}
                                                                           

Articles

Home

 

ਅਧਿਆਪਕ ਦੇ ਹੱਥ ਵਿੱਚ ਹੀ ਸਮਾਜ ਦੇ ਨਿਰਮਾਣ ਦੀ ਚਾਬੀ ਹੈ, ਚੰਗਾ ਅਧਿਆਪਕ ਹੀ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇ ਸਕਦਾ ਹੈ।

ਵਿਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਮੰਨਿਆ ਜਾਂਦਾ ਅਤੇ ਵਿਦਿਆ ਦੇਣ ਲਈ ਅਧਿਆਪਕ ਦੀ ਮੁੱਖ ਭੂਮਿਕਾ ਹੁੰਦੀ ਹੈ। ਹਰ ਵਿਅਕਤੀ ਦੇ ਵਿਅਕਤੀਤਵ ਦੇ ਵਿਕਾਸ ਵਿੱਚ ਉਸਦੇ ਅਧਿਆਪਕ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਵਿਸ਼ਵ ਦੇ ਹਰ ਸਮਾਜ ਅਤੇ ਦੇਸ਼ ਵਿੱਚ ਅਧਿਆਪਕ ਦਾ ਵਿਸ਼ੇਸ਼ ਸਥਾਨ ਅਤੇ ਮਹੱਤਵ ਹੈ। ਭਾਰਤ ਵਿੱਚ ਪ੍ਰਾਚੀਨ ਸਮੇਂ ਤੋਂ ਹੀ ਗੁਰੂ ਅਤੇ ਚੇਲਾ ਦੀ ਪ੍ਰਪੰਰਾ ਚਲਦੀ ਆ ਰਹੀ ਹੈ। ਮਨੁਖੀ ਜੀਵਨ ਵਿੱਚ ਮਾਤਾ-ਪਿਤਾ ਦਾ ਸਥਾਨ ਕੋਈ ਵੀ ਨਹੀਂ ਲੈ ਸਕਦਾ, ਕਿਉਂਕਿ ਉਹ ਹੀ ਸਾਨੂੰ ਇਸ ਰੰਗੀਨ ਖੂਬਸੂਰਤ ਦੁਨੀਆਂ ਵਿੱਚ ਲਿਆਂਦੇ ਹਨ। ਉਹਨਾਂ ਦਾ ਕਰਜ਼ ਅਸੀਂ ਕਿਸੇ ਵੀ ਰੂਪ ਵਿੱਚ ਨਹੀਂ ਉਤਾਰ ਸਕਦੇ ਹਾਂ, ਪਰ ਜਿਸ ਸਮਾਜ ਵਿੱਚ ਰਹਿਣਾ ਹੈ, ਉਸਦੇ ਯੋਗ ਸਾਨੂੰ ਅਧਿਆਪਕ ਹੀ ਬਣਾਉਂਦੇ ਹਨ। ਪਰਿਵਾਰ ਨੂੰ ਬੱਚਿਆਂ ਦੇ ਸ਼ੁਰੂਆਤੀ ਸਕੂਲ ਦਾ ਦਰਜਾ ਦਿੱਤਾ ਜਾਂਦਾ ਹੈ, ਪਰ ਜੀਣ ਦਾ ਅਸਲੀ ਸਲੀਕਾ ਉਸਨੂੰ ਅਧਿਆਪਕ ਹੀ ਸਿਖਾਂਦਾ ਹੈ। ਭਾਰਤ ਵਿੱਚ ਬੇਸ਼ੱਕ ਸਦੀਆਂ ਤੱਕ ਵਿਦਿਆ ਦਾ ਅਧਿਕਾਰ ਕੁੱਝ ਖਾਸ ਲੋਕਾਂ ਕੋਲ ਹੀ ਸੀਮਿਤ ਰਿਹਾ ਹੈ ਅਤੇ ਇਹ ਰਾਜੇ ਮਹਾਰਾਜੇ ਅਪਣੇ ਬੱਚਿਆਂ ਨੂੰ ਪੜਾਉਣ ਲਈ ਵਿਸ਼ੇਸ਼ ਅਧਿਆਪਕ ਰੱਖਦੇ ਸਨ ਜੋਕਿ ਸਮੇਂ ਦੀ ਹਾਣੀ ਸਿੱਖਿਆ ਉਨ੍ਹਾਂ ਦੇ ਬੱਚਿਆਂ ਨੂੰ ਦੇ ਸਕਣ। ਸਾਡੇ ਸਮਾਜ ਦੇ ਸਮਾਜਿਕ ਢਾਂਚੇ ਅਨੁਸਾਰ ਇੱਕ ਖਾਸ ਵਰਗ ਅਤੇ ਮਹਿਲਾਵਾਂ ਨੂੰ ਵਿਦਿਆ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਸੀ। ਹੋਲੀ ਹੋਲੀ ਸਮੇਂ ਵਿੱਚ ਬਦਲਾਵ ਆਣ ਨਾਲ ਸਿੱਖਿਆ ਦੇ ਦੁਆਰ ਖੁੱਲਦੇ ਗਏ ਅਤੇ ਅਧਿਆਪਕ ਦਾ ਕਿੱਤਾ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ। ਸਦੀਆਂ ਤੋਂ ਸਿੱਖਿਆ ਤੋਂ ਬਾਂਝੇ ਵਰਗਾਂ ਲਈ ਵਿਦਿਆ ਦਾ ਚਾਨਣ ਫੈਲਾਉਣ ਲਈ ਕਈ ਸਮਾਜ ਸੁਧਾਰਕਾਂ ਨੇ ਮੁਹਿੰਮ ਚਲਾਈ। ਸਵਿਤਰੀ ਬਾਈ ਫੂਲੇ, ਬਾਬੂ ਮੰਗੂ ਰਾਮ ਮੂਗੋਵਾਲੀਆ ਆਦਿ ਨੇ ਵਿਦਿਅਕ ਅਦਾਰੇ ਖੋਲੇ ਅਤੇ ਭਾਰੀ ਮੁਸ਼ਕਿਲਾਂ ਦੇ ਬਾਬਜੂਦ ਇਨ੍ਹਾਂ ਵਰਗਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਿੱਖਿਅਤ ਕੀਤਾ। ਦੇਸ਼ ਦੇ ਦੂਰ ਦੁਰਾਡੇ ਭਾਗਾਂ ਵਿੱਚ ਰਹਿੰਦੇ ਲੋਕਾਂ ਤੱਕ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ ਸਿੱਖਿਆ ਪਹੁੰਚਾਣ ਲਈ ਵਿਸ਼ੇਸ਼ ਭੂਮਿਕਾ ਨਿਭਾਈ ਅਜ਼ਾਦੀ ਤੋਂ ਬਾਦ ਹਰ ਇੱਕ ਲਈ ਸਿੱਖਿਆ ਪਹੁੰਚਾਣਾ ਵਿਸ਼ੇਸ਼ ਉਦੇਸ਼ ਰੱਖਿਆ ਗਿਆ। ਅਧਿਆਪਕ ਦੀ ਮਹੱਤਤਾ ਨੂੰ ਵੇਖਦੇ ਹੋਏ ਵਿਸ਼ਵ ਵਿੱਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਅਧਿਆਪਕ ਦਿਵਸ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ ਪਰ ਸਭ ਨੇ ਇਸਦੇ ਲਈ ਇੱਕ ਅਲੱਗ ਦਿਨ ਨਿਰਧਾਰਤ ਕੀਤਾ ਹੈ। ਭਾਰਤ ਵਿੱਚ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਂਦਾ ਹੈ, ਜਦਕਿ ਅੰਤਰਰਾਸ਼ਟਰੀ ਅਧਿਆਪਕ ਦਿਵਸ ਦਾ ਆਯੋਜਨ 5 ਅਕਤੂਬਰ ਨੂੰ ਹੁੰਦਾ ਹੈ। ਭਾਰਤ ਵਿੱਚ ਸਾਬਕਾ ਰਾਸ਼ਟਰਪਤੀ ਸਵਰਗੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਸਨਮਾਨ ਵਿੱਚ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਵੱਡੇ ਵੱਡੇ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ, ਸਮਾਜ ਵਿੱਚ ਵਧੀਆ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸਵਰਗੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਜੀ ਇੱਕ ਆਦਰਸ਼ ਅਧਿਆਪਕ ਸਨ। ਉਹਨਾਂ ਲੱਗਭੱਗ 40 ਸਾਲ ਤੱਕ ਸਿੱਖਿਆ ਦੇਣ ਦਾ ਕੰਮ ਕੀਤਾ। ਯੂਨੈਸਕੋ ਨੇ 5 ਅਕਤੂਬਰ ਨੂੰ ਅੰਤਰਰਾਸ਼ਟਰੀ ਅਧਿਆਪਕ ਦਿਵਸ ਘੋਸ਼ਿਤ ਕੀਤਾ ਸੀ। ਸਾਲ 1994 ਤੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਹਰ ਸਾਲ 05 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਅਧਿਆਪਕਾਂ ਦੇ ਪ੍ਰਤੀ ਸਹਿਯੋਗ ਨੂੰ ਵਧਾਵਾ ਦੇਣ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਅਧਿਆਪਕਾਂ ਦੇ ਮਹੱਤਵ ਦੇ ਪ੍ਰਤੀ ਜਾਗਰੂਕਤਾ ਲਿਆਉਣ ਦੇ ਮਕਸਦ ਨਾਲ ਇਸਦੀ ਸ਼ੁਰੂਆਤ ਕੀਤੀ ਗਈ ਸੀ। ਇਸ ਮੌਕੇ ਤੇ ਵਿਦਿਆਰਥੀ ਆਪਣੇ ਅਧਿਆਪਕਾਂ ਦਾ ਸਨਮਾਨ ਕਰਦੇ ਹਨ। ਵਿਦਿਆਰਥੀ ਆਪਣੇ ਅਧਿਆਪਕਾਂ ਦੇ ਦੱਸੇ ਰਸਤੇ ਤੇ ਚੱਲਣ ਦਾ ਸੰਕਲਪ ਲੈਂਦੇ ਹਨ। ਇਸ ਮੌਕੇ ਤੇ ਲੱਗਭੱਗ ਸਾਰੇ ਵਿਦਿਅਕ ਅਦਾਰਿਆਂ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਅਤੇ ਅਧਿਆਪਕ ਦੀ ਮਹੱਤਤਾ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਸਾਡੇ ਦੇਸ਼ ਵਿੱਚ ਇਸ ਦਿਨ ਵੱਡੇ ਵੱਡੇ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ ਅਤੇ ਸਮਾਜ ਵਿੱਚ ਵਧੀਆ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸਮਾਜ ਵਿੱਚ ਵਿਦਿਆ, ਵਿਦਿਅਕ ਅਦਾਰਿਆਂ ਅਤੇ ਅਧਿਆਪਕ ਦਾ ਸਥਾਨ ਸਮਾਜ ਅਤੇ ਦੇਸ਼ ਦੇ ਵਿਕਾਸ ਲਈ ਸਭਤੋਂ ਵੱਧ ਮਹੱਤਵਪੂਰਨ ਹੈ, ਪਰ ਅੱਜ ਜੋ ਸਥਿਤੀ ਹੈ ਉਥੇ ਇਹਨਾਂ ਦੀ ਮਹੱਤਤਾ ਘਟਦੀ ਜਾ ਰਹੀ ਹੈ। ਜਿਸ ਵਿੱਦਿਆ ਨੂੰ ਮਨੁਖੀ ਵਿਕਾਸ ਦੇ ਲਈ ਜ਼ਰੂਰੀ ਮੰਨਿਆ ਜਾਂਦਾ ਹੈ ਅੱਜ ਤਰਾਂ ਬਜ਼ਾਰੂ ਬਣਦੀ ਜਾ ਰਹੀ ਹੈ। ਅਧਿਆਪਕ ਜਿਸਦੀ ਹਰ ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਹੈ ਦਾ ਬਦਲ ਰਿਹਾ ਰੂਪ ਸਮਾਜ ਲਈ ਖਤਰਨਾਕ ਹੈ। ਅੱਜ ਅਧਿਆਪਨ ਦਾ ਕੰਮ ਸੇਵਾ ਨਾਲੋਂ ਵੱਧ ਵਿਉਪਾਰ ਬਣ ਗਿਆ ਹੈ ਅਤੇ ਅਧਿਆਪਕ ਵੀ ਹੁਣ ਗੁਰੂ ਦੀ ਥਾਂ ਵਪਾਰੀ ਬਣਦੇ ਜਾ ਰਹੇ ਹਨ। ਸਮਾਜ ਵਿੱਚ ਸਿੱਖਿਆ ਦੇ ਹੋ ਰਹੇ ਵਪਾਰੀਕਰਣ ਕਾਰਨ ਅੱਜ ਬਹੁਤੇ ਅਧਿਆਪਕ ਸਿਖਿੱਆ ਦੇ ਨਾਮ ਤੇ ਚੱਲਦੀਆਂ ਦੁਕਾਨਾਂ ਵਿੱਚ ਕੰਮ ਕਰ ਰਹੇ ਹਨ, ਅਧਿਆਪਕ ਜਿਸਨੇ ਸਮਾਜ ਨੂੰ ਸੇਧ ਦੇਣੀ ਹੈ ਅਤੇ ਦੇਸ਼ ਦਾ ਭਵਿੱਖ ਮੰਨੇ ਜਾਂਦੇ ਬੱਚਿਆਂ ਨੂੰ ਵਧੀਆ ਬਣਾਉਣਾ ਹੈ ਆਪ ਦਿਸ਼ਾਹੀਣ ਹੋ ਰਿਹਾ ਹੈ। ਅੱਜ ਅਧਿਆਪਕਾਂ ਤੇ ਰਾਜਨੀਤਿਕ ਪ੍ਰਭਾਵ ਵਧ ਰਿਹਾ ਹੈ ਅਤੇ ਅਧਿਆਪਕਾਂ ਨੂੰ ਪੜ੍ਹਾਉਣ ਦੇ ਨਾਲ ਨਾਲ ਹੋਰ ਕਈ ਕੰਮ ਕਰਨੇ ਪੈਂਦੇ ਹਨ ਉਨ੍ਹਾਂ ਦੀ ਕਦੇ ਜਨਸੰਖਿਆ, ਕਦੇ ਸਰਵੇ, ਕਦੇ ਵੋਟਾਂ ਵਿੱਚ ਡਿਊਟੀ ਲੱਗਦੀ ਹੈ ਜਿਸ ਨਾਲ ਉਹ ਮਾਨਸਿਕ ਤੋਰ ਤੇ ਪੀੜ੍ਹਿਤ ਮਹਿਸੂਸ ਕਰਦੇ ਹਨ। ਦੇਸ ਵਿੱਚ ਬਦਲ ਰਿਹਾ ਵਿਦਿਅਕ ਢਾਂਚਾ ਵੀ ਅਧਿਆਪਕਾਂ ਦੀ ਭੂਮਿਕਾ ਨੂੰ ਢਾਹ ਲਾ ਰਿਹਾ ਹੈ। ਐਮ ਏ ਬੀਐਡ ਪਾਸ ਅਧਿਆਪਕ ਨਿੱਜੀ ਅਦਾਰਿਆਂ ਵਿੱਚ ਦੋ-ਤਿੰਨ ਹਜਾਰ ਦੀ ਨਿਗੂਣੀ ਤਨਖਾਹ ਤੇ ਕੰਮ ਕਰ ਰਹੇ ਹਨ। ਸਰਕਾਰ ਵਿਦਿਆ ਫੈਲਾਉਣ ਦੇ ਨਿਰੋਲ ਸਮਾਜਿਕ ਜਿੰਮੇਵਾਰੀ ਵਾਲੇ ਕੰਮ ਨੂੰ ਵੀ ਲਾਭਕਾਰੀ ਕੰਮ ਬਣਾ ਰਹੀ ਹੈ। ਸੈਲਫ ਫਾਇਨਾਂਸਡ ਵਿਦਿਅਕ ਸੰਸਥਾਵਾਂ ਦੇ ਨਾਮ ਤੇ ਵਪਾਰਿਕ ਵਿਦਿਅਕ ਅਦਾਰੇ ਧੜਾਧੜ ਖੁੱਲ ਰਹੇ ਹਨ। ਸਮਾਜ ਅਤੇ ਦੇਸ਼ ਦਾ ਭਵਿੱਖ ਤਿਆਰ ਕਰਨ ਵਾਲੇ ਅਧਿਆਪਕ ਅੱਜ ਖੁਦ ਅਪਣੇ ਭਵਿੱਖ ਲਈ ਚਿੰਤਿਤ ਹਨ ਅਤੇ ਆਏ ਦਿਨ ਰੋਸ ਪ੍ਰਦਰਸ਼ਨ ਅਤੇ ਹੜਤਾਲ ਕਰ ਰਹੇ ਹਨ। ਅਧਿਆਪਕ ਅਤੇ ਵਿਦਿਆਰਥੀਆਂ ਦੇ ਰਿਸ਼ਤਿਆਂ ਵਿੱਚ ਆ ਰਹੀ ਕੁੜੱਤਣ ਅਤੇ ਵਧ ਰਿਹਾ ਫਾਸਲਾ ਵੀ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਵਿਦਿਅਕ ਅਦਾਰਿਆਂ ਵਿੱਚ ਬਦਲ ਰਿਹਾ ਮਾਹੋਲ, ਵਧ ਰਿਹਾ ਅਪਰਾਧੀਕਰਨ ਹੋ ਰਿਹਾ ਰਾਜਨੀਤਿਕਰਣ ਅਧਿਆਪਕ ਦੀ ਭੂਮਿਕਾ ਤੇ ਵੱਡਾ ਪ੍ਰਸ਼ਨ ਚਿੰਨ ਲਗਾ ਰਿਹਾ ਹੈ। ਜੇਕਰ ਸਰਕਾਰ ਅਤੇ ਸਮਾਜ ਦੇ ਬੁੱਧੀਜਿਵੀ ਵਰਗ ਨੇ ਹੁਣ ਵੀ ਇਸ ਸਬੰਧੀ ਗੰਭੀਰਤਾਂ ਨਾਲ ਨਾਂ ਸੋਚਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਧਿਆਪਕ ਜਿਸਨੇ ਸਮਾਜ ਦੇ ਭਵਿਖ ਦਾ ਨਿਰਮਾਣ ਕਰਨਾ ਹੈ ਅਪਣੇ ਮੂਲ ਫਰਜ਼ ਨੂੰ ਭੁੱਲ ਜਾਵੇਗਾ ਤੇ ਹੋਲੀ ਹੋਲੀ ਇਸ ਦਿਨ ਦਾ ਵੀ ਕੋਈ ਮਹੱਤਵ ਨਹੀਂ ਰਹੇਗਾ। ਕਦੀ ਇਹ ਵਿੱਦਿਆ ਮਾਮੂਲੀ ਗੁਰੂ ਦਕਸ਼ਣਾ ਨਾਲ ਗ੍ਰਹਿਣ ਕੀਤੀ ਜਾਂਦੀ ਸੀ ਅੱਜ ਇਸੇ ਵਿੱਦਿਆ ਦੇ ਲਈ ਵਿਦਿਆਰਥੀਆਂ ਨੂੰ ਮੋਟੀ ਰਕਮ ਦਾਨ ਅਤੇ ਫੀਸਾਂ ਦੇ ਨਾਮ ਤੇ ਦੇਣੀ ਪੈਂਦੀ ਹੈ। ਵਪਾਰੀਕਰਨ ਅਤੇ ਨਿੱਜੀਕਰਨ ਨੇ ਸਿੱਖਿਆ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ। ਵਪਾਰਕ ਮੰਡੀ ਵਿੱਚ ਸਿੱਖਿਆ ਖਰੀਦਣ ਵੇਚਣ ਦੀ ਵਸਤੂ ਬਣਦੀ ਜਾ ਰਹੀ ਹੈ ਅਤੇ ਇਸਨੂੰ ਬਾਜ਼ਾਰ ਵਿੱਚ ਨਿਸ਼ਚਿਤ ਫੀਸ ਤੋਂ ਵੱਧ ਪੈਸਾ ਦੇ ਕੇ ਖਰੀਦਿਆ ਜਾ ਸਕਦਾ ਹੈ। ਅਧਿਆਪਕ ਬਣਨ ਲਈ ਸਰਕਾਰ ਨੇ ਇੱਕ ਵਿਦਿਅਕ ਪੱਧਰ ਨਿਸ਼ਚਿਤ ਕੀਤਾ ਹੋਇਆ ਹੈ ਜਿਵੇਂ ਪ੍ਰਾਇਮਰੀ ਕਲਾਸਾਂ ਨੂੰ ਪੜਾਉਣ ਵਾਲੇ ਅਧਿਆਪਕਾਂ ਲਈ ਈ ਟੀ ਟੀ ਅਤੇ ਐਨ ਟੀ ਟੀ ਕੋਰਸ ਅਤੇ ਹਾਈ ਸਕੂਲ ਦੀਆਂ ਕਲਾਸਾਂ ਵਾਲੇ ਅਧਿਆਪਕਾਂ ਲਈ ਬੀ ਐਡ ਦੀ ਡਿਗਰੀ ਜਰੂਰੀ ਹੈ। ਪਿਛਲੇ ਕੁੱਝ ਸਾਲਾਂ ਤੋਂ ਇਨ੍ਹਾਂ ਕੋਰਸਾਂ ਨੂੰ ਮੁਕੰਮਲ ਕਰਨ ਤੋਂ ਬਾਦ ਸਰਕਾਰ ਨੇ ਇੱਕ ਅਧਿਆਪਕ ਯੋਗਤਾ ਟੈਸਟ ਪਾਸ ਕਰਨਾ ਲਾਜ਼ਮੀ ਕਰ ਦਿਤਾ ਹੈ ਜੋਕਿ ਭਵਿੱਖ ਦੇ ਅਧਿਆਪਕਾਂ ਲਈ ਮਾਯੂਸੀ ਅਤੇ ਸ਼ੋਸ਼ਣ ਦਾ ਕਾਰਨ ਬਣਦਾ ਜਾ ਰਿਹਾ ਹੈ ਅਤੇ ਸਰਕਾਰ ਲਈ ਕਮਾਈ ਦਾ ਸਾਧਨ ਬਣ ਗਿਆ ਹੈ। ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਹੋਏ ਇਸ ਟੈਸਟ ਨੇ ਤਾਂ ਇਹ ਸਾਬਿਤ ਹੀ ਕਰ ਦਿਤਾ ਕਿ ਐਮ ਏ ਬੀ ਐਡ ਵਿੱਚ ਟੋਪਰ ਰਹਿਣ ਵਾਲੇ ਅਧਿਆਪਕ ਵੀ ਨਿਕੰਮੇ ਹੀ ਹਨ ਅਤੇ 10 ਫਿਸਦੀ ਤੋਂ ਵੀ ਘੱਟ ਪ੍ਰੀਖਿਆਰਥੀਆਂ ਨੇ ਹੀ ਇਹ ਟੈਸਟ ਪਾਸ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਬੀ ਐਡ ਵਿੱਚ ਦਾਖਲੇ ਲਈ ਸਰਕਾਰ ਨੇ 40 ਫਿਸਦੀ ਅੰਕ ਦੀ ਸ਼ਰਤ ਰੱਖੀ ਹੋਈ ਹੈ ਪਰੰਤੂ ਦੂਜੇ ਪਾਸੇ ਇਸ ਟੈਸਟ ਨੂੰ ਪਾਸ ਕਰਨ ਲਈ 60 ਫਿਸਦੀ ਨੰਬਰ ਰੱਖੇ ਗਏ ਸਨ। ਸਰਕਾਰ ਵਲੋਂ ਕਰਵਾਇਆ ਜਾ ਰਿਹਾ ਅਧਿਆਪਕ ਯੋਗਤਾ ਟੈਸਟ ਹੁਣ ਟੈਸਟ ਦੇਣ ਵਾਲਿਆਂ ਲਈ ਪ੍ਰੇਸ਼ਾਨੀ  ਦਾ ਕਾਰਨ ਬਣ ਗਿਆ ਹੈ। ਅਧਿਆਪਕ ਭਰਤੀ ਮਾਮਲੇ ਵਿੱਚ ਦੇਸ ਦੇ ਵੱਖ ਵੱਖ ਸੂਬਿਆਂ ਵਿੱਚ ਹੋਏ ਘੋਟਾਲਿਆਂ ਕਾਰਨ ਵੀ ਅਧਿਆਪਕ ਵਰਗ ਵਿੱਚ ਬੇਚੈਨੀ ਪਾਈ ਜਾ ਰਹੀ ਹੈ। ਨਕਲੀ ਅਤੇ ਜਾਅਲੀ ਡਿਗਰੀਆਂ ਵਾਲੇ ਸਿਫਾਰਸ਼ੀ ਅਤੇ ਰਿਸ਼ਵਤ ਦੇਕੇ ਭਰਤੀ ਹੋਏ ਅਧਿਆਪਕ ਵੀ ਸਿੱਖਿਆ ਦੇ ਨਾਮ ਤੇ ਕਲੰਕ ਹਨ। ਸਮਾਜ ਅਤੇ ਦੇਸ਼ ਦਾ ਭਵਿੱਖ ਤਿਆਰ ਕਰਨ ਵਾਲੇ ਅਧਿਆਪਕ ਅੱਜ ਖੁਦ ਅਪਣੇ ਭਵਿੱਖ ਲਈ ਚਿੰਤਿਤ ਹਨ ਅਤੇ ਅਪਣੇ ਹੱਕਾਂ ਲਈ ਆਏ ਦਿਨ ਰੋਸ ਪ੍ਰਦਰਸ਼ਨ ਅਤੇ ਹੜਤਾਲ ਕਰ ਰਹੇ ਹਨ। ਅਧਿਆਪਕ ਅਤੇ ਵਿਦਿਆਰਥੀਆਂ ਦੇ ਰਿਸ਼ਤਿਆਂ ਵਿੱਚ ਆ ਰਹੀ ਕੁੜੱਤਣ ਅਤੇ ਵਧ ਰਿਹਾ ਫਾਸਲਾ ਵੀ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਵਿਦਿਅਕ ਅਦਾਰਿਆਂ ਵਿੱਚ ਬਦਲ ਰਿਹਾ ਮਾਹੋਲ, ਵਧ ਰਿਹਾ ਅਪਰਾਧੀਕਰਨ, ਹੋ ਰਿਹਾ ਰਾਜਨੀਤਿਕਰਣ ਅਧਿਆਪਕ ਦੀ ਭੂਮਿਕਾ ਤੇ ਵੱਡਾ ਪ੍ਰਸ਼ਨ ਚਿੰਨ ਲਗਾ ਰਿਹਾ ਹੈ। ਦੇਸ਼ ਵਿੱਚ ਅਧਿਆਪਕ ਦੇ ਮਹੱਤਵ ਨੂੰ ਘਟਾ ਰਹੀ ਅਧਿਆਪਕ ਦੀ ਭੂਮਿਕਾ ਮੁੜ ਕਦੋਂ ਗੁਰੂ ਵਾਲੀ ਭੂਮਿਕਾ ਬਣੇਗੀ ਇਹ ਅਜੇ ਤੱਕ ਇੱਕ ਵੱਡਾ ਸਵਾਲ ਹੈ। ਜੇਕਰ ਸਰਕਾਰ ਅਤੇ ਸਮਾਜ ਦੇ ਬੁੱਧੀਜਿਵੀ ਵਰਗ ਨੇ ਹੁਣ ਵੀ ਇਸ ਸਬੰਧੀ ਗੰਭੀਰਤਾਂ ਨਾਲ ਨਾਂ ਸੋਚਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਧਿਆਪਕ ਜਿਸਨੇ ਸਮਾਜ ਦੇ ਭਵਿਖ ਦਾ ਨਿਰਮਾਣ ਕਰਨਾ ਹੈ ਅਪਣੇ ਮੂਲ ਫਰਜ਼ ਨੂੰ ਭੁੱਲ ਜਾਵੇਗਾ ਤੇ ਹੋਲੀ ਹੋਲੀ ਇਸ ਦਿਨ ਦਾ ਵੀ ਕੋਈ ਮਹੱਤਵ ਨਹੀਂ ਰਹੇਗਾ ਅਤੇ ਇਹ ਦਿਨ ਸਿਰਫ ਇੱਕ ਖਾਨਾਪੂਰਤੀ ਬਣਕੇ ਹੀ ਰਹਿ ਜਾਵੇਗਾ। ਅੱਜ ਜਰੂਰਤ ਹੈ ਕਿ ਅਸੀਂ ਅਪਣੇ ਵਿਦਿਅਕ ਢਾਂਚੇ ਵਿੱਚ ਸੁਧਾਰ ਕਰੀਏ ਅਤੇ ਇਸਦੇ ਹੋ ਰਹੇ ਵਪਾਰੀਕਰਣ ਨੂੰ ਰੋਕੀਏ। ਸਰਕਾਰਾਂ ਨੂੰ ਵੀ ਇਸ ਪ੍ਰਤੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਤਾਂ ਜੋ ਸਾਡੇ ਸਮਾਜ ਸੁਧਾਰਕਾਂ ਵਲੋਂ ਚਲਾਈ ਗਈ ਸਿਖਿੱਆ ਦੀ ਮੁਹਿੰਮ ਕਾਇਮ ਰਹਿ ਸਕੇ ਤੇ ਦੇਸ਼ ਵਿੱਚ ਅਧਿਆਪਕ ਵਰਗ ਦਾ ਰੁਤਵਾ ਸੱਚਮੁੱਚ ਸਨਮਾਨਯੋਗ ਬਣ ਸਕੇ।

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ
ਪੰਜਾਬ-140124
9417563054