}
                                                                           

Articles

Home

 

ਬਾਬਾ ਸਾਹਿਬ ਡਾਕਟਰ ਭੀਮ ਰਾਮ ਰਾਓ ਅੰਬੇਡਕਰ ਦੀ ਜਯੰਤੀ 'ਤੇ ਵਿਸ਼ੇਸ਼

ਡਾਕਟਰ ਭੀਮ ਰਾਮ ਰਾਓ ਅੰਬੇਡਕਰ ਦਾ ਜਨਮ ਅ¾ਜ ਦੇ ਦਿਨ 14 ਅਪ੍ਰੈਲ 1891 ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਕੇਂਦਰੀ ਪ੍ਰਾਂਤ (ਹੁਣ ਮੱਧ ਪ੍ਰਦੇਸ਼ ਵਿੱਚ) ਵਿੱਚ ਸਥਾਪਿਤ ਨਗਰ ਅਤੇ ਸੈਨਿਕ ਛਾਉਣੀ ਮਊ ਵਿੱਚ ਪਿਤਾ ਰਾਮਜੀ ਮਾਲੋਜੀ ਸਕਪਾਲ ਅਤੇ ਮਾਤਾ ਭੀਮਾ ਬਾਈ ਮੁਰਬਾਦਕਰ ਦੇ ਘਰ ਹੋਇਆ|  ਉਹ ਆਪਣੇ ਮਾਤਾ ਪਿਤਾ ਦੀ 14ਵੀਂ ਔਲਾਦ ਸਨ ਅਤੇ ਮਹਾਰ ਜਾਤਿ ਨਾਲ ਸਬੰਧ ਰੱਖਦੇ ਸੀ ਜੋ ਕਿ ਭਾਰਤ ਵਿੱਚ ਅਛੂਤ ਕਹੀ ਜਾਂਦੀ ਸੀ ਅਤੇ ਉਹਨਾਂ ਨਾਲ ਸਮਾਜਿਕ ਅਤੇ ਆਰਥਿਕ ਰੂਪ ਨਾਲ ਭੇਦਭਾਵ ਕੀਤਾ ਜਾਂਦਾ ਸੀ| ਉਨ੍ਹਾਂ ਦੇ ਬਜ਼ੁਰਗ ਲੰਬੇ ਸਮੇਂ ਤੋਂ ਬ੍ਰਿਟਿਸ਼ ਈਸਟ ਇੰਡੀਆਂ ਕੰਪਨੀ ਦੀ ਸੈਨਾ ਵਿੱਚ ਕੰਮ ਕਰਦੇ ਆ ਰਹੇ ਸਨ ਅਤੇ ਉਨ੍ਹਾਂ ਦੇ ਪਿਤਾ ਭਾਰਤੀ ਸੈਨਾ ਦੀ ਮਊ ਛਾਉਣੀ ਵਿੱਚ ਕੰਮ ਕਰਦੇ ਸਨ| ਉਨ੍ਹਾਂ ਨਾਲ ਅਕਸਰ ਹੀ ਜਾਤਿ ਅਧਾਰਿਤ ਗੈਰ ਮਨੁੱਖੀ ਭੇਦਭਾਵ ਵਾਲੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਜਿਨ੍ਹਾਂ ਨੇ ਉਨ੍ਹਾਂ ਦੇ ਦਿਮਾਗ ਅਤੇ ਵਿਚਾਰਧਾਰਾ ਤੇ ਡੂੰਘਾ ਅਸਰ ਕੀਤਾ| ਉਨ੍ਹਾਂ ਨੇ ਆਪਣੇ ਇੱਕ ਬ੍ਰਾਹਮਣ ਅਧਿਆਪਕ ਮਹਾਂ ਦੇਵ ਅੰਬੇਡਕਰ ਦੇ ਕਹਿਣ ਤੇ ਆਪਣੇ ਨਾਮ ਨਾਲ ਅੰਬੇਡਕਰ ਸ਼ਬਦ ਜੋੜਿਆ| ਮੈਟ੍ਰਿਕ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਐਲਫਿਨਸਟਨ ਕਾਲਜ ਬੰਬਈ ਵਿੱਚੋਂ ਸਾਲ 1912 ਵਿੱਚੋਂ ਬੀ ਏ ਪਾਸ ਕਰ ਲਈ ਅਤੇ ਮਹਾਰਾਜਾ ਬੜੋਦਾ ਨੇ ਉਹਨਾਂ ਨੂੰ ਹੋਰ ਉੱਚ  ਸਿੱਖਿਆ ਲਈ ਸਰਕਾਰੀ ਖਰਚੇ ਤੇ ਅਮਰੀਕਾ ਭੇਜ ਦਿੱਤਾ ਅਤੇ ਆਪ ਨੇ ਪੰਜ ਵਿਸ਼ਿਆਂ ਵਿੱਚ ਐਮ. ਏ., ਪੀ.ਐਚ.ਡੀ., ਡੀ.ਐਸ.ਸੀ. ਐਲ.ਐਲ.ਡੀ., ਡੀ.ਲਿਟ, ਬਾਰ.ਐਟ ਲਾਅ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ| ਆਪ ਦਾ ਵਿਆਹ ਲਗਭਗ 17 ਸਾਲ ਦੀ ਉਮਰ ਵਿੱਚ ਰਾਮਾ ਬਾਈ ਨਾਲ ਹੋਇਆ ਅਤੇ ਆਪ ਦੇ ਘਰ ਪੰਜ ਬੱਚਿਆਂ ਜਸ਼ਵੰਤ ਰਾਓ, ਗੰਗਾਧਰ, ਰਮੇਸ਼, ਇੰਦੂ ਅਤੇ ਰਾਜ ਰਤਨ ਨੇ ਜਨਮ ਲਿਆ ਪਰ ਜਸਵੰਤ ਰਾਓ ਤੋਂ ਇਲਾਵਾ ਬਾਕੀ ਸਾਰੇ ਬੱਚੇ ਛੋਟੀ ਉਮਰ ਵਿੱਚ ਹੀ ਮਰ ਗਏ| ਮਈ 1935 ਵਿੱਚ ਬਾਬਾ ਸਾਹਿਬ ਦੀ ਜੀਵਨ ਸਾਥਣ ਰਮਾ ਬਾਈ ਬਿਮਾਰੀ ਤੋਂ ਬਾਦ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਜਿਸ ਤੋਂ ਬਾਦ 15 ਅਪ੍ਰੈਲ 1948 ਨੂੰ ਆਪ ਨੇ ਡਾਕਟਰ  ਸ਼ਾਰਦਾ ਕਬੀਰ ਜਿਸਨੇ ਵਿਆਹ ਤੋਂ ਬਾਦ  ਅਪਣਾ  ਨਾਮ ਸਵਿਤਾ ਅੰਬੇਡਕਰ ਰੱਖਿਆ ਨਾਲ ਦੂਜਾ ਵਿਆਹ ਕਰਵਾਇਆ| ਪੜਾਈ ਮੁਕੰਮਲ ਕਰਨ ਤੋਂ ਬਾਦ ਮਹਾਰਾਜਾ ਬੜੌਦਾ ਨੇ ਆਪ ਨੂੰ ਫੌਜੀ ਸਕੱਤਰ ਨਿਯੁਕਤ ਕਰ ਲਿਆ ਪਰ ਇਥੇ ਵੀ ਉਨ੍ਹਾਂ ਨੂੰ ਵਿਤਕਰਾ ਹੀ ਝੱਲਣਾ ਪਿਆ, ਜਦੋਂ ਉਹ ਬੰਬਈ ਦੇ ਕਾਲਜ ਵਿੱਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਨਿਯੁਕਤ ਹੋਏ ਤਾਂ ਉਥੇ ਵੀ ਅਛੂਤ ਹੋਣ ਕਾਰਨ ਉਨ੍ਹਾਂ ਨਾਲ ਭੇਦਭਾਵ ਹੁੰਦਾ ਰਿਹਾ| ਬ੍ਰਿਟਿਸ਼ ਸਰਕਾਰ ਵਿੱਚ ਉਚ ਅਹੁਦੇ ਆਈ ਸੀ ਐਸ ਪਹਿਲਾਂ ਸਿਰਫ ਅੰਗਰੇਜ਼ਾਂ ਲਈ ਹੀ ਰਾਖਵੇਂ ਸਨ ਅਤੇ ਭਾਰਤੀ ਲੋਕਾਂ ਵੱਲੋਂ ਕੀਤੇ ਅੰਦੋਲਨ ਬਾਦ ਸਾਊਥ ਬੋਰੋਹ ਸਮਿਤੀ ਦੀ ਸਿਫ਼ਾਰਿਸ਼ ਤੇ ਅੰਗਰੇਜ਼ ਸਰਕਾਰ ਨੇ ਆਈ ਸੀ ਐਸ ਦੀਆਂ 11 ਪੋਸਟਾਂ ਭਾਰਤੀਆਂ ਲਈ ਰੱਖੀਆਂ ਜਿਨ੍ਹਾਂ ਵਿਚੋਂ 4 ਹਿੰਦੂਆਂ ਲਈ, 4 ਮੁਸਲਮਾਨਾਂ ਲਈ, 2 ਸਿੱਖਾਂ ਲਈ ਅਤੇ 01 ਏਂਗਲੋ ਇਂਡੀਅਨ ਲਈ ਰੱਖੀ ਗਈ ਸੀ| ਡਾਕਟਰ ਅੰਬੇਡਕਰ ਅਗਸਤ 1917 ਵਿੱਚ ਮੁੰਬਈ ਵਿੱਚ ਲਾਰਡ ਈ ਮਾਨਟੇਗੋ ਸਾਹਮਣੇ ਪੇਸ਼ ਹੋਏ ਅਤੇ ਭਾਰਤ ਵਿੱਚ ਦਲਿਤਾਂ ਦੀ ਤਰਸਯੋਗ ਹਾਲਤ ਅਤੇ ਸਮੱਸਿਆਵਾਂ ਪ੍ਰਤੀ ਜਾਣੂ ਕਰਵਾਇਆ| 27 ਜਨਵਰੀ 1919 ਨੂੰ ਡਾਕਟਰ ਅੰਬੇਡਕਰ ਨੇ ਵੋਟ ਅਤੇ ਨਾਗਰਿਕ ਅਧਿਕਾਰਾਂ ਸਬੰਧੀ ਗਠਿਤ ਸਾਉਥ ਬੋਰੋਹ ਕਮੇਟੀ ਸਾਹਮਣੇ ਦਲਿਤਾਂ ਲਈ ਆਬਾਦੀ ਅਨੁਸਾਰ ਵੱਖਰੇ ਚੋਣ ਅਧਿਕਾਰਾਂ ਦੀ ਮੰਗ ਰੱਖੀ ਪ੍ਰੰਤੂ ਦੇਸ਼ ਦੇ ਕੁਝ ਕੱਟੜ ਆਗੂਆਂ ਦੇ ਵਿਰੋਧ ਕਾਰਨ ਦਲਿਤਾਂ ਨੂੰ ਕੋਈ ਲਾਭ ਨਾਂ ਮਿਲਿਆ|  ਡਾਕਟਰ ਅੰਬੇਡਕਰ ਅਤੇ ਹੋਰ ਕਈ ਦਲਿਤ ਆਗੂਆਂ ਦੀ ਮੰਗ ਨੂੰ ਵੇਖਦੇ ਹੋਏ ਅੰਗਰੇਜ਼ ਸਰਕਾਰ ਨੇ 1919 ਵਿੱਚ ਇੱਕ ਭਾਰਤੀ ਕਾਨੂੰਨ ਕਮਿਸ਼ਨ (ਇਂਡੀਅਨ ਸਟੈਚੂਟਰੀ ਕਮਿਸ਼ਨ) ਸਰ ਜੌਹਨ ਸਾਇਮਨ ਦੀ ਅਗਵਾਈ ਵਿੱਚ ਬਣਾਇਆ ਜਿਸਨੂੰ ਸਾਇਮਨ ਕਮਿਸ਼ਨ ਕਿਹਾ ਜਾਂਦਾ ਸੀ ਸਾਇਮਨ ਕਮਿਸ਼ਨ 3 ਫਰਵਰੀ, 1928 ਨੂੰ ਭਾਰਤ ਆਇਆ ਜਿਸਦਾ ਕਈ ਕਾਂਗਰਸੀ ਆਗੂਆਂ ਨੇ ਪ੍ਰਧਾਨ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਤੇ ਮੁਜ਼ਾਹਿਰੇ ਕੀਤੇ| ਦੋਆਬੇ ਦੇ ਕਈ ਦਲਿਤ ਆਗੂਆਂ ਨੇ ਆਦਿ ਧਰਮ ਮੁਹਿੰਮ ਦੇ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਅਗਵਾਈ ਵਿੱਚ ਇਸ ਕਮਿਸ਼ਨ ਨੂੰ ਮਿਲਕੇ ਆਪਣੇ ਅਧਿਕਾਰ ਲੈਣ ਲਈ ਮਤਾ ਪਾਸ ਕੀਤਾ ਅਤੇ ਦਲਿਤਾਂ ਦੇ ਲਗਭਗ 18 ਸੰਗਠਨਾਂ ਨੇ ਸਾਈਮਨ ਕਮਿਸ਼ਨ ਅੱਗੇ ਆਪਣੇ ਅਲੱਗ ਅਧਿਕਾਰਾਂ ਦੀ ਮੰਗ ਕੀਤੀ| ਸਾਇਮਨ ਕਮਿਸ਼ਨ ਦੀ ਰਿਪੋਰਟ ਤੇ ਲੰਡਨ ਵਿੱਚ ਤਿੰਨ ਗੋਲ ਮੇਜ਼ ਕਾਨਫਰੰਸਾਂ ਹੋਈਆਂ ਜਿਸ ਵਿੱਚ ਭਾਰਤ ਦੇ ਵੱਖ ਵੱਖ ਵਰਗਾਂ ਦੇ ਪ੍ਰਤੀ ਨਿਧੀ ਜਿਨ੍ਹਾਂ ਵਿੱਚ ਹਿੰਦੂਆਂ ਵੱਲੋਂ ਮੋਹਨ ਦਾਸ ਕਰਮ ਚੰਦ ਗਾਂਧੀ, ਮੁਸਲਮਾਨਾਂ ਵੱਲੋਂ ਮੁਹੰਮਦ ਅਲੀ ਜਿਨਾਹ ਅਤੇ ਦਲਿਤਾਂ ਵੱਲੋਂ ਡਾਕਟਰ ਅੰਬੇਡਕਰ ਸ਼ਾਮਿਲ ਹੋਏ ਜਿਨ੍ਹਾਂ ਨੇ ਆਪਣੇ ਆਪਣੇ ਵਰਗਾਂ ਦੇ ਹੱਕਾਂ ਦੀ ਮੰਗ ਰੱਖੀ| ਡਾਕਟਰ ਅੰਬੇਡਕਰ ਨੇ ਦਲਿਤਾਂ ਦੀ ਪ੍ਰਤਿਨਿਧਤਾ ਕਰਦਿਆਂ ਅਛੂਤਾਂ ਦੀ ਅਸਲੀ ਸਥਿਤੀ ਤੋਂ ਬ੍ਰਿਟਿਸ਼ ਸਰਕਾਰ ਨੂੰ ਜਾਣੂ ਕਰਵਾਇਆ| 17 ਅਗਸਤ 1932 ਨੂੰ ਬ੍ਰਿਟਿਸ਼ ਸਰਕਾਰ ਨੇ ਕਮਿਊਨਲ ਐਵਾਰਡ ਦਾ ਫੈਸਲਾ ਸੁਣਾ ਦਿੱਤਾ ਜਿਸਦਾ ਕਈ ਕੱਟੜ ਹਿੰਦੂ ਆਗੂਆਂ ਨੇ ਵਿਰੋਧ ਕੀਤਾ। ਕਾਂਗਰਸੀ ਆਗੂ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਹਿੰਦੂਆਂ ਦੀ ਪ੍ਰਤਿਨਿਧਤਾ ਕਰਦੇ ਹੋਏ ਇਸ ਫੈਸਲੇ ਅਤੇ ਅਛੂਤਾਂ ਨੂੰ ਮਿਲੇ ਵਖਰੇ ਅਧਿਕਾਰਾਂ ਖਿਲਾਫ਼ ਮਰਨ ਵਰਤ ਸ਼ੁਰੂ ਕਰ ਦਿੱਤਾ ਜਿਸ ਨਾਲ ਦੇਸ਼ ਵਿੱਚ ਖਲਬਲੀ ਮਚ ਗਈ ਅਤੇ ਡਾਕਟਰ ਅੰਬੇਡਕਰ ਤੇ ਸਮਝੌਤੇ ਲਈ ਦਬਾਓ ਵੱਧ ਗਿਆ| 24 ਸਤੰਬਰ 1932 ਨੂੰ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਗਾਂਧੀ ਵਿਚਕਾਰ ਇੱਕ ਸਮਝੌਤਾ ਹੋਇਆ ਜਿਸਨੂੰ ਪੂਨਾ ਪੈਕਟ ਕਿਹਾ ਜਾਂਦਾ ਜਿਸ ਵਿੱਚ ਅਛੂਤਾਂ ਨੂੰ ਮਿਲੇ ਦੋ ਵੋਟਾਂ ਵਾਲੇ ਅਧਿਕਾਰ ਨੂੰ ਖਤਮ ਕਰ ਦਿੱਤਾ ਗਿਆ ਅਤੇ ਕਮਿਉਨਲ ਐਵਾਰਡ ਦੁਆਰਾ ਦਿੱਤੀਆਂ ਗਈਆਂ 78 ਸੀਟਾਂ ਨੂੰ ਵਧਾ ਕੇ 148 ਕਰ ਦਿਤਾ ਗਿਆ, ਵਿੱਦਿਆ ਅਤੇ ਨੌਕਰੀਆਂ ਵਿੱਚ ਦਲਿਤਾਂ ਨੂੰ ਸਹੂਲਤਾਂ ਅਤੇ ਮੋਜੂਦਾ ਰਾਖਵਾਂਕਰਣ ਦੀਆਂ ਸਹੂਲਤਾਂ ਦਿਤੀਆਂ ਗਈਆਂ| ਕਈ ਦਲਿਤ ਆਗੂਆਂ ਨੇ ਇਸ ਪੂਨਾ ਪੈਕਟ ਸਮਝੋਤੇ ਨੂੰ ਕਰੋੜ੍ਹਾਂ ਦਲਿਤਾਂ ਨਾਲ ਧੋਖਾ ਮੰਨਿਆ ਸੀ ਡਾਕਟਰ ਅੰਬੇਡਕਰ ਨੇ ਵੀ ਅਪਣੀ ਕਿਤਾਬ ਸਟੇਟ ਆਫ ਮਾਇਨਾਰਿਟੀ ਵਿੱਚ ਇਸ ਸਮਝੌਤੇ ਨੂੰ ਗਲਤ ਮੰਨਿਆ ।  ਡਾਕਟਰ ਅੰਬੇਡਕਰ ਨੇ ਹਿੰਦੂ ਧਰਮ ਵਿੱਚ ਫੈਲੇ ਗਲਤ ਰੀਤੀ ਰਿਵਾਜਾਂ ਖਿਲਾਫ ਜੋਰਦਾਰ ਅਵਾਜ਼ ਚੱਕੀ ਅਤੇ ਕਈ ਅੰਦੋਲਨ ਕੀਤੇ| ਉਨ੍ਹਾਂ ਨੇ 25 ਦਸੰਬਰ, 1927 ਨੂੰ ਮਨੂੰ ਸਮ੍ਰਤਿੀ ਨੂੰ ਜਲਾਇਆ| 13 ਅਕਤੂਬਰ, 1935 ਨੂੰ ਐਲਾਨ ਕੀਤਾ ਕਿ ਉਹ ਹਿੰਦੁ ਧਰਮ ਵਿੱਚ ਪੈਦਾ ਹੋਏ ਹਨ ਪਰ ਹਿੰਦੂ ਧਰਮ ਵਿੱਚ ਮਰਨਗੇ ਨਹੀਂ| ਉਨ੍ਹਾਂ ਨੇ ਲੱਖਾਂ ਅਛੂਤਾਂ ਨੂੰ ਹਿੰਦੂ ਧਰਮ ਦਾ ਤਿਆਗ ਕਰਨ ਲਈ ਤਿਆਰ ਕਰ ਲਿਆ| ਉਹ ਸਿੱਖ ਧਰਮ ਜਿਸ ਵਿੱਚ ਦਲਿਤਾਂ ਦੇ ਰਹਿਬਰ ਗੁਰੂਆਂ ਨੂੰ ਵਿਸ਼ੇਸ਼ ਸਥਾਨ ਦਿਤਾ ਗਿਆ ਸੀ ਅਤੇ ਜੋਕਿ ਸਭ ਨੂੰ ਬਰਾਬਰਤਾ ਦਾ ਸੁਨੇਹਾ ਦਿੰਦਾ ਸੀ ਨੂੰ ਅਪਣਾਉਣ ਲਈ ਤਿਆਰ ਹੋ ਗਏ ਪਰ ਸਿੱਖ ਧਰਮ ਦੇ ਕੁੱਝ ਉੱਚ ਜਾਤੀ ਲੀਡਰਾਂ ਕਾਰਨ ਸਿੱਖ ਧਰਮ ਨਾ ਅਪਣਾ ਸਕੇ| ਡਾਕਟਰ ਅੰਬੇਡਕਰ ਨੇ 1936 ਵਿੱਚ ਅਜ਼ਾਦ ਲੇਬਰ ਪਾਰਟੀ ਭਾਰਤ ਦੀ ਸਥਾਪਨਾ ਕੀਤੀ ਅਤੇ 1937 ਵਿੱਚ ਹੋਈਆਂ ਕੇਂਦਰੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ 15 ਸੀਟਾਂ ਤੇ ਜਿੱਤ ਹਾਸਲ ਹੋਈ| ਉਨ੍ਹਾਂ ਨੇ ਹਿੰਦੁ ਧਰਮ ਅਤੇ ਮੁਸਲਿਮ ਧਰਮ ਵਿੱਚ ਹੋ ਰਹੇ ਅਛੂਤਾਂ ਨਾਲ ਵਿਤਕਰੇ ਬਾਰੇ ਵੀ ਖੁੱਲਕੇ ਲਿਖਿਆ| ਉਨ੍ਹਾਂ ਨੇ ਮੂਕ ਨਾਇਕ-ਗੂੰਗਿਆਂ ਦਾ ਆਗੂ ਹਫਤਾਵਾਰੀ ਅਖਬਾਰ  ਸ਼ਰੂ ਕੀਤਾ| ਉਨ੍ਹਾਂ ਨੇ ਬਹਿਸ਼ਕ੍ਰਿਤ ਹਿਤਕਾਰਨੀ ਸਭਾ ਦਾ ਗਠਨ ਕੀਤਾ ਅਤੇ ਦਲਿਤਾਂ ਦੇ ਵਿਦਿਅਕ, ਸਮਾਜਿਕ ਅਤੇ ਆਰਥਿਕ ਵਿਕਾਸ ਲਈ ਕੰਮ ਕੀਤਾ| ਡਾਕਟਰ ਅੰਬੇਡਕਰ ਨੇ ਰੱਖਿਆ ਸਲਾਹਕਾਰ ਸਮਿਤੀ ਅਤੇ ਵਾਇਸਰਾਇ ਦੀ ਕਾਰਜਕਾਰੀ ਪ੍ਰੀਸ਼ਦ ਲਈ ਲੇਬਰ ਮੰਤਰੀ ਦੇ ਤੋਰ ਤੇ ਕੰਮ ਕੀਤਾ| ਅੰਤ 15 ਅਗਸਤ 1947 ਨੂੰ ਭਾਰਤ ਦੇਸ਼ ਅਜ਼ਾਦ ਹੋ ਗਿਆ ਅਤੇ ਡਾਕਟਰ ਅੰਬੇਡਕਰ ਦੇਸ਼ ਦੇ ਪਹਿਲੇ ਕਨੂੰਨ ਮੰਤਰੀ ਬਣੇ| 29 ਅਗਸਤ 1947 ਨੂੰ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਬਣਾਈ ਗਈ ਜਿਸਦੇ ਚੇਅਰਮੈਨ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਬਣਾਇਆ ਗਿਆ| ਡਰਾਫਟਿੰਗ ਕਮੇਟੀ ਵਲੋਂ ਡਰਾਫਟ ਸੰਵਿਧਾਨ ਤਿਆਰ ਕਰਕੇ 