ਦੇ ਅਨੁਸਾਰ ਸੰਸਕ੍ਰਿਤੀ ਵਿੱਚ ਬਦਲਾਓ ਆ ਰਿਹਾ ਹੈ ਹੁਣ ਸਮਾਜ ਵਿੱਚ ਇੱਕਲੇ ਪਰਿਵਾਰਾਂ ਦੀ ਪ੍ਰਥਾ ਵਧ ਰਹੀ ਹੈ ਅਤੇ ਇਨ੍ਹਾਂ ਪਰਿਵਾਰਾਂ ਵਿੱਚ ਪਤੀ-ਪਤਨੀ ਅਪਣੇ ਅਣਵਿਆਹੇ ਬੱਚਿਆਂ ਨਾਲ ਅਪਣੇ ਮਾਂ-ਪਿਓ ਤੋਂ ਅਲੱਗ ਦੂਰ ਦੁਰਾਡੇ ਰਹਿ ਰਹੇ ਹਨ। ਉਦਯੋਗੀਕਰਣ ਅਤੇ ਸ਼ਹਿਰੀਕਰਣ ਕਾਰਨ ਅੱਜ ਬਜ਼ੁਰਗਾਂ ਦੀ ਸਹੀ ਦੇਖਭਾਲ਼ ਨਹੀਂ ਹੋ ਰਹੀ ਹੈ।  ਪ੍ਰਾਪਤ ਅੰਕੜਿਆਂ ਅਨੁਸਾਰ ਪੂਰੇ ਸੰਸਾਰ ਵਿੱਚ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਅਬਾਦੀ ਸਾਲ 2002 ਅਨੁਸਾਰ ਲੱਗਭੱਗ 12 ਫੀਸਦੀ ਸੀ ਅਤੇ ਭਾਰਤ ਵਿੱਚ 08 ਫੀਸਦੀ ਸੀ ਜੋਕਿ 2050 ਤੱਕ ਸੰਸਾਰ ਅਤੇ ਭਾਰਤ ਵਿੱਚ 21 ਫੀਸਦੀ ਹੋਣ ਦੀ ਸੰਭਾਵਨਾ ਹੈ। ਇਸੇ ਤਰਾਂ 80 ਸਾਲ ਤੋਂ ਵੱਧ ਉਮਰ ਦੇ ਅਤਿ ਬਜ਼ੁਰਗਾਂ ਦੀ ਅਬਾਦੀ ਸੰਸਾਰ ਵਿੱਚ 2002 ਵਿੱਚ 12 ਫੀਸਦੀ ਸੀ ਅਤੇ ਭਾਰਤ ਵਿੱਚ 08 ਫੀਸਦੀ ਸੀ ਜੋਕਿ 2050 ਤੱਕ ਪੂਰੇ ਸੰਸਾਰ ਵਿੱਚ 19 ਫੀਸਦੀ ਅਤੇ ਭਾਰਤ ਵਿੱਚ 15 ਫੀਸਦੀ ਹੋਣ ਦੀ ਸੰਭਾਵਨਾ ਹੈ। ਵੱਖ ਵੱਖ ਸੰਗਠਨਾਂ ਵਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2002 ਵਿੱਚ ਲੱਗਭੱਗ 81 ਮਿਲੀਅਨ ਬਜ਼ੁਰਗਾਂ ਦੀ ਅਬਾਦੀ ਸੀ ਜੋਕਿ 2050 ਵਿੱਚ 324 ਮਿਲੀਅਨ ਤੱਕ ਪਹੁੰਚ ਜਾਵੇਗੀ। ਇਨ੍ਹਾਂ ਵਿੱਚੋਂ 75 ਫੀਸਦੀ ਬਜ਼ੁਰਗ ਪੇਂਡੂ ਇਲਾਕਿਆਂ ਵਿੱਚ ਰਹਿੰਦੇ ਹਨ ਅਤੇ ਲੱਗਭੱਗ ਤੀਜਾ ਹਿੱਸਾ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। 60 ਸਾਲ ਦੀ ਉਮਰ ਤੋਂ ਵੱਧ ਦੀਆਂ 58 ਫੀਸਦੀ ਮਹਿਲਾਵਾਂ ਵਿਧਵਾਂ, ਇਕੱਲੀਆਂ ਅਤੇ ਤਲਾਕਸ਼ੁਦਾ ਹਨ। ਸਾਲ 2000 ਦੇ ਅੰਕੜਿਆਂ ਅਨੁਸਾਰ 70.3 ਫੀਸਦੀ ਬਜ਼ੁਰਗ ਅਨਪੜ੍ਹ ਸਨ। 65 ਸਾਲ ਤੋਂ ਵੱਧ ਦੀ ਉਮਰ ਦੇ 32 ਫੀਸਦੀ ਬਜ਼ੁਰਗ ਵੱਖ ਵੱਖ ਤਰਾਂ ਦੇ ਕੰਮ ਕਰਦੇ ਹਨ ਅਤੇ ਇਨ੍ਹਾਂ ਵਿੱਚੋਂ 90 ਫੀਸਦੀ ਬਜ਼ੁਰਗ ਅਸੰਗਠਿਤ ਖੇਤਰਾਂ ਵਿੱਚ ਕੰਮ ਕਰਦੇ ਹਨ ਜਿਹਨਾਂ ਨੂੰ ਨਾ ਕੋਈ ਪੈਨਸ਼ਨ ਮਿਲਦੀ ਹੈ ਅਤੇ ਨਾ ਹੀ ਕੋਈ ਪ੍ਰੋਵੀਡੈਂਟ ਫੰਡ ਮਿਲਦਾ ਹੈ। ਸਾਡੇ ਦੇਸ਼ ਵਿੱਚ ਸਾਲ 2004-05 ਵਿੱਚ ਬਜ਼ੁਰਗਾਂ ਲਈ 18.79 ਕਰੋੜ ਰੁਪਏ ਰੱਖੇ ਗਏ ਸਨ। ਸਾਡੇ ਗੁਆਂਢੀ ਮੁਲਕ ਚੀਨ ਵਿੱਚ ਬਜ਼ੁਰਗਾਂ ਲਈ ਇੱਕ ਅਲੱਗ ਵਿਭਾਗ ਬਣਾਇਆ ਗਿਆ ਹੈ। ਇੱਕ ਅਨੁਮਾਨ ਮੁਤਾਬਿਕ ਸਾਲ 2020 ਤੱਕ ਵਿਸ਼ਵ ਦੇ 75 ਫੀਸਦੀ ਬਜ਼ੁਰਗਾਂ ਦੀ ਮੌਤ ਹੋ ਜਾਵੇਗੀ ਅਤੇ ਸਾਡੇ ਦੇਸ਼ ਵਿੱਚ ਵਿਸ਼ਵ ਦੇ 16 ਫੀਸਦੀ ਬਜ਼ੁਰਗ ਹੋਣਗੇ। ਉਮਰ ਵੱਧਣ ਦੇ ਨਾਲ-ਨਾਲ ਅੱਖਾਂ ਦੀ ਰੌਸ਼ਨੀ ਘੱਟਦੀ ਜਾਂਦੀ ਹੈ ਅਤੇ ਕਈ ਸ਼ਰੀਰਕ ਅਤੇ ਮਾਨਸਿਕ ਸਮੱਸਿਆਵਾਂ ਵੱਧ ਜਾਂਦੀਆਂ ਹਨ। ਦੇਸ਼ ਦੇ 8.1 ਮਿਲੀਅਨ ਬਜੁਰਗ ਅੱਖਾਂ ਦੀ ਰੋਸ਼ਨੀ ਦੀ ਘਾਟ ਤੋਂ ਪੀੜ੍ਹਿਤ ਹਨ, 10 ਫੀਸਦੀ ਬਜ਼ੁਰਗ ਤਨਾਅ ਤੋਂ ਪੀੜਿਤ ਹਨ ਅਤੇ 40-50 ਫੀਸਦੀ ਬਜ਼ੁਰਗਾਂ ਨੂੰ ਇਲਾਜ ਦੀ ਸਖੱਤ ਲੋੜ ਹੈ। ਦੇਸ਼ ਦੇ 70 ਫੀਸਦੀ ਬਜ਼ੁਰਗ ਆਪਣੇ ਰੋਜ਼ ਦੇ ਕੰਮਾਂ ਲਈ ਦੂਸਰਿਆਂ ਤੇ ਨਿਰਭਰ ਹਨ। 85 ਤੋਂ 87 ਫੀਸਦੀ ਬਜ਼ੁਰਗ ਮਹਿਲਾਵਾਂ ਪੈਸੇ ਲਈ ਦੂਸਰਿਆਂ ਤੇ ਨਿਰਭਰ ਹਨ। ਪੇਂਡੂ ਇਲਾਕੇ ਦੇ 79 ਫੀਸਦੀ ਅਤੇ ਸ਼ਹਿਰੀ ਇਲਾਕੇ ਦੇ 35 ਫੀਸਦੀ ਬਜ਼ੁਰਗ ਮਜ਼ਦੂਰੀ ਜਾਂ ਹੋਰ ਕੋਈ ਕੰਮ ਕਰਦੇ ਹਨ। ਜ਼ਿਆਦਾਤਰ ਬਜ਼ੁਰਗਾਂ ਲਈ ਕੋਈ ਵੀ ਆਰਥਿਕ ਸੁਰੱਖਿਆ ਨਹੀਂ ਹੈ। ਦੇਸ਼ ਵਿੱਚ ਬਜੁਰਗਾਂ ਦੀ ਲਾਚਾਰਤਾ ਨੂੰ ਵੇਖਦੇ ਹੋਏ ਸਰਕਾਰ ਵਲੋਂ ਬੇਸ਼ੱਕ ਕਈ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਲਾਚਾਰ ਅਤੇ ਬੇਸਹਾਰਾ ਬਜੁਰਗਾਂ ਨੂੰ ਦਿਤੀ ਜਾਣ ਵਾਲੀ ਆਰਥਿਕ ਸਹਾਇਤਾ ਹੈ ਜਿਸ ਅਨੁਸਾਰ 65 ਸਾਲ ਤੋਂ ਵੱਧ ਪੁਰਸ਼ ਅਤੇ 60 ਸਾਲ ਤੋਂ ਵੱਧ ਮਹਿਲਾ ਨੂੰ ਸਰਕਾਰ ਵਲੋਂ ਬੁਢਾਪਾ ਪੈਨਸ਼ਨ ਦਿਤੀ ਜਾਂਦੀ ਹੈ ਜਿਸ ਵਿੱਚ ਸਮੇਂ-ਸਮੇਂ ਤੇ ਵਾਧਾ ਕੀਤਾ ਜਾਂਦਾ ਹੈ। ਸਰਕਾਰ ਵਲੋਂ 1998 ਵਿੱਚ ਬਜੁਰਗਾਂ ਲਈ ਰਾਸ਼ਟਰੀ ਪਾਲਿਸੀ ਬਣਾਈ ਗਈ। ਪੰਜਾਬ ਸਰਕਾਰ ਵਲੋਂ ਜੁਲਾਈ 2008 ਵਿੱਚ 'ਦਾ ਮੈਂਟੀਨੈਂਸ ਆਫ ਪੇਰੈਂਟਸ ਐਂਡ ਸਿਨੀਅਰ ਸਿਟੀਜਨਜ ਵੈਲਫੇਅਰ ਐਕਟ, 2007' ਅਡਾਪਟ ਕੀਤਾ ਗਿਆ ਹੈ ਅਤੇ ਇਸ ਐਕਟ ਤੇ ਕਾਰਵਾਈ ਕਰਦਿਆਂ ਐਸ ਡੀ ਐਮ ਜਲੰਧਰ ਨੇ ਇੱਕ ਫੈਸਲਾ ਕਰਕੇ ਜਲੰਧਰ ਦੇ ਇੱਕ ਵਸਨੀਕ ਕੰਵਲਜੀਤ ਸਿੰਘ ਨੂੰ ਅਪਣੀ ਮਾਂ ਨੂੰ ਹਰ ਮਹੀਨੇ 10000/- ਰੁਪਏ ਖਰਚਾ ਭੱਤਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਵਲੋਂ ਸਾਲ 2010-11 ਵਿੱਚ ਬਜ਼ੁਰਗਾਂ ਦੀ ਭਲਾਈ ਲਈ 44600/- ਲੱਖ ਰੁਪਏ ਸੈਂਕਸ਼ਨ ਕੀਤੇ ਗਏ ਸਨ ਜਿਸ ਵਿਚੋਂ 44534.36 ਲੱਖ ਰੁਪਏ ਖਰਚੇ ਗਏ ਹਨ। ਇਸੇ ਤਰਾਂ ਹੀ ਪੰਜਾਬ ਸਰਕਾਰ ਵਲੋਂ ਬਜ਼ੁਰਗ ਦਿਵਸ ਮਨਾਉਣ ਲਈ 25.90 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਸੀ ਪਰ ਸਿਰਫ 10 ਲੱਖ ਹੀ ਜਾਰੀ ਕੀਤੇ ਗਏ ਅਤੇ ਖਰਚੇ ਗਏ ਹਨ। ਇਸੇ ਤਰਾਂ ਹੀ ਜਿਲ੍ਹਾ ਪੱਧਰ ਲਈ 4096.46 ਲੱਖ ਰੁਪਏ ਮੰਨਜੂਰ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਸਿਰਫ 3222.04 ਲੱਖ ਰੁਪਏ ਹੀ ਜਾਰੀ ਕੀਤੇ ਗਏ ਹਨ। ਪੰਜਾਬ ਵਿੱਚ ਲੱਗਭੱਗ 850412 ਬਜ਼ੁਰਗ ਬੁਢਾਪਾ ਪੈਨਸ਼ਨ ਲੈ ਰਹੇ ਹਨ। ਸਰਕਾਰ ਵਲੋਂ  ਹਰ ਸਾਲ 01 ਅਕਤੂਬਰ ਨੂੰ ਬਜ਼ੁਰਗ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਵੱਡੇ ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਪੰਜਾਬ ਸਰਕਾਰ  ਜਿਸਦੀ ਅਗਵਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਿ ਖੁਦ ਇੱਕ ਬਜੁਰਗ ਹਨ ਤੋਂ ਪੰਜਾਬ ਰਾਜ ਦੇ ਬਜੁਰਗਾਂ ਨੂੰ ਵਿਸ਼ੇਸ ਉਮੀਦਾਂ ਹਨ ਪਰ ਸਰਕਾਰ ਇਨ੍ਹਾਂ ਉਮੀਦਾਂ ਤੇ ਪੂਰੀ ਨਹੀਂ ਉਤਰੀ ਹੈ ਅਤੇ ਅੱਜ ਵੀ ਸੈਂਕੜੇ ਬਜ਼ੁਰਗ ਲਾਚਾਰ ਅਤੇ ਲਾਵਾਰਿਸ ਹਨ। ਅਜਿਹੇ ਲਾਚਾਰ ਬਜ਼ੁਰਗ ਸਰਕਾਰੀ ਸਹਾਇਤਾ ਲੈਣ ਲਈ ਸਰਕਾਰੀ ਦਫਤਰਾਂ ਦੇ ਧੱਕੇ ਖਾ ਰਹੇ ਹਨ ਅਤੇ ਦਫਤਰਾਂ ਦੇ ਬਾਬੂ ਅਤੇ ਅਧਿਕਾਰੀ ਕੋਈ ਰਸਤਾ ਨਹੀਂ ਵਿਖਾ ਰਹੇ ਹਨ। ਸਰਕਾਰ ਵਲੋਂ ਬਜ਼ੁਰਗਾਂ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਹਰ ਦਫਤਰ ਅਤੇ ਹਸਪਤਾਲਾਂ ਵਿੱਚ ਵੱਖ ਲਾਇਨਾਂ ਦਾ ਪ੍ਰਬੰਧ ਕਰਨ ਲਈ ਹੁਕਮ ਜਾਰੀ ਕੀਤੇ ਹਨ ਪਰੰਤੂ ਬਹੁਤੀ ਥਾਵਾਂ ਤੇ ਇਨਾਂ ਹੁਕਮਾਂ ਦੀ ਪਾਲਣਾ ਵੀ ਨਹੀਂ ਹੋ ਰਹੀ ਹੈ। ਸਰਕਾਰੀ ਹਸਪਤਾਲਾਂ ਵਿੱਚ ਅਪਣੇ ਇਲਾਜ ਲਈ ਪਹੁੰਚੇ ਅਜਿਹੇ ਬਜ਼ੁਰਗ ਲੰਬੀਆਂ ਲਾਇਨਾਂ ਵਿੱਚ  ਖੜਕੇ ਅਪਣੀ ਵਾਰੀ ਦਾ ਇੰਤਜਾਰ ਕਰਦੇ ਰਹਿੰਦੇ ਹਨ। ਸਰਕਾਰ ਵਲੋਂ ਬਜ਼ੁਰਗਾਂ ਲਈ ਬੱਸ ਸਫਰ, ਰੇਲ ਗੱਡੀ ਸਫਰ, ਜਹਾਜ ਦੇ ਸਫਰ ਵਿੱਚ ਵਿਸ਼ੇਸ਼ ਰਿਆਇਤ ਦਿਤੀ ਜਾਂਦੀ ਹੈ ਪਰੰਤੂ ਇਸ ਸਹੂਲਤ ਦਾ ਲਾਭ ਵੀ ਆਮ ਬਜ਼ੁਰਗਾਂ ਤੱਕ ਨਹੀਂ ਪਹੁੰਚਦਾ ਹੈ। ਆਰ ਬੀ ਆਈ ਵਲੋਂ ਬਜ਼ੁਰਗਾਂ ਵਾਸਤੇ ਬੈਂਕਾਂ ਵਿੱਚ ਜਮ੍ਹਾ ਰਾਸ਼ੀ ਲਈ ਵੱਧ ਵਿਆਜ਼ ਦਰਾਂ ਦਿਤੀਆਂ ਜਾਂਦੀਆਂ ਹਨ। ਸਰਕਾਰ ਵਲੋਂ ਲਾਚਾਰ ਅਤੇ ਬੇਸਹਾਰਾ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਬਿਰਧ ਆਸ਼ਰਮ ਖੋਲੇ ਜਾ ਰਹੇ ਹਨ ਪਰੰਤੂ ਇਨ੍ਹਾਂ ਬਿਰਧ ਆਸ਼ਰਮਾਂ ਵਿੱਚ ਪ੍ਰਬੰਧਕਾ ਅਤੇ ਸਰਕਾਰੀ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਅਕਸਰ ਬਜ਼ੁਰਗ ਪ੍ਰੇਸ਼ਾਨ ਹੀ ਰਹਿੰਦੇ ਹਨ। ਬਜ਼ੁਰਗਾਂ ਦੀ ਮਹੱਤਤਾ ਅਤੇ ਸਮਾਜ ਵਿੱਚ ਬਣਦਾ ਮਾਣ ਸਨਮਾਨ ਨਾਂ ਮਿਲਣ ਕਾਰਨ ਮਿਤੀ 14 ਦਸੰਬਰ, 1990 ਨੂੰ ਸੰਯੁਕਤ ਰਾਸ਼ਟਰ ਸੰਗਠਨ ਦੀ ਜਨਰਲ ਅਸੈਂਬਲੀ ਨੇ ਅਪਣੇ ਮਤਾ ਨੰਬਰ 45/106 ਦੁਆਰਾ ਹਰ ਸਾਲ 01 ਅਕਤੂਬਰ ਦਾ ਦਿਨ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ। 01 ਅਕਤੂਬਰ 1991 ਨੂੰ ਪਹਿਲੀ ਵਾਰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਗਿਆ ਅਤੇ ਉਸਤੋਂ ਬਾਦ ਹਰ ਸਾਲ 01 ਅਕਤੂਬਰ ਦਾ ਦਿਹਾੜਾ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਵਜੋਂ ਮਨਾਇਆ ਜਾਂਦਾ ਹੈ। ਵਿਸ਼ਵ ਦੇ ਵੱਖ ਵੱਖ ਭਾਗਾਂ ਵਿੱਚ ਇਸ ਦਿਨ ਵਿਸ਼ੇਸ਼ ਤੋਰ ਤੇ ਬਜ਼ੁਰਗਾਂ ਨੂੰ ਸਮਰਪਿਤ ਸਮਾਗਮ ਕਰਵਾਏ ਜਾਂਦੇ ਹਨ ਅਤੇ ਬਜ਼ੁਰਗਾਂ ਦੀਆਂ ਸਮਸਿਆਵਾਂ ਅਤੇ ਇਨ੍ਹਾਂ ਸਮਸਿਆਵਾਂ ਦੇ ਹੱਲ ਸਬੰਧੀ ਵਿਚਾਰ ਵਟਾਦਰਾ ਕੀਤਾ ਜਾਂਦਾ ਹੈ। ਸਰਕਾਰੀ ਨੋਕਰੀ ਤੋਂ ਰਿਟਾਇਰ ਹੋਏ ਬੁਜ਼ੁਰਗ ਕਾਫੀ ਹੱਦ ਤੱਕ ਪੈਨਸ਼ਨ ਮਿਲਣ ਕਾਰਨ ਅਪਣੇ ਘਰਾਂ ਵਿੱਚ ਸੁਰਖਿੱਅਤ ਹੀ ਰਹਿੰਦੇ ਹਨ ਪਰੰਤੂ ਜਿਨ੍ਹਾਂ ਬਜ਼ੁਰਗਾਂ ਪਾਸ ਆਮਦਨ ਦੇ ਕੋਈ ਸਾਧਨ ਨਹੀਂ ਹਨ ਅਤੇ ਅਪਣੀਆਂ ਹਰ ਤਰਾਂ ਦੀਆਂ ਜਰੂਰਤਾਂ ਲਈ ਅਪਣੇ ਬੱਚਿਆਂ ਤੇ ਨਿਰਭਰ ਰਹਿੰਦੇ ਹਨ ਨੂੰ ਵਿਸੇਸ਼ ਤੋਰ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਵਲੋਂ ਦਿਤੀ ਜਾ ਰਹੀ ਨਾਂਮਾਤਰ ਵਿੱਤੀ ਸਹਾਇਤਾ ਵੀ ਇਨ੍ਹਾਂ ਲਾਚਾਰ ਬਜ਼ੁਰਗਾਂ ਦੀਆਂ ਮੁਢਲੀਆਂ ਜਰੂਰਤਾਂ ਪੂਰੀਆਂ ਨਹੀਂ ਕਰਦੀ ਹੈ। ਵੱਡੇ ਵੱਡੇ ਸ਼ਹਿਰਾਂ ਵਿੱਚ ਬਣੇ ਬਿਰਧ ਆਸ਼ਰਮਾਂ ਵਿੱਚ ਰਹਿੰਦੇ ਬਜ਼ੁਰਗ ਸਾਡੇ ਸਮਾਜ ਦੀ ਬਜ਼ੁਰਗਾਂ ਪ੍ਰਤੀ ਲਾਪਰਵਾਹੀ ਦੀ ਤਸਵੀਰ ਪੇਸ਼ ਕਰਦੇ ਹਨ। ਕੁੱਝ ਸਮਾਜਿਕ ਸੰਸਥਾਵਾਂ ਨੇ ਬੇਸ਼ੱਕ ਅਜਿਹੇ ਬਜ਼ੁਰਗਾਂ ਦੀ ਦੇਖਭਾਲ ਦੀ ਜਿੰਮੇਬਾਰੀ ਚੁੱਕੀ ਹੋਈ ਹੈ ਪਰ ਸਰਕਾਰ ਦੀ ਲਾਪਰਵਾਹੀ ਕਾਰਨ ਮਾਨਸਿਕ ਪ੍ਰੇਸ਼ਾਨੀ ਅਜਿਹੇ ਬਜ਼ੁਰਗਾਂ ਦੇ ਮੱਥੇ ਤੋਂ ਝਲਕਦੀ ਹੈ। ਬੇਸ਼ੱਕ ਹਰ ਸਾਲ 01 ਅਕਤੂਬਰ ਨੂੰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਸਰਕਾਰ ਵਲੋਂ ਸਮਾਗਮ ਕਰਵਾਏ ਜਾਂਦੇ ਹਨ ਅਤੇ ਇਹਾਂ ਸਮਾਗਮਾਂ ਤੇ ਕਰੋੜਾਂ ਰੁਪਏ ਖਰਚੇ ਜਾਂਦੇ ਹਨ। ਇਨ੍ਹਾਂ ਸਮਾਗਮਾਂ ਵਿੱਚ ਬਜ਼ੁਰਗਾਂ ਦੀ ਭਲਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਬਜ਼ੁਰਗਾਂ ਦੀ ਦਿਨ ਪ੍ਰਤੀ ਦਿਨ ਹੋ ਰਹੀ ਲਾਚਾਰ ਸਥਿਤੀ ਸਰਕਾਰ ਵਲੋਂ ਕੀਤੇ ਜਾਂਦੇ ਦਾਅਵਿਆਂ ਦੀ ਪੋਲ ਖੋਲਦੀ ਹੈ। ਸਾਨੂੰ ਸਭਨੂੰ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਅਪਣੇ ਸਮਾਜ ਵਿੱਚ ਫਿਰ ਤੋਂ ਬਜ਼ੁਰਗਾਂ ਦਾ ਮਾਣ ਸਨਮਾਨ ਕਾਇਮ ਰੱਖ ਸਕੀਏ।  

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ (ਪੰਜਾਬ)
9417563054
5mail: kuldipnangal0gmail.com