ਕਰਵਾ ਚੋਥ ਮਹਿਲਾਵਾਂ ਦੀ ਗੁਲਾਮੀ ਵਾਲੀ ਮਾਨਸਿਕਤਾ ਦੀ ਨਿਸ਼ਾਨੀ ਤੋਂ ਵੱਧ ਕੁੱਝ ਨਹੀਂ ਹੈ।  
ਆਖਿਰ ਪਤੀ ਦੀ ਹੀ ਲੰਬੀ ਉਮਰ ਕਿਉਂ ਹੋਵੇ, ਪਤਨੀ ਦੀ ਕਿਉਂ ਨਹੀ ?

27 ਅਕਤੂਬਰ, 2015 (ਕੁਲਦੀਪ ਚੰਦ) ਅੱਜ ਦੇਸ਼ ਅਤੇ ਵਿਦੇਸ਼ ਦੇ ਕਈ ਇਲਾਕਿਆਂ ਵਿੱਚ ਬਹੁਤੀਆਂ ਮਹਿਲਾਵਾਂ ਵਿਸ਼ੇਸ਼ ਤੋਰ ਤੇ ਹਿੰਦੂ ਧਰਮ ਨੂੰ ਮੰਨਣ ਵਾਲੀਆਂ ਪਤਨੀਆਂ ਵਲੋਂ ਅਪਣੇ ਅਪਣੇ ਪਤੀ ਦੀ ਲੰਬੀ ਉਮਰ ਲਈ ਕਰਵਾ ਚੋਥ ਦਾ ਵਰਤ ਰੱਖਿਆ ਗਿਆ ਹੈ। ਕਿਸੇ ਵੇਲੇ ਇਹ ਵਰਤ ਸਿਰਫ ਵਿਆਹੁਤਾ ਸੁਹਾਗਣਾਂ ਹੀ ਰੱਖਦੀਆਂ ਸਨ ਪਰੰਤੂ ਪਿਛਲੇ ਕੁੱਝ ਸਾਲਾਂ ਤੋਂ ਕਈ ਕੁਆਰੀਆਂ ਲੜਕੀਆਂ ਵੀ ਇਹ ਵਰਤ ਰੱਖਦੀਆਂ ਵੇਖੀਆਂ ਜਾ ਰਹੀਆਂ ਹਨ। ਕਰਵਾ ਚੋਥ ਵਰਤ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਕਾਰਤਿਕ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਕਰਵਾ ਚੌਥ ਕਹਿੰਦੇ ਹਨ। ਇਸ ਵਿੱਚ ਗਣੇਸ਼ ਜੀ ਦੀ ਪੂਜਾ ਕਰਕੇ ਖੁਸ਼ ਕੀਤਾ ਜਾਂਦਾ ਹੈ ਅਤੇ ਇਸਦਾ ਵਿਧਾਨ ਚੇਤਰ ਦੀ ਚਤੁਰਥੀ ਵਿੱਚ ਲਿਖ ਦਿੱਤਾ ਹੈ। ਇਸਦੀ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਕਣਕ ਦਾ ਕਰੂਆ ਭਰ ਕੇ ਪੂਜਾ ਕੀਤੀ ਜਾਂਦੀ ਹੈ ਅਤੇ ਵਿਆਹੀਆਂ ਕੁੜੀਆਂ ਦੇ ਚੀਨੀ ਦੇ ਕਰੂਏ ਪੇਕੇ ਤੋਂ ਭੇਜੇ ਜਾਂਦੇ ਹਨ। ਇਸ ਸਬੰਧੀ ਸਭਤੋਂ ਵੱਧ ਪ੍ਰਚਲਿਤ ਇੱਕ ਕਹਾਣੀ ਜਿਸ ਅਨੁਸਾਰ ਇੱਕ ਸ਼ਾਹੂਕਾਰ ਦੇ ਸੱਤ ਲੜਕੇ ਅਤੇ ਇੱਕ ਲੜਕੀ ਜਿਸਦਾ ਨਾਮ ਕਰਵਾ ਸੀ। ਲੜਕੀ ਕਰਵਾ ਵਿਆਹੀ ਹੋਈ ਸੀ ਅਤੇ ਇੱਕ ਵਾਰ ਅਪਣੇ ਪੇਕੇ ਘਰ ਆਈ ਹੋਈ ਸੀ। ਉਸ ਸ਼ਾਹੂਕਾਰ ਦੀ ਪਤਨੀ, ਨੂੰਹਾ ਅਤੇ ਲੜਕੀ ਨੇ ਕਰਵਾ ਨੇ ਵਰਤ ਰੱਖਿਆ ਸੀ। ਰਾਤ ਨੂੰ ਸ਼ਾਹੂਕਾਰ ਦੇ ਲੜਕੇ ਭੋਜਨ ਕਰਨ ਲੱਗੇ ਤਾਂ ਉਹਨਾਂ ਨੇ ਆਪਣੀ ਭੈਣ ਨੂੰ ਭੋਜਨ ਕਰਨ ਲਈ ਕਿਹਾ। ਇਸ ਤੇ ਭੈਣ ਨੇ ਉਤੱਰ ਦਿੱਤਾ ਕਿ ਅਜੇ ਚੰਦਰਮਾ ਨਹੀਂ ਨਿਕਲਿਆ ਹੈ ਅਤੇ ਚੰਦਰਮਾ ਨਿਕਲਣ ਤੇ ਅਰਘ ਦੇਕੇ ਹੀ ਭੋਜਨ ਖਾਵੇਗੀ। ਭੈਣ ਦੀ ਇਹ ਗੱਲ ਸੁਣ ਕੇ ਸਭਤੋਂ ਛੋਟੇ ਭਰਾ ਨੇ ਭੈਣ ਨੂੰ ਭੁਲੇਖੇ ਵਿੱਚ ਪਾਣ ਲਈ ਨਗਰ ਤੋਂ ਬਾਹਰ ਜਾ ਕੇ ਅੱਗ ਜਲਾ ਦਿੱਤੀ ਅਤੇ ਛਾਣਨੀ ਲੈਕੇ ਉਸ ਵਿੱਚੋਂ ਰੋਸ਼ਨੀ ਦਿਖਾਉਂਦੇ ਹੋਏ ਭੈਣ ਨੂੰ ਧੋਖਾ ਦਿੰਦੇ ਹੋਏ ਕਿਹਾ ਕਿ ਚੰਦਰਮਾ ਨਿਕਲ ਆਇਆ ਹੈ ਅਰਘ ਦੇ ਕੇ ਭੋਜਨ ਖਾ ਲੈ। ਇਹ ਸੁਣ ਕੇ ਭੈਣ ਨੇ ਆਪਣੀਆਂ ਭਾਬੀਆਂ ਨੂੰ ਕਿਹਾ ਕਿ ਆਓ ਤੁਸੀਂ ਵੀ ਚੰਦਰਮਾ ਨੂੰ ਅਰਘ ਦੇ ਦਿਓ, ਪਰੰਤੂ ਉਸ ਦੀਆਂ ਭਰਜਾਈਆਂ ਅਸਲੀਅਤ ਤੋਂ ਵਾਕਿਫ ਸਨ ਅਤੇ ਉਹਨਾਂ ਨੇ ਕਿਹਾ ਕਿ ਹਾਲੇ ਚੰਦਰਮਾ ਨਹੀਂ ਨਿਕਲਿਆ, ਤੇਰੇ ਭਰਾ ਤੇਰੇ ਨਾਲ ਧੋਖਾ ਕਰਦੇ ਹੋਏ ਅੱਗ ਦੀ ਰੋਸ਼ਨੀ ਛਾਣਨੀ ਨਾਲ ਦਿਖਾ ਰਹੇ ਹਨ। ਭਾਬੀਆਂ ਦੀ ਇਹ ਗੱਲ ਸੁਣ ਕੇ ਵੀ ਉਸਨੇ ਭਰਾਵਾਂ ਤੇ ਵਿਸ਼ਵਾਸ਼ ਕੀਤਾ ਅਤੇ ਭਰਾਵਾਂ ਦੁਆਰਾ ਦਿਖਾਈ ਗਈ ਰੋਸ਼ਨੀ ਨੂੰ ਹੀ ਅਰਘ ਦੇ ਕੇ ਭੋਜਨ ਖਾਣਾ ਸ਼ੁਰੂ ਕਰ ਦਿਤਾ। ਇਸ ਕਥਾ ਅਨੁਸਾਰ ਜਦੋਂ ਕਰਵਾ ਨੇ ਪਹਿਲੀ ਬੁਰਕੀ ਖਾਣੀ ਸ਼ੁਰੂ ਕੀਤੀ ਤਾਂ ਉਸਨੂੰ ਛਿੱਕ ਆ ਗਈ, ਜਦੋਂ ਦੂਜੀ ਬੁਰਕੀ ਖਾਣੀ ਸ਼ੁਰੂ ਕੀਤੀ ਤਾਂ ਉਸ ਵਿੱਚ ਵਾਲ ਨਿਕਲਿਆ ਅਤੇ ਜਦੋਂ ਤੀਜੀ ਬੁਰਕੀ ਖਾਣ ਲੱਗੀ ਤਾਂ ਉਸੇ ਵੇਲੇ ਉਸਦੇ ਪਤੀ ਦੀ ਮੌਤ ਦੀ ਖਬਰ ਪਹੁੰਚ ਗਈ। ਇਸਤੋਂ ਬਾਦ ਉਹ ਮਾਨਸਿਕ ਤੌਰ ਤੇ ਦੁਖੀ ਹੋ ਗਈ। ਉਸਨੇ ਸਚਾਈ ਦਾ ਪਤਾ ਲੱਗਣ ਤੇ ਅਪਣੇ ਪਤੀ ਦਾ ਅੰਤਿਮ ਸੰਸਕਾਰ ਨਹੀਂ ਹੋਣ ਦਿਤਾ ਅਤੇ ਅਪਣੇ ਪਤੀ ਦੀ ਲਾਸ਼ ਕੋਲ ਹੀ ਬੈਠ ਗਈ। ਜਦੋਂ ਸਾਲ ਬਾਦ ਫਿਰ ਵਰਤ ਵਾਲਾ ਦਿਨ ਆਇਆ ਤਾਂ ਕਰਵਾ ਨੇ ਫਿਰ ਵਰਤ ਰੱਖਿਆ। ਇਸ ਪ੍ਰਕਾਰ ਉਸਦੀ ਸ਼ਰਧਾ ਭਗਤੀ ਨੂੰ ਦੇਖ ਕੇ ਭਗਵਾਨ ਗਣੇਸ਼ ਉਸ ਤੇ ਖੁਸ਼ ਹੋ ਗਏ ਅਤੇ ਉਸਦੇ ਪਤੀ ਨੂੰ ਜੀਵਨ ਦਾਨ ਦੇ ਕੇ ਉਸਨੂੰ ਸਿਹਤਮੰਦ ਕੀਤਾ। ਇਸ ਕਹਾਣੀ ਅਨੁਸਾਰ ਜੋ ਵੀ ਛੱਲ ਕਪਟ ਨੂੰ ਤਿਆਗਕੇ ਸ਼ਰਧਾ ਭਗਤੀ ਨਾਲ ਚਤੁਰਥੀ ਦਾ ਵਰਤ ਕਰਨਗੇ ਉਹ ਸਭ ਤਰ੍ਹਾਂ ਨਾਲ ਸੁਖੀ ਹੁੰਦੇ ਹੋਏ ਕਲੇਸ਼ਾਂ ਤੋਂ ਮੁਕਤ ਹੋ ਜਾਣਗੇ। ਇਹ ਕਹਾਣੀ ਸੁਣ ਕੇ ਮਹਿਲਾਵਾਂ ਵਲੋਂ ਚੰਦਰਮਾ ਨੂੰ ਅਰਘ ਦੇ ਕੇ ਵਰਤ ਖੋਲਿਆ ਜਾਂਦਾ ਹੈ। 
ਇੱਕ ਹੋਰ ਪ੍ਰਚਲਿਤ ਕਹਾਣੀ ਅਨੁਸਾਰ ਕਰਵਾ ਨਾਮ ਦੀ ਇੱਕ ਵਿਆਹੁਤਾ ਪਤੀਵਰਤਾ ਮਹਿਲਾ ਅਪਣੇ ਪਤੀ ਨਾਲ ਨਦੀ ਕਿਨਾਰੇ ਇੱਕ ਪਿੰਡ ਵਿੱਚ ਰਹਿੰਦੀ ਸੀ। ਇੱਕ

 ਦਿਨ ਉਸਦਾ ਪਤੀ ਨਦੀ ਤੇ ਨਹਾਉਣ ਲਈ ਗਿਆ ਤਾਂ ਨਦੀ ਵਿੱਚ ਰਹਿੰਦੇ ਮਗਰਮੱਛ ਨੇ ਉਸਦਾ ਪੈਰ ਪਕੜ ਲਿਆ ਅਤੇ ਉਹ ਪਤੀ ਕਰਵਾ ਕਰਵਾ ਕਹਿਕੇ ਅਪਣੀ ਪਤਨੀ  ਨੂੰ ਅਵਾਜਾਂ ਮਾਰਨ ਲੱਗਾ। ਅਪਣੇ ਪਤੀ ਦੀ ਅਵਾਜ਼ ਸੁਣਕੇ ਕਰਵਾ ਦੋੜੀ ਆ ਗਈ ਤਾਂ ਵੇਖਿਆ ਕਿ ਮਗਰਮੱਛ ਨੇ ਉਸਦੇ ਪਤੀ ਨੂੰ ਪਕੜਿਆ ਹੋਇਆ ਸੀ ਅਤੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਕਰਵਾ ਨੂੰ ਗੁੱਸਾ ਆ ਗਿਆ ਤੇ ਉਹ ਯੱਮਲੋਕ ਪਹੁੰਚ ਗਈ ਤੇ ਯਮਰਾਜ ਨੂੰ ਮਗਰਮੱਛ ਨੂੰ ਮਾਰਨ ਲਈ ਕਿਹਾ ਤਾਂ ਯਮਰਾਜ ਨੇ ਕਿਹਾਕਿ ਉਸ ਮਗਰਮੱਛ ਦੀ ਅਜੇ ਕਾਫੀ ਉਮਰ ਬਾਕੀ ਇਸ ਲਈ ਉਸਨੂੰ ਨਹੀਂ ਮਾਰਿਆ ਜਾ ਸਕਦਾ। ਇਸਤੋਂ ਕਰਵਾ ਹੋਰ ਗੁੱਸੇ ਵਿੱਚ ਆ ਗਈ ਤੇ ਯਮਰਾਜ ਨੂੰ ਹੀ ਸ਼ਰਾਪ ਦੇਣ ਲੱਗੀ ਜਿਸਤੋਂ ਡਰਕੇ ਯੱਮਰਾਜ ਨੇ ਕਰਵਾ ਤੋਂ ਮੁਆਫੀ ਮੰਗੀ ਤੇ ਮਗਰਮੱਛ ਨੂੰ ਮਾਰਕੇ ਉਸਦੇ ਪਤੀ ਨੂੰ ਲੰਬੀ ਉਮਰ ਦਿਤੀ। ਇਸਤੋਂ ਯਮਰਾਜ ਨੇ ਕਿਹਾ ਕਿ ਅੱਗੇ ਤੋਂ ਕਰਵਾ ਹਰ ਸੁਹਾਗਣ ਦੇ ਪਤੀ ਦੀ ਲੰਬੀ ਉਮਰ ਕਰੇਗੀ। ਇਸੇ ਤਰਾਂ ਦੀ ਇੱਕ ਹੋਰ ਕਹਾਣੀ ਅਨੁਸਾਰ ਪਾਂਡਵ ਅਰਜੁਨ ਇੱਕ ਵਾਰ ਭਗਤੀ ਕਰਨ ਲਈ ਨੀਲਗਿਰੀ ਦੇ ਪਹਾੜਾਂ ਤੇ ਗਿਆ ਹੋਇਆ ਸੀ ਤੇ ਉਸ ਦੀ ਪਤਨੀ ਦ੍ਰੋਪਤੀ ਅਪਣੇ ਪਤੀ ਦੀ ਕਾਫੀ ਸਮੇਂ ਤੋਂ ਕੋਈ ਖਬਰ ਨਾਂ ਮਿਲਣ ਕਾਰਨ ਪ੍ਰੇਸ਼ਾਨ ਹੋ ਰਹੀ ਸੀ। ਉਸਨੇ ਅਪਣੀ ਪ੍ਰੇਸ਼ਾਨ ਕਿਸ਼ਨ ਭਗਵਾਨ ਨੂੰ ਦੱਸੀ ਤਾਂ ਕ੍ਰਿਸ਼ਨ ਭਗਵਾਨ ਨੇ ਉਸਨੂੰ ਇਹ ਵਰਤ ਰੰਖਣ ਲਈ ਕਿਹਾ ਜਿਸ ਨਾਲ ਪਤੀ ਲੰਬੀ ਉਮਰ ਤੱਕ ਜਿੰਦਾ ਰਹਿੰਦਾ ਹੈ। ਇਸ ਵਰਤ ਦਾ ਇਤਿਹਾਸ ਭਾਂਵੇਂ ਕੁੱਝ ਵੀ ਹੋਵੇ ਪਰ ਇਸ ਵਿਚੋਂ ਪਤਨੀਆਂ ਦੀ ਗੁਲਾਮੀ ਦੀ ਮਾਨਸਿਕਤਾ ਦੀ ਬੂਅ ਆਂਦੀ ਹੈ। ਸਾਡੇ ਦੇਸ ਵਿੱਚ ਲੰਬਾ ਸਮਾਂ ਕਈ ਸਮਾਜਿਕ ਕੁਰਿਤੀਆਂ ਕਾਇਮ ਰਹੀਆਂ ਹਨ ਜਿਨ੍ਹਾਂ ਵਿੱਚ ਬਾਲ ਵਿਆਹ, ਸਤੀ ਪ੍ਰਥਾ, ਵਿਧਵਾਵਾਂ ਨਾਲ ਮਾੜਾ ਸਲੂਕ ਆਦਿ ਵਿਸ਼ੇਸ ਤੋਰ ਤੇ ਸ਼ਾਮਲ ਸਨ। ਇਨ੍ਹਾਂ ਕੁਰੀਤੀਆਂ ਦੇ ਖਿਲਾਫ ਸਮੇਂ ਸਮੇਂ ਤੇ ਸਮਾਜ ਸੁਧਾਰਕਾਂ ਨੇ ਅਵਾਜ ਉਠਾਈ ਹੈ। ਸੈਕੜ੍ਹੇ ਸਾਲਾਂ ਦੀ ਗੁਲਾਮੀ ਤੋਂ ਬਾਦ ਅਸੀਂ ਅਜ਼ਾਦੀ ਹਾਸਲ ਕੀਤੀ ਹੈ। ਅਜ਼ਾਦੀ ਤੋਂ ਬਾਦ ਭਾਰਤ ਵਿੱਚ ਦੇਸ ਦਾ ਅਪਣਾ ਸੰਵਿਧਾਨ ਲਾਗੂ ਕੀਤਾ ਗਿਆ ਜਿਸ ਵਿੱਚ ਵਿਸੇਸ ਤੋਰ ਤੇ ਸਮਾਜਿਕ ਕੁਰੀਤੀਆਂ ਖਤਮ ਕਰਨ ਦੀ ਗੱਲ ਕਹੀ ਗਈ ਹੈ ਅਤੇ ਇਨ੍ਹਾਂ ਕੁਰੀਤੀਆਂ ਨੂੰ ਕਾਇਮ ਰੱਖਣ ਵਾਲੇ ਵਿਅਕਤੀਆਂ, ਸੰਸਥਾਵਾਂ ਖਿਲਾਫ ਕਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਦਿਤਾ ਗਿਆ ਹੈ। ਅਜਾਦੀ ਤੋਂ ਬਾਦ ਦੇਸ ਦੇ ਵੱਖ ਵੱਖ ਵਰਗਾਂ ਵਿਸ਼ੇਸ਼ ਤੋਰ ਤੇ ਸਦੀਆਂ ਤੱਕ ਗੁਲਾਮ ਰਹਿਣ ਵਾਲੇ ਵਰਗ ਦੇ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਵਿਸੇਸ਼ ਯੋਜਨਾਵਾਂ ਬਣਾਈਆਂ ਗਈਆ ਅਤੇ ਲਾਗੂ ਕੀਤੀਆਂ ਗਈਆਂ ਹਨ। ਮਹਿਲਾਵਾਂ ਜਿਨ੍ਹਾਂ ਨੂੰ ਅਕਸਰ ਹਿੰਦੂ ਧਰਮ ਵਿੱਚ ਬਰਾਬਰਤਾ ਦਾ ਦਰਜਾ ਨਹੀਂ ਦਿਤਾ ਜਾਂਦਾ ਸੀ  ਨੂੰ ਮਾਨਸਿਕ ਤੋਰ ਤੇ ਗੁਲਾਮ ਬਣਾਕੇ ਰੱਖਣ ਲਈ ਇਸ ਪੁਰਸ਼ ਪ੍ਰਧਾਨ ਸਮਾਜ ਵਲੋਂ ਸੋਚੀ ਸਮਝੀ ਸਾਜਿਸ਼ ਅਧੀਨ ਅਜਿਹੇ ਤਿਉਹਾਰ ਅਤੇ ਮੋਕੇ ਬਣਾਏ ਗਏ ਸਨ ਕਿ ਅੋਰਤ ਕਦੇ ਵੀ ਅਪਣੇ ਆਪ ਨੂੰ ਅਜ਼ਾਦ ਨਾਂ ਮਹਿਸੂਸ ਕਰ ਸਕੇ। ਕਰਵਾ ਚੋਥ ਦਾ ਵਰਤ ਵੀ ਉਨ੍ਹਾਂ ਵਿਚੋਂ ਹੀ ਇੱਕ ਹੈ। ਇਸ ਸਬੰਧੀ ਵੱਖ ਵੱਖ ਕਥਾਵਾਂ ਅਨੁਸਾਰ ਮਹਿਲਾਵਾਂ ਨੇ ਅਪਣੇ ਪਤੀਆਂ ਨੂੰ ਅਪਣੀ ਸ਼ਕਤੀ ਨਾਲ ਯਮਰਾਜ ਅਤੇ ਮੋਤ ਦੇ ਮੂੰਹ ਤੋਂ ਬਚਾਇਆ ਹੈ। ਬੇਸ਼ੱਕ ਅਜਿਹੀਆਂ ਮਿਥਿਹਾਸਕ ਕਹਾਣੀਆਂ ਸਚਾਈ ਤੋਂ ਕੋਹਾਂ ਦੂਰ ਹਨ ਪਰ ਅੱਜ ਵੀ ਕਰੋੜ੍ਹਾਂ ਪਤਨੀਆਂ ਅਪਣੇ ਪਤੀ ਦਾ ਅਤਿਆਚਾਰ ਸਹਿਣ ਦੇ ਬਾਬਜੂਦ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਹਿੰਦੂ ਧਰਮ ਵਿੱਚ ਬੈਠੇ ਕੁੱਝ ਧਰਮ ਵਿਰੋਧੀ ਅਤੇ ਮਤਲਬ ਪ੍ਰਸਤ ਲੋਕਾਂ ਨੇ ਸਦੀਆਂ ਤੋਂ ਅਜਿਹੀਆਂ ਰੀਤਾਂ ਵਿਕਸਿਤ ਕਰਕੇ ਅਤੇ ਕਾਇਮ ਰੱਖਕੇ ਸਮਾਜ ਦਾ ਬੇੜਾ ਗਰਕ ਕੀਤਾ ਹੈ। ਅੱਜ ਵੀ ਹਿੰਦੂ ਧਰਮ ਵਿੱਚ ਬੈਠੇ ਅਜਿਹੇ ਕੁੱਝ ਵਿਅਕਤੀਆਂ ਕਾਰਨ ਕਈ ਮੰਦਰਾਂ ਵਿੱਚ ਮਹਿਲਾਵਾਂ ਦਾ ਜਾਣਾ ਮਨ੍ਹਾਂ ਹੈ, ਵਿਧਵਾ ਮਹਿਲਾਵਾਂ ਨਾਲ ਘਟੀਆ ਵਤੀਰਾ ਕੀਤਾ ਜਾਂਦਾ ਹੈ, ਮਹਿਲਾਵਾਂ ਨੂੰ ਪੈਰ ਦੀ ਜੁੱਤੀ ਮੰਨਿਆ ਜਾਂਦਾ ਹੈ। ਅੱਜ ਅਸੀਂ ਵਿਕਸਿਤ ਹੋਣ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਾਂ ਪਰ ਸਮਾਜ ਵਿੱਚ ਫੈਲੀਆਂ ਅਜਿਹੀਆਂ ਕੁਰਿਤੀਆਂ ਵਿਕਾਸ ਦੇ ਰਾਹ ਵਿੱਚ ਵੱਡਾ ਰੋੜਾ ਹਨ। ਹਿੰਦੂ ਧਰਮ ਦੀਆਂ ਇਨ੍ਹਾਂ ਕੁਰੀਤੀਆਂ ਨੂੰ ਦੂਜੇ ਧਰਮਾਂ ਵਿੱਚ ਬੇਸ਼ੱਕ ਭੰਡਿਆ ਗਿਆ ਹੈ ਜਿਵੇਂ ਕਿ ਸਿੱਖ ਧਰਮ ਵਿੱਚ ਅਜਿਹੇ ਪਾਖੰਡਾਂ ਦਾ ਵਿਰੋਧ ਕੀਤਾ ਗਿਹਾ ਹੈ ਪਰ ਸਿੱਖ ਧਰਮ ਵਿੱਚ ਆ ਰਹੀ ਗਿਰਾਵਟ ਕਾਰਨ ਹਿੰਦੂ ਧਰਮ ਦੀਆਂ ਹੋਰ ਬੁਰਾਈਆਂ ਵਾਂਗ ਇਹ ਪਖੰਡ ਵੀ ਸ਼ਾਮਲ ਹੋ ਗਿਆ ਹੈ ਅਤੇ ਹੁਣ ਕਈ ਗੁਰਸਿੱਖ ਪਰਿਵਾਰਾਂ ਵਿੱਚ ਵੀ ਮਹਿਲਾਵਾਂ ਵਰਤ ਰੱਖਦੀਆਂ ਹਨ। ਦੁਨੀਆਂ ਦੇ ਹੋਰ ਧਰਮਾਂ ਇਸਲਾਮ, ਇਸਾਈ, ਬੁੱਧ ਆਦਿ ਵਿੱਚ ਇਸ ਨੂੰ ਕੋਈ ਮਾਨਤਾ ਨਹੀਂ ਦਿਤੀ ਗਈ ਹੈ। ਹਿੰਦੂ ਧਰਮ ਦੀ ਬਹੁਲਤਾ ਵਾਲੇ ਭਾਰਤ ਦੇਸ ਵਿੱਚ ਅੱਜ ਦੀ ਗਿਣਤੀ ਵਿੱਚ ਮਹਿਲਾਵਾਂ ਦੀ ਗਿਣਤੀ ਘੱਟ ਹੈ। ਜੇਕਰ ਪਤੀ ਪਤਨੀ ਬਾਰੇ ਸਰਕਾਰੀ ਅੰਕੜੇ ਵੀ ਵੇਖੀਏ ਤਾਂ ਪਤਨੀਆਂ ਦੀ ਜਿਆਦਾ ਮੋਤ ਹੋਈ ਹੋਈ ਹੈ। ਸਾਡੇ ਦੇਸ ਵਿੱਚ ਆਖਿਰ ਪਤੀ ਦੀ ਹੀ ਲੰਬੀ ਉਮਰ ਕਿਉਂ ਹੋਵੇ ਪਤਨੀ ਦੀ ਕਉਂ ਨਹੀ ? ਇਹ ਸਵਾਲ ਹਰ ਬੁੱਧੀਜਿਵੀ ਵਿਅਕਤੀ ਨੂੰ ਸੋਚਣਾ ਚਾਹੀਦਾ ਹੈ। ਇੱਥੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜਿਨ੍ਹਾਂ ਧਰਮਾਂ, ਸਮਾਜ, ਪਰਿਵਾਰਾਂ ਵਿੱਚ ਇਹ ਵਰਤ ਰੱਖਣ ਦੀ ਪਰੰਪਰਾ ਨਹੀਂ ਹੈ ਕਿ ਉਨ੍ਹਾਂ ਪਰਿਵਾਰਾਂ ਵਿੱਚ ਪਤੀ ਜਲਦੀ ਮਰ ਜਾਂਦੇ ਹਨ ਅਤੇ ਉੱਥੇ ਸਾਰੀਆਂ ਪਤਨੀਆਂ ਵਿਧਵਾਵਾਂ ਹੀ ਹਨ। ਕੀ ਕਰਵਾਚੋਥ ਰੱਖਣ ਵਾਲੀਆਂ ਪਤਨੀਆਂ ਦੇ ਪਤੀ ਸੱਚਮੁੱਚ ਲੰਬੀ ਜਿੰਦਗੀ ਜਿਉਂਦੇ ਹਨ। ਅੱਜ ਵੀ ਕਈ ਵਾਰ ਕਰਵਾਚੋਥ ਵਾਲੇ ਦਿਨ ਕਈ ਪਤੀ ਕੁਦਰਤੀ ਅਤੇ ਗੈਰ ਕੁਦਰਤੀ ਮੋਤ ਮਾਰੇ ਜਾਂਦੇ ਹਨ। ਇੱਥੇ ਸੋਚਣ ਵਾਲੀ ਗੱਲ ਹੈ ਕੀ ਇਸ ਦਿਨ ਪਤੀ ਦੀ ਮੋਤ ਹੋਣ ਪਿੱਛੇ ਵੀ ਪਤਨੀ ਦਾ ਹੀ ਦੋਸ ਹੈ। ਸੰਸਾਰ ਦੇ ਜਿਨ੍ਹਾਂ ਦੇਸ਼ਾਂ ਵਿੱਚ ਬਹੁਤੀਆਂ ਮਹਿਲਾਵਾਂ ਇਹ ਵਰਤ ਨਹੀਂ ਰੱਖਦੀਆਂ ਹਨ ਕੀ ਉਨ੍ਹਾਂ ਦੇਸ਼ਾਂ ਵਿੱਚ ਪਤੀਆਂ ਦੀ ਉਮਰ ਘੱਟ ਰਹਿੰਦੀ ਹੈ। ਇਨ੍ਹਾਂ ਸੁਆਲਾਂ ਬਾਰੇ ਸਾਨੂੰ ਸਭਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ ਤਾਂ ਜੋ ਮਹਿਲਾਵਾਂ ਨਾਲ ਜੁੜ੍ਹੀਆਂ ਕੁਰੀਤੀਆਂ ਜਿਨ੍ਹਾਂ ਨੇ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਇਆ ਹੋਇਆ ਹੈ ਨੂੰ ਖਤਮ ਕੀਤਾ ਜਾ ਸਕੇ। 

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ,
ਜਿਲ੍ਹਾ ਰੂਪਨਗਰ (ਪੰਜਾਬ)
9417563054
mail: kuldipnangal0gmail.com