26 ਜਨਵਰੀ 2016 ਲਈ ਗਣਤੰਤਰ ਦਿਵਸ ਸਬੰਧੀ ਵਿਸ਼ੇਸ਼।

66 ਸਾਲ ਪਹਿਲਾਂ ਲਾਗੂ ਕੀਤਾ ਗਿਆ ਸੀ ਅਜਾਦ ਦੇਸ਼ ਦਾ ਅਪਣਾ ਸੰਵਿਧਾਨ।

66 ਸਾਲਾਂ ਦੇ ਲੰਬੇ ਸਫਰ ਬਾਦ ਵੀ ਸੰਵਿਧਾਨ ਪੂਰੀ ਤਰਾਂ ਲਾਗੂ ਨਹੀਂ ਹੋ ਸਕਿਆ।
ਸ ਵਾਰ ਫਰਾਂਸ ਰਾਸ਼ਟਰਪਤੀ ਸ਼੍ਰੀ ਓਲਾਂਦ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਹਨ।ਭਾਰਤ ਵਿੱਚ ਬਹੁਤ ਸਾਰੇ ਅਜਿਹੇ ਵਿਅਕਤੀ ਅਤੇ ਸੰਗਠਨ ਹਨ ਜੋ ਭਾਰਤੀ ਸੰਵਿਧਾਨ ਦੇ ਪ੍ਰਤੀ ਸ਼ਰਧਾ ਨਹੀਂ ਰੱਖਦੇ, ਇਸਦਾ ਕਾਰਨ ਸਾਡਾ ਸੰਵਿਧਾਨ ਨਹੀਂ ਹੈ, ਸੰਵਿਧਾਨ ਅਨੁਸਾਰ ਕੰਮ ਨਹੀਂ ਕਰਨਾ ਹੈ। 
26 ਜਨਵਰੀ ਦਾ ਸਾਡੇ ਦੇਸ਼ ਵਿੱਚ ਬਹੁਤ ਹੀ ਮਹੱਤਵ ਹੈ ਅਤੇ ਇਹ  ਦਿਨ ਰਾਸ਼ਟਰੀ ਤਿਉਹਾਰ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਅਤੇ ਸਮਾਨਤਾ ਦੀ ਵਿਚਾਰਧਾਰਾ ਤੇ ਆਧਾਰਿਤ ਆਜ਼ਾਦ ਭਾਰਤ ਗਣਰਾਜ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ। ਲੰਬੀ ਲੜਾਈ ਅਤੇ ਦੇਸ਼ਭਗਤਾਂ ਦੀਆਂ ਸ਼ਹੀਦੀਆਂ ਤੋਂ ਬਾਦ ਆਖਰ 15 ਅਗਸਤ 1947 ਨੂੰ ਭਾਰਤ ਦੇਸ਼ ਨੂੰ ਅਜ਼ਾਦੀ ਮਿਲੀ। ਆਜ਼ਾਦੀ ਤੋਂ ਬਾਅਦ ਕਈ ਵਾਰ ਸੰਸ਼ੋਧਨ ਕਰਨ ਦੇ ਬਾਅਦ ਭਾਰਤੀ ਸੰਵਿਧਾਨ ਨੂੰ ਅੰਤਿਮ ਰੂਪ ਦਿੱਤਾ ਗਿਆ ਜੋਕਿ ਅਜਾਦੀ ਤੋਂ 3 ਸਾਲ ਬਾਅਦ 26 ਨਵੰਬਰ 1949 ਨੂੰ ਕੰਸਟੀਟਿਊਸ਼ਨਲ ਅਸੈਂਬਲੀ ਵਲੋਂ ਅਧਿਕਾਰਿਕ ਰੂਪ ਨਾਲ ਪਾਸ ਕੀਤਾ ਗਿਆ ਅਤੇ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਉਦੋਂ ਤੋਂ ਹੀ ਹਰ ਸਾਲ 26 ਜਨਵਰੀ ਦੇ ਦਿਹਾੜੇ ਨੂੰ ਅਸੀਂ ਗਣਤੰਤਰ ਦਿਵਸ ਵਜੋਂ ਮਨਾਉਂਦੇ ਆ ਰਹੇ ਹਾਂ। 26 ਜਨਵਰੀ ਦਾ ਹੀ ਦਿਨ ਸੀ ਜਦੋਂ 1930 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਪੂਰਨ ਸਵੈਰਾਜ ਅਤੇ ਅਜ਼ਾਦੀ ਦੀ ਘੋਸ਼ਣਾ ਕੀਤੀ ਸੀ। ਵਿਦੇਸ਼ੀ ਹਕੂਮਤ ਦੀ ਗੁਲਾਮੀ ਖਤਮ ਮਗਰੋਂ, ਜਦੋਂ ਆਜ਼ਾਦ ਭਾਰਤ ਨੇ 26 ਜਨਵਰੀ ਨੂੰ ''ਪ੍ਰਭੂਸੱਤਾ ਸੰਪੰਨ, ਜਮਰੂਹੀ ਗਣਰਾਜ'' ਦਾ ਨਾਮ ਗ੍ਰਹਿਣ ਕੀਤਾ ਸੀ। ਇਸ ਸਬੰਧੀ ਵਾਇਸਰਾਏ ਦੇ ਨਾਮ ਤੇ ਬਣੇ ਇੱਕ ਸਟੇਡੀਅਮ ਵਿੱਚ ਜਸ਼ਨ ਹੋਏ ਸਨ ਤੇ ਉਦੋਂ ਦੇਸ਼ ਦਾ ਪਹਿਲਾ ਰਾਸ਼ਟਰਪਤੀ ਬਣਿਆ ਸੀ। ਭਾਰਤ ਦੀ ਆਜ਼ਾਦੀ ਦੀ ਲਹਿਰ ਮਗਰੋਂ ਆਜ਼ਾਦ ਮੁਲਕ ਵਜੋਂ ਸਥਾਪਤ ਹੋਣ ਬਾਰੇ ਘਟਨਾਵਾਂ ਦੀ ਲੜੀ ਵੀ ਕਾਫੀ ਦਿਲਚਸਪ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ 26 ਜਨਵਰੀ 1950 ਨੂੰ ਗਵਰਨਮੈਂਟ ਹਾਊਸ ਦੇ ਰੌਸ਼ਨੀ ਨਾਲ ਚਮਚਮਾਉਂਦੇ ਗੁੰਬਦਾਂ ਵਾਲੇ ਦਰਬਾਰ ਹਾਲ ਵਿੱਚ 10 ਵੱਜ ਕੇ 18 ਮਿੰਟ ਤੇ ਭਾਰਤ ਨੂੰ ਪ੍ਰਭੂਸੱਤਾ ਸੰਪੰਨ ਜਮਹੂਰੀ ਗਣਰਾਜ ਐਲਾਨਿਆ ਗਿਆ। ਲੱਗਭੱਗ ਛੇ ਮਿੰਟ ਮਗਰੋਂ ਡਾਕਟਰ ਰਾਜਿੰਦਰ ਪ੍ਰਸ਼ਾਦ ਨੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਇਸ ਮੌਕੇ ਤੇ ਲੱਗਭੱਗ 10.30 ਵਜੇ 31 ਤੋਪਾਂ ਦੀ ਸਲਾਮੀ ਨਾਲ ਗਣਤੰਤਰ ਦਿਵਸ ਦਾ ਐਲਾਨ ਕੀਤਾ ਗਿਆ। ਪ੍ਰਭਾਵਸ਼ਾਲੀ ਸਹੁੰ ਚੁੱਕ ਰਸਮ ਮੌਕੇ ਸੇਵਾਮੁਕਤ ਹੋ ਰਹੇ ਗਵਰਨਰ-ਜਨਰਲ ਸੀ ਰਾਜਾਗੋਪਾਲ ਨੇ ਰਿਪਬਲਿਕ ਆਫ ਇੰਡੀਆ-ਭਾਰਤ ਦਾ ਐਲਾਨਨਾਮਾ ਪੜ੍ਹਿਆ। ਫਿਰ ਰਾਸ਼ਟਰਪਤੀ ਨੇ ਆਪਣਾ ਸੰਖੇਪ ਜਿਹਾ ਭਾਸ਼ਣ ਪਹਿਲਾਂ ਹਿੰਦੀ ਵਿੱਚ ਅਤੇ ਫਿਰ ਅੰਗਰੇਜ਼ੀ ਵਿੱਚ ਦਿੱਤਾ। ਦੇਸ਼ ਦੇ ਉਤਰਾਅ-ਚੜ੍ਹਾਅ ਵਾਲੇ ਇਤਿਹਾਸ ਵਿੱਚ ਇਸ ਮੌਕੇ ਪਹਿਲੀ ਵਾਰ ਦੇਸ਼ ਦੀ ਧਰਤੀ ਉੱਤਰ ਵਿੱਚ ਕਸ਼ਮੀਰ ਤੋਂ ਦੱਖਣ ਵਿੱਚ ਕੇਪ ਕੋਮੋਰਿਨ ਤੱਕ ਪੱਛਮ ਵਿੱਚ ਕਠੀਆਵਾੜ ਕੱਛ ਤੋਂ ਕੋਕੋਨਾਡਾ ਤੇ ਕਾਮਰੂਪ ਤੱਕ ਪੂਰਬ ਵਿੱਚ ਸਮੁੱਚੇ ਵਿੱਚ ਇੱਕ ਨਜ਼ਰ ਆਈ ਹੈ ਅਤੇ ਇਹ ਇੱਕ ਸੰਵਿਧਾਨ ਅਤੇ ਇੱਕ ਯੂਨੀਅਨ ਅਧੀਨ ਹੋ ਗਈ ਹੈ, ਜਿਸ ਨੇ ਉਸ ਵੇਲੇ ਦੇਸ਼ ਦੀ ਸਾਰੀ ਅਬਾਦੀ ਲੱਗਭੱਗ 32 ਕਰੋੜ ਲੋਕਾਂ ਦੀ ਭਲਾਈ ਦੀ ਜਿੰਮੇਵਾਰੀ ਲਈ। ਇਸਤੋਂ ਬਾਦ ਲੱਗਭੱਗ 2.30 ਵਜੇ ਬਾਅਦ ਦੁਪਹਿਰ ਰਾਸ਼ਟਰਪਤੀ, ਗਵਰਨਮੈਂਟ ਹਾਊਸ (ਹੁਣ ਰਾਸ਼ਟਰਪਤੀ ਭਵਨ) ਵਿੱਚ ਇੱਕ 35 ਸਾਲ ਪੁਰਾਣੀ ਸ਼ਿੰਗਾਰੀ ਹੋਈ ਵਿਸ਼ੇਸ਼ ਬੱਘੀ ਵਿੱਚ ਬਾਹਰ ਆਏ। ਇਸ ਬੱਘੀ ਨੂੰ ਛੇ ਆਸਟ੍ਰੇਲੀਆਈ ਘੋੜੇ ਖਿੱਚ ਰਹੇ ਸਨ ਅਤੇ ਰਾਸ਼ਟਰਪਤੀ ਦੇ ਸੁਰੱਖਿਆ ਗਾਰਡ ਇਸ ਨੂੰ ਐਸਕਾਰਟ ਕਰ ਰਹੇ ਸਨ। ਇਸ ਮੌਕੇ ਇਰਵਿਨ ਸਟੇਡੀਅਮ (ਹੁਣ ਨੈਸ਼ਨਲ ਸਟੇਡੀਅਮ) ਜੈ-ਜੈਕਾਰ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਅਤੇ ਲੋਕ ਰੁੱਖਾਂ, ਇਮਾਰਤਾਂ ਆਦਿ ਤੇ ਚੜ੍ਹ ਕੇ ਖੁਸ਼ੀ ਵਿੱਚ ਜੈ-ਜੈਕਾਰ ਕਰ ਰਹੇ ਸਨ। ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਹੱਥ ਜੋੜ ਕੇ ਲੋਕਾਂ ਦੇ ਜੈ ਕਾਰਿਆਂ ਦਾ ਹੁੰਗਾਰਾ ਭਰ ਰਹੇ ਸਨ। 3.45 ਵਜੇ ਇਹ ਬੱਘੀ ਇਰਵਿਨ ਸਟੇਡੀਅਮ ਵਿੱਚ ਪੁੱਜੀ ਜਿੱਥੇ 3000 ਅਫਸਰ ਤੇ ਤਿੰਨੇ ਭਾਰਤੀ ਸੈਨਾਵਾਂ ਦੇ ਦੋ ਜ਼ਰਨੈਲ ਤੇ ਪੁਲੀਸ ਰਸਮੀ ਪਰੇਡ ਲਈ ਤਿਆਰ ਸਨ। ਸੱਤ ਮਾਸ ਬੈਂਡ ਵਾਲੇ ਪੁਲੀਸ ਤੇ ਫੌਜ਼ੀ ਬਲਾਂ ਨੇ ਉਸ ਸਮੇਂ ਕਮਾਲ ਦਾ ਦ੍ਰਿਸ਼ ਪੇਸ਼ ਕੀਤਾ ਸੀ। ਅੰਤ 26 ਜਨਵਰੀ ਨੂੰ ਉਹਨਾਂ ਸਾਰੇ ਦੇਸ਼ਭਗਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ, ਗਣਤੰਤਰ ਦਿਵਸ ਦਾ ਰਾਸ਼ਟਰੀ ਤਿਉਹਾਰ ਭਾਰਤ ਦੇ ਕੋਨੇ-ਕੋਨੇ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਹਰੇਕ ਰਾਜ ਅਤੇ ਵਿਦੇਸ਼ਾਂ ਵਿੱਚ ਭਾਰਤੀ ਰਾਜਦੂਤਾਵਾਸਾਂ ਵਿੱਚ ਵੀ ਇਹ ਤਿਉਹਾਰ ਉਤਸ਼ਾਹ ਅਤੇ ਮਾਣ ਨਾਲ ਮਨਾਇਆ ਜਾਂਦਾ ਹੈ। 26 ਜਨਵਰੀ ਦਾ ਮੁੱਖ ਸਮਾਰੋਹ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਮਨਾਇਆ ਜਾਂਦਾ ਹੈ। ਦੇਸ਼ ਦੇ ਵਿਭਿੰਨ ਭਾਗਾਂ ਤੋਂ ਅਨਗਿਣਤ ਵਿਅਕਤੀ ਇਸ ਸਮਾਰੋਹ ਦੀ ਸ਼ੋਭਾ ਦੇਖਣ ਦੇ ਲਈ ਆਉਂਦੇ ਹਨ। ਸਾਡੇ ਸੁਰੱਖਿਆ ਕਰਮੀ ਪਰੇਡ ਕੱਢ ਕੇ, ਆਪਣੇ ਆਧੁਨਿਕ ਸੈਨਿਕ ਬਲ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਸੁਰੱਖਿਆ ਕਰਨ ਵਿੱਚ ਨਿਪੁੰਨ ਹਨ, ਇਸ ਗੱਲ ਦਾ ਸਾਨੂੰ ਵਿਸ਼ਵਾਸ਼ ਦਿਲਵਾਂਦੇ ਹਨ। ਪਰੇਡ ਵਿਜੇ ਚੌਂਕ ਤੋਂ ਸ਼ੁਰੂ ਹੋ ਕੇ ਰਾਜਪੱਥ ਅਤੇ ਦਿੱਲੀ ਦੇ ਅਨੇਕ ਖੇਤਰਾਂ ਤੋਂ ਗੁਜ਼ਰਦੀ ਹੋਈ ਲਾਲ ਕਿਲੇ ਤੇ ਜਾ ਕੇ ਸਮਾਪਤ ਹੋ ਜਾਂਦੀ ਹੈ। ਪਰੇਡ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨਮੰਤਰੀ 'ਅਮਰ ਜਵਾਨ ਜੋਤੀ' ਤੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੰਦੇ ਹਨ। ਰਾਸ਼ਟਰਪਤੀ ਆਪਣੇ ਅੰਗਰੱਖਿਅਕਾਂ ਦੇ ਨਾਲ 14 ਘੋੜਿਆਂ ਦੀ ਬੱਗੀ ਵਿੱਚ ਬੈਠ ਕੇ ਇੰਡੀਆ ਗੇਟ ਤੇ ਆਉਂਦੇ ਹਨ, ਜਿੱਥੇ ਪ੍ਰਧਾਨਮੰਤਰੀ ਉਹਨਾਂ ਦਾ ਸਵਾਗਤ ਕਰਦੇ ਹਨ। ਰਾਸ਼ਟਰੀ ਧੁੰਨ ਦੇ ਨਾਲ ਝੰਡਾ ਲਹਿਰਾਂਦੇ ਹਨ, ਉਹਨਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ, ਹਵਾਈ ਜਹਾਜ਼ਾਂ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਆਕਾਸ਼ ਵਿੱਚ ਤਿਰੰਗੇ ਗੁਬਾਰੇ ਅਤੇ ਚਿੱਟੇ ਕਬੂਤਰ ਛੱਡੇ ਜਾਂਦੇ ਹਨ। ਜਲ, ਥਲ ਅਤੇ ਹਵਾਈ ਤਿੰਨਾਂ ਸੈਨਾਵਾਂ ਦੀਆਂ ਟੁਕੜੀਆਂ, ਬੈਂਡਾਂ ਦੀ ਧੁੰਨਾਂ ਤੇ ਮਾਰਚ ਕਰਦੀਆਂ ਹਨ। ਪੁਲਿਸ ਦੇ ਜਵਾਨ, ਵਿਭਿੰਨ ਪ੍ਰਕਾਰ ਦੇ ਆਸ਼ਤਰਾਂ-ਸ਼ਾਸ਼ਤਰਾਂ, ਮਿਸਾਈਲਾਂ, ਟੈਕਾਂ, ਹਵਾਈ ਜਹਾਜ਼ਾਂ ਆਦਿ ਦਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦੇ ਰਾਸ਼ਟਰਪਤੀ ਨੂੰ ਸਲਾਮੀ ਦਿੰਦੇ ਹਨ। ਸੈਨਿਕਾਂ ਦਾ ਸੀਨਾ ਤਾਨ ਕੇ ਆਪਣੀ ਸਾਫ-ਸੁਥਰੀ ਵਰਦੀ ਵਿੱਚ ਕਦਮ ਨਾਲ ਕਦਮ ਮਿਲਾ ਕੇ ਚੱਲਣ ਦਾ ਦ੍ਰਿਸ਼ ਬੜਾ ਮਨੋਹਾਰੀ ਹੁੰਦਾ ਹੈ। ਇਸ ਆਲੀਸ਼ਾਨ ਦ੍ਰਿਸ਼ ਨੂੰ ਦੇਖ ਕੇ ਮਨ ਵਿੱਚ ਰਾਸ਼ਟਰ ਦੇ ਪ੍ਰਤੀ ਭਗਤੀ ਅਤੇ ਦਿਲ ਵਿੱਚ ਉਤਸਾਹ ਦਾ ਸੰਚਾਰ ਹੁੰਦਾ ਹੈ। ਸਕੂਲਾਂ, ਕਾਲਜ਼ਾਂ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ, ਐਨ.ਸੀ.