}
                                                                           

Articles

Home

ਰੁੱਤ ਚੋਣਾਂ ਦੀ ਆਈ
ਲੋਕ ਸਭਾ ਚੋਣਾਂ ਦਾ ਪੰਜਾਬ ਵਿੱਚ ਇਤਿਹਾਸ।

ਭਾਰਤ ਵਿੱਚ ਸਾਲ 2024 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਲਈ ਸਾਰੇ ਦੇਸ਼ ਵਿੱਚ ਜੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ। ਹਰ ਰਾਜਨੀਤਿਕ ਪਾਰਟੀ ਅਤੇ ਰਾਜਨੀਤੀਵਾਨਾਂ ਵਲੋਂ ਚੋਣਾਂ ਵਿੱਚ ਅਪਣੇ ਹੱਕ ਵਿੱਚ ਵੋਟਰਾਂ ਨੂੰ ਭਰਮਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਰਕਾਰੀ ਪੱਧਰ ਤੇ ਚੋਣ ਆਯੋਗ ਵਲੋਂ ਨਿਰਪੱਖ ਅਤੇ ਅਜ਼ਾਦ ਚੋਣਾਂ ਕਰਵਾਉਣ ਲਈ ਅਪਣੇ ਪੱਧਰ ਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪੰਜਾਬ ਵਿੱਚ ਇਹ ਚੋਣਾਂ 01 ਜੂਨ 2024 ਨੂੰ ਹੋਣ ਜਾ ਰਹੀਆਂ ਹਨ ਜਿਸ ਲਈ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦੱਲ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ ਵਲੋਂ ਵਿਸ਼ੇਸ਼ ਰੁੱਚੀ ਵਿਖਾਈ ਜਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਕੁੱਝ ਹੋਰ ਪਾਰਟੀਆਂ ਵੀ ਅਪਣੇ ਉਮੀਦਵਾਰਾਂ ਨੂੰ ਚੌਣ ਲੜਾਉਣ ਜਾ ਰਹੀਆਂ ਹਨ ਅਤੇ ਕੁੱਝ ਉਮੀਦਵਾਰ ਅਜ਼ਾਦ ਚੌਣ ਲੜਣਗੇ। ਇਨ੍ਹਾਂ ਚੌਣਾਂ ਦੇ ਨਤੀਜੇ 04 ਜੂਨ ਨੂੰ ਘੋਸ਼ਿਤ ਹੋਣਗੇ ਜਿਸਤੋਂ ਵੱਖ ਵੱਖ ਪਾਰਟੀਆਂ ਨੂੰ ਮਿਲੀਆਂ ਸੀਟਾਂ ਅਤੇ ਵੋਟਾਂ ਬਾਰੇ ਪਤਾ ਚੱਲੇਗਾ। ਜੇਕਰ ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਪਿਛੋਕੜ ਵੇਖੀਏ ਤਾਂ ਪਹਿਲੀ ਲੋਕ ਸਭਾ ਚੋਣ ਨਾਲ ਸਾਲ 1952 ਵਿੱਚ ਆਰੰਭ ਹੋਇਆ ਸੀ ਜਦੋਂ ਪੰਜਾਬ ਇਕੱਠਾ ਸੀ ਜਿਸ ਵਿੱਚ ਕਾਂਗਰਸ ਪਾਰਟੀ ਨੇ 15 ਸੀਟਾਂ ਵਿੱਚੋਂ 14 ਸੀਟਾਂ ਜਿੱਤੀਆਂ ਤੇ ਬਕਾਇਆ 01 ਸੀਟ ਅਕਾਲੀ ਦਲ ਨੇ ਜਿੱਤੀ ਸੀ। ਕਾਂਗਰਸ ਪਾਰਟੀ ਨੇ ਕੁੱਲ ਪਈਆਂ ਵੋਟਾਂ ਵਿੱਚੋਂ ਤਕਰੀਬਨ 43 ਫਿਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ ਜਦੋਂ ਕਿ ਅਕਾਲੀ ਦਲ ਨੂੰ ਸਿਰਫ 12 ਫਿਸਦੀ ਵੋਟਾਂ ਮਿਲੀਆਂ ਸਨ। ਸਾਲ 1957 ਵਿੱਚ ਹੋਈਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ 17 ਸੀਟਾਂ ਵਿੱਚੋਂ 16 ਸੀਟਾ ਮਿਲੀਆਂ ਤੇ ਇੱਕ ਸੀਟ ਭਾਰਤੀ ਕਮਿਊਨਿਸਟ ਪਾਰਟੀ ਨੇ ਜਿੱਤੀ ਸੀ। ਇਸ ਚੌਣ ਵਿੱਚ ਕਾਂਗਰਸ ਪਾਰਟੀ ਨੂੰ ਕੁੱਲ ਪਈਆਂ ਵੋਟਾਂ ਵਿੱਚੋਂ 51.26 ਫਿਸਦੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਨੂੰ 16.81 ਫਿਸਦੀ ਵੋਟਾਂ ਮਿਲੀਆਂ ਸਨ। ਦੇਸ਼ ਵਿੱਚ ਤੀਸਰੀਆਂ ਲੋਕ ਸਭਾ ਚੋਣਾਂ ਸਾਲ 1962 ਵਿੱਚ ਹੋਈਆਂ ਤੇ ਇਨ੍ਹਾਂ ਚੋਣਾਂ ਵਿੱਚ ਪੰਜਾਬ ਦੀਆਂ ਲੋਕ ਸਭਾ ਸੀਟਾਂ 17 ਤੋਂ ਵੱਧ ਕੇ 22 ਹੋ ਗਈਆਂ। ਅਕਾਲੀ ਦਲ ਨੇ ਇਨ੍ਹਾਂ ਚੋਣਾਂ ਵਿੱਚ ਪੰਜਾਬੀ ਸੂਬੇ ਨੂੰ ਮੁੱਦਾ ਬਣਾ ਕੇ ਹਿੱਸਾ ਲਿਆ ਤੇ ਕੁੱਲ ਪਈਆਂ ਵੋਟਾਂ ਦਾ 12.2 ਫਿਸਦੀ ਵੋਟਾਂ ਲੈ ਕੇ 3 ਸੀਟਾਂ ਜਿੱਤੀਆਂ ਅਤੇ ਕਾਂਗਰਸ ਪਾਰਟੀ 41.30 ਫਿਸਦੀ ਵੋਟਾਂ ਲੈ ਕੇ 14 ਸੀਟਾਂ ਹੀ ਜਿੱਤ ਸਕੀ। ਇਨ੍ਹਾਂ ਚੌਣਾਂ ਵਿੱਚ ਭਾਰਤੀ ਜਨ ਸੰਘ ਨੇ ਵੀ 15.12 ਫਿਸਦੀ ਵੋਟਾਂ ਲੈ ਕੇ 03 ਸੀਟਾਂ ਪ੍ਰਾਪਤ ਕੀਤੀਆਂ ਸਨ ਜਦਕਿ ਸੀ.ਪੀ.ਆਈ. ਨੇ ਕੁੱਲ ਵੋਟਾਂ ਦੇ 4.72 ਫਿਸਦੀ ਵੋਟ ਪ੍ਰਾਪਤ ਕੀਤੇ ਪ੍ਰੰਤੂ ਕੋਈ ਵੀ ਸੀਟ ਨਹੀਂ ਜਿੱਤੀ ਸੀ। ਸਾਲ 1967 ਦੀਆਂ ਚੋਣਾਂ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਹੋਈਆਂ ਅਤੇ ਲੋਕ ਸਭਾ ਸੀਟਾਂ ਦੀ ਗਿਣਤੀ 13 ਰਹਿ ਗਈ ਜੋਕਿ ਹੁਣ ਤੱਕ ਕਾਇਮ ਹੈ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਕੁੱਲ ਪਈਆਂ ਵੋਟਾਂ ਦਾ 37.3 ਫਿਸਦੀ ਲੈ ਕੇ 9 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ, ਜਨ ਸੰਘ ਨੂੰ ਕੁੱਲ ਪਈਆਂ ਵੋਟਾਂ ਦਾ ਕੇਵਲ 12.5 ਫਿਸਦੀ ਹੀ ਮਿਲਿਆ ਅਤੇ 01 ਸੀਟ ਤੇ ਜਿੱਤ ਪ੍ਰਾਪਤ ਕੀਤੀ ਜਦਕਿ ਅਕਾਲੀ ਦਲ (ਸੰਤ) ਨੂੰ ਕੁੱਲ ਪਈਆਂ ਵੋਟਾਂ ਵਿੱਚੋਂ 22.61 ਫਿਸਦੀ ਵੋਟਾਂ ਮਿਲੀਆਂ ਅਤੇ 03 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਸੀ। ਸਾਲ 1971 ਵਿੱਚ ਹੋਈਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਸੀ.ਪੀ.ਆਈ. ਨਾਲ ਚੋਣ ਗਠਜੋੜ ਕਰਕੇ ਚੋਣ ਲੜ੍ਹੀ ਅਤੇ ਇਨ੍ਹਾਂ ਚੌਣਾਂ ਵਿੱਚ ਅਕਾਲੀ ਦਲ 30.85 ਫਿਸਦੀ ਵੋਟਾਂ ਲੈ ਕੇ ਕੇਵਲ 01 ਸੀਟ ਹੀ ਜਿੱਤ ਸਕਿਆ, ਦੂਸਰੇ ਪਾਸੇ ਕਾਂਗਰਸ

ਨੇ 46 ਫਿਸਦੀ ਵੋਟਾਂ ਲੈਕੇ 10 ਅਤੇ ਸੀ.ਪੀ.ਆਈ. ਨੇ 6.12 ਫਿਸਦੀ ਵੋਟਾਂ ਪ੍ਰਾਪਤ ਕਰਕੇ 2 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ। ਸਾਲ 1977 ਵਿੱਚ ਹੋਈਆਂ ਲੋਕ ਸਭਾ ਚੌਣਾਂ ਨੇ ਇੱਕ ਨਵਾਂ ਇਤਿਹਾਸ ਰਚਿਆ ਅਤੇ ਪਹਿਲੀ ਵਾਰੀ ਦੇਸ਼ ਵਿੱਚ ਗੈਰ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਅਤੇ ਕਾਂਗਰਸ ਪਾਰਟੀ ਪੰਜਾਬ ਸਮੇਤ ਦੇਸ਼ ਦੇ ਉੱਤਰੀ ਭਾਰਤ ਦੇ ਰਾਜਾਂ ਵਿੱਚ ਬੁਰੀ ਤਰ੍ਹਾਂ ਹਾਰ ਗਈ। ਪੰਜਾਬ ਵਿੱਚ ਕਾਂਗਰਸ ਪਾਰਟੀ 35 ਫਿਸਦੀ ਵੋਟ ਲੈਣ ਦੇ ਬਾਵਜੂਦ ਇੱਕ ਵੀ ਸੀਟ ਨਹੀਂ ਜਿੱਤ ਸਕੀ, ਦੂਸਰੇ ਪਾਸੇ ਅਕਾਲੀ ਦਲ ਨੇ 42.3 ਫਿਸਦੀ ਵੋਟਾਂ ਲੈਕੇ 9 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ, ਭਾਰਤੀ ਲੋਕ ਦੱਲ ਨੇ 12.5 ਫਿਸਦੀ ਵੋਟਾਂ ਲੈਕੇ 3 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਅਤੇ ਸੀ ਪੀ ਐਮ ਨੇ 4.9 ਫਿਸਦੀ ਵੋਟਾਂ ਲੈਕੇ 1 ਸੀਟ ਤੇ ਜਿੱਤ ਪ੍ਰਾਪਤ ਕੀਤੀ ਸੀ। ਸਾਲ 1980 ਵਿੱਚ ਹੋਈਆਂ ਚੋਣਾਂ ਵਿੱਚ ਕਾਂਗਰਸ ਨੇ ਪੰਜਾਬ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 52.5 ਫਿਸਦੀ ਵੋਟਾਂ ਲੈਕੇ 12 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ ਜਦਕਿ ਅਕਾਲੀ ਦੱਲ 23.4 ਫਿਸਦੀ ਵੋਟਾਂ ਲੈਕੇ ਸਿਰਫ 01 ਸੀਟ ਤੇ ਹੀ ਜਿੱਤ ਪ੍ਰਾਪਤ ਕਰ ਸਕਿਆ ਸੀ। ਸਾਲ 1984 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਪਾਰਟੀ ਨੇ 41.53 ਫਿਸਦੀ ਵੋਟਾਂ ਪ੍ਰਾਪਤ ਕੀਤੀਆਂ ਅਤੇ 6 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ ਦੂਸਰੇ ਪਾਸੇ ਅਕਾਲੀ ਦਲ ਨੇ ਕਾਂਗਰਸ ਨਾਲੋਂ ਘੱਟ ਵੋਟਾਂ 37.17 ਫਿਸਦੀ ਵੋਟਾਂ ਲੈਕੇ 7 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ। ਸਾਲ 1989 ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ 26.5 ਫਿਸਦੀ ਵੋਟਾਂ ਲੈਕੇ ਸਿਰਫ 2 ਸੀਟਾਂ ਤੇ ਹੀ ਸਿਮਟ ਕੇ ਰਹਿ ਗਈ। ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਮਿਊਨਿਸਟਾਂ ਨੂੰ ਭਾਰੀ ਨੁਕਸਾਨ ਹੋਇਆ ਜਦਕਿ ਨਵੇਂ ਬਣੇ ਅਕਾਲੀ ਦਲ (ਮਾਨ) ਨੇ 29.2 ਪ੍ਰਤੀਸ਼ਤ ਵੋਟਾਂ ਲੈ ਕੇ 6 ਸੀਟਾਂ ਤੇ ਜਿੱਤ ਹਾਸਲ ਕੀਤੀ। ਬਹੁਜਨ ਸਮਾਜ ਪਾਰਟੀ ਨੇ 8.6 ਫਿਸਦੀ ਵੋਟਾਂ ਪ੍ਰਾਪਤ ਕੀਤੀਆਂ ਅਤੇ 1 ਸੀਟ ਤੇ ਜਿੱਤ ਪ੍ਰਾਪਤ ਕੀਤੀ, ਜਨਤਾ ਦੱਲ ਨੇ 5.5 ਫਿਸਦੀ ਵੋਟਾਂ ਪ੍ਰਾਪਤ ਕੀਤੀਆਂ ਅਤੇ 1 ਸੀਟ ਤੇ ਜਿੱਤ ਪ੍ਰਾਪਤ ਕੀਤੀ ਜਦਕਿ 3 ਆਜ਼ਾਦ ਉਮੀਦਵਾਰਾਂ ਨੂੰ 12.7 ਫਿਸਦੀ ਵੋਟਾਂ ਮਿਲੀਆਂ ਸਨ ਅਤੇ 3 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ। ਸਾਲ 1991 ਵਿੱਚ ਦੁਬਾਰਾ ਚੋਣਾਂ ਦਾ ਐਲਾਨ ਹੋ ਗਿਆ। ਸਾਲ 1991 ਵਿੱਚ ਪੂਰੇ ਦੇਸ਼ ਵਿੱਚ ਆਮ ਚੋਣਾਂ ਹੋਣੀਆਂ ਸਨ ਪਰ ਪੰਜਾਬ ਦੇ ਅੰਦਰੂਨੀ ਹਾਲਤਾਂ ਨੂੰ ਆਧਾਰ ਬਣਾ ਕੇ ਰਾਜ ਵਿੱਚ ਇਹ ਚੋਣਾਂ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਹੀ ਮੁਲਤਵੀ ਕਰ ਦਿੱਤੀਆਂ ਗਈਆਂ ਅਤੇ ਅਗਲੇ ਸਾਲ ਫਰਵਰੀ 1992 ਵਿੱਚ ਹੀ ਚੋਣਾਂ ਹੋਈਆਂ। ਪੰਜਾਬ ਵਿੱਚ ਅਕਾਲੀ ਦਲ (ਬਾਦਲ) ਅਤੇ ਹੋਰ ਸਿੱਖ ਜਥੇਬੰਦੀਆਂ ਦੇ ਇਨ੍ਹਾਂ ਚੌਣਾਂ ਦਾ ਬਾਇਕਾਟ ਕਰਨ ਕਰਕੇ ਬਹੁਤ ਘੱਟ ਲੋਕਾਂ ਨੇ ਇਨ੍ਹਾਂ ਚੋਣਾਂ ਵਿੱਚ ਹਿੱਸਾ ਲਿਆ ਅਤੇ ਕੇਵਲ 23.96 ਫਿਸਦੀ ਵੋਟਾਂ ਹੀ ਪਈਆਂ ਜਿਨ੍ਹਾਂ ਵਿੱਚ ਜ਼ਿਆਦਾ ਗਿਣਤੀ ਸ਼ਹਿਰੀ ਵੋਟਰਾਂ ਦੀ ਸੀ। ਕਾਂਗਰਸ ਪਾਰਟੀ ਨੇ ਕੁੱਲ ਪਈਆਂ ਵੋਟਾਂ ਦਾ 49.25 ਫਿਸਦੀ ਪ੍ਰਾਪਤ ਕਰਕੇ 12 ਸੀਟਾਂ ਤੇ ਕਬਜ਼ਾ ਕੀਤਾ ਜਦਕਿ ਬਹੁਜਨ ਸਮਾਜ ਪਾਰਟੀ ਨੇ 19.7 ਫਿਸਦੀ ਵੋਟਾਂ ਲੈਕੇ 1 ਸੀਟ ਤੇ ਜਿੱਤ ਪ੍ਰਾਪਤ ਕੀਤੀ ਸੀ। ਇਨ੍ਹਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ 16.5 ਫਿਸਦੀ, ਸੀ ਪੀ ਐਮ ਨੂੰ 4 ਫਿਸਦੀ ਅਤੇ ਸ਼੍ਰੋਮਣੀ ਅਕਾਲੀ ਦੱਲ ਮਾਨ ਨੂੰ 2.6 ਫਿਸਦੀ ਵੋਟਾਂ ਮਿਲੀਆਂ ਸਨ। ਸਾਲ 1996 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ੍ਹ ਸੀ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 28.72 ਫਿਸਦੀ ਵੋਟਾਂ ਨਾਲ 8 ਸੀਟਾਂ ਜਿੱਤੀਆਂ, ਬਹੁਜਨ ਸਮਾਜ ਪਾਰਟੀ ਨੇ 9.35 ਫਿਸਦੀ ਵੋਟਾਂ ਨਾਲ 3 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਪਾਰਟੀ ਨੇ 35.1 ਫਿਸਦੀ ਵੋਟਾਂ ਲੈਕੇ ਕੇਵਲ 02 ਸੀਟਾਂ ਹੀ ਜਿੱਤ ਸਕੀ। ਇਨ੍ਹਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ 6.5 ਫਿਸਦੀ ਅਤੇ ਸ਼੍ਰੋਮਣੀ ਅਕਾਲੀ ਦੱਲ ਮਾਨ ਨੂੰ 3.8 ਫਿਸਦੀ ਵੋਟਾਂ ਹੀ ਮਿਲੀਆਂ ਸਨ। ਲੋਕ ਸਭਾ ਲਈ ਸਾਲ 1998 ਵਿੱਚ ਹੋਈਆਂ ਚੋਣਾਂ ਵਿੱਚ ਅਕਾਲੀ ਦੱਲ-ਭਾਜਪਾ ਗਠਜੋੜ੍ਹ ਨੇ ਇਹਨਾਂ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਨੇ 44.6 ਫਿਸਦੀ ਵੋਟਾਂ ਪ੍ਰਾਪਤ ਕੀਤੀਆ ਸਨ ਜਿਸ ਨਾਲ ਅਕਾਲੀ ਦੱਲ

ਨੇ 8 ਅਤੇ ਭਾਜਪਾ ਨੇ 3 ਸੀਟਾਂ ਜਿੱਤੀਆਂ ਸਨ। ਇਨ੍ਹਾਂ ਚੌਣਾਂ ਵਿੱਚ ਜਨਤਾ ਦੱਲ ਨੂੰ 4.2 ਫਿਸਦੀ ਵੋਟਾਂ ਮਿਲੀਆਂ ਸਨ ਅਤੇ 1 ਸੀਟ ਤੇ ਜਿੱਤ ਪ੍ਰਾਪਤ ਹੋਈ ਸੀ ਜਦਕਿ 1 ਸੀਟ ਤੇ 4.9 ਫਿਸਦੀ ਵੋਟਾਂ ਨਾਲ ਅਜਾਦ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਸੀ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਕੁੱਲ ਪਈਆਂ ਵੋਟਾਂ ਦਾ 25.85 ਫਿਸਦੀ ਵੋਟਾ ਪ੍ਰਾਪਤ ਕੀਤੀਆਂ ਸਨ ਪਰ ਕੋਈ ਵੀ ਸੀਟ ਨਾਂ ਜਿੱਤ ਸਕੀ। ਸਾਲ 1999 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਅਕਾਲੀ ਦਲ ਨੂੰ 28.6 ਫਿਸਦੀ ਵੋਟਾਂ ਮਿਲੀਆਂ ਪਰ ਸਿਰਫ 02 ਸੀਟਾਂ ਤੱਕ ਹੀ ਸਿਮਟ ਕੇ ਰਹਿ ਗਿਆ ਜਦੋਂ ਕਿ ਇਸ ਦੀ ਭਾਈਵਾਲ ਪਾਰਟੀ ਭਾਜਪਾ ਨੇ 9.2 ਫਿਸਦੀ ਵੋਟਾਂ ਲੈਕੇ 1 ਸੀਟ ਤੇ ਜਿੱਤ ਪ੍ਰਾਪਤ ਕੀਤੀ ਸੀ। ਕਾਂਗਰਸ ਪਾਰਟੀ ਨੇ 38.44 ਫਿਸਦੀ ਵੋਟਾਂ ਲੈਕੇ 8 ਸੀਟਾਂ ਉੱਪਰ ਜਿੱਤ ਪ੍ਰਾਪਤ ਕੀਤੀ ਸੀ। ਬਾਕੀ ਰਹਿੰਦੀਆਂ 02 ਸੀਟਾਂ ਉੱਪਰ ਸੀ.ਪੀ.ਆਈ. ਨੇ 3.7 ਫਿਸਦੀ ਵੋਟਾਂ ਲੈਕੇ 1 ਸੀਟ ਤੇ ਅਤੇ ਅਕਾਲੀ ਦਲ (ਮਾਨ) ਨੇ 3.4 ਫਿਸਦੀ ਵੋਟਾਂ ਲੈਕੇ 1 ਸੀਟ ਤੇ ਜਿੱਤ ਪ੍ਰਾਪਤ ਕੀਤੀ ਸੀ। ਸਾਲ 2004 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਨੇ ਇੱਕ ਵਾਰੀ ਫਿਰ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਇਸ ਗਠਜੋੜ ਨੇ 13 ਸੀਟਾਂ ਵਿੱਚੋਂ 11 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਅਤੇ ਕੁੱਲ ਪਈਆਂ ਵੋਟਾਂ ਦਾ 44.8 ਫਿਸਦੀ ਹਿੱਸਾ ਪ੍ਰਾਪਤ ਕੀਤਾ ਜਦੋਂ ਕਿ ਕਾਂਗਰਸ ਨੇ 34.2 ਫਿਸਦੀ ਵੋਟਾਂ ਨਾਲ 2 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ। ਇਨ੍ਹਾਂ ਚੌਣਾਂ ਵਿੱਚ ਬੀਐਸਪੀ ਨੂੰ 7.7 ਫਿਸਦੀ ਅਤੇ ਸ਼੍ਰੋਮਣੀ ਅਕਾਲੀ ਦੱਲ ਮਾਨ ਨੂੰ 3.8 ਫਿਸਦੀ ਵੋਟਾਂ ਮਿਲੀਆਂ ਸਨ। ਸਾਲ 2009 ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਨਤੀਜਿਆਂ ਨੇ ਇੱਕ ਵਾਰ ਫਿਰ ਪਲਟੀ ਮਾਰੀ ਅਤੇ ਕਾਂਗਰਸ ਨੇ ਕੁੱਲ ਪਈਆਂ ਵੋਟਾਂ ਵਿੱਚੋਂ 45.23 ਫਿਸਦੀ ਵੋਟਾਂ ਲੈ ਕੇ 8 ਸੀਟਾਂ ਜਿੱਤੀਆਂ, ਅਕਾਲੀ ਦਲ ਅਤੇ ਬੀਜੇਪੀ ਗੱਠਜੋੜ੍ਹ ਨੇ ਕ੍ਰਮਵਾਰ 4 ਅਤੇ 1 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਅਤੇ ਭਾਜਪਾ ਦੀਆਂ ਕੁੱਲ ਪਈਆਂ ਵੋਟਾਂ ਵਿੱਚ ਹਿੱਸੇਦਾਰੀ ਕ੍ਰਮਵਾਰ 33.85 ਫਿਸਦੀ ਅਤੇ 10.06 ਫਿਸਦੀ ਸੀ। ਇਨ੍ਹਾਂ ਚੌਣਾਂ ਵਿੱਚ ਬੀਐਸਪੀ ਨੂੰ 5.7 ਫਿਸਦੀ ਅਤੇ ਲੋਕ ਭਲਾਈ ਪਾਰਟੀ ਨੂੰ 1 ਫਿਸਦੀ ਵੋਟਾਂ ਹੀ ਮਿਲੀਆਂ ਸਨ। ਸਾਲ 2014 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦੱਲ ਨੂੰ 26.4 ਫਿਸਦੀ ਮਿਲੀਆਂ ਅਤੇ 4 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ, ਭਾਰਤੀ ਜਨਤਾ ਪਾਰਟੀ ਨੇ 8.8 ਫਿਸਦੀ ਵੋਟਾਂ ਲੈਕੇ 2 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ, ਆਮ ਆਦਮੀ ਪਾਰਟੀ ਨੇ 24.5 ਫਿਸਦੀ ਵੋਟਾਂ ਲੈਕੇ 4 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਪਾਰਟੀ 33.2 ਫਿਸਦੀ ਵੋਟਾਂ ਲੈਕੇ ਵੀ ਸਿਰਫ 3 ਸੀਟਾਂ ਹੀ ਜਿੱਤ ਸਕੀ ਅਤੇ ਇਨ੍ਹਾਂ ਚੋਣਾਂ ਵਿੱਚ ਬੀਐਸਪੀ ਨੂੰ ਸਿਰਫ 1.9 ਫਿਸਦੀ ਵੋਟਾਂ ਹੀ ਮਿਲੀਆਂ ਸਨ। ਸਾਲ 2019 ਵਿੱਚ ਹੋਈਆਂ ਚੌਣਾਂ ਵਿੱਚ ਕਾਂਗਰਸ ਪਾਰਟੀ 40.6 ਫਿਸਦੀ ਵੋਟਾਂ ਲੈਕੇ 8 ਸੀਟਾਂ ਤੇ ਜੇਤੂ ਰਹੀ, ਸ਼੍ਰੋਮਣੀ ਅਕਾਲੀ ਦੱਲ ਨੂੰ 27.8 ਫਿਸਦੀ ਵੋਟਾਂ ਮਿਲੀਆਂ ਅਤੇ 2 ਸੀਟਾਂ ਤੇ ਹੀ ਜਿੱਤ ਪ੍ਰਾਪਤ ਕਰ ਸਕਿਆ, ਭਾਰਤੀ ਜਨਤਾ ਪਾਰਟੀ 9.7 ਫਿਸਦੀ ਵੋਟਾ ਲੈਕੇ 2 ਸੀਟਾਂ ਤੇ ਜੇਤੂ ਰਹੀ ਸੀ ਜਦਕਿ ਆਮ ਆਦਮੀ ਪਾਰਟੀ ਨੂੰ 7.5 ਫਿਸਦੀ ਵੋਟਾਂ ਮਿਲੀਆਂ ਅਤੇ 1 ਸੀਟ ਤੇ ਜਿੱਤ ਪ੍ਰਾਪਤ ਹੋਈ ਸੀ। ਇਨ੍ਹਾਂ ਚੋਣਾਂ ਵਿੱਚ ਬੀ ਐਸ ਪੀ ਨੂੰ 3.5 ਫਿਸਦੀ ਵੋਟਾਂ ਮਿਲੀਆਂ ਸਨ। ਇਸਤੋਂ ਬਾਦ ਪੰਜਾਬ ਦੀ ਰਾਜਨੀਤੀ ਵਿੱਚ ਕਈ ਫੇਰਬਦਲ ਹੋਏ ਹਨ। ਫਰਵਰੀ 2022 ਵਿੱਚ ਹੋਈਆਂ ਵਿਧਾਨ ਸਭਾ ਚੌਣਾਂ ਵਿੱਚ ਆਮ ਆਦਮੀ ਪਾਰਟੀ ਨੇ 42 ਫਿਸਦੀ ਵੋਟਾਂ ਪ੍ਰਾਪਤ ਕਰਕੇ ਰਿਕਾਰਡਤੋੜ 92 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ। ਇਨ੍ਹਾਂ ਚੌਣਾਂ ਵਿੱਚ ਕਾਂਗਰਸ ਪਾਰਟੀ 23 ਫਿਸਦੀ ਵੋਟਾਂ ਲੈਕੇ 18 ਸੀਟਾਂ ਤੱਕ ਹੀ ਪਹੁੰਚ ਸਕੀ, ਸ਼੍ਰੋਮਣੀ ਅਕਾਲੀ ਦੱਲ ਨੂੰ 18.3 ਫਿਸਦੀ ਵੋਟਾਂ ਮਿਲੀਆਂ ਅਤੇ 3 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ, ਭਾਰਤੀ ਜਨਤਾ ਪਾਰਟੀ ਨੇ 6.6 ਫਿਸਦੀ ਵੋਟਾਂ ਲੈਕੇ 2 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ, ਬੀਐਸਪੀ ਨੂੰ 1.7 ਫਿਸਦੀ ਵੋਟਾਂ ਮਿਲੀਆਂ ਅਤੇ 1 ਸੀਟ ਤੇ ਜੇਤੂ ਰਹੀ ਅਤੇ 1 ਸੀਟ ਤੇ ਅਜਾਦ ਉਮੀਦਵਾਰ ਜੇਤੂ

ਰਿਹਾ ਸੀ। ਲੋਕ ਸਭਾ ਚੋਣਾਂ ਲਈ 01 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਪ੍ਰਮੁੱਖ ਪਾਰਟੀਆ ਸ਼੍ਰੋਮਣੀ ਅਕਾਲੀ ਦੱਲ, ਭਾਰਤੀ ਜਨਤਾ ਪਾਰਟੀ, ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦੱਲ ਮਾਨ, ਬਹੁਜਨ ਸਮਾਜ ਪਾਰਟੀ, ਆਮ ਆਦਮੀ ਪਾਰਟੀ, ਕਮਿਊਨਿਸਟ ਪਾਰਟੀਆਂ, ਸ਼ਿਵ ਸੈਨਾ ਆਦਿ ਭਾਗ ਲੈ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਲੰਬਾ ਸਮਾਂ ਭਾਈਵਾਲ ਰਹੇ ਸ਼੍ਰੋਮਣੀ ਅਕਾਲੀ ਦੱਲ ਅਤੇ ਭਾਰਤੀ ਜਨਤਾ ਪਾਰਟੀ ਅਲੱਗ-ਅਲੱਗ ਚੌਣ ਲੜ ਰਹੇ ਹਨ, ਦੇਸ਼ ਦੇ ਬਾਕੀ ਕਈ ਸੂਬਿੱਆਂ ਵਿੱਚ ਮਿਲਕੇ ਚੋਣ ਲੜਣ ਵਾਲੇ ਇੰਡੀਆ ਗਠਜੋੜ੍ਹ ਵਿੱਚ ਭਾਈਵਾਲ ਕਾਂਗਰਸ ਪਾਰਟੀ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਵੀ ਪੰਜਾਬ ਵਿੱਚ ਅਲੱਗ ਅਲੱਗ ਚੋਣ ਲੜ ਰਹੇ ਹਨ। ਸਾਲ 2022 ਵਿੱਚ ਸੰਗਰੂਰ ਲੋਕ ਸਭਾ ਹਲਕੇ ਤੋਂ ਉੱਪ ਚੋਣ ਵਿੱਚ ਮੈਂਬਰ ਬਣੇ ਸਿਮਰਨਜੀਤ ਸਿੰਘ ਮਾਨ ਵੀ ਕਈ ਹਲਕਿਆਂ ਤੋਂ ਅਪਣੇ ਉਮੀਦਵਾਰਾਂ ਨੂੰ ਚੌਣ ਲੜਾ ਰਹੇ ਹਨ। ਇਨ੍ਹਾਂ ਚੋਣਾਂ ਵਿੱਚ ਵੱਖ ਵੱਖ ਪਾਰਟੀਆਂ ਤੋਂ ਦਲ ਬਦਲੀ ਕਰਕੇ ਚੋਣਾਂ ਲੜਣ ਵਾਲੇ ਆਗੂ ਅਤੇ ਅੰਦਰਖਾਤੇ ਵਿਰੋਧ ਕਰਨ ਵਾਲੇ ਚੋਣਾਂ ਨੂੰ ਪ੍ਰਭਾਵਿਤ ਕਰਨਗੇ। 01 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਕੋਣ ਕਾਮਯਾਬ ਹੁੰਦਾ ਹੈ ਅਤੇ ਕਿਸ ਪਾਰਟੀ ਨੂੰ ਕਿੰਨੀਆਂ ਵੋਟਾਂ ਮਿਲਦੀਆਂ ਹਨ ਇਹ ਤਾਂ 04 ਜੂਨ ਨੂੰ ਨਤੀਜ਼ੇ ਆਣ ਤੇ ਹੀ ਪਤਾ ਚੱਲੇਗਾ ਹੀ ਪਤਾ ਚੱਲੇਗਾ ਪ੍ਰੰਤੂ ਲੰਬਾ ਸਮਾਂ ਚੱਲਣ ਵਾਲੀ ਚੋਣ ਮੁੰਹਿੰਮ ਲਈ ਹਰ ਰਾਜਨੀਤਿਕ ਪਾਰਟੀ ਅਪਣੀ ਰਣਨੀਤੀ ਬਣਾ ਰਹੀ ਹੈ ਅਤੇ ਹਰ ਆਗੂ ਚੌਣ ਜਿੱਤਣ ਲਈ ਜੋਰ ਅਜਮਾਇਸ਼ ਕਰ ਰਿਹਾ ਹੈ।

ਐਡਵੋਕੇਟ ਕੁਲਦੀਪ ਚੰਦ ਦੋਭੇਟਾ

ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ

ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ

ਫੌਨ: 9417563054