04 ਨਵੰਬਰ, 1947 ਨੂੰ ਸਭਾ ਨੂੰ ਪੇਸ ਕੀਤਾ ਗਿਆ| 26 ਨਵੰਬਰ, 1949 ਨੂੰ ਸੰਵਿਧਾਨ ਸਭਾ ਨੇ ਇਸਨੂੰ ਮੰਨਜੂਰ ਕਰ ਲਿਆ| 1951 ਵਿੱਚ ਸੰਸਦ ਵਿੱਚ ਹਿੰਦੂ ਕੋਡ ਬਿੱਲ ਜੋਕਿ ਭਾਰਤੀ ਮਹਿਲਾਵਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਲਈ ਸੀ ਦੇ ਵਿਰੋਧ ਵਿੱਚ ਸੰਸਦ ਦੇ ਬਹੁਤੇ ਮੈਂਬਰਾਂ ਵਲੋਂ ਵੋਟ ਪਾਏ ਜਾਣ ਕਾਰਨ ਉਨ੍ਹਾਂ ਨੇ ਲੋਕ ਸਭਾ ਤੋਂ ਅਸਤੀਫਾ ਦੇ ਦਿਤਾ| 1952 ਵਿੱਚ ਡਾਕਟਰ ਅੰਬੇਡਕਰ ਨੇ ਅਜਾਦ ਉਮੀਦਵਾਰ ਵਜੋਂ ਚੋਣ ਲੜੀ ਪਰ ਇਹ ਚੋਣ ਹਾਰ ਗਏ| ਮਾਰਚ 1952 ਵਿੱਚ ਉਹ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ ਜਿੰਦਗੀ ਦੇ ਅੰਤਿਮ ਸਮੇਂ ਤੱਕ ਉਹ ਰਾਜ ਸਭਾ ਮੈਂਬਰ ਬਣੇ ਰਹੇ| 1955 ਵਿੱਚ ਉਨ੍ਹਾਂ ਨੇ ਬੋਧ ਸੋਸਾਇਟੀ ਆਫ ਇੰਡੀਆ ਦੀ ਸਥਾਪਨਾ ਕੀਤੀ| 14 ਅਕਤੂਬਰ, 1956 ਨੂੰ ਡਾਕਟਰ ਅੰਬੇਡਕਰ ਨੇ ਲੱਖਾਂ ਸਾਥੀਆ ਸਮੇਤ ਬੁੱਧ ਧਰਮ ਅਪਣਾਇਆ| ਦਿੱਲੀ ਵਿੱਚ 6 ਦਸੰਬਰ 1956 ਨੂੰ ਡਾਕਟਰ ਅੰਬੇਡਕਰ ਸਾਨੂੰ ਸਦੀਵੀ ਵਿਛੋੜਾ ਦੇ ਗਏ| ਭਾਰਤੀ ਡਾਕ ਵਿਭਾਗ ਵਲੋਂ ਬਾਬਾ ਸਾਹਿਬ ਸਬੰਧੀ ਸਮੇਂ ਸਮੇਂ ਤੇ ਕਈ ਡਾਕ ਟਿਕਟ ਜਾਰੀ ਕੀਤੇ ਹਨ| 1990 ਵਿੱਚ ਆਪ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਅਤੇ ਸੰਸਦ ਦੇ ਕੇਂਦਰੀ ਹਾਲ ਵਿੱਚ ਬਾਬਾ ਸਾਹਿਬ ਦੀ ਤਸਵੀਰ ਲਗਾਈ ਗਈ| ਸਰਕਾਰ ਵਲੋਂ 1991 ਦਾ ਸਾਲ ਅੰਬੇਡਕਰ ਸ਼ਤਾਬਦੀ ਵਜੋਂ ਐਲਾਨਿਆ ਸੀ ਅਤੇ ਸਮਾਜਿਕ ਨਿਆਏ ਵਰ੍ਹਾ ਵਜੋਂ ਮਨਾਇਆ ਗਿਆ| 14 ਅਪ੍ਰੈਲ 2015 ਨੂੰ ਗੂਗਲ ਨੇ ਬਾਬਾ ਸਾਹਿਬ ਦੀ ਫੋਟੋ ਲਗਾਈ ਅਤੇ ਭਾਰਤ ਸਰਕਾਰ ਵਲੋਂ ਵੀ 125ਵੀਂ ਜਯੰਤੀ ਦੇ ਤੋਰ ਤੇ ਮਨਾਇਆ ਗਿਆ ਅਤੇ 125 ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ ਸੀ।  ਸੰਯੁਕਤ ਰਾਸ਼ਟਰ ਵਲੋਂ ਵੀ ਵਿਸ਼ੇਸ਼ ਸਮਾਗਮ ਕਰਵਾਏ ਗਏ ਹਨ| ਮਹਾਂਰਾਸ਼ਟਰ ਸਰਕਾਰ ਨੇ 14 ਅਪ੍ਰੈਲ ਦਾ ਦਿਨ ਗਿਆਨ ਦਿਵਸ ਵਜੋਂ ਮਨਾਉਣ ਦੀ ਘੋਸ਼ਣਾ ਕੀਤੀ । 14 ਅਪ੍ਰੈਲ 2020 ਨੂੰ ਕੈਨੇਡਾ ਸਰਕਾਰ ਨੇ ਬਰਾਬਰਤਾ ਦਿਵਸ ਵਜੋਂ ਮਨਾਇਆ| ਭਾਰਤ ਸਰਕਾਰ ਨੇ ਇਸ ਸਾਲ ਵੀ 14 ਅਪ੍ਰੈਲ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਸੀ ਅਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ 14 ਅਪ੍ਰੈਲ 2021 ਨੂੰ ਬਰਾਬਰਤਾ ਦਿਵਸ ਵਜੋਂ ਮਨਾਉਣ ਦੀ ਘੋਸ਼ਣਾ ਕੀਤੀ ਸੀ ਅੱਜ ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਵੀ ਸਰਕਾਰ ਵੱਲੋਂ ਅਤੇ ਵੱਖ ਵੱਖ ਸਮਾਜਿਕ, ਰਾਜਨੀਤਿਕ ਸੰਗਠਨਾਂ ਵਲੋਂ ਹਰ ਸਾਲ ਦੀ ਤਰਾਂ ਅੱਜ ਡਾਕਟਰ ਅੰਬੇਡਕਰ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ।  ਬਾਬਾ ਸਾਹਿਬ ਦਾ ਜਨਮ ਦਿਨ ਮਨਾਉਣ ਦਾ ਅਸਲੀ ਮੰਤਵ ਤਾਂ ਹੀ ਪੂਰਾ ਹੋਵੇਗਾ ਜੇਕਰ ਅਸੀਂ ਉਨ੍ਹਾਂ ਵਲੋਂ ਦੱਸੇ ਗਏ ਵਿਚਾਰਾਂ ਨੂੰ ਅਪਣਾਕੇ ਸਮਾਜ ਅਤੇ ਦੇਸ਼ ਨੂੰ ਸਹੀ ਅਰਥਾਂ ਵਿੱਚ ਗੈਰ ਵਿਤਕਰੇ ਵਾਲੇ ਰਾਹ ਤੇ ਤੋਰ ਕੇ ਵਿਕਸਿਤ ਕਰੀਏ| - ਕੁਲਦੀਪ ਚੰਦ