ਸੀ. ਦੀ ਵਰਦੀ ਵਿੱਚ ਸੁਸੱਜਿਤ ਕਦਮ ਨਾਲ ਕਦਮ ਮਿਲਾ ਕੇ ਚੱਲਦੇ ਹੋਏ ਇਹ ਵਿਸ਼ਵਾਸ਼ ਉਤਪੰਨ ਕਰਦੇ ਹਨ ਕਿ ਸਾਡੀ ਦੂਸਰੀ ਸੁਰੱਖਿਆ ਪੰਕਤੀ ਆਪਣੇ ਕਰਤੱਵ ਤੋਂ ਭਲੀਭਾਂਤ ਜਾਣੂ ਹੈ। ਮਿਲਟਰੀ ਅਤੇ ਸਕੂਲਾਂ ਦੇ ਅਨੇਕ ਬੈਂਡ ਸਾਰੇ ਵਾਤਾਵਰਣ ਨੂੰ ਦੇਸ਼ਭਗਤੀ ਅਤੇ ਰਾਸ਼ਟਰਪ੍ਰੇਮ ਦੀ ਭਾਵਨਾ ਨਾਲ ਗੂੰਜਦੇ ਹਨ। ਵਿਭਿੰਨ ਰਾਜਾਂ ਦੀਆਂ ਝਾਂਕੀਆ ਉਥੋਂ ਦੇ ਸੰਸਕ੍ਰਿਤਕ ਜੀਵਨ, ਖਾਣ-ਪਾਣ, ਰੀਤੀ ਰਿਵਾਜਾਂ, ਉਦਯੋਗਿਕ ਅਤੇ ਸਮਾਜਿਕ ਖੇਤਰਾਂ ਵਿੱਚ ਆਏ ਪਰਿਵਰਤਨਾਂ ਦਾ ਚਿੱਤਰ ਪੇਸ਼ ਕਰਦੀਆਂ ਹਨ। ਅਨੇਕਤਾਂ ਵਿੱਚ ਏਕਤਾ ਦਾ ਇਹ ਦ੍ਰਿਸ਼ ਅਤੀ ਪ੍ਰੇਰਣਾਦਾਈਕ ਹੁੰਦਾ ਹੈ। ਗਣਤੰਤਰ ਦਿਵਸ ਦੀ ਸ਼ਾਮ ਤੇ ਰਾਸ਼ਟਰਪਤੀ ਭਵਨ, ਸੰਸਦ ਭਵਨ ਅਤੇ ਹੋਰ ਸਰਕਾਰੀ ਦਫਤਰਾਂ ਤੇ ਰੌਸ਼ਨੀ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਗਣਤੰਤਰ ਦਿਵਸ 1950 ਵਿੱਚ ਮਨਾਇਆ ਗਿਆ ਸੀ ਉਸ ਸਮੇਂ ਗਣਤੰਤਰ ਦਿਵਸ ਦੇ ਮੌਕੇ ਤੇ ਮੁੱਖ ਮਹਿਮਾਨ ਇੰਡੋਨੇਸ਼ੀਆਂ ਦੇ ਰਾਸ਼ਟਰਪਤੀ ਸੁਕਾਰਨੋ ਸਨ। ਸਾਲ 1955 ਵਿੱਚ ਮੁੱਖ ਮਹਿਮਾਨ ਪਾਕਿਸਤਾਨ ਦੇ ਗਵਰਨਰ ਜਨਰਲ ਮਲਿਕ ਗੁਲਾਮ ਮੁਹੰਮਦ ਸਨ। ਸਾਲ 1962 ਵਿੱਚ ਇੰਗਲੈਂਡ ਦੀ ਮਹਾਰਾਣੀ ਏਲੀਜ਼ਾਬੇਥ ਦੂਜੀ ਮੁੱਖ ਮਹਿਮਾਨ ਵਜੋਂ ਆਈ ਸੀ। ਸਾਲ 1965 ਵਿੱਚ ਪਾਕਿਸਤਾਨ ਦੇ ਫੂਡ ਐਂਡ ਐਗਰੀਕਲਚਰ ਮਨਿਸਟਰ ਰਾਣਾ ਅਬਦੁਲ ਹਮੀਦ, ਸਾਲ 1995 ਵਿੱਚ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨੈਲਸਨ ਮੰਡੇਲਾ ਮੁੱਖ ਮਹਿਮਾਨ ਵਜੋਂ ਆਏ ਸੀ। ਇਸ ਵਾਰ ਫਰਾਂਸ  ਰਾਸ਼ਟਰਪਤੀ ਸ਼੍ਰੀ ਓਲਾਂਦ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਹਨ। ਸਾਨੂੰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਹੋਣ ਦਾ ਮਾਣ ਹੈ। ਸਿਰਫ ਲੋਕਤੰਤਰ ਵਿਵਸਥਾ ਵਿੱਚ ਹੀ ਵਿਅਕਤੀ ਖੁੱਲ ਕੇ ਜੀਅ ਸਕਦਾ ਹੈ। ਸਾਡਾ ਸਮਾਜ ਬਦਲ ਰਿਹਾ ਹੈ। ਮੀਡੀਆ ਜਾਗਰਿਤ ਹੋ ਰਿਹਾ ਹੈ। ਜਨਤਾ ਵੀ ਜਾਗ ਰਹੀ ਹੈ। ਯੁਵਾ ਸੋਚ ਦਾ ਵਿਕਾਸ ਹੋ ਰਿਹਾ ਹੈ। ਸਿੱਖਿਆ ਦਾ ਪੱਧਰ ਵੱਧ ਰਿਹਾ ਹੈ। ਇਸ ਸਭ ਦੇ ਚੱਲਦੇ ਹੁਣ ਦੇਸ਼ ਦਾ ਰਾਜਨੀਤਿਕ ਵਿਕਾਸ ਵੀ ਹੋ ਰਿਹਾ ਹੈ ਅਤੇ ਰਾਜਨੀਤੀਵਾਨ ਚੌਕਸ ਹੋ ਗਿਆ ਹੈ। ਜ਼ਿਆਦਾ ਸਮੇਂ ਤੱਕ ਸ਼ਾਸ਼ਨ ਅਤੇ ਪ੍ਰਸ਼ਾਸ਼ਨ ਵਿੱਚ ਭ੍ਰਿਸ਼ਟਾਚਾਰ, ਅਪਰਾਧ ਅਤੇ ਅਯੋਗਤਾ ਨਹੀਂ ਚੱਲ ਸਕੇਗੀ। ਅੱਜ ਭਾਵੇਂ ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ ਪਰ ਸਾਡੇ ਦੇਸ਼ ਦੇ ਭ੍ਰਿਸ਼ਟ ਰਾਜਨੀਤਿਕਾਂ ਅਤੇ ਨੌਕਰਸ਼ਾਹਾਂ ਨੇ ਦੇਸ਼ ਨੂੰ ਭ੍ਰਿਸ਼ਟਾਚਾਰ ਅਤੇ ਘੋਟਾਲਿਆਂ ਦੇ ਅਜਿਹੇ ਦਾਗ ਲਗਾ ਦਿੱਤੇ ਹਨ ਜਿਹਨਾਂ ਕਰਕੇ ਸਾਡਾ ਦੇਸ਼ ਬਦਨਾਮ ਹੋ ਚੁੱਕਿਆ ਹੈ। ਲੋਕਤੰਤਰ, ਇਮਾਨਦਾਰੀ ਦਾ ਪਾਠ ਸਿਰਫ ਆਮ ਜਨਤਾ ਨੂੰ ਹੀ ਪੜਾਇਆ ਜਾਂਦਾ ਹੈ। ਸੰਵਿਧਾਨ ਲਾਗੂ ਹੋਣ ਤੋਂ ਬਾਅਦ ਦੇਸ਼ ਵਿੱਚੋਂ ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ, ਜਾਤ-ਪਾਤ, ਮਹਿੰਗਾਈ ਵਰਗੀਆਂ ਸਮੱਸਿਆਵਾਂ ਖਤਮ ਹੋ ਜਾਣੀਆਂ ਚਾਹੀਦੀਆਂ ਸੀ ਪਰ ਇਹ ਸਮੱਸਿਆਵਾਂ ਕਈ ਗੁਣਾਂ ਵੱਧ ਕੇ ਦੇਸ਼ ਸਾਹਮਣੇ ਚੁਣੌਤੀ ਬਣ ਕੇ ਖੜੀਆਂ ਹਨ। ਦੇਸ਼ ਦੇ ਨੇਤਾਵਾਂ ਨੇ ਘੋਟਾਲੇ ਕਰਕੇ ਵਿਦੇਸ਼ੀ ਬੈਂਕਾਂ ਵਿੱਚ ਅਰਬਾਂ ਰੁਪਏ ਜਮਾਂ ਕਰਵਾ ਕੇ ਰੱਖੇ ਹਨ ਜਿਸ ਕਰਕੇ ਦੇਸ਼ ਦੀ ਅਰਥ ਵਿਵਸਥਾ ਡਾਵਾਂਡੋਲ ਹੁੰਦੀ ਰਹਿੰਦੀ ਹੈ। ਅੱਜ ਵੀ ਦੇਸ਼ ਦੇ ਕਰੋੜਾਂ ਗਰੀਬ ਲੋਕਾਂ ਕੋਲ ਪੱਕੇ ਮਕਾਨ ਨਹੀਂ ਹਨ ਅਤੇ ਰੋਜ਼ ਖਾਲੀ ਢਿੱਡ ਖੜਕਾਂਦੇ ਫਿਰਦੇ ਹਨ। ਜਿੱਥੇ ਕਰੋੜਾਂ ਬੱਚੇ ਭੁੱਖਮਰੀ ਕਾਰਨ ਕਈ ਰੋਗਾਂ ਦੇ ਸ਼ਿਕਾਰ ਹੋਣ ਅਤੇ ਖਾਣ ਲਈ ਰੋਟੀ ਨਾ ਹੋਵੇ ਤਾਂ ਉਹਨਾਂ ਲਈ ਲੋਕਤੰਤਰ ਦਾ ਕੀ ਮਹੱਤਵ ਹੈ। 26 ਜਨਵਰੀ ਨੂੰ ਸਿਰਫ ਬੈਂਡ ਵਾਜੇ ਵਜਾਉਣ ਨਾਲ ਅਤੇ ਪਰੇਡ ਕਰਨ ਨਾਲ ਦੇਸ਼ ਦੇ ਲੋਕ ਸੁਖੀ ਨਹੀਂ ਹੋ ਸਕਦੇ ਹਨ। ਦੇਸ਼ ਇੱਕ ਚੰਗਾ ਲੋਕਤੰਤਰ ਤਾਂ ਹੀ ਬਣ ਸਕੇਗਾ ਜੇਕਰ ਦੇਸ਼ ਵਿੱਚੋਂ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਮਹਿੰਗਾਈ, ਜਾਤ-ਪਾਤ ਅਤੇ ਹੋਰ ਕਈ ਸਮਾਜਿਕ ਬੁਰਾਈਆਂ ਦਾ ਖਾਤਮਾ ਕੀਤਾ ਜਾਵੇ। ਲੋਕਤੰਤਰ ਨੂੰ ਤਰੱਕੀ ਦੇ ਰਸਤੇ ਤੇ ਲਿਜਾਣ ਲਈ ਵਿਦੇਸ਼ਾਂ ਵਿੱਚ ਜਮਾਂ ਕਾਲੇ ਧੰਨ ਨੂੰ ਵਾਪਸ ਲਿਆਉਣਾ ਚਾਹੀਦਾ ਹੈ ਅਤੇ ਨਾਲ ਹੀ ਦੇਸ਼ ਦੇ ਘੋਟਾਲੇਬਾਜ਼ ਨੇਤਾਵਾਂ ਕੋਲੋ ਵੀ ਦੇਸ਼ ਦਾ ਧੰਨ ਵਸੂਲ ਕਰਕੇ ਦੋਸ਼ੀ ਨੇਤਾਵਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਲੋਕਾਂ ਦਾ ਲੋਕਤੰਤਰ ਵਿੱਚ ਵਿਸ਼ਵਾਸ਼ ਬਹਾਲ ਹੋ ਸਕੇ ਅਤੇ ਸਾਡਾ ਗਣਤੰਤਰ ਦਿਵਸ ਗੁਣਤੰਤਰ ਵਾਲਾ ਬਣ ਸਕੇ।  
 ਕੁਲਦੀਪ ਚੰਦ 
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ ਪੰਜਾਬ-140124
9417563054
kuldipnangal0gmail